ਸ਼ਹੀਦ ਜਵਾਨ ਪਰਦੀਪ ਸਿੰਘ ਦਾ ਜੱਦੀ ਪਿੰਡ ਬੱਲਮਗੜ੍ਹ ’ਚ ਹੋਇਆ ਅੰਤਿਮ ਸਸਕਾਰ

Sach Kahoon Punjabi Desk Picture
Published On

ਕੈਬਨਿਟ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਵੱਲੋਂ ਸ਼ਹੀਦ ਪਰਦੀਪ ਸਿੰਘ ਨੂੰ ਸ਼ਰਧਾਂਜਲੀ ਭੇਂਟ | Shaheed Pardeep Singh

  • ਭਾਰਤੀ ਫ਼ੌਜ ਵੱਲੋਂ ਦਿੱਤੀ ਗਈ ਸਲਾਮੀ ਮੌਕੇ ਸ਼ਹੀਦ ਪਰਦੀਪ ਸਿੰਘ ਅਮਰ ਰਹੇ ਦੇ ਨਾਅਰੇ ਲੱਗੇ | Shaheed Pardeep Singh

ਸਮਾਣਾ, (ਸੁਨੀਲ ਚਾਵਲਾ)। ਬੀਤੇ ਦਿਨੀਂ ਕਸ਼ਮੀਰ ਦੇ ਅਨੰਤਨਾਗ ਵਿਖੇ ਦੇਸ਼ ਦੀ ਏਕਤਾ ਅਤੇ ਅਖੰਡਤਾ ਦੀ ਰੱਖਿਆ ਕਰਦਿਆਂ, ਆਪਣੀ ਡਿਊਟੀ ਦੌਰਾਨ ਸ਼ਹੀਦ ਹੋਏ ਸਮਾਣਾ ਹਲਕੇ ਦੇ ਪਿੰਡ ਬੱਲਮਗੜ੍ਹ ਨਿਵਾਸੀ ਅਤੇ ਭਾਰਤੀ ਫ਼ੌਜ ਦੇ ਨੌਜਵਾਨ ਸੈਨਿਕ ਪਰਦੀਪ ਸਿੰਘ (27 ਸਾਲ) ਦੇ ਅੰਤਿਮ ਸਸਕਾਰ ਮੌਕੇ ਫੌਜ ਅਫਸਰਾਂ, ਸਿਆਸੀ ਆਗੂਆਂ ਅਤੇ ਵੱਡੀ ਗਿਣਤੀ ਲੋਕਾਂ ਵੱਲੋਂ ਨਮ ਅੱਖਾਂ ਨਾਲ ਸ਼ਰਧਾਂਜਲੀ ਦਿੱਤੀ ਗਈ। ਸ਼ਹੀਦ ਦੀ ਪਤਨੀ ਸੀਮਾ ਰਾਣੀ, ਪਿਤਾ ਦਰਸ਼ਨ ਸਿੰਘ ਤੇ ਭਰਾ ਕੁਲਦੀਪ ਸਿੰਘ ਨੇ ਸ਼ਹੀਦ ਪਰਦੀਪ ਸਿੰਘ ਨੂੰ ਸਲਿਊਟ ਕਰਕੇ ਅੰਤਿਮ ਸਲਾਮੀ ਦਿੱਤੀ।

ਸ਼ਹੀਦ ਪਰਦੀਪ ਸਿੰਘ ਦੇ ਅੰਤਿਮ ਸਸਕਾਰ ਮੌਕੇ ਕੈਬਨਿਟ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਸ਼ਹੀਦ ਦੀ ਦੇਹ ’ਤੇ ਰੀਥ ਰੱਖ ਕੇ ਸ਼ਰਧਾ ਦੇ ਫ਼ੁੱਲ ਭੇਟ ਕੀਤੇ। ਇਸ ਮੌਕੇ ਜੌੜਾਮਾਜਰਾ ਨੇ ਐਲਾਨ ਕੀਤਾ ਕਿ ਸ਼ਹੀਦ ਦੀ ਪਤਨੀ ਸੀਮਾ ਰਾਣੀ ਨੂੰ ਉਸਦੀ ਯੋਗਤਾ ਮੁਤਾਬਕ ਪਬਲਿਕ ਕਾਲਜ ਸਮਾਣਾ ’ਚ ਸਹਾਇਕ ਪ੍ਰੋਫੈਸਰ ਲਾਇਆ ਜਾਵੇਗਾ। ਚੇਤਨ ਸਿੰਘ ਜੌੜਾਮਾਜਰਾ ਨੇ ਸ਼ਹੀਦ ਦੇ ਪੀੜਤ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਇਸ ਦੁੱਖ ਦੀ ਘੜੀ ’ਚ ਮੁੱਖ ਮੰਤਰੀ ਭਗਵੰਤ ਮਾਨ, ਉਹ ਖ਼ੁਦ ਅਤੇ ਪੰਜਾਬ ਸਰਕਾਰ ਦੁਖੀ ਪਰਿਵਾਰ ਦੇ ਨਾਲ ਖੜ੍ਹੀ ਹੈ ਅਤੇ ਸਰਕਾਰ ਵੱਲੋਂ ਸ਼ਹੀਦ ਦੇ ਸਨਮਾਨ ਅਤੇ ਸਤਿਕਾਰ ਵਜੋਂ ਹਰ ਸੰਭਵ ਸਹਾਇਤਾ ਪ੍ਰਦਾਨ ਕੀਤੀ ਜਾਵੇਗੀ।

ਇਹ ਵੀ ਪੜ੍ਹੋ : ਨਹਿਰ ’ਚ ਲਾਪਤਾ ਸਵਾਰੀਆਂ ਨੂੰ ਭਾਲਣ ਐਨਡੀਆਰਐਫ ਜੁਟੀ, ਦੇਖੋ ਮੌਕੇ ਦੀਆਂ ਤਸਵੀਰਾਂ

ਇਸ ਤੋਂ ਪਹਿਲਾਂ ਕਸ਼ਮੀਰ ਤੋਂ ਵਾਪਸ ਲਿਆਉਣ ਬਾਅਦ ਸ਼ਹੀਦ ਜਵਾਨ ਦੀ ਮਿ੍ਰਤਕ ਦੇਹ ਨੂੰ ਇੱਕ ਵੱਡੇ ਕਾਫ਼ਲੇ ਨਾਲ ਪਿੰਡ ਬੱਲਮਗੜ੍ਹ ਵਿਖੇ ਲਿਆਂਦਾ ਗਿਆ, ਪਰਿਵਾਰ ਨੇ ਨਮ ਅੱਖਾਂ ਨਾਲ ਸ਼ਹੀਦ ਨੂੰ ਸ਼ਰਧਾਂਜਲੀ ਦਿੱਤੀ ਅਤੇ ਇਸ ਮਗਰੋਂ ਪੂਰੇ ਫ਼ੌਜੀ ਸਨਮਾਨਾਂ ਸਮੇਤ ਧਾਰਮਿਕ ਰਹੁ ਰੀਤਾਂ ਨਾਲ ਜਵਾਨ ਪਰਦੀਪ ਸਿੰਘ ਦੀ ਚਿਖਾ ਨੂੰ ਅਗਨੀ ਦਿਖਾਈ ਗਈ। ਭਾਰਤੀ ਫ਼ੌਜ ਦੇ ਬਿਗਲਰ ਨੇ ਮਾਤਮੀ ਧੁਨ ਵਜਾਈ ਅਤੇ ਜਵਾਨਾਂ ਨੇ ਹਥਿਆਰ ਉਲਟੇ ਕਰਕੇ ਗਾਰਡ ਆਫ਼ ਆਨਰ ਦਿੰਦਿਆਂ ਫ਼ਾਇਰ ਕਰਕੇ ਸ਼ਹੀਦ ਨੂੰ ਸਲਾਮੀ ਦਿੱਤੀ ਪਟਿਆਲਾ ਮਿਲਟਰੀ ਸਟੇਸ਼ਨ ਦੇ ਬਿ੍ਰਗੇਡੀਅਰ ਅੰਕੁਸ਼ ਠਾਕੁਰ, ਕਰਨਲ ਅਭਿਨਵ ਸ਼ਰਮਾ ਤੇ 19 ਆਰ.ਆਰ. ਤੋਂ ਆਏ ਸੂਬੇਦਾਰ ਸੁਰਿੰਦਰ ਸਿੰਘ, ਨਾਇਬ ਸੂਬੇਦਾਰ ਤਰਲੋਚਨ ਸਿੰਘ ਤੇ ਮਨਜੀਤ ਸਿੰਘ ਤੇ ਹੋਰ ਫੌਜੀ ਅਧਿਕਾਰੀਆਂ ਨੇ ਵੀ ਰੀਥ ਰੱਖਕੇ ਸ਼ਰਧਾਂਜਲੀ ਅਰਪਿਤ ਕੀਤੀ।

ਇਹ ਵੀ ਪੜ੍ਹੋ : ਬੱਸ ਹਾਦਸਾ : ਪ੍ਰਸ਼ਾਸ਼ਨ ਵੱਲੋਂ ਮ੍ਰਿਤਕਾਂ ਅਤੇ ਜ਼ਖਮੀਆਂ ਦੀ ਸੂਚੀ ਜ਼ਾਰੀ

ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ, ਐਸ.ਡੀ.ਐਮ. ਚਰਨਜੀਤ ਸਿੰਘ, ਐਸ.ਐਸ.ਪੀ. ਵਰੁਣ ਸ਼ਰਮਾ ਦੀ ਤਰਫ਼ੋਂ ਐਸ. ਪੀ ਸੌਰਵ ਜਿੰਦਲ, ਡੀ.ਐਸ.ਪੀ. ਨੇਹਾ ਅਗਰਵਾਲ, ਜਿਲ੍ਹਾ ਰੱਖਿਆ ਸੇਵਾਵਾਂ ਭਲਾਈ ਅਫਸਰ ਐਮ. ਐਸ ਰੰਧਾਵਾ, ਪੀਏ ਗੁਰਦੇਵ ਸਿੰਘ ਟਿਵਾਣਾ ਤੇ ਅਮਰਦੀਪ ਸਿੰਘ ਸੋਨੂ ਥਿੰਦ ਨੇ ਵੀ ਰੀਥਾਂ ਰੱਖੀਆਂ ਫ਼ੌਜੀ ਅਧਿਕਾਰੀਆਂ ਨੇ ਸ਼ਹੀਦ ਦੇ ਤਾਬੂਤ ’ਤੇ ਲਿਪਟਿਆ ਤਿਰੰਗਾ ਸ਼ਹੀਦ ਦੀ ਪਤਨੀ ਨੂੰ ਸੌਂਪਿਆ। ਜਿਕਰਯੋਗ ਹੈ ਕਿ 20 ਅਪਰੈਲ 1996 ਨੂੰ ਪਿਤਾ ਦਰਸ਼ਨ ਸਿੰਘ ਤੇ ਮਾਤਾ (ਸਵਰਗੀ) ਪਰਮਜੀਤ ਕੌਰ ਦੇ ਘਰ ਪੈਦਾ ਹੋਇਆ ਜਵਾਨ ਪਰਦੀਪ ਸਿੰਘ ਭਾਰਤੀ ਫ਼ੌਜ ’ਚ 21 ਦਸੰਬਰ 2015 ਨੂੰ ਭਰਤੀ ਹੋਇਆ ਸੀ, ਸਿਖਲਾਈ ਪੂਰੀ ਕਰਨ ਤੋਂ ਬਾਅਦ ਉਸ ਨੇ 18 ਸਿੱਖ ਲਾਈਟ ਇਨਫੈਂਟਰੀ ਜੁਆਇਨ ਕੀਤੀ।

ਇਸ ਸਮੇਂ ਉਸਦੀ ਪੋਸ਼ਟਿੰਗ ਭਾਰਤੀ ਫ਼ੌਜ ਦੀ ਉਤਰੀ ਕਮਾਂਡ ’ਚ ਕਸ਼ਮੀਰ ਵਿਖੇ 19 ਆਰ.ਆਰ. ਸਿੱਖ ਲਾਈਟ ਇਨਫੈਂਟਰੀ ’ਚ ਸੀ ਅਤੇ ਉਹ ਅਨੰਤਨਾਗ ਜ਼ਿਲ੍ਹੇ ਦੇ ਕੋਕਰਨਾਗ ਵਿਖੇ ਚੱਲ ਰਹੇ ਗਾਡੋਲ ’ਚ ਫ਼ੌਜੀ ਉਪਰੇਸ਼ਨ ਦੌਰਾਨ ਮਿਤੀ 13 ਸਤੰਬਰ ਨੂੰ ਉਹ ਸ਼ਹੀਦੀ ਪਾ ਗਿਆ। ਉਸਦੀ ਮਿ੍ਰਤਕ ਦੇਹ ਕਰੀਬ 5 ਦਿਨ ਬਾਅਦ ਬਰਾਮਦ ਹੋਈ ਸੀ। ਸ਼ਹੀਦ ਦੀ ਪਤਨੀ ਸੀਮਾ ਰਾਣੀ, ਭਰਾ ਕੁਲਦੀਪ ਸਿੰਘ ਸਮੇਤ ਪਿੰਡ ਵਾਸੀਆਂ ਨੇ ਕਿਹਾ ਕਿ ਉਨ੍ਹਾਂ ਨੂੰ ਸ਼ਹੀਦ ਪਰਦੀਪ ਸਿੰਘ ਦੀ ਸ਼ਹਾਦਤ ਉਤੇ ਮਾਣ ਹੈ, ਉਨ੍ਹਾਂ ਕਿਹਾ ਕਿ ਪਰਦੀਪ ਸਿੰਘ ਮਈ ਮਹੀਨੇ ਹੀ ਪਿੰਡ ਛੁੱਟੀ ਆਇਆ ਸੀ ਅਤੇ ਉਹ ਬਹੁਤ ਦਲੇਰ ਤੇ ਹਿੰਮਤ ਵਾਲਾ ਜਵਾਨ ਸੀ, ਜਿਸ ਨੇ ਆਪਣੇ ਦੇਸ਼ ਲਈ ਲੜਾਈ ਲੜਦਿਆਂ ਸ਼ਹੀਦੀ ਪ੍ਰਾਪਤ ਕੀਤੀ ਹੈ।

About The Author

Related Posts