Punjab Weather: ਗੜਿਆਂ ਨੇ ਫਿਰ ਰੋਲਿਆ ਕਿਸਾਨਾਂ ਦਾ ‘ਸੋਨਾ’

ਕਿਸਾਨਾਂ ਨੇ 50 ਹਜ਼ਾਰ ਰੁਪਏ ਪ੍ਰਤੀ ਏਕੜ ਮੁਆਵਜ਼ਾ ਮੰਗਿਆ

Khushdeep Singh Picture
Published On
Punjab Weather: ਬਠਿੰਡਾ (ਸੁਖਜੀਤ ਮਾਨ)। ਹਾੜ੍ਹੀ ਰੁੱਤੇ ਸਾਉਣ ਵਾਂਗ ਵਰ੍ਹ ਰਹੇ ਮੀਂਹ ਤੇ ਗੜਿਆਂ ਨੇ ਕਣਕ ਦੀ ਫਸਲ ਬਰਬਾਦ ਕਰਕੇ ਰੱਖ ਦਿੱਤੀ ਅੱਜ ਵੀ ਪੰਜਾਬ ਦੇ ਕਈ ਜ਼ਿਲ੍ਹਿਆਂ ’ਚ ਭਾਰੀ ਮੀਂਹ ਤੇ ਗੜੇ ਪਏ ਹਨ ਇਸ ਮੌਸਮ ਨੇ ਖੇਤੀ ਸੈਕਟਰ ਨੂੰ ਬਿਲਕੁਲ ਤਬਾਹ ਕਰਕੇ ਰੱਖ ਦਿੱਤਾ ਹੈ ਪਹਿਲਾਂ ਹੀ ਕਰਜ਼ੇ ਦੇ ਝੰਬੇ ਕਿਸਾਨ ਹੁਣ ਹੋਰ ਕਰਜ਼ੇ ਹੇਠ ਦਬ ਜਾਣਗੇ ਹਾਸਲ ਹੋਏ ਵੇਰਵਿਆਂ ਮੁਤਾਬਿਕ ਅੱਜ ਜ਼ਿਲ੍ਹਾ ਬਠਿੰਡਾ, ਮੋਗਾ, ਬਰਨਾਲਾ, ਫਰੀਦਕੋਟ, ਸ੍ਰੀ ਅੰਮ੍ਰਿਤਸਰ ਸਾਹਿਬ ਸਮੇਤ ਹੋਰ ਕਾਫੀ ਥਾਵਾਂ ’ਤੇ ਭਾਰੀ ਮੀਂਹ ਦੇ ਨਾਲ ਗੜੇ ਵੀ ਪਏ ਹਨ।
 
Punjab Weather
Punjab Weather: ਗੜਿਆਂ ਨੇ ਫਿਰ ਰੋਲਿਆ ਕਿਸਾਨਾਂ ਦਾ ‘ਸੋਨਾ’
 
ਇਹ ਮੌਸਮ ਕਣਕ ਦੀ ਫਸਲ ਸਮੇਤ ਸਰ੍ਹੋਂ ਤੇ ਸਬਜ਼ੀਆਂ ਆਦਿ ਲਈ ਪੂਰੀ ਤਰ੍ਹਾਂ ਮਾਰੂ ਹੈ, ਜਿਸ ਨੇ ਹਾੜ੍ਹੀ ਦੀਆਂ ਸਾਰੀਆਂ ਹੀ ਫਸਲਾਂ ਰੋਲ ਕੇ ਰੱਖ ਦਿੱਤੀਆਂ ਹਨ ਠੇਕੇ ’ਤੇ ਜ਼ਮੀਨਾਂ ਲੈ ਕੇ ਕਾਸ਼ਤ ਕਰਨ ਵਾਲੇ ਕਿਸਾਨਾਂ ਨੂੰ ਕਾਫੀ ਘਾਟਾ ਝੱਲਣਾ ਪਵੇਗਾ ਜ਼ਿਲ੍ਹਾ ਬਠਿੰਡਾ ’ਚ ਅੱਜ ਪਿੰਡ ਬੱਲੂਆਣਾ, ਚੁੱਘੇ ਕਲਾਂ, ਮਹਿਮਾ ਸਰਕਾਰੀ, ਮਹਿਮਾ ਸਰਜਾ, ਬੁਰਜ ਮਹਿਮਾ, ਦਿਉਣ, ਕਿਲੀ ਨਿਹਾਲ ਸਿੰਘ ਵਾਲਾ, ਕੋਠੇ ਲਾਲ ਵਾਲੇ, ਕੋਠੇ ਸੰਧੂਆਂ ਵਾਲੇ, ਕੋਠੇ ਕੌਰ ਸਿੰਘ ਵਾਲਾ, ਮਹਿਮਾ ਭਗਵਾਨਾਂ, ਕੋਠੇ ਫੁਲੇ ਵਾਲਾ, ਦਾਨ ਸਿੰਘ ਵਾਲਾ ਅਤੇ ਅਬਲੂ ਆਦਿ ਪਿੰਡਾਂ ’ਚ ਤੇਜ਼ ਮੀਂਹ ਨਾਲ ਗੜੇ ਵੀ ਪਏ।
 
