Panchkula News: ਪੰਚਕੂਲਾ ’ਚ ਕਾਰ ਨੂੰ ਅੱਗ ਲੱਗਣ ਕਾਰਨ ਇੰਟੀਰੀਅਰ ਡਿਜ਼ਾਈਨਰ ਦੀ ਮੌਤ
90 ਫ਼ੀਸਦੀ ਤੱਕ ਝੁਲਸ ਗਿਆ ਸੀ ਨੌਜਵਾਨ, ਪੁਲਿਸ ਨੇ ਕਾਰ ਦਾ ਦਰਵਾਜ਼ਾ ਤੋੜ ਕੱਢਿਆ ਬਾਹਰ, ਇਲਾਜ ਦੌਰਾਨ ਤੋੜਿਆ ਦਮ
ਪੰਚਕੂਲਾ (ਸੱਚ ਕਹੂੰ ਨਿਊਜ਼/ਏਜੰਸੀ)। ਪੰਚਕੂਲਾ ਦੇ ਸੈਕਟਰ-24 ਸਥਿਤ ਮਲਟੀ ਫੀਚਰ ਪਾਰਕ ਨੇੜੇ ਸ਼ਨਿੱਚਰਵਾਰ ਦੇਰ ਸ਼ਾਮ ਇੱਕ ਖੜ੍ਹੀ ਕ੍ਰੇਟਾ ਕਾਰ ਨੂੰ ਅਚਾਨਕ ਭਿਆਨਕ ਅੱਗ ਲੱਗ ਗਈ। ਇਸ ਹਾਦਸੇ ’ਚ ਕਾਰ ਅੰਦਰ ਸਵਾਰ 36 ਸਾਲਾ ਨੌਜਵਾਨ ਗੰਭੀਰ ਰੂਪ ’ਚ ਝੁਲਸ ਗਿਆ। ਪੁਲਿਸ ਨੇ ਕਾਰ ਦਾ ਦਰਵਾਜ਼ਾ ਤੋੜ ਕੇ ਉਸ ਨੂੰ ਬਾਹਰ ਕੱਢਿਆ ਅਤੇ ਤੁਰੰਤ ਸੈਕਟਰ-26 ਦੇ ਨਿੱਜੀ ਹਸਪਤਾਲ ਪਹੁੰਚਾਇਆ, ਪਰ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।
ਮ੍ਰਿਤਕ ਦੀ ਪਛਾਣ ਪੀਰਮੁਛੱਲਾ ਵਾਸੀ ਸਾਹਿਲ ਸ਼ਰਮਾ ਵਜੋਂ ਹੋਈ ਹੈ, ਜੋ ਪੇਸ਼ੇ ਤੋਂ ਇੰਟੀਰੀਅਰ ਡਿਜ਼ਾਈਨਰ ਸੀ। ਜਾਣਕਾਰੀ ਅਨੁਸਾਰ ਸ਼ਨਿੱਚਰਵਾਰ ਦੇਰ ਸ਼ਾਮ ਮਲਟੀ ਫੀਚਰ ਪਾਰਕ ਨੇੜੇ ਖੜ੍ਹੀ ਕ੍ਰੇਟਾ ਕਾਰ ਵਿੱਚੋਂ ਅਚਾਨਕ ਅੱਗ ਦੀਆਂ ਲਪਟਾਂ ਉੱਠਣ ਲੱਗੀਆਂ। ਕਾਰ ਅੰਦਰ ਨੌਜਵਾਨ ਨੂੰ ਫਸਿਆ ਵੇਖ ਕੇ ਮੌਕੇ ’ਤੇ ਮੌਜੂਦ ਲੋਕਾਂ ਨੇ ਤੁਰੰਤ ਡਾਇਲ-112 ’ਤੇ ਫੋਨ ਕਰਕੇ ਪੁਲਿਸ ਤੇ ਫਾਇਰ ਬ੍ਰਿਗੇਡ ਨੂੰ ਸੂਚਨਾ ਦਿੱਤੀ।
