ਲੋਹੜੀ ’ਤੇ ਵਿਸ਼ੇਸ਼ : ਲੋਹੜੀ ’ਤੇ ਬਦਲ ਰਹੇ ਸੰਕਲਪ

Lohri Sachkahoon

ਲੋਹੜੀ ’ਤੇ ਵਿਸ਼ੇਸ਼ : ਲੋਹੜੀ ’ਤੇ ਬਦਲ ਰਹੇ ਸੰਕਲਪ

ਲੋਹੜੀ ਉੱਤਰੀ ਭਾਰਤ ਦਾ,ਖਾਸ ਕਰ ਪੰਜਾਬ ਅਤੇ ਹਰਿਆਣੇ ਦਾ ਖੇਤੀਬਾੜੀ ਨਾਲ ਸਬੰਧਤ ਇੱਕ ਮਸਹੂਰ ਤਿਉਹਾਰ ਹੈ ਅਤੇ ਪੰਜਾਬ ‘ਤੇ ਹਰਿਆਣਾ ਤੋਂ ਇਲਾਵਾ ਇਹ ਹਿਮਾਚਲ ਪ੍ਰਦੇਸ ਅਤੇ ਦਿੱਲੀ ਵਿੱਚ ਵੀ ਬੜੀ ਧੂਮ-ਧਾਮ ਨਾਲ ਮਨਾਇਆ ਜਾਂਦਾ ਹੈ। ਇਹ ਸਰਦੀਆਂ ਦੇ ਅੰਤ ਅਤੇ ਹਾੜ੍ਹੀ ਦੀਆਂ ਫਸਲਾਂ ਦੇ ਪ੍ਰਫੁੱਲਤ ਹੋਣ ਦਾ ਤਿਉਹਾਰ ਹੈ। ਜਿਸ ਘਰ ਮੁੰਡੇ ਨੇ ਜਨਮ ਲਿਆ ਹੋਵੇ ਉਹਦੀ ਪਹਿਲੀ ਲੋਹੜੀ ਵਜੋਂ ਇਸ ਤਿਉਹਾਰ ਨੂੰ ਬੜੇ ਜੋਸ਼ ਨਾਲ ਮਨਾਇਆ ਜਾਂਦਾ ਹੈ।

ਜਨਵਰੀ ਦਾ ਮਹੀਨਾ ਚੜਦੇ ਹੀ ਪਿੰਡਾਂ ਦੀ ਰੌਣਕ ਵੇਖਣ ਵਾਲੀ ਹੁੰਦੀ ਹੈ, ਮਿੱਠੀ-ਮਿੱਠੀ ਧੁੱਪ, ਛੁੱਟੀਆਂ ਦਾ ਮਾਹੌਲ, ਸਾਂਝਾਂ – ਮੁਹੱਬਤਾਂ ਤੇ ਏਕੇ ਦੀਆਂ ਧੂਣੀਆਂ ਦੇ ਨਿੱਘ ਨਾਲ ਦਿਨ ਲੰਘਣੇ। ਗੁੱਡੀਆਂ ਉਡਦਿਆਂ ’ਤੇ ਲੱੁਟਦਿਆਂ ਜੁਆਂਕਾਂ ਦੀ ਕਾਵਾਂ-ਰੌਲੀ ਦੇ ਨਾਲ-ਨਾਲ ਸ਼ਾਮਾਂ ਪੈਦਿਆਂ ਹੀ ਪਿੰਡਾਂ ਦੀਆਂ ਗਲੀਆਂ-ਮੋੜਾਂ ਤੇ ਲੋਹੜੀ ਦੇ ਗੀਤਾਂ ਦੀ ਅਵਾਜ ਆਉਣੀ ਸੁਰੂ ਹੋ ਜਾਂਦੀ ਹੈ, ਕੀ ਨਿੱਕੇ ਕੀ ਵੱਡੇ ਬੱਚੇ ਵਹੀਰਾਂ ਘੱਤ ਲੋਹੜੀ ਮੰਗਣੀ ਸੁਰੂ ਕਰ ਦਿੰਦੇ ਹਨ ‘ ਤੇ ਲੋਹੜੀ ਦੇ ਗੀਤਾਂ ਦੀ ਅਵਾਜ ਗੂੰਜਣੀ ਸੁਰੂ ਹੋ ਜਾਂਦੀ ਹੈ :-

ਦੇ ਮਾਈ ਲੋਹੜੀ, ਤੇਰੀ ਜੀਵੇ ਜੋੜੀ, ਦੇ ਮਾਈ ਗੁੜ, ਤੇਰਾ ਗੁੜ ਮਿੱਠਾ, ਦੇ ਰੁਪਈਆ ਚਿੱਟਾ ।

ਪੰਜਾਬ ਗੀਤਾਂ-ਮੇਲਿਆਂ, ਤੇ ਤਿੱਥਾਂ-ਤਿਓਹਾਰਾਂ ਦਾ ਦੇਸ ਹੈ, ਹਰ ਰੁੱਤ-ਮੌਸਮ ਨਾਲ ਸਬੰਧਤ ਤਿਓਹਾਰ ਸਾਲ ਵਿਚ ਗੇੜਾ ਲਾਉਦੇ ਰਹਿੰਦੇ ਹਨ ਤੇ ਇੱਥੋਂ ਦੇ ਵਸਨੀਕਾਂ ਦੇ ਦਿਲਾਂ ਤੇ ਜੀਵਨ ਨੂੰ ਖੁਸੀਆਂ, ਆਪਸੀ ਏਕਤਾ ਤੇ ਸਰਬ ਸਾਂਝੀਵਾਲਤਾ ਨਾਲ ਭਰਦੇ ਰਹਿੰਦੇ ਨੇ, ਗੀਤ ਕਿਸੇ ਲੋਕਾਈ, ਖਿੱਤੇ ਦੇ ਇਤਿਹਾਸਕ, ਸਮਾਜਿਕ ਰਹਿਤਲ ਤੇ ਭਾਈਚਾਰਕ ਸਾਂਝਾਂ ਦੀ ਸਾਫ ਸੁਥਰੀ, ਰੰਗਲੀ ਤੇ ਮੂੰਹੋਂ ਬੋਲਦੀ ਤਸਵੀਰ ਹੁੰਦੇ ਹਨ। ਲੋਹੜੀ ਦਾ ਤਿਓਹਾਰ ਹਰ ਸਾਲ 13 ਜਨਵਰੀ ਨੂੰ ਮਨਾਇਆ ਜਾਂਦਾ ਹੈ :-

ਸੁੰਦਰ ਮੁੰਦਰੀਏ ਹੋ ਤੇਰਾ ਕੌਣ ਵਿਚਾਰਾ, ਦੁੱਲਾ ਭੱਟੀ ਵਾਲਾ,
ਦੁੱਲੇ ਧੀ ਵਿਆਹੀ, ਸੇਰ ਸੱਕਰ ਪਾਈ,
ਕੁੜੀ ਦਾ ਲਾਲ ਦੁਪੱਟਾ, ਕੁੜੀ ਦਾ ਸਾਲੂ ਪਾਟਾ,
ਸਾਲੂ ਕੋਣ ਸਮੇਟੇ , ਚਾਚਾ ਗਾਲਾਂ ਦੱਸੇ,
ਚਾਚੇ ਚੂਰੀ ਕੁੱਟੀ, ਜਿੰਮੀਦਾਰਾਂ ਲੁੱਟੀ,
ਜਿਮੀਦਾਰ ਸਧਾਏ, ਗਿਣ ਗਿਣ ਪੌਲੇ ਲਾਏ,
ਇੱਕ ਪੌਲਾ ਰਹਿ ਗਿਆ, ਸਿਪਾਹੀ ਫੜ੍ਹ ਕੇ ਲੈ ਗਿਆ।

ਲੋਹੜੀ ਦਾ ਹਰ ਗੀਤ ਇਕ ਇਤਿਹਾਸਕ, ਸਮਾਜਿਕ ਤੇ ਧਾਰਮਿਕ ਰੰਗ -ਤੱਥ ਤੇ ਕਹਾਣੀ ਨੂੰ ਸਮੋਈ ਬੈਠਾ ਹੈ। ਜਿਵੇਂ ਕਿ ਉਪਰੋਕਤ ਲੋਹੜੀ ਦੇ ਮਸ਼ਹੂਰ ਗੀਤ ਵਿਚ ਦੁੱਲਾ ਭੱਟੀ ਦੀ ਕਹਾਣੀ ਦਰਸਾਈ ਗਈ ਹੈ। ਜੋ ਸਮਕਾਲੀ ਮੁਗਲ ਸਾਮਰਾਜ ਦੇ ਸਾਸ਼ਨ ਨੂੰ ਟੱਕਰ ਦੇਣ ਕਾਰਨ ਡਾਕੂ ਗਰਦਾਨਿਆ ਗਿਆ ਹੁੰਦਾ ਹੈ ਪਰ ਆਪਣੇ ਸਮਾਜ ਦੇ ਗਰੀਬਾਂ ਦੀ ਦੁੱਲਾ ਮਸੀਹਾ ਬਣ ਮੱਦਦ ਕਰਦਾ ਹੈ। ਇਸ ਗੀਤ ਵਿਚ ਦੁੱਲੇ ਭੱਟੀ ਦੀ ਤਾਰੀਫ ਕੀਤੀ ਗਈ ਹੈ ਕਿ ਕਿਵੇਂ ਇਕ ਗਰੀਬ ਪਰਿਵਾਰ ਦੀ ਸੁੰਦਰੀ ਨਾਂ ਦੀ ਕੁੜੀ ਨੂੰ ਆਪਣੀ ਧੀ ਬਣਾ ਕੇ ਉਸ ਦਾ ਕਾਜ ਰਚਾਉਣ ਵਿਚ ਦੁੱਲਾ ਆਰਥਕ ਤੇ ਸੁੱਰਿਖਆਤਮਕ ਪੱਖੋਂ ਮੱਦਦ ਲਈ ਸਾਹਮਣੇ ਆਉਂਦਾ ਹੈ, ਇਹ ਗੀਤ ਦੁੱਲੇ ਨੂੰ ਇੱਕ ਵੀਰ – ਨਾਇਕ ਤੇ ਬਹਾਦਰ ਯੋਧੇ ਦੇ ਰੂਪ ਵਿੱਚ ਦਰਸਾਉਂਦਾ ਹੈ।

