Amritsar Crime News: ਅੰਮ੍ਰਿਤਸਰ ਪੁਲਿਸ ਤੇ ਬੀਐਸਐਫ ਦੀ ਸਾਂਝੀ ਕਾਰਵਾਈ, 1 ਕਿਲੋ 54 ਗ੍ਰਾਮ ਨਸ਼ੀਲਾ ਪਦਾਰਥ ਤੇ ਜਾਅਲੀ ਕਰੰਸੀ ਬਰਾਮਦ

ਪੈਕੇਟ ਵਿੱਚੋਂ 577 ਗ੍ਰਾਮ ਆਈਸ ਡਰੱਗ (ਕ੍ਰਿਸਟਲ ਮੈਥ) ਬਰਾਮਦ ਹੋਈ

Satinder Mathur  Picture
Published On

Amritsar Crime News: ਅੰਮ੍ਰਿਤਸਰ, (ਰਾਜਨ ਮਾਨ/ਹਿੰ.ਸ.)| ਭਾਰਤ-ਪਾਕਿਸਤਾਨ ਸਰਹੱਦ ਨਾਲ ਲੱਗਦੇ ਅੰਮ੍ਰਿਤਸਰ ਦੇ ਇਲਾਕਿਆਂ ਵਿੱਚ ਬੀਐਸਐਫ ਅਤੇ ਪੁਲਿਸ ਨੇ ਨਸ਼ਾ ਤਸਕਰੀ ਖ਼ਿਲਾਫ਼ ਵੱਡੀ ਕਾਰਵਾਈ ਕੀਤੀ ਹੈ। ਵੱਖ-ਵੱਖ ਮਾਮਲਿਆਂ ਵਿੱਚ ਕੁੱਲ 1 ਕਿਲੋ 54 ਗ੍ਰਾਮ ਨਸ਼ੀਲੇ ਪਦਾਰਥ ਅਤੇ ਕਰੀਬ 1 ਲੱਖ 98 ਹਜ਼ਾਰ ਰੁਪਏ ਦੀ ਜਾਅਲੀ ਭਾਰਤੀ ਕਰੰਸੀ ਬਰਾਮਦ ਕੀਤੀ ਗਈ ਹੈ। ਇਸ ਦੌਰਾਨ ਪੁਲਿਸ ਨੇ ਇੱਕ ਨਸ਼ਾ ਤਸਕਰ ਨੂੰ ਵੀ ਗ੍ਰਿਫ਼ਤਾਰ ਕੀਤਾ ਹੈ। ਪਹਿਲੀ ਕਾਰਵਾਈ ਥਾਣਾ ਘਰਿੰਡਾ ਦੇ ਇਲਾਕੇ ਵਿੱਚ ਕੀਤੀ ਗਈ। ਬੀਐਸਐਫ ਦੀ 181 ਬਟਾਲੀਅਨ ਦੇ ਜਵਾਨਾਂ ਨੇ ਸੋਮਵਾਰ ਦੇਰ ਰਾਤ ਬੀਪੀਓ ਕਾਹਨਗੜ੍ਹ ਇਲਾਕੇ ਵਿੱਚ ਤਲਾਸ਼ੀ ਮੁਹਿੰਮ ਦੌਰਾਨ ਇੱਕ ਸ਼ੱਕੀ ਪੈਕੇਟ ਬਰਾਮਦ ਕੀਤਾ। ਜਾਂਚ ਕਰਨ ’ਤੇ ਪੈਕੇਟ ਵਿੱਚੋਂ 577 ਗ੍ਰਾਮ ਆਈਸ ਡਰੱਗ (ਕ੍ਰਿਸਟਲ ਮੈਥ) ਬਰਾਮਦ ਹੋਈ।ਬੀਐਸਐਫ ਦੇ ਕੰਪਨੀ ਕਮਾਂਡਰ ਰਾਕੇਸ਼ ਨੇਗੀ ਦੀ ਸ਼ਿਕਾਇਤ ’ਤੇ ਘਰਿੰਡਾ ਪੁਲਿਸ ਨੇ ਅਣਪਛਾਤੇ ਤਸਕਰ ਖ਼ਿਲਾਫ਼ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ: Mathgharia News: ਮਠਘਰੀਆ ’ਚ ਢਿੱਗਾਂ ਡਿੱਗਣ ਕਾਰਨ ਇੱਕੋ ਪਰਿਵਾਰ ਦੇ ਤਿੰਨ ਮੈਂਬਰਾਂ ਦੀ ਮੌਤ

ਇਸੇ ਇਲਾਕੇ ਵਿੱਚ ਬੀਐਸਐਫ ਨੇ ਇੱਕ ਹੋਰ ਕਾਰਵਾਈ ਦੌਰਾਨ ਬੀਓਪੀ ਦਾਓਕੇ ਨੇੜਿਓਂ 1 ਲੱਖ 98 ਹਜ਼ਾਰ ਰੁਪਏ ਦੀ ਜਾਅਲੀ ਭਾਰਤੀ ਕਰੰਸੀ ਬਰਾਮਦ ਕੀਤੀ। ਕੰਪਨੀ ਕਮਾਂਡਰ ਰਮੇਸ਼ ਚੰਦਰ ਸ਼ਾਹ ਦੀ ਸ਼ਿਕਾਇਤ ’ਤੇ ਘਰਿੰਡਾ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਹੁਣ ਇਹ ਪਤਾ ਲਗਾਉਣ ਵਿੱਚ ਜੁਟੀ ਹੋਈ ਹੈ ਕਿ ਜਾਅਲੀ ਕਰੰਸੀ ਸਰਹੱਦ ਪਾਰੋਂ ਕਿਸ ਨੈੱਟਵਰਕ ਰਾਹੀਂ ਭਾਰਤ ਵਿੱਚ ਪਹੁੰਚਾਈ ਗਈ। ਇਸੇ ਤਰ੍ਹਾਂ ਥਾਣਾ ਭਿੰਡੀਸੈਦਾ ਦੇ ਇਲਾਕੇ ਵਿੱਚ ਬੀਐਸਐਫ ਦੀ 45 ਬਟਾਲੀਅਨ ਨੇ ਪਿੰਡ ਬੁਰਜ ਦੇ ਬਾਹਰ ਇੱਕ ਸ਼ੱਕੀ ਲਾਵਾਰਿਸ ਪੈਕੇਟ ਬਰਾਮਦ ਕੀਤਾ। ਤਲਾਸ਼ੀ ਲੈਣ ’ਤੇ ਪੈਕੇਟ ਵਿੱਚੋਂ 766 ਗ੍ਰਾਮ ਅਫੀਮ ਮਿਲੀ। ਕੰਪਨੀ ਕਮਾਂਡਰ ਵਿਕਾਸ ਸ਼ਰਮਾ ਦੀ ਸ਼ਿਕਾਇਤ ’ਤੇ ਪੁਲਿਸ ਨੇ ਅਣਪਛਾਤੇ ਤਸਕਰ ਖ਼ਿਲਾਫ਼ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।ਇਸ ਤੋਂ ਇਲਾਵਾ ਲੋਪੋਕੇ ਪੁਲਿਸ ਨੇ ਲਿੰਕ ਰੋਡ ਹੇਤਮਪੁਰਾ ਨੇੜੇ ਗਸ਼ਤ ਦੌਰਾਨ ਇੱਕ ਸ਼ੱਕੀ ਵਿਅਕਤੀ ਨੂੰ ਰੋਕ ਕੇ ਉਸ ਦੀ ਤਲਾਸ਼ੀ ਲਈ। ਮੁਲਜ਼ਮ ਦੀ ਪਛਾਣ ਲੋਧੀ ਗੁੱਜਰ ਵਾਸੀ ਗੁਰਮੇਜ ਸਿੰਘ ਵਜੋਂ ਹੋਈ ਹੈ।ਪੁਲਿਸ ਨੇ ਉਸ ਦੇ ਕਬਜ਼ੇ ਵਿੱਚੋਂ 205 ਗ੍ਰਾਮ ਹੈਰੋਇਨ ਅਤੇ 1,200 ਰੁਪਏ ਦੀ ਡਰੱਗ ਮਨੀ ਬਰਾਮਦ ਕੀਤੀ। ਪੁਲਿਸ ਨੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਕੇ ਉਸ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ ਅਤੇ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।

About The Author

Related Posts