ਬਠਿੰਡਾ ਪੁਲਿਸ ਵੱਲੋਂ 11 ਲੱਖ ਨਸ਼ੀਲੀਆਂ ਗੋਲੀਆਂ ਸਮੇਤ ਤਸਕਰ ਕਾਬੂ

Smugglers, Bathinda Police, 1.1 Million Tablets

ਪੁਲਿਸ ਦੀ ਹੁਣ ਤੱਕ ਦੀ ਸਭ ਤੋਂ ਵੱਡੀ ਸਫਲਤਾ: ਆਈਜੀ

ਅਸ਼ੋਕ ਵਰਮਾ, ਬਠਿੰਡਾ

ਬਠਿੰਡਾ ਪੁਲਿਸ ਦੇ ਸੀਆਈਏ ਸਟਾਫ (ਟੂ) ਦੇ ਇੰਚਾਰਜ ਤਰਜਿੰਦਰ ਸਿੰਘ ਨੇ ਮੈਡੀਕਲ ਨਸ਼ਿਆਂ ਦੀ ਤਸਕਰੀ ਨਾਲ ਸਬੰਧਿਤ ਇੱਕ ਵੱਡੇ ਤਸਕਰ ਨੂੰ ਕਾਬੂ ਕਰਕੇ ਉਸ ਕੋਲੋਂ ਤਕਰੀਬਨ 11 ਲੱਖ ਨਸ਼ੀਲੀਆਂ ਗੋਲੀਆਂ ਦਾ ਵੱਡਾ ਭੰਡਾਰ ਬਰਾਮਦ ਕਰਨ ਦਾ ਦਾਅਵਾ ਕੀਤਾ ਹੈ ਪੁਲਿਸ ਨੇ ਇੱਕ ਆਈ-20 ਕਾਰ ਵੀ ਕਬਜ਼ੇ ‘ਚ ਲਈ ਹੈ, ਜਿਸ ਨੂੰ ਤਸਕਰ ਵੱਲੋਂ ਤਸਕਰੀ ਦੇ ਧੰਦੇ ਲਈ ਵਰਤਿਆ ਜਾਂਦਾ ਹੈ ਬਠਿੰਡਾ ਰੇਂਜ ਦੇ ਆਈਜੀ ਐੱਮਐੱਫ ਫਾਰੂਕੀ ਅਤੇ ਸੀਨੀਅਰ ਪੁਲਿਸ ਕਪਤਾਨ ਬਠਿੰਡਾ ਡਾ. ਨਾਨਕ ਸਿੰਘ ਨੇ ਪ੍ਰੈਸ ਕਾਨਫਰੰਸ ਕਰਕੇ ਇਸ ਨੂੰ ਪੁਲਿਸ ਦੀ ਹੁਣ ਤੱਕ ਦੀ ਸਭ ਤੋਂ ਵੱਡੀ ਕਾਮਯਾਬੀ ਦੱਸਿਆ ਅਤੇ ਤਸਕਰੀ ਦੇ ਇਸ ਵੱਡੇ ਗੋਰਖਧੰਦੇ ਨੂੰ ਬੇਨਕਾਬ ਕਰਨ ਵਾਲੀ ਪੁਲਿਸ ਟੀਮ ਦੀ ਪਿੱਠ ਵੀ ਥਾਪੜੀ ਆਈਜੀ ਨੇ ਦੱਸਿਆ ਕਿ ਸੀਆਈਏ ਸਟਾਫ (ਟੂ) ਦੇ ਇੰਚਾਰਜ ਤਰਜਿੰਦਰ ਸਿੰਘ ਨੇ ਇੱਕ ਗੁਪਤ ਸੂਚਨਾ ਦੇ ਅਧਾਰ ‘ਤੇ ਮੌੜ ਮੰਡੀ ਦੇ  ਰਾਮਨਗਰ ਚੌਂਕ ‘ਚ ਚੈਕਿੰਗ ਦੌਰਾਨ ਸੁਨੀਲ ਕੁਮਾਰ ਉਰਫ ਸੋਨੂੰ ਪੁੱਤਰ ਰਛਪਾਲ ਕੁਮਾਰ ਵਾਸੀ ਮੌੜ ਮੰਡੀ ਦੀ ਕਾਰ ਆਈ-20 ਨੂੰ ਰੋਕਿਆ ਤਲਾਸ਼ੀ ਲੈਣ ‘ਤੇ ਕਾਰ ‘ਚੋਂ ਵੱਖ-ਵੱਖ ਤਰ੍ਹਾਂ ਦੀਆਂ 1 ਲੱਖ 56 ਹਜ਼ਾਰ 400 ਨਸ਼ੀਲੀਆਂ ਗੋਲੀਆਂ ਮਿਲੀਆਂ ਹਨ