ਇਤਿਹਾਸ ਤੋਂ ਬਾਦ ਅੱਜ ਦੀ ਗੱਲ ਕਰਦੇ ਹਾਂ। ਲੋਹੜੀ ਦਾ ਤਿਓਹਾਰ ਕਾਫੀ ਪੁਰਾਣੇ ਸਮੇਂ ਤੋ ਮਨਾਇਆ ਜਾਂਦਾ ਹੈ ਤੇ ਪੰਜਾਬ ਦਾ ਇੱਕ ਖਾਸ ਸਭਿਆਚਾਰਕ ਰੰਗਤ ਵਾਲਾ ਤਿਉਹਾਰ ਹੈ। ਲੋਹੜੀ ਦਾ ਤਿਓਹਾਰ ਘਰ ਵਿੱਚ ਮੁੰਡਾ ਜੰਮਣ ਦੀ ਖੁਸੀ ਵਿੱਚ ਮਨਾਇਆ ਜਾਦਾ ਹੈ, ਜਿਸ ਘਰ ਲੜਕਾ ਹੋਇਆ ਹੁੰਦਾ ਹੈ ਉਸ ਘਰ ਵੱਲੋਂ ਆਪਣੇ ਵਿਹੜੇ, ਗੁਆਂਢੀਆਂ, ਸਕੇ ਸਬੰਧੀਆਂ ਵਿੱਚ, ਲੋਹੜੀ ਵੰਡੀ ਜਾਂਦੀ ਹੈ। ਘਰ ਵਿਚ ਰੌਣਕਾਂ ਖੁਸ਼ੀਆਂ ਦਾ ਮਹੌਲ ਸੁਰੂ ਹੋ ਜਾਂਦਾ ਹੈ। ਸਾਰਿਆਂ ਨੂੰ ਮੂੰਗਫਲੀ ,ਗੁੜ , ਰਿਓੜੀਆਂ ਤੇ ਚਿੜਵੜੇ ਵੰਡੇ ਜਾਂਦੇ ਹਨ। ਰਾਤ ਨੂੰ ਸਾਰੇ ਇਕੱਠੇ ਹੋ ਕੇ ਪਾਥੀਆਂ ਤੇ ਲੱਕੜੀਆਂ ਦਾ ਭੁੱਗਾ ਬਾਲਦੇ ਹਨ। ਪੁਰਾਣੇ ਸਮੇਂ ਵਿੱਚ ਮੁੰਡੇ-ਕੁੜੀਆ ਲੋਹੜੀ ਦੇ ਗੀਤ ਬੋਲਦੇ , ਘਰ ਘਰ ਤੋਂ ਲੋਹੜੀ ਮੰਗਦੇ ਤੇ ਮਿਲਦੀਆਂ ਸੌਗਾਤਾਂ ਮੂੰਗਫਲੀ , ਫੁੱਲੇ , ਗੁੜ, ਰਿਓੜੀਆਂ, ਚਿਰਵੜੇ, ਇਕੱਠੀਆਂ ਕਰਦੇ ਹੋਏ, ਲੱਕੜੀਆਂ ਤੇ ਪਾਥੀਆਂ ਮੰਗ ਕੇ ਭੁੱਗਾ ਬਾਲਦੇ ਸਨ। ਮੁੰਡਾ ਹੋਣ ਵਾਲੇ ਘਰ ਵਿਚ ਪ੍ਰਾਹੁਣਿਆਂ ਦਾ, ਗਲੀ ਗਵਾਂਢ ਦੇ ਸੱਜਣਾਂ-ਮਿੱਤਰਾਂ ਦਾ, ਭੰਡਾਂ ਦਾ, ਖੁਸਰਿਆਂ ਦਾ ਤਾਂਤਾਂ ਲੱਗਾ ਰਹਿੰਦਾ ਹੈ। ਗਿੱਧੇ-ਭੰਗੜੇ ਦੇ ਦੌਰ ਚੱਲਦੇ ਹਨ। ਗੱਲ ਕੀ ਘਰ ਵਿੱਚ ਚਾਰੇ ਪਾਸੇ ਖੁਸ਼ੀਆਂ ਦੇ ਰੰਗ ਬਿਖਰਦੇ ਹਨ।

ਭੁੱਗਾ ਬਾਲਣ ਨਾਲ ਇੱਕ ਤਾਂ ਠੰਡਾ ਮੌਸਮ ਹੋਣ ਕਾਰਨ ਇਕੱਠ ‘ ਤੇ ਪਿਆਰ ਦੇ ਨਿੱਘ ਨਾਲ , ਅੱਗ ਸੇਕ ਕੇ ਨਿੱਘ ਮਾਣਿਆ ਜਾਂਦਾ ਹੈ ਅਤੇ ਮਨਾਂ ਦੀ ਈਰਖਾ, ਦਵੇਸ, ਰੋਸੇ ਗਿਲਿਆਂ ਨੂੰ ਇਸ ਭੁੱਗੇ ਦੀ ਅੱਗ ਵਿਚ ਸਾੜ ਕੇ ਭੁਲਾਇਆ ਜਾਂਦਾ ਹੈ। ਲੋਹੜੀ ਦੇ ਦਿਨ ਬੱਚੇ ਪਤੰਗਾਂ ਵੀ ਉਡਾਉਂਦੇ ਹਨ ਤੇ ਚਾਈਨਾ ਦੀ ਡੋਰ ਦੇ ਰੁਝਾਨ ਕਾਰਨ ‘ ਤੇ ਕੰਧਾਂ ਕੋਠੇ ਟੱਪ ਕੇ ਪਤੰਗਾਂ ਲੁੱਟਣ ਕਾਰਨ ਕਈ ਵਾਰ ਸੱਟ ਫੇਟ ਲੱਗ ਜਾਣ ਕਾਰਨ ਕਈ ਅਣਹੋਏ ਹਾਦਸੇ ਵੀ ਵਾਪਰ ਜਾਂਦੇ ਹਨ। ਸੋ ਅਜਿਹੇ ਕੰਮਾਂ ਤੋਂ ਬਚਣਾਂ ਚਾਹੀਦਾਂ ਜੋ ਮਾਪਿਆਂ ਲਈ ਦੁੱਖ ਤਕਲੀਫ ਦਾ ਕਾਰਨ ਬਣਨ।

ਪਰ ਅਫ਼ਸੋਸ ! ਅੱਜ ਵੀ ਬਹੁਤ ਸਾਰੇ ਅਜਿਹੇ ਘਰ ਹਨ, ਜਿੱਥੇ ਲੜਕੀ ਜੰਮਣ ਤੇ ਅਜਿਹੀ ਖੁਸ਼ੀ ਦੀ ਅਣਹੋਂਦ ਪਾਈ ਜਾਂਦੀ ਹੈ, ਪਰ! ਜੇ ਧੀਆਂ ਨਾ ਹੁੰਦੀਆਂ ਪੁੱਤਰ ਕਿੱਥੋਂ ਆਉਣੇ ਸੀ। ਅੱਜ ਵੀ ਲੜਕੀਆਂ ਨਾਲੋਂ ਲੜਕਿਆਂ ਦੀ ਪੜਾਈ-ਲਿਖਾਈ ਤੇ ਖਾਣ -ਪਹਿਨਣ ਦਾ ਜਿਆਂਦਾ ਧਿਆਨ ਰੱਖਿਆ ਜਾਂਦਾ ਹੈ। ਹਰ ਚਾਅ-ਸ਼ੌਂਕ ਪੂਰਾ ਕਰਨ ਲਈ ਲੜਕਿਆਂ ਨੂੰ ਤਰਜੀਹ ਦਿੱਤੀ ਜਾਂਦੀ ਹੈ। ਅਜਿਹਾ ਕਿਉਂ ? ਲੜਕੀ ਨੂੰ ਭਾਰ , ਬੇਗਾਨਾਧਨ , ਚਿੰਤਾ ਦਾ ਵਿਸ਼ਾ ਕਿਉਂ ਸਮਝਿਆ ਜਾਂਦਾ ਹੈ ? ਕੀ ਸਾਡੇ ਸੰਸਕਾਰ, ਸਾਡੀ ਸੋਚ ਇੱਥੋਂ ਤੱਕ ਹੀ ਸੀਮਿਤ ਹੋ ਕੇ ਰਹਿ ਗਈ ਹੈ, ਕਿ ਲੜਕੀਆਂ ਨੂੰ ਭਾਰ ਸਮਝਿਆ ਜਾਵੇ , ਸਾਡਾ ਇਖਲਾਕ, ਈਮਾਨ, ਇੰਨੇ ਸੌੜੇ ਕਿਉਂ ਹੋ ਗਏ ਹਨ ? ਇਹ ਸਭ ਰੂੜ੍ਹੀਵਾਦੀ-ਪਿਛਾਹ ਖਿੱਚੂ ਸੋਚ ਦਾ ਨਤੀਜਾ ਹੈ, ਹੋਰ ਕੁਝ ਨਹੀ, ਸਾਡੇ ਪਰਮ ਪਿਤਾ, ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਵੀ ਔਰਤ ਨੂੰ ਬਹੁਤ ਮਹਾਨਤਾ ਸਹਿਤ ਵਡਿਆਇਆ ਹੈ। ਦੱਸੋ ਭਲਾ, ਅੱਜ ਕੱਲ ਲੜਕੀਆਂ ਕਿਸ ਕਿਸ ਖੇਤਰ ਵਿੱਚ ਕਾਮਯਾਬੀ ਹਾਸਲ ਨਹੀ ਕਰ ਰਹੀਆਂ। ਕੀ ਖੇਡ ਦੇ ਮੈਦਾਨ, ਵਿਗਿਆਨ, ਗਿਆਨ, ਅਤੇ ਸਰਕਾਰ-ਦਰਬਾਰ, ਫਿਲਮ-ਸੰਸਾਰ, ਆਦਿ ਸਭ ਖੇਤਰਾਂ ਵਿੱਚ ਨਾਮ ਰੌਸ਼ਨ ਕਰ ਰਹੀਆਂ ਹਨ।

ਇਤਿਹਾਸ ਵੀ ਤਾਂ ਇਸ ਦੀ ਗਵਾਹੀ ਸਦੀਆ ਤੋ ਭਰਦਾ ਆਇਆ ਹੈ। ਛੋਟੀਆਂ ਬੱਚੀਆਂ ਜਦੋਂ ਛੋਟੇ-ਛੋਟੇ ਨੰਨੇ ਕਦਮਾਂ ਨਾਲ ਭੱਜੀਆਂ ਆਉੱਦੀਆਂ ਹਨ ਤੇ ਦਫਤਰ, ਜਾਂ ਕੰਮ ਕਾਜ ਤੋਂ ਥੱਕੇ ਮਾਪਿਆਂ ਦੀਆ ਲੱਤਾਂ ਨੂੰ ਚਿੰਬੜਦੀਆਂ ਹਨ ਤਾਂ ਸਾਰੀ ਦੀ ਸਾਰੀ ਦਿਨ ਭਰ ਦੀ ਥਕਾਨ ਦੂਰ ਹੋ ਜਾਦੀ ਹੈ। ਉਨਾਂ ਦੇ ਫੁੱਲਾਂ ਸਮਾਨ ਚਿਹਰਿਆਂ ਨੂੰ ਮੁਸਕਰਾਉੱਦੇ ਦੇਖ ਕੇ ਸਾਰੀਆਂ ਚਿੰਤਾਵਾਂ -ਫਿਕਰਾਂ ਉੱਡ-ਪੁੱਡ ਜਾਂਦੀਆਂ ਹਨ। ਅੰਤਾਂ ਦੀ ਖੁਸ਼ੀ ਮਿਲਦੀ ਹੈ ਜਦੋਂ ਉਨਾਂ ਦੀ ਘੁੱਟਵੀਂ ਗਲਵੱਕੜੀ ਨੂੰ ਮਾਨਣ ਦਾ ਅਨੰਦ ਮਿਲਦਾ ਹੈ, ਜਾਂ ਉਨਾਂ ਦੇ ਨੰਨੇ ਪੈਰਾਂ ਨੂੰ ਮੰਮੀ – ਡੈਡੀ ਦੀ ਵੱਡੀ ਜੁੱਤੀ ਪਾ ਕੇ ਚੱਲਣ ਦੀ ਨਕਲ ਕਰਦੇ ਵੇਖੀਦਾ ਹੈ, ਮਨ ਚਾਅ ਨਾਲ ਭਰ ਜਾਂਦਾ ਹੈ, ਜਦੋਂ ਨੰਨੇ ਹੱਥ ਮਾਂ ਵਾਂਗ ਆਟਾ ਗੁੰਨਣ ਦੀ ਨਕਲ ਕਰਦੇ ਦੇਖੀਦੇ ਹਨ। ਧੀਆਂ ਦਾ ਰੋਲ-ਮਹਾਨਤਾ, ਰਿਸ਼ਤੇਦਾਰੀਆਂ, ਇੱਜਤ-ਸਤਿਕਾਰ ਆਦਿ ਪੱਖੋਂ ਹਰ ਪਰਿਵਾਰ, ਸਮਾਜ, ਕੁੰਨਬੇ ਵਿੱਚ ਬੜੀ ਉੱਚੀ-ਸੁੱਚੀ ਜਗਾ ਰੱਖਦਾ ਹੈ। ਧੀਆਂ ਦਾ ਪਰਮਾਤਮਾ ਨੇ ਰੋਲ ਹੀ ਐਸਾ ਬਣਾਇਆ ਹੈ ਕਿ ਇੱਕ ਘਰ ਛੱਡ ਕੇ ਦੂਜੇ ਨੂੰ ਵਸਾਉਣ ਤੇ ਇਕ ਨਵੀਂ ਦੁਨੀਆਂ ਦੀ ਸੁਰੂਆਤ ਕਰਦੀਆਂ ਹਨ।

