ਏਨਾ ਸੌਖਾ ਨਹੀਂ ਮਾਪਿਆਂ ਦਾ ਕਰਜ਼ਾ ਮੋੜਨਾ!

ਏਨਾ ਸੌਖਾ ਨਹੀਂ ਮਾਪਿਆਂ ਦਾ ਕਰਜ਼ਾ ਮੋੜਨਾ!

Parental Loan | ਜਿੰਦਗੀ ਨੇ ਤਾਂ ਵਕਤ ਦੇ ਨਾਲ-ਨਾਲ ਬਦਲਦੇ ਹੀ ਰਹਿਣਾ ਹੈ ਬਹੁਤ ਵਾਰ ਤਾਂ ਅਜਿਹਾ ਵਕਤ ਆ ਜਾਂਦਾ ਹੈ ਜਿਵੇਂ ਹੁਣ ਜਿੰਦਗੀ ਬੱਸ ਰੁਕ ਹੀ ਗਈ ਹੋਵੇ। ਪਰ ਫਿਰ ਸੋਚਦੇ ਹਾਂ ਕਿ ਉਹ ਕਿਹੋ-ਜਿਹਾ ਵਕਤ ਹੋਵੇਗਾ ਜਿਸ ਵਕਤ ਸਾਡੇ ਮਾਂ-ਬਾਪ ਨੇ ਪਤਾ ਨਹੀਂ ਕਿੰਝ ਦੁੱਖ ਕੱਟ ਕੇ ਸਾਨੂੰ ਇਹ ਸੁੰਦਰ ਸੰਸਾਰ ਦਿਖਾਇਆ ਹੋਵੇਗਾ। ਪਰ ਪਤਾ ਨਹੀਂ ਅਜੋਕਾ ਵਕਤ ਹੀ ਅਜਿਹਾ ਹੈ ਕਿ ਅਸੀਂ ਆਪਣੇ ਮਾਂ-ਬਾਪ ਨੂੰ ਤਾਂ ਕੁਝ ਵੀ ਨਹੀਂ ਸਮਝਦੇ। ਕਹਿਣ ਤੋਂ ਭਾਵ ਹੈ ਕਿ ਇਸ ਮੌਡਰਨ ਜਮਾਨੇ ਵਿੱਚ ਅਸੀਂ ਆਪਣੇ ਪਰਿਵਾਰ ਨੂੰ ਵਕਤ ਦੇਣਾ ਹੀ ਭੁੱਲ ਗਏ ਹਾਂ। ਹਮੇਸ਼ਾ ਹੀ ਭੱਜ-ਦੌੜ ਵਿੱਚ ਲੱਗੇ ਰਹਿੰਦੇ ਹਾਂ ਅਤੇ ਇਹ ਭੁੱਲ ਜਾਂਦੇ ਹਾਂ ਕਿ ਅਸੀਂ ਵੀ ਮਾਂ-ਬਾਪ ਬਣਨਾ ਹੈ।

ਹੋ ਸਕਦਾ ਹੈ ਸਾਡੇ ਬੱਚਿਆਂ ਕੋਲ ਸਾਡੇ ਲਈ ਵੀ ਵਕਤ ਨਾ ਹੋਵੇ! ਘਰ ਵਿਚ ਪਰਿਵਾਰ ਮਿਲ-ਜੁਲ ਕੇ ਰਹੇ ਇਹੀ ਮਾਂ-ਬਾਪ ਦੀ ਸਭ ਤੋਂ ਵੱਡੀ ਖੁਸ਼ੀ ਦੀ ਗੱਲ ਹੁੰਦੀ ਹੈ। ਪਰ ਅੱਜ-ਕੱਲ੍ਹ ਤਾਂ ਮੌਡਰਨ ਪੁੱਤਰ-ਧੀਆਂ ਆਪਣੇ-ਆਪ ਨੂੰ ਇਕੱਲਾ ਰੱਖਣਾ ਜ਼ਿਆਦਾ ਪਸੰਦ ਕਰਦੇ ਹਨ। ਪਰ ਜੇਕਰ ਸੋਚਿਆ ਜਾਵੇ ਤਾਂ ਪਹਿਲਾਂ ਵਾਲਾ ਵਕਤ ਵਧੀਆ ਹੁੰਦਾ ਸੀ ਜਦੋਂ ਪਰਿਵਾਰ ਮਿਲ ਕੇ ਰਹਿੰਦੇ ਸੀ ਹਰ ਦੁੱਖ-ਸੁਖ  ਮਿਲ ਕੇ ਵੰਡਦੇ ਸੀ। ਆਹ ਤਲਾਕ, ਥਾਣੇ, ਕਚਹਿਰੀ ਪਤਾ ਨਹੀਂ ਕੀ ਕੁਝ ਜੋ ਵੀ ਹੋ ਰਿਹਾ ਹੈ, ਅਨਪੜ੍ਹ ਲੋਕ ਹੋਣ ਦੇ ਬਾਵਜੂਦ ਵੀ ਬਹੁਤ ਘੱਟ ਸੁਣਨ ਨੂੰ ਮਿਲਦੇ। ਹੁਣ ਮੌਡਰਨ ਵਕਤ ਵਿੱਚ ਆਮ ਸੁਣਨ ਨੂੰ ਮਿਲਦਾ ਆ। ਘਰਾਂ-ਪਰਿਵਾਰਾਂ ਵਿੱਚ ਜੋ ਅੱਜ-ਕੱਲ੍ਹ ਦਾ ਮਾਹੌਲ ਹੈ ਉਸ ਵਿਚ ਮਾਨਸਿਕ ਪ੍ਰੇਸ਼ਾਨੀਆਂ ਬਹੁਤ ਨੇ। ਸਹਿਣਸ਼ਕਤੀ ਤਾਂ ਬਿਲਕੁਲ ਹੀ ਖਤਮ ਹੋ ਗਈ ਹੈ।

ਸੋਚਣ ਵਾਲੀ ਗੱਲ ਤਾਂ ਇਹ ਹੈ ਕਿ ਕੀ ਅਜਿਹਾ ਕੁਝ ਸਾਡੇ ਮਾਂ-ਬਾਪ ਦੇ ਵਕਤ ਵਿੱਚ ਨਹੀਂ ਸੀ ਹੁੰਦਾ? ਉਨ੍ਹਾਂ ਨੇ ਔਕੜਾਂ ਦਾ ਸਾਹਮਣਾ ਨਹੀਂ ਸੀ ਕੀਤਾ? ਬਹੁਤ ਘੱਟ ਸਾਧਨ ਹੋਣ ਦੇ ਬਾਵਜੂਦ ਵੀ ਸਾਨੂੰ ਪੜ੍ਹਾਇਆ, ਅਫ਼ਸਰ ਬਣਾਇਆ, ਸਾਨੂੰ ਚੰਗੇ-ਮਾੜੇ ਬਾਰੇ ਸਮਝਾਇਆ, ਹਰ ਉਹ ਖੁਸ਼ੀ ਦੇਣ ਦੀ ਕੋਸ਼ਿਸ਼ ਕੀਤੀ ਜਿਹੜੀ ਅੱਜ ਅਸੀਂ ਆਪਣੇ ਬੱਚਿਆਂ ਨੂੰ ਦੇਣਾ ਚਾਹੁੰਦੇ ਹਾਂ। ਕੀ ਉਸ ਵਕਤ ਉਨ੍ਹਾਂ ਨੇ ਆਪਣੇ ਮਾਂ-ਬਾਪ ਨੂੰ ਬਿਰਧ ਆਸ਼ਰਮ ਛੱਡ ਦਿੱਤਾ ਸੀ? ਜਾਂ ਉਨ੍ਹਾਂ ਨੂੰ ਅਨਪੜ੍ਹ ਕਹਿ ਕੇ ਆਪਣੇ ਤੋਂ ਅਲੱਗ ਰਹਿਣ ਲਈ ਕਹਿ ਦਿੱਤਾ ਸੀ? ਨਹੀਂ, ਅਜਿਹਾ ਨਹੀਂ ਸੀ! ਉਨ੍ਹਾਂ ਨੂੰ ਪਹਿਚਾਣ ਸੀ ਕਿ ਮਾਂ-ਬਾਪ ਅਨਪੜ੍ਹ ਹੀ ਸਹੀ ਪਰ ਜੋ ਸਿੱਖਿਆ ਉਨ੍ਹਾਂ ਨੇ ਦਿੱਤੀ ਉੁਸ ਦੀ ਬਦੌਲਤ ਹੀ ਉਹ ਅਫ਼ਸਰ ਬਣਨ ਦੇ ਕਾਬਲ ਹੋਏ। ਮਿਲ-ਜੁਲ ਕੇ ਰਹਿਣਾ, ਆਪਣੇ ਤੋਂ ਵੱਡਿਆਂ ਦਾ ਸਤਿਕਾਰ ਕਰਨਾ ਅਤੇ ਅਜਿਹੀ ਸਿੱਖਿਆ ਦਿੱਤੀ ਕਿ ਉਨ੍ਹਾਂ ਦੇ ਬੱਚੇ ਕਦੇ ਵੀ ਅੱਡ ਨਾ ਹੋਣ।

