ਦੁੱਖ ਦੀ ਇਸ ਘੜੀ ’ਚ ਸ਼ਰੀਕ ਹੋਣ ਲਈ ਸਿੱਧੂ ਮੂਸੇਵਾਲ ਦੇ ਪਿਓ ਨੇ ਪੱਗ ਉਤਾਰ ਕੇ ਕੀਤਾ ਲੋਕਾਂ ਦਾ ਧੰਨਵਾਦ

moosawala
  • ਸਸਕਾਰ ਮੌਕੇ ਗੂੰਜੇ ਪੰਜਾਬ ਸਰਕਾਰ ਖ਼ਿਲਾਫ਼ ਤੇ ਮੂਸੇਵਾਲਾ ਅਮਰ ਰਹੇ ਦੇ ਨਾਅਰੇ
  • ਖੇਤਾਂ ’ਚ ਕੀਤਾ ਗਿਆ ਅੰਤਿਮ ਸਸਕਾਰ
  • ਹਜ਼ਾਰਾਂ ਨਮ ਅੱਖਾਂ ਨਾਲ ਦਿੱਤੀ ਵਿਦਾਈ
  • ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਅਤੇ ਮਾਤਾ ਚਰਨ ਕੌਰ ਨੇ ਆਪਣੇ ਸਟਾਰ ਗਾਇਕ ਪੁੱਤਰ ਨੂੰ ਵਿਦਾਇਗੀ ਦੇਣ ਆਏ ਸੈਂਕੜੇ ਸਰੋਤਿਆਂ ਦਾ ਹੱਥ ਜੋੜ ਕੇ ਧੰਨਵਾਦ ਕੀਤਾ

(ਸੁਖਜੀਤ ਮਾਨ) ਮਾਨਸਾ। ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਅੰਤਿਮ ਸਸਕਾਰ ਪਿੰਡ ਮੂਸਾ ਵਿਖੇ ਖੇਤ ’ਚ ਕੀਤਾ ਗਿਆ। ਇਸ ਮੌਕੇ ਸਿੱਧੂ ਮੂਸੇਵਾਲਾ ਦੀ ਇੱਕ ਝਲਕ ਵੇਖਣ ਲਈ ਲੋਕ ਵੱਡੀ ਗਿਣਤੀ ’ਚ ਪਹੁੰਚੇ। ਜਦੋਂ ਮੂਸੇਵਾਲਾ ਦੀ ਅੰਤਿਮ ਯਾਤਰਾ ਕੱਢੀ ਜਾ ਰਹੀ ਸੀ ਤਾਂ ਕੁਝ ਅਜਿਹੇ ਪਲ਼ ਵੇਖਣ ਨੂੰ ਮਿਲੇ ਜਿਸ ਨੂੰ ਵੇਖ ਕੇ ਲੋਕਾਂ ਦੇ ਹੂੰਝ ਨਿਕਲ ਆਏ।  ਅੰਤਿਮ ਯਾਤਰਾ ਦੌਰਾਨ ਆਪਣੇ ਪੁੱਤ ਲਈ ਲੋਕਾਂ ਦਾ ਇੰਨਾ ਪਿਆਰ ਵੇਖ ਕੇ ਸਿੱਧੂ ਮੂਸੇਵਾਲਾ ਦਾ ਪਿਓ ਭਾਵੁਕ ਹੋ ਗਿਆ ਤੇ ਉਨ੍ਹਾ ਦੀਆਂ ਅੱਖਾਂ ’ਚ ਅੱਥਰੂ ਰੁੱਕਣ ਦਾ ਨਾਂਅ ਨਹੀਂ ਲੈ ਰਹੇ ਸਨ। ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਅਤੇ ਮਾਤਾ ਚਰਨ ਕੌਰ ਨੇ ਆਪਣੇ ਸਟਾਰ ਗਾਇਕ ਪੁੱਤਰ ਨੂੰ ਵਿਦਾਇਗੀ ਦੇਣ ਆਏ ਸੈਂਕੜੇ ਸਰੋਤਿਆਂ ਦਾ ਹੱਥ ਜੋੜ ਕੇ ਧੰਨਵਾਦ ਕੀਤਾ।

ਸਭ ਤੋਂ ਭਾਵੁਕ ਕਰਨ ਵਾਲਾ ਪਲ਼ ਉਹ ਸੀ ਜਦੋਂ ਮੂਸੇਵਾਲਾ ਦੇ ਪਿਓ ਨੇ ਆਪਣੀ ਪੱਗ ਉਤਾਰ ਕੇ ਹੱਥਾਂ ’ਚ ਲੈ ਕੇ ਲੋਕਾਂ ਦਾ ਧੰਨਵਾਦ ਕੀਤਾ। ਇਸ ਪਲ਼ ਨੇ ਤਾਂ ਲੋਕਾਂ ਨੂੰ ਰੋਣ ਲਈ ਮਜ਼ਬੂਰ ਕਰ ਦਿੱਤਾ ਜਿਸ ਨੇ ਵੀ ਇਹ ਸਭ ਕੁਝ ਆਪਣੀਆਂ ਅੱਖਾਂ ਨਾਲ ਵੇਖਿਆ ਉਹ ਵੀ ਰੋਣ ਲੱਗ ਪਿਆ। ਐਨੀ ਗਰਮੀ ਦੇ ਬਾਵਜ਼ੂਦ ਲੋਕਾਂ ਦਾ ਪੁੱਜਣਾ ਆਪਣੇ ਮਹਿਬੂਬ ਗਾਇਕ ਦੇ ਪ੍ਰਤੀ ਪਿਆਰ ਨੂੰ ਦਰਸ਼ਾਉਂਦਾ ਸੀ। ਮਾਂ-ਪਿਓ ਤਾਬੂਤ ਵਿੱਚ ਪਏ ਪੁੱਤਰ ਵੱਲ ਤੱਕਦੇ ਰਹੇ। ਇਹ ਦੇਖ ਕੇ ਉੱਥੇ ਮੌਜੂਦ ਲੋਕਾਂ ਦੀਆਂ ਅੱਖਾਂ ਹੰਝੂਆਂ ਨਾਲ ਭਰ ਆਈਆਂ। ਮੂਸੇਵਾਲਾ ਦੀ ਅੰਤਿਮ ਯਾਤਰਾ ਉਨ੍ਹਾਂ ਦੇ ਚਿਹੇਤੇ 5911 ਟਰੈਕਟਰ ‘ਤੇ ਕੱਢੀ ਗਈ। ਮੂਸੇਵਾਲਾ ਨੇ ਆਪਣੇ ਕਈ ਪੰਜਾਬੀ ਗੀਤਾਂ ਵਿੱਚ ਇਸ ਟਰੈਕਟਰ ਦਾ ਜ਼ਿਕਰ ਕੀਤਾ ਹੈ।