ਸੁਨੀਲ ਕੁਮਾਰ ਤੋਂ ਮੁੱਢਲੀ ਪੁੱਛ ਪੜਤਾਲ ਦੇ ਅਧਾਰ ਤੇ ਪੁਲਿਸ ਨੇ ਉਸ ਦੇ ਗੁਦਾਮ ‘ਚੋਂ 5 ਲੱਖ 62 ਹਜ਼ਾਰ ਖੁੱਲ੍ਹੀਆਂ ਟੋਵਾਡੋਲ ਗੋਲੀਆਂ, 1 ਲੱਖ 99 ਹਜ਼ਾਰ 400 ਟਰੇਡੋਲ, 88 ਹਜ਼ਾਰ ਪ੍ਰੋਜਾਲਮ, 17600 ਪ੍ਰੋਜੋਲਮ, 25,800 ਐਲਕਸ, 1 ਲੱਖ 31 ਹਜ਼ਾਰ 400 ਅਲਪਾਰੈਕਸ, 25 ਹਜ਼ਾਰ ਨਿਰੋਡਿਲਮ, 50 ਹਜ਼ਾਰ ਕਲੋਵੀਟੋਲ ਤੇ 1 ਲੱਖ ਕਲੋਵੀਡੋਲ ਗੋਲੀਆਂ ਸਮੇਤ ਕੁੱਲ 10 ਲੱਖ 67 ਹਜ਼ਾਰ 800 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਹਨ ਉਨ੍ਹਾਂ ਦੱਸਿਆ ਕਿ ਮੁਲਜ਼ਮ ਇਹ ਮਾਲ ਕਿਸੇ ਪ੍ਰਾਈਵੇਟ ਟਰਾਸਪੋਰਟ ਰਾਹੀਂ ਮੰਗਵਾਉਂਦਾ ਸੀ, ਜਿਸ ਬਾਰੇ ਵੀ ਪਤਾ ਲਾਇਆ ਜਾ ਰਿਹਾ ਹੈ ਜੇਕਰ ਟਰਾਂਸਪੋਰਟ ਦੀ ਸ਼ਮੂਲੀਅਤ ਤਸਕਰੀ ‘ਚ ਪਾਈ ਗਈ ਤਾਂ ਪੁਲਿਸ ਉਸ ਖਿਲਾਫ ਵੀ ਕਾਰਵਾਈ ਕਰੇਗੀ ਸੁਨੀਲ ਕੁਮਾਰ ਦਾ ਰਿਮਾਂਡ ਹਾਸਲ ਕਰਕੇ ਪੁੱਛ ਪੜਤਾਲ ਕੀਤੀ ਜਾਏਗੀ ਉਨ੍ਹਾਂ ਦੱਸਿਆ ਕਿ ਪੁਲਿਸ ਸੁਨੀਲ ਕੁਮਾਰ ਦੇ ਸੰਪਰਕ ਸੂਤਰਾਂ, ਗਾਹਕਾਂ ਤੇ ਉਸ ਨੂੰ ਮਾਲ ਸਪਲਾਈ ਕਰਨ ਵਾਲਿਆਂ ਦੀ ਵੀ ਪੈੜ ਨੱਪੇਗੀ ਤਾਂ ਜੋ ਇਸ ਗਿਰੋਹ ਨੂੰ ਖਤਮ ਕੀਤਾ ਜਾ ਸਕੇ ਆਈਜੀ ਨੇ ਦੱਸਿਆ ਕਿ ਸੁਨੀਲ ਕੁਮਾਰ ਕੋਲ ਕੋਈ ਲਾਈਸੈਂਸ ਨਹੀਂ ਹੈ