ਪਰ ਹੁੰਦਾ ਕੀ ਹੈ ਇੱਕ ਅਜਿਹਾ ਵਕਤ ਆਉਂਦਾ ਹੈ ਜਦੋਂ ਪਰਿਵਾਰ ਦੇ ਪਰਿਵਾਰ ਟੁੱਟ ਜਾਂਦੇ ਨੇ। ਦੇਖਿਆ ਜਾਵੇ ਤਾਂ ਜਿਆਦਾਤਰ ਅਜਿਹਾ ਵਿਆਹ ਹੋਣ ਤੋਂ ਬਾਅਦ ਦੇਖਣ ਨੂੰ ਮਿਲਦਾ ਹੈ। ਇੱਕ ਕੁੜੀ ਆਪਣਾ ਘਰ-ਪਰਿਵਾਰ ਛੱਡ ਕੇ ਨਵੇਂ ਪਰਿਵਾਰ ਦਾ ਹਿੱਸਾ ਬਣਦੀ ਹੈ। ਇੱਕ ਮੁੰਡਾ ਜਿੰਮੇਵਾਰੀਆਂ ਨਿਭਾਉਣ ਦੇ ਕਾਬਿਲ ਹੋ ਜਾਂਦਾ ਹੈ।

ਮਾਂ-ਬਾਪ ਵੀ ਸੱਸ-ਸਹੁਰਾ ਬਣ ਜਾਂਦੇ ਨੇ। ਉਨ੍ਹਾਂ ਨੂੰ ਇੱਕ ਨਵਾਂ ਰਿਸ਼ਤਾ ਨਿਭਾਉਣ ਦਾ ਮੌਕਾ ਮਿਲਦਾ ਹੈ। ਪਰ ਹੁੰਦਾ ਕੀ ਹੈ ਕਈ ਵਾਰ ਕੁੜੀ, ਮੁੰਡੇ ਦੇ ਪਰਿਵਾਰ ਨੂੰ ਨਹੀਂ ਸਮਝ ਪਾਉਂਦੀ ਅਤੇ ਨਾ ਹੀ ਪਰਿਵਾਰ ਕੁੜੀ ਨੂੰ ਸਮਝ ਪਾਉਂਦਾ ਹੈ। ਇਸ ਤਰ੍ਹਾਂ ਜਿੰਦਗੀ ਵਿਚ ਉਤਾਰ-ਚੜ੍ਹਾਅ ਆਉਂਦਾ ਹੈ। ਕਈ ਵਾਰ ਤਾਂ ਇਸ ਉਤਾਰ-ਚੜ੍ਹਾਅ ਵਿੱਚ ਪਰਿਵਾਰ ਦੇ ਪਰਿਵਾਰ ਟੁੱਟ ਜਾਂਦੇ ਨੇ। ਇਸ ਦਾ ਸਭ ਤੋਂ ਜ਼ਿਆਦਾ ਦਰਦ ਮਾਂ-ਬਾਪ ਨੂੰ?ਹੁੰਦਾ ਹੈ

ਔਲਾਦ ਨੂੰ ਸਮਝਣਾ ਚਾਹੀਦਾ ਹੈ?ਕਿ ਵਕਤ ਤਾਂ ਸਾਡੇ  ‘ਤੇ ਵੀ ਆਉਣਾ ਹੈ ਸਾਨੂੰ ਵੀ ਪਤਾ ਹੈ ਕਿ ਅਸੀਂ ਵੀ ਇੱਕ ਦਿਨ ਮਾਂ-ਬਾਪ ਬਣਨਾ ਹੈ। ਸਾਨੂੰ ਵੀ ਜਿੰਮੇਵਾਰੀਆਂ ਦਾ ਅਹਿਸਾਸ ਹੋਣਾ ਹੈ। ਜਿਹੜੀ ਸਾਡੇ ਮਾਂ-ਬਾਪ ‘ਤੇ ਗੁਜਰ  ਰਹੀ ਹੈ, ਹੋ ਸਕਦਾ ਸਾਡੇ ‘ਤੇ ਵੀ ਗੁਜਰੇ। ਅਸੀਂ ਵੀ ਹਮੇਸ਼ਾ ਜਵਾਨ ਨਹੀਂ ਰਹਿਣਾ। ਅਸੀਂ ਵੀ ਹਮੇਸ਼ਾ ਹੁਸ਼ਿਆਰ ਨਹੀਂ ਰਹਿਣਾ। ਸੁਣਨਾ, ਦੇਖਣਾ, ਚੱਲਣਾ ਫਿਰਨਾ ਸਭ ਨਾਂਅ ਦਾ ਹੀ ਰਹਿ ਜਾਣਾ। ਫਿਰ ਹੋ ਸਕਦਾ ਸਾਨੂੰ ਵੀ ਚੇਤਾ ਆਵੇ ਕਿ ਮਾਂ-ਬਾਪ ਦਾ ਕਰਜ ਚੁਕਾਉਣਾ ਔਖਾ ਹੀ ਨਹੀਂ ਨਾਮੁਮਕਿਨ ਹੈ।

ਇਕੱਲੇ ਬੈਠ ਕੇ ਸੋਚਣ ਦੀ ਲੋੜ ਹੈ ਕਿ ਜਦੋਂ ਬੁਢਾਪਾ ਆ ਜਾਣਾ, ਨੌਕਰੀ ਤੋਂ ਵੀ ਰਿਟਾਇਰ ਹੋ ਜਾਣਾ ਬੱਚਿਆਂ ਨੇ ਆਪੋ-ਆਪਣੇ ਕੰਮ ‘ਤੇ ਚਲੇ ਜਾਣਾ। ਫਿਰ ਇਕੱਲਿਆਂ ਹੀ ਰਹਿ ਜਾਣਾ। ਨਾ ਕੋਈ ਕਹਿਣ ਵਾਲਾ ਨਾ ਕੋਈ ਸੁਣਨ ਵਾਲਾ। ਨਾ ਕੋਈ ਦੇਖਣ ਵਾਲਾ। ਉਸ ਵਕਤ ਮਾਂ-ਬਾਪ  ਯਾਦ ਆਉਂਦੇ, ਕਿ ਉਹ ਹੀ ਸਨ ਜਿਹੜੇ ਹਰ ਵਕਤ ਸਾਨੂੰ ਸੀਨੇ ਨਾਲ ਲਾ ਕੇ ਰੱਖਦੇ ਸਨ।

ਕਹਿਣਾ ਤੋਂ ਭਾਵ ਇਹ ਹੈ ਕਿ ਅਸੀਂ ਆਪਣੇ ਮਾਂ-ਬਾਪ ਨੂੰ ਵਕਤ ਨਹੀਂ ਦੇਵਾਂਗੇ ਤਾਂ ਸ਼ਾਇਦ ਸਾਡੇ ਬੱਚੇ ਵੀ ਕੱਲ੍ਹ ਨੂੰ ਸਾਨੂੰ ਵਕਤ ਨਾ ਦੇਣ। ਇਸ ਲਈ ਸਾਨੂੰ?ਕੋਸ਼ਿਸ਼ ਕਰਨੀ ਚਾਹੀਦੀ ਹੈ?ਕਿ ਅਸੀਂ ਆਪਣੇ ਬੱਚਿਆਂ ਲਈ ਰੋਲ ਮਾਡਲ ਬਣੀਏ ਅਤੇ ਆਪਣਾ ਬੁਢਾਪਾ ਸਵਾਰੀਏ
ਸਹਾਇਕ ਪ੍ਰੋਫੈਸਰ ਮਿਮਿੱਟ ਕਾਲਜ, ਮਲੋਟ
ਮੋ. 98553-37731
ਇੰਜ: ਸੁਰਿੰਦਰ ਕੁਮਾਰ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।