ਇਨ੍ਹਾਂ ਪਿੰਡਾਂ ’ਚ ਕਣਕਾਂ ਪਹਿਲਾਂ ਹੀ ਮੀਂਹ ਤੇ ਝੱਖੜ ਨਾਲ ਡਿੱਗੀਆਂ ਹੋਈਆਂ ਸੀ ਤੇ ਉੱਤੋਂ ਹੁਣ ਗੜਿਆਂ ਨੇ ਕੁੱਟ ਦਿੱਤੀਆਂ, ਜਿਸ ਕਾਰਨ ਕਿਸਾਨਾਂ ਪੱਲੇ ਕੁੱਝ ਵੀ ਨਹੀਂ ਪੈਦਾ ਕਿਸਾਨ ਗੁਰਮੀਤ ਸਿੰਘ ਰੋਮਾਣਾ ਨੇ ਕਿਹਾ ਕਿ ਮਾਲਵਾ ਪੱਟੀ ਵਿੱਚ ਚੇਤ ਮਹੀਨੇ ਦੌਰਾਨ ਪੈ ਰਹੇ ਮੀਂਹ ਨੇ ਕਿਸਾਨੀ ਦਾ ਲੱਕ ਤੋੜ ਦਿੱਤਾ ਹੈ। ਕੁੱਲ ਹਿੰਦ ਕਿਸਾਨ ਸਭਾ ਦੇ ਸੂਬਾ ਸਕੱਤਰ ਬਲਕਰਨ ਸਿੰਘ ਬਰਾੜ ਨੇ ਕਿਹਾ ਕਿ ਜੇਕਰ ਮਾਨ ਸਰਕਾਰ ਸੱਚਮੁੱਚ ਆਪਣੇ ਆਪ ਨੂੰ ਕਿਸਾਨਾਂ ਦੀ ਹਮਦਰਦ ਕਹਾਉਂਦੀ ਹੈ ਤਾਂ ਫਸਲ ਬੀਮਾ ਯੋਜਨਾ ਲਾਗੂ ਕਰੇ। ਉਨ੍ਹਾਂ ਮੁੱਖ ਮੰਤਰੀ ਪੰਜਾਬ ਨੂੰ ਅਪੀਲ ਕੀਤੀ ਕਿ ਕਿਸਾਨਾਂ ਦੀ ਪੁੱਤਾਂ ਵਾਂਗ ਪਾਲੀ ਫਸਲ ਲਈ 50 ਹਜ਼ਾਰ ਰੁਪਏ ਪ੍ਰਤੀ ਏਕੜ ਮੁਆਵਜ਼ਾ ਦਿੱਤਾ ਜਾਵੇ ਅਤੇ ਗੜੇਮਾਰੀ ਨਾਲ ਪ੍ਰਭਾਵਿਤ ਖੇਤਾਂ ਦਾ ਸਰਵੇ ਕਰਵਾਉਣ ਦੇ ਤੁਰੰਤ ਹੁਕਮ ਜਾਰੀ ਕੀਤੇ ਜਾਣ। 

About The Author

Related Posts