ਪੁਲਿਸ ਟੀਮ ਨੇ ਮੌਕੇ ’ਤੇ ਪਹੁੰਚ ਕੇ ਕਾਫ਼ੀ ਮੁਸ਼ੱਕਤ ਤੋਂ ਬਾਅਦ ਕਾਰ ਦਾ ਦਰਵਾਜ਼ਾ ਤੋੜਿਆ ਅਤੇ ਸਾਹਿਲ ਨੂੰ ਬਾਹਰ ਕੱਢਿਆ। ਹਸਪਤਾਲ ਦੇ ਡਾਕਟਰਾਂ ਅਨੁਸਾਰ ਸਾਹਿਲ ਦਾ ਸਰੀਰ ਕਰੀਬ 90 ਫ਼ੀਸਦੀ ਤੱਕ ਝੁਲਸ ਚੁੱਕਾ ਸੀ ਤੇ ਅੱਗ ਦੇ ਧੂੰਏਂ ਤੇ ਲਪਟਾਂ ਕਾਰਨ ਉਸ ਦੀ ਸਾਹ ਨਲੀ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਸੀ। ਕਰੀਬ ਅੱਧੇ ਘੰਟੇ ਤੱਕ ਇਲਾਜ ਕਰਨ ਦੇ ਬਾਵਜੂਦ ਡਾਕਟਰ ਉਸ ਦੀ ਜਾਨ ਨਹੀਂ ਬਚਾ ਸਕੇ।
ਸਾਹਿਲ ਦੇ ਦੋਸਤ ਮੁਤਾਬਕ ਉਸ ਨੇ ਸ਼ਨਿੱਚਰਵਾਰ ਸ਼ਾਮ ਕਰੀਬ 4 ਵਜੇ ਆਪਣੀ ਮਾਂ ਨੂੰ ਫੋਨ ਕਰਕੇ ਦੱਸਿਆ ਸੀ ਕਿ ਉਹ 10 ਮਿੰਟ ’ਚ ਘਰ ਪਹੁੰਚ ਜਾਵੇਗਾ। ਪਰ ਅੱਧਾ ਘੰਟਾ ਬੀਤ ਜਾਣ ਦੇ ਬਾਵਜੂਦ ਜਦੋਂ ਉਹ ਘਰ ਨਹੀਂ ਪਹੁੰਚਿਆ ਤਾਂ ਮਾਂ ਨੇ ਕਈ ਵਾਰ ਉਸ ਦੇ ਮੋਬਾਈਲ ’ਤੇ ਫੋਨ ਕੀਤਾ, ਪਰ ਸੰਪਰਕ ਨਹੀਂ ਹੋ ਸਕਿਆ। ਇਸੇ ਦੌਰਾਨ ਪੁਲਿਸ ਨੇ ਪਰਿਵਾਰ ਨੂੰ ਹਾਦਸੇ ਦੀ ਸੂਚਨਾ ਦਿੱਤੀ। ਖ਼ਬਰ ਮਿਲਦਿਆਂ ਹੀ ਪਰਿਵਾਰਕ ਮੈਂਬਰ ਹਸਪਤਾਲ ਪਹੁੰਚੇ, ਜਿੱਥੇ ਉਨ੍ਹਾਂ ਨੇ ਸਾਹਿਲ ਦੀ ਪਛਾਣ ਕੀਤੀ।
ਪਰਿਵਾਰ ਲਈ ਇਹ ਹਾਦਸਾ ਵੱਡਾ ਸਦਮਾ ਬਣ ਕੇ ਆਇਆ ਹੈ। ਸਾਹਿਲ ਘਰ ਦਾ ਇਕਲੌਤਾ ਕਮਾਉਣ ਵਾਲਾ ਮੈਂਬਰ ਸੀ। ਉਸ ਦੇ ਪਿਤਾ ਕਰੀਬ 12 ਸਾਲ ਪਹਿਲਾਂ ਪਰਿਵਾਰ ਨੂੰ ਛੱਡ ਕੇ ਜਾ ਚੁੱਕੇ ਸਨ। ਸਾਹਿਲ ਆਪਣੇ ਪਿੱਛੇ ਪਤਨੀ, ਦੋ ਮਾਸੂਮ ਬੱਚੇ ਤੇ ਬਜ਼ੁਰਗ ਮਾਂ ਛੱਡ ਗਿਆ ਹੈ। ਪੁਲਿਸ ਵੱਲੋਂ ਕਾਰ ਨੂੰ ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : Gurdaspur Heroin Seizure: ਗੁਰਦਾਸਪੁਰ ’ਚ ਡਰੋਨ ਦੀ ਹਲਚਲ ਮਗਰੋਂ ਖੇਤ ’ਚੋਂ 1.013 ਕਿਲੋ ਹੈਰੋਇਨ ਬਰਾਮਦ
Comments