Fazilka News: ਵਿਧਾਇਕ ਜਗਦੀਪ ਕੰਬੋਜ ਗੋਲਡੀ ਵੱਲੋਂ ਮੀਂਹ ਤੇ ਗੜੇਮਾਰੀ ਕਾਰਨ ਅਰਨੀਵਾਲਾ ਬਲਾਕ ਦੇ ਪਿੰਡਾਂ ਦਾ ਦੌਰਾ
ਕਿਸਾਨਾਂ ਦੇ ਹੋਏ ਨੁਕਸਾਨ ਦਾ ਲਿਆ ਜਾਇਜ਼ਾ
ਫਾਜਿਲਕਾ/ਅਰਨੀਵਾਲਾ (ਰਜਨੀਸ਼ ਰਵੀ)। ਵਿਧਾਇਕ ਜਗਦੀਪ ਕੰਬੋਜ ਗੋਲਡੀ ਵੱਲੋਂ ਹਾਲ ਹੀ ਵਿੱਚ ਹੋਈ ਮੀਂਹ ਅਤੇ ਗੜੇਮਾਰੀ ਕਾਰਨ ਪ੍ਰਭਾਵਿਤ ਪਾਕਾ,ਬੰਨਾ ਵਾਲਾ, ਜੰਡ ਵਾਲਾ ਭੀਮੇ ਸ਼ਾਹ, ਝੋਟਿਆ ਵਾਲੀ, ਮਹੂਆਣਾ ਬੋਦਲਾ, ਘਟਿਆਵਾਲੀ ਜੱਟਾ, ਟਾਹਲੀ ਵਾਲਾ ਬੋਦਲਾ, ਸਜਰਾਣਾ, ਕਮਾਲ ਵਾਲਾ, ਮੰਮੂ ਖੇੜਾ ਖਟਵਾ, ਕੁਹਾੜਿਆ ਵਾਲੀ, ਮਰਦਾਵਾਲਾ ਦਲ ਸਿੰਘ, ਅਰਨੀ ਵਾਲਾ ਆਦਿ ਪਿੰਡਾਂ ਦਾ ਦੌਰਾ ਕੀਤਾ ਗਿਆ।
ਦੌਰੇ ਦੌਰਾਨ ਉਨ੍ਹਾਂ ਨੇ ਖੇਤਾਂ ਵਿੱਚ ਜਾ ਕੇ ਫਸਲਾਂ ਨੂੰ ਹੋਏ ਨੁਕਸਾਨ ਦਾ ਜਾਇਜ਼ਾ ਲਿਆ ਅਤੇ ਕਿਸਾਨਾਂ ਨਾਲ ਸਿੱਧੀ ਗੱਲਬਾਤ ਕਰਕੇ ਉਨ੍ਹਾਂ ਦੀਆਂ ਸਮੱਸਿਆਵਾਂ ਸੁਣੀਆਂ। ਉਨ੍ਹਾਂ ਨੇ ਕਿਸਾਨਾਂ ਨੂੰ ਭਰੋਸਾ ਦਿਵਾਇਆ ਕਿ ਮੀਂਹ ਨਾਲ ਹੋਏ ਨੁਕਸਾਨ ਦੀ ਪੂਰੀ ਰਿਪੋਰਟ ਤਿਆਰ ਕਰਕੇ ਉੱਚ ਅਧਿਕਾਰੀਆਂ ਨੂੰ ਭੇਜੀ ਜਾਵੇਗੀ, ਤਾਂ ਜੋ ਯੋਗ ਮੁਆਵਜ਼ਾ ਦਿੱਤਾ ਜਾ ਸਕੇ।
Read Also : ਗੜਿਆਂ ਨੇ ਫਿਰ ਰੋਲਿਆ ਕਿਸਾਨਾਂ ਦਾ ‘ਸੋਨਾ’
ਉਨ੍ਹਾਂ ਨੇ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਪਿੰਡਾਂ ਵਿੱਚ ਜਾ ਕੇ ਮੀਂਹ ਨਾਲ ਹੋਏ ਨੁਕਸਾਨ ਦੀ ਵਿਸਥਾਰਪੂਰਵਕ ਜਾਣਕਾਰੀ ਇਕੱਠੀ ਕੀਤੀ ਜਾਵੇ। ਇਸ ਦੇ ਨਾਲ ਹੀ ਕਿਸਾਨਾਂ ਨੂੰ ਅਪੀਲ ਕੀਤੀ ਗਈ ਕਿ ਉਹ ਖੇਤੀਬਾੜੀ ਮਾਹਿਰਾਂ ਦੀ ਸਲਾਹ ਅਨੁਸਾਰ ਅਗਲੇ ਕਦਮ ਚੁੱਕਣ। ਇਸ ਮੌਕੇ ਉਹਨਾਂ ਨਾਲ ਨਾਇਬ ਤਹਿਸੀਲਦਾਰ ਅਵਤਾਰ ਸਿੰਘ ਅਰਨੀ ਵਾਲਾ ਅਤੇ ਹਲਕਾ ਪਟਵਾਰੀ ਕਾਨੂੰਗੋ ਅਤੇ ਖੇਤੀਬਾੜੀ ਦੇ ਅਫਸਰ ਆਦਿ ਮੌਜ਼ੂਦ ਸਨ।
