Kotkapura News: ਕੋਟਕਪੂਰਾ ’ਚ ਨਸ਼ਿਆਂ ਦੇ ਹੌਟਸਪੌਟ ਇਲਾਕਿਆਂ ’ਚ ਪੁਲਿਸ ਦਾ ਕਾਸੋ ਆਪਰੇਸ਼ਨ
ਨਸ਼ੇੜੀਆਂ ਦੇ ਬੈਠਣ ਵਾਲੀਆਂ ਥਾਵਾਂ ਦੀ ਜੇਸੀਬੀ ਨਾਲ ਕਰਵਾਈ ਸਫ਼ਾਈ
Kotkapura News: ਕੋਟਕਪੂਰਾ (ਅਜੈ ਮਨਚੰਦਾ)। ਪੰਜਾਬ ਸਰਕਾਰ ਵੱਲੋਂ ਨਸ਼ਿਆਂ ਦੇ ਖ਼ਾਤਮੇ ਲਈ ਚਲਾਈ ਜਾ ਰਹੀ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਕੋਟਕਪੂਰਾ ਪੁਲਿਸ ਵੱਲੋਂ ਅੱਜ ਨਸ਼ਿਆਂ ਦੇ ਹੌਟਸਪੌਟ ਵਜੋਂ ਪਛਾਣੇ ਗਏ ਇਲਾਕਿਆਂ ਵਿੱਚ ਵੱਡੇ ਪੱਧਰ ’ਤੇ ਕਾਸੋ (CASO) ਆਪਰੇਸ਼ਨ ਚਲਾਇਆ ਗਿਆ। ਇਸ ਕਾਰਵਾਈ ਦੌਰਾਨ ਪੁਲਿਸ ਦੀਆਂ ਵੱਖ-ਵੱਖ ਟੀਮਾਂ ਨੇ ਸ਼ੱਕੀ ਵਿਅਕਤੀਆਂ ਦੇ ਘਰਾਂ ਦੀ ਤਲਾਸ਼ੀ ਲਈ ਅਤੇ ਇਲਾਕਿਆਂ ਵਿੱਚ ਘੁੰਮ ਰਹੇ ਸ਼ੱਕੀ ਵਿਅਕਤੀਆਂ ਨੂੰ ਰੋਕ ਕੇ ਪੁੱਛਗਿੱਛ ਕੀਤੀ। ਇਸ ਦੇ ਨਾਲ ਹੀ ਉਨ੍ਹਾਂ ਸੁੰਨਸਾਨ ਥਾਵਾਂ ਦੀ ਸਫ਼ਾਈ ਵੀ ਕਰਵਾਈ ਗਈ, ਜਿੱਥੇ ਨੌਜਵਾਨਾਂ ਵੱਲੋਂ ਨਸ਼ੇ ਦਾ ਸੇਵਨ ਕੀਤੇ ਜਾਣ ਦੀਆਂ ਸ਼ਿਕਾਇਤਾਂ ਮਿਲਦੀਆਂ ਰਹੀਆਂ ਹਨ।
ਐਸਐਸਪੀ ਫਰੀਦਕੋਟ ਗੁਰਬੰਸ ਸਿੰਘ ਬੈਂਸ ਦੇ ਦਿਸ਼ਾ-ਨਿਰਦੇਸ਼ਾਂ ਹੇਠ ਐਸਪੀ ਫਰੀਦਕੋਟ ਨਰਿੰਦਰ ਸਿੰਘ ਅਤੇ ਡੀਐਸਪੀ ਕੋਟਕਪੂਰਾ ਸੰਜੀਵ ਕੁਮਾਰ ਦੀ ਨਿਗਰਾਨੀ ਵਿੱਚ ਚਲਾਏ ਗਏ ਇਸ ਆਪਰੇਸ਼ਨ ਦੌਰਾਨ ਇੰਦਰਾ ਕਲੋਨੀ, ਜੈਤੋ ਚੁੰਗੀ, ਜੀਵਨ ਨਗਰ ਅਤੇ ਹੋਰ ਸੰਵੇਦਨਸ਼ੀਲ ਇਲਾਕਿਆਂ ਵਿੱਚ ਪੁਲਿਸ ਨੇ ਵਿਸ਼ੇਸ਼ ਤਲਾਸ਼ੀ ਮੁਹਿੰਮ ਚਲਾਈ। ਪੁਲਿਸ ਟੀਮਾਂ ਨੇ ਸ਼ੱਕੀ ਥਾਵਾਂ ਦੀ ਜਾਂਚ ਕੀਤੀ ਅਤੇ ਨਸ਼ਾ ਤਸਕਰੀ ਨਾਲ ਜੁੜੇ ਰਹੇ ਵਿਅਕਤੀਆਂ ਦੇ ਘਰਾਂ ਦੀ ਬਾਰੀਕੀ ਨਾਲ ਤਲਾਸ਼ੀ ਲਈ। ਇਸ ਮੁਹਿੰਮ ਦੌਰਾਨ ਜੀਵਨ ਨਗਰ ਵਿੱਚ ਪੁਲਿਸ ਵੱਲੋਂ ਜੇਸੀਬੀ ਮਸ਼ੀਨ ਦੀ ਮਦਦ ਨਾਲ ਉਨ੍ਹਾਂ ਥਾਵਾਂ ਦੀ ਸਫ਼ਾਈ ਕਰਵਾਈ ਗਈ, ਜਿੱਥੇ ਅਕਸਰ ਨੌਜਵਾਨਾਂ ਦੇ ਇਕੱਠੇ ਹੋ ਕੇ ਨਸ਼ੇ ਦਾ ਸੇਵਨ ਕਰਨ ਦੀਆਂ ਸ਼ਿਕਾਇਤਾਂ ਮਿਲਦੀਆਂ ਸਨ। ਪੁਲਿਸ ਦਾ ਮੰਨਣਾ ਹੈ ਕਿ ਅਜਿਹੀਆਂ ਥਾਵਾਂ ਦੀ ਸਫ਼ਾਈ ਕਰਵਾਉਣ ਅਤੇ ਉਨ੍ਹਾਂ ’ਤੇ ਨਿਗਰਾਨੀ ਵਧਾਉਣ ਨਾਲ ਨਸ਼ਾ ਕਰਨ ਵਾਲੇ ਵਿਅਕਤੀਆਂ ਦੀ ਪਛਾਣ ਕਰਨ ਅਤੇ ਉਨ੍ਹਾਂ ਵਿਰੁੱਧ ਕਾਰਵਾਈ ਕਰਨ ਵਿੱਚ ਮਦਦ ਮਿਲੇਗੀ।
ਪੁਲਿਸ ਅਧਿਕਾਰੀਆਂ ਅਨੁਸਾਰ, ਨਸ਼ਿਆਂ ਦੀ ਰੋਕਥਾਮ ਲਈ ਸਿਰਫ਼ ਨਸ਼ਾ ਤਸਕਰਾਂ ਵਿਰੁੱਧ ਕਾਰਵਾਈ ਕਰਨਾ ਹੀ ਨਹੀਂ, ਸਗੋਂ ਉਨ੍ਹਾਂ ਥਾਵਾਂ ਦੀ ਪਛਾਣ ਕਰਨਾ ਵੀ ਜ਼ਰੂਰੀ ਹੈ, ਜਿੱਥੇ ਨਸ਼ੇ ਦਾ ਸੇਵਨ ਕੀਤਾ ਜਾਂਦਾ ਹੈ। ਇਸੇ ਉਦੇਸ਼ ਨਾਲ ਹੌਟਸਪੌਟ ਇਲਾਕਿਆਂ ’ਚ ਸਰਚ ਆਪਰੇਸ਼ਨ ਦੇ ਨਾਲ-ਨਾਲ ਸਫ਼ਾਈ ਅਤੇ ਨਿਗਰਾਨੀ ’ਤੇ ਵੀ ਜ਼ੋਰ ਦਿੱਤਾ ਜਾ ਰਿਹਾ ਹੈ।
ਇਹ ਵੀ ਪੜ੍ਹੋ: Amritsar Immigration News: ਅੰਮ੍ਰਿਤਸਰ ’ਚ ਦੋ ਇਮੀਗ੍ਰੇਸ਼ਨ ਕੰਸਲਟੈਂਸੀਆਂ ਦੇ ਲਾਇਸੈਂਸ ਰੱਦ
ਇਸ ਸਬੰਧੀ ਗੱਲਬਾਤ ਕਰਦਿਆਂ ਐਸਪੀ ਨਰਿੰਦਰ ਸਿੰਘ ਨੇ ਦੱਸਿਆ ਕਿ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਸਮੇਂ-ਸਮੇਂ ’ਤੇ ਕਾਸੋ ਆਪਰੇਸ਼ਨ ਚਲਾਏ ਜਾਂਦੇ ਹਨ। ਇਸੇ ਲੜੀ ਤਹਿਤ ਕੋਟਕਪੂਰਾ ਦੇ ਨਸ਼ਿਆਂ ਨਾਲ ਪ੍ਰਭਾਵਿਤ ਇਲਾਕਿਆਂ ਵਿੱਚ ਕਾਰਵਾਈ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਨਸ਼ੇ ਦਾ ਸੇਵਨ ਕਰਨ ਵਾਲਿਆਂ ਵੱਲੋਂ ਵਰਤੀਆਂ ਜਾਂਦੀਆਂ ਸੁੰਨਸਾਨ ਥਾਵਾਂ ਦੀ ਸਫ਼ਾਈ ਕਰਵਾਈ ਜਾ ਰਹੀ ਹੈ, ਤਾਂ ਜੋ ਅਜਿਹੀਆਂ ਥਾਵਾਂ ’ਤੇ ਨਿਗਰਾਨੀ ਰੱਖੀ ਜਾ ਸਕੇ ਅਤੇ ਲੋੜ ਪੈਣ ’ਤੇ ਤੁਰੰਤ ਕਾਰਵਾਈ ਕੀਤੀ ਜਾ ਸਕੇ। ਐਸਪੀ ਨੇ ਦੱਸਿਆ ਕਿ ਪੁਲਿਸ ਦੀ ਸਖ਼ਤੀ ਕਾਰਨ ਨਸ਼ਾ ਤਸਕਰੀ ਵਿੱਚ ਸ਼ਾਮਲ ਰਹੇ ਕਈ ਪਰਿਵਾਰ ਆਪਣੇ ਘਰ ਬੰਦ ਕਰਕੇ ਇਲਾਕੇ ਵਿੱਚੋਂ ਚਲੇ ਗਏ ਹਨ। ਉਨ੍ਹਾਂ ਸਪੱਸ਼ਟ ਕੀਤਾ ਕਿ ਨਸ਼ਿਆਂ ਵਿਰੁੱਧ ਇਹ ਮੁਹਿੰਮ ਅੱਗੇ ਵੀ ਜਾਰੀ ਰਹੇਗੀ ਅਤੇ ਨਸ਼ਾ ਤਸਕਰੀ ਵਿੱਚ ਸ਼ਾਮਲ ਵਿਅਕਤੀਆਂ ਨੂੰ ਕਿਸੇ ਵੀ ਹਾਲਤ ਵਿੱਚ ਬਖ਼ਸ਼ਿਆ ਨਹੀਂ ਜਾਵੇਗਾ।
ਉਨ੍ਹਾਂ ਨਸ਼ਾ ਤਸਕਰੀ ਕਰਨ ਵਾਲਿਆਂ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਉਹ ਨਸ਼ਿਆਂ ਦਾ ਕਾਰੋਬਾਰ ਛੱਡ ਦੇਣ, ਨਹੀਂ ਤਾਂ ਪੁਲਿਸ ਵੱਲੋਂ ਉਨ੍ਹਾਂ ਵਿਰੁੱਧ ਕਾਨੂੰਨ ਅਨੁਸਾਰ ਸਖ਼ਤ ਕਾਰਵਾਈ ਕੀਤੀ ਜਾਵੇਗੀ। ਪੁਲਿਸ ਨੇ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਨਸ਼ਿਆਂ ਦੀ ਵਿਕਰੀ ਜਾਂ ਵਰਤੋਂ ਸਬੰਧੀ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਪੁਲਿਸ ਨਾਲ ਸਾਂਝੀ ਕਰਨ, ਤਾਂ ਜੋ ਨਸ਼ਿਆਂ ਦੇ ਖ਼ਾਤਮੇ ਲਈ ਸਾਂਝੇ ਯਤਨ ਕੀਤੇ ਜਾ ਸਕਣ।