ਜਿੱਥੇ ਦੇ ਲੇਖ ਲਿਖੇ ਹੋਣ ਮਾਲਕ ਨੇ ਉਸ ਬੇਗਾਨੇ ਘਰ, ਪਰਿਵਾਰ, ਵਿਹੜੇ ਨੂੰ ਆਪਣੀ ਸੋਭਾ, ਪਿਆਰ, ਏਕਤਾ ਬਖਸ ਇੱਕ ਨਵੀ ਦੁਨੀਆ, ਇਕ ਨਵਾਂ ਸੰਸਾਰ ਸਿਰਜਦੀਆਂ ਹਨ। ਧੀਆਂ ਹੀ ਹਨ ਜੋ ਹਰ ਹਾਲ ਸੁਖੀ ਹੋਣ ਜਾਂ ਦੁਖੀ ਹਮੇਸਾਂ ਮਾਂ ਤੇ ਪਿਓ ਦੀ ਸੁੱਖ ਹਰ ਸਾਹ ਮੰਗਦੀਆਂ ਹਨ। ਧੀਆਂ ਦੇ ਹੀ ਹਿੱਸੇ ਆਇਆ ਹੈ ਕਿ ਇਹਨਾਂ ਨੂੰ ਧਰੇਕਾਂ ਜਿਹੀਆਂ ਠੰਢੜੀ ਛਾਂ ਹੋਣ ਦਾ ਦਰਜਾ ਦੇ ਕੇ ਵਡਿਆਇਆ ਜਾਂਦਾ ਹੈ। ਧੀਆਂ ਹਰ ਘਰ ਦੀ ਵਿਹੜੇੇ ਦੀ ਛਾਂ, ਸਾਨ ਤੇ ਮਾਣ ਨੇ, ਇਹਨਾ ਦੇ ਪੈਰਾਂ ਪਿੱਛੇ ਹੀ ਰੱਬ ਹਰ ਘਰ ਸਾਰੀਆਂ ਬਰਕਤਾਂ ਦੀ ਮਿਹਰ ਕਰਦਾ ਹੈ, ਤਾਂ ਹੀ ਤਾਂ ਧੀਆਂ ਰੱਬ ਅੱਗੇ ਵੀ ਵੀਰੇ ਦੀ ਅਰਦਾਸ ਜੋਦੜੀਆਂ ਕਰਦੀਆਂ ਹਨ, ਕਿ :-
ਇੱਕ ਵੀਰ ਦੇਈਂ ਵੇ ਰੱਬਾ, ਚਿੱਤ ਰੱਖੜੀ ਬੰਨਣ ਨੂੰ ਕਰਦਾ।

ਧੀਆਂ ਹਰ ਪਲ, ਹਰ ਦਿਨ, ਹਰ ਸਾਹ ਪੇਕਿਆਂ ਦੀ ਸੁੱਖ ਮੰਗਦੀਆਂ ਏਹੋ ਕਾਮਨਾ ਕਰਦੀਆਂ ਹਨ ਕਿ ਉਨਾਂ ਨੂੰ ਜਦ ਵੀ ਮਿਲੇ ਪੇਕਿਆਂ ਘਰੋਂ ਸੁੱਖਾਂ ਤੇ ਖੁਸ਼ੀਆਂ ਦੀ ਹੀ ਖਬਰ ਮਿਲੇ। ਜੇ ਕਿਧਰੇ ਕੋਈ ਦੁੱਖ ਦੇ ਪਲ ਜਾਂ ਕੋਈ ਢਿੱਲ ਮੱਠ ਵੀ ਪਤਾ ਲੱਗ ਜਾਵੇ ਤਾਂ ਪਹਿਲੀਆਂ ਵਿੱਚ ਹੀ ਪਹੁੰਚਦੀਆਂ ਹਨ, ਤੇ ਦਿਨ ਤੋਂ ਰਾਤ ਵੀ ਨਹੀ ਹੋਣ ਦਿੰਦੀਆਂ। ਸਹੀ ਹੀ ਕਹਿੰਦੇ ਹਨ ਕਿ ਪੁੱਤ ਕਪੁੱਤ ਹੋ ਜਾਂਦੇ ਹਨ, ਪਰ ਧੀਆਂ ਹਮੇਸਾਂ ਮਾਪਿਆਂ ਦੀ ਖੁਸ਼ੀ ਹੀ ਲੋਚਦੀਆਂ ਹਨ। ਸਾਡੇ ਪੰਜਾਬੀ ਗੀਤਾਂ ਦੇ ਕਈ ਮਹਾਨ ਗਾਇਕਾਂ ਨੇ ਆਪਣਿਆਂ ਗੀਤਾਂ ਰਾਹੀਂ ਵੀ ਧੀਆਂ ਦੀ ਮਹਾਨਤਾ ਦਾ ਜਿਕਰ ਕੀਤਾ ਹੈ, ਪਦਮਸ਼੍ਰੀ ਹੰਸ ਰਾਜ ਹੰਸ ਜੀ ਦੇ ਗਾਏ ਗੀਤ ਦਾ ਹਵਾਲਾ ਦੇਣਾਂ ਬਣਦਾ ਹੈ, ਜਿਸ ਵਿੱਚ ਉਨਾਂ ਕਿਹਾ ਹੈ ਕਿ :- ਪੁੱਤ ਵੰਡਾਉਣ ਜਮੀਨਾਂ, ਧੀਆਂ ਦੁੱਖ ਵੰਡਾਉਦੀਆਂ ਨੇ।  ਏਸੇ ਤਰਾਂ ਪੰਜਾਬੀ ਦੇ ਮਹਾਨ ਮਰਹੂਮ ਗਾਇਕ ਕਲੀਆਂ ਦੇ ਬਾਦਸ਼ਾਹ ਕੁਲਦੀਪ ਮਾਣਕ ਜੀ ਨੇ ਵੀ ਬੜਾ ਉਮਦਾ ਗਾਇਆ ਹੈ :- ਹੋਇਆ ਕੀ ਜੇ ਧੀ ਜੰਮ ਪਈ, ਕੁੱਖ ਤਾਂ ਸੁਲੱਖਣੀ ਹੋਈ।