ਪਹਿਲਾਂ ਉਹ ਨਰਾਇਣ ਦਾਸ ਉਰਫ ਗੋਗੀ ਪੁੱਤਰ ਲੇਖ ਰਾਜ ਵਾਸੀ ਮੌੜ ਮੰਡੀ ਦੇ ਲਾਈਸੈਂਸ ‘ਤੇ ਕੰਮ ਕਰਦਾ ਸੀ ਜੋਕਿ ਸਾਲ 2018 ‘ਚ ਰੱਦ ਹੋ ਗਿਆ ਸੀ ਸੁਨੀਲ ਕੁਮਾਰ ਖਿਲਾਫ ਇਸ ਤੋਂ ਪਹਿਲਾਂ ਨਸ਼ਾ ਤਸਕਰੀ ਦੇ ਸੱਤ ਮੁਕੱਦਮੇ ਦਰਜ ਹਨ, ਜਿਨ੍ਹਾਂ ‘ਚੋਂ ਦੋ ਨੂੰ ਛੱਡ ਕੇ ਬਾਕੀ ਸਾਰੇ ਹੀ ਥਾਣਾ ਮੌੜ ਦੇ ਹਨ ਉਸ ਨੂੰ ਸਾਲ 2011 ‘ਚ ਰਾਮਪੁਰਾ ਵਿਖੇ ਦਰਜ  ਨਸ਼ਾ ਤਸਕਰੀ ਦੇ ਮਾਮਲੇ ‘ਚ 10 ਸਾਲ ਦੀ ਸਜ਼ਾ ਹੋਈ ਸੀ, ਜਿਸ ‘ਚ ਹੁਣ ਉਹ ਜਮਾਨਤ ‘ਤੇ ਆਇਆ ਹੋਇਆ ਸੀ ਸਾਲ 2006 ‘ਚ ਥਾਣਾ ਮੌੜ ‘ਚ ਦਰਜ ਤਸਕਰੀ ਦੇ ਕੇਸ ‘ਚ ਉਹ ਬਰੀ ਹੋ ਗਿਆ ਸੀ ਜਦੋਂਕਿ 25 ਅਕਤੂਬਰ 2006 ਨੂੰ ਇਸੇ ਥਾਣੇ ‘ਚ ਨਸ਼ੀਲੀਆਂ ਗੋਲੀਆਂ ਦੇ ਮਾਮਲੇ ‘ਚ ਉਸ ਨੂੰ ਅਦਾਲਤ ਨੇ ਦੋ ਸਾਲ ਦੀ ਕੈਦ ਤੇ 5 ਹਜ਼ਾਰ ਜੁਰਮਾਨਾ ਲਾਇਆ ਸੀ

ਮਿਤੀ 19 ਜਨਵਰੀ 2007 ਨੂੰ 15 ਸ਼ੀਸ਼ੀਆਂ ਰੈਸਕੌਫ ਬਰਾਮਦਗੀ ਦੇ ਕੇਸ ‘ਚ ਪੁਲਿਸ ਨੇ ਉਸ ਦੀ ਆਦਮਪਤਾ ਰਿਪੋਰਟ ਭਰੀ ਸੀ ਇਵੇਂ ਹੀ 31 ਅਕਤੂਬਰ 2009 ਨੂੰ 6051 ਸ਼ੀਸ਼ੀਆਂ, 8 ਲੱਖ 81 ਹਜ਼ਾਰ 600 ਗੋਲੀਆਂ ਤੇ 34800 ਕੈਪਸੂਲ ਮਿਲਣ  ਸਬੰਧੀ ਦਰਜ ਕੇਸ ਅਦਾਲਤ ਦੇ ਵਿਚਾਰ ਅਧੀਨ ਹੈ ਮਿਤੀ 5 ਅਪਰੈਲ 2017 ਨੂੰ ਬਰਾਮਦ 37 ਹਜ਼ਾਰ ਗੋਲੀਆਂ ਕੈਰੀਸੋਮਾ, 2200 ਰੈਕਸਕੌਫ ਤੇ 5 ਲੱਖ ਰੁਪਏ ਨਕਦੀ ਸਬੰਧੀ ਦਰਜ ਕੇਸ ਦੀ ਪੜਤਾਲ ਚੱਲ ਰਹੀ ਹੈ ਇਸ ਕੇਸ ‘ਚ ਨਰਾਇਣ ਦਾਸ ਦੀ ਮਾਤਾ ਊਸ਼ਾ ਰਾਣੀ ਵੀ ਨਾਮਜ਼ਦ ਹੈ ਆਈਜੀ ਨੇ ਕਿਹਾ ਕਿ ਪੁਲਿਸ ਸੁਨੀਲ ਦੀ ਨਸ਼ਿਆਂ ਦੇ ਕਾਰੋਬਾਰ ਰਾਹੀਂ ਬਣਾਈ ਜਾਇਦਾਦ ਦਾ ਪਤਾ ਲਾਏਗੀ ਤਾਂ ਜੋ ਉਸ ਨੂੰ ਜਬਤ ਕੀਤਾ ਜਾ ਸਕੇ ਉਨ੍ਹਾਂ ਦੱਸਿਆ ਕਿ ਪੁਲਿਸ ਦਾ ਨਿਸ਼ਾਨਾ ਵੱਡੇ ਤਸਕਰਾਂ ਦੇ ਨੈੱਟਵਰਕ ਨੂੰ ਖਤਮ ਕਰਨਾ ਹੈ ਇਸ ਮੌਕੇ ਐੱਸਪੀ ਜੀਐੱਸ ਸੰਘਾ, ਡੀਐੱਸਪੀ ਮੌੜ ਜਸਵੀਰ ਸਿੰਘ ਤੇ ਡੀਐੱਸਪੀ ਜਸਵਿੰਦਰ ਸਿੰਘ ਵੀ ਹਾਜ਼ਰ ਸਨ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।