ਮਾਂ ਨੇ ਆਖਰੀ ਵਾਰੀ ਪੁੱਤ ਦੇ ਵਾਲ ਸੰਵਾਰੇ ਤੇ ਪਿਓ ਨੇ ਪੁੱਤ ਦੇ ਸਿਰ ’ਤੇ ਬੰਨੀ ਪੱਗ

siddhu last yatra

ਇਸ ਤੋਂ ਪਹਿਲਾਂ ਮੂਸੇਵਾਲਾ ਦੀ ਮਾਂ ਨੇ ਅੰਤਿਮ ਯਾਤਰਾ ਲਈ ਅੱਜ ਆਖਰੀ ਵਾਰ ਆਪਣੇ ਪੁੱਤਰ ਦੇ ਵਾਲ ਸੰਵਾਰੇ ਤੇ ਪਿਓ ਨੇ ਆਪਣੇ ਪੁੱਤ ਦੇ ਸਿਰ ’ਤੇ ਪੱਗ ਬੰਨ੍ਹੀ। ਮੂਸੇਵਾਲਾ ਦੇ ਸਿਰ ’ਤੇ ਸਿਹਰਾ ਸਜਾਇਆ ਗਿਆ। ਜਿਸ ਘਰ ’ਚ ਪੁੱਤ ਦਾ ਵਿਆਹ ਹੋਵੇ ਉਸ ਘਰ ’ਚ ਸ਼ਹਿਨਾਈਆਂ ਵੱਜਦੀਆਂ ਹਨ ਤੇ ਹਰ ਕੋਈ ਆਪਣੇ ਪੁੱਤ ਦੇ ਸਿਰ ’ਤੇ ਖੁਸ਼ੀ-ਖੁਸ਼ੀ ਸਿਹਰਾ ਸਜਾਉਂਦਾ ਹੈ। ਪਰ ਅੱਜ ਸਿੱਧੂ ਮੂਸੇਵਾਲਾ ਦੇ ਸਿਰ ’ਤੇ ਪਰਿਵਾਰਕ ਮੈਂਬਰਾਂ ਵੱਲੋਂ ਰੌਂਦੇ ਕੁਰਲਾਉਂਦੇ ਹੋਏ ਸਿਹਰਾ ਸਜਾਇਆ ਗਿਆ। ਜਿਸ ਨੇ ਮੂਸੇਵਾਲ ਦੇ ਘਰ ਵਿੱਚ ਮੌਕੇ ’ਤੇ ਮੌਜ਼ੂਦ ਲੋਕਾਂ ਨੂੰ ਇਸ ਹੱਦ ਤੱਕ ਭਾਵੁਕ ਕਰ ਦਿੱਤਾ ਕਿ ਸਭ ਦੇ ਆਪ ਮੁਹਾਰੇ ਹੰਝੂ ਵਹਿ ਤੁਰੇ। ਅਗਲੇ ਮਹੀਨੇ  ਹੀ ਸਿੱਧੂ ਮੂਸੇਵਾਲ ਦਾ ਵਿਆਹ ਹੋਣਾ ਸੀ।

sidhu last yatra copy

ਸਿੱਧੂ ਮੂਸੇਵਾਲਾ ਦਾ ਹਰਮਨ ਪਿਆਰਾ ਟਰੈਕਟਰ ਸੀ 5911

5911 tractor

ਦੱਸਣਯੋਗ ਹੈ ਕਿ ਜਿਸ ਖੇਤ ਦੇ ਵਿੱਚ ਸਿੱਧੂ ਮੂਸੇਵਾਲਾ ਦਾ ਅੱਜ ਅੰਤਿਮ ਸਸਕਾਰ ਕੀਤਾ ਗਿਆ ਹੈ। ਉਸੇ ਖੇਤ ਦੇ ਵਿੱਚ ਅਕਸਰ ਸਿੱਧੂ ਮੂਸੇਵਾਲਾ ਆਪਣੇ ਸੰਗੀਤ ਦੇ ਰੁਝੇਵੇਂ ਤੋਂ ਵਿਹਲ ਮਿਲਣ ’ਤੇ ਖੇਤੀ ਖੁਦ ਕਰਦਾ ਸੀ। ਉਸ ਦੇ ਖੇਤੀ ਧੰਦੇ ਨਾਲ ਹੀ ਮੋਹ ਦਾ ਨਤੀਜਾ ਹੈ ਕਿ ਉਸ ਨੇ ਆਪਣੇ ਘਰ ਦੇ ਵਿੱਚ ਵੱਡੇ-ਵੱਡੇ ਟਰੈਕਟਰ ਰੱਖੇ ਹੋਏ ਸੀ। ਜਿਸ ਵਿੱਚ ਉਸ ਦਾ ਹਰਮਨ ਪਿਆਰਾ ਟਰੈਕਟਰ 5911 ਸੀ। ਅੱਜ ਉਸੇ ਹੀ 5911 ’ਤੇ ਉਸ ਦੀ ਮ੍ਰਿਤਕ ਦੇਹ ਨੂੰ ਅੰਤਿਮ ਸਸਕਾਰ ਲਈ ਲਿਜਾਇਆ ਗਿਆ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