ਸਾਨੂੰ ਲੋਹੜੀ ਦੇ ਭੁੱਗੇ ਦੀ ਅੱਗ ਵਿੱਚ ਆਪਸੀ ਰਿਸਤਿਆਂ ਵਿੱਚ ਆਈ ਕੁੜੱਤਣ , ਰੋਸੇ – ਈਰਖਾ, ਗੁੱਸੇ – ਗਿਲੇ ਨੂੰ ਜਲਾ ਕੇ ਸਾੜ ਦੇਣਾ ਚਾਹੀਦਾ ਹੈ ਤੇ ਨਵੀਂ ਸੁਰੂਆਤ ਕਰਨ ਦਾ ਪ੍ਰਣ ਕਰਨਾ ਚਾਹੀਦਾ ਹੈ ਅਤੇ ਮੁਹੱਬਤਾਂ – ਪਿਆਰਾਂ ਦੀ ਖੁਸਬੋ ਦੀ ਮਹਿਕ ਖਿਲਾਰਨੀ ਚਾਹੀਦੀ ਹੈ । ਸੋ ਆਓ ਅੱਜ ਨਾਲ ਹੀ ਮਿਲ ਕੇ ਪ੍ਰਣ ਕਰੀਏ, ਕਿ ਅਸੀਂ ਆਪਣੀਆਂ ਧੀਆਂ – ਰਾਜ ਕੁਮਾਰੀਆਂ ਨੂੰ , ਪੁੱਤਰਾਂ ਵਾਂਗ ਹੀ ਪਾਲੀਏ, ਪਿਆਰ ਕਰੀਏ, ਤੇ ਸਤਿਕਾਰ ਦੇਈਏ, ਉਨਾਂ ਦੀ ਵੀ ਲੋਹੜੀ ਮਨਾਈਏ, ਤੇ ਖੁਸ਼ੀਆਂ ਤੇ ਚਾਵਾਂ ਦੇ ਤੋਹਫੇ ਦੇਈਏ, ਤਾਂ ਕਿ ਉਹ ਪੂਰੀ ਖੁੱਲਦਿਲੀ ਨਾਲ ਜੀ ਸਕਣ, ਪੜ੍ਹ-ਲਿਖ ਕੇ ਅੱਗੇ ਵਧ ਸਕਣ , ਸਾਡੇ ਤੇ ਮਾਣ ਕਰਨ ‘ ਤੇ ਸਾਡਾ, ਪਰਿਵਾਰ, ਦੇਸ-ਕੌਮ ਦਾ ਨਾਮ ਰੌਸ਼ਨ ਕਰਨ।

ਹਰਜੀਤ ‘ਕਾਤਿਲ’
ਸ਼ੇਰਪੁਰ
ਮੋ: 9680795479

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