Punjab
Ravi River Flood Threat: ਰਾਵੀ ਦਰਿਆ ’ਚ ਹੋ ਰਹੀ ਨਜਾਇਜ਼ ਮਾਈਨਿੰੰਗ ਅਤੇ ਬੰਨਾਂ ਦੀ ਖਸਤਾ ਹਾਲਤ ਕਾਰਨ ਲੋਕਾਂ ਨੂੰ ਮੁੜ ਹੜ੍ਹਾਂ ਦਾ ਡਰ ਸਤਾਉਣ ਲੱਗਾ
ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਕੀਤਾ ਦੌਰਾ, ਬੰਨ੍ਹਾਂ ਦੀ ਖ਼ਸਤਾ ਹਾਲਤ ਅਤੇ ਗੈਰ-ਕਾਨੂੰਨੀ ਮਾਈਨਿੰਗ ਨੂੰ ਲੈ ਕੇ ਸਰਕਾਰ ਨੂੰ ਘੇਰਿਆ
Ravi River Flood Threat:
(ਰਾਜਨ ਮਾਨ) ਅੰਮ੍ਰਿਤਸਰ। ਪਿਛਲੇ ਵਰ੍ਹੇ ਹੜ੍ਹਾਂ ਦੀ ਮਾਰ ਦੇ ਮਾਰੇ ਰਾਵੀ ਦਰਿਆ ਨੇੜੇ ਸਰਹੱਦੀ ਪਿੰਡਾਂ ਦੇ ਲੋਕਾਂ ਨੂੰ ਇਕ ਵਾਰ ਫਿਰ ਦਰਿਆ ’ਚ ਹੋ ਰਹੀ ਕਥਿਤ ਨਜਾਇਜ਼ ਮਾਈਨਿੰੰਗ ਅਤੇ ਬੰਨਾਂ ਦੀ ਖਸਤਾ ਹਾਲਤ ਕਾਰਨ ਲੋਕਾਂ ਨੂੰ ਮੁੜ ਹੜਾਂ ਦਾ ਡਰ ਸਿਤਾਉਣ ਲੱਗਾ ਹੈ। ਲੋਕਾਂ ਵੱਲੋਂ ਸਰਕਾਰ ਅਤੇ ਅਧਿਕਾਰੀਆਂ ਤੋਂ ਤੁਰੰਤ ਇਸ ਵੱਲ ਧਿਆਨ ਦੇਣ ਦੀ ਮੰਗ ਕੀਤੀ ਜਾ ਰਹੀ ਹੈ। ਲੋਕਾਂ ਵਿਚ ਪੈਦਾ ਹੋ ਰਹੇ ਰੋਸ ਨੂੰ ਵੇਖਦਿਆਂ ਅੱਜ ਅੰਮ੍ਰਿਤਸਰ ਤੋਂ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਸਰਹੱਦੀ ਪਿੰਡਾਂ ਚਾਹੜਪੁਰ, ਕੋਟਲਾ, ਪੰਜਗਰਾਈਂ, ਜੱਟਾ, ਘੋਨੇਵਾਲ, ਘੁੰਮਰਾਏ, ਦਰਿਆ ਮੂਸਾ, ਰੂੜੀਵਾਲ ਅਤੇ ਧਨਗਈ ਸਮੇਤ ਹੋਰ ਇਲਾਕਿਆਂ ਦਾ ਦੌਰਾ ਕਰਕੇ ਦਰਿਆਈ ਬੰਨ੍ਹਾਂ ਅਤੇ ਸਪਰਾਂ ਦੀ ਸਥਿਤੀ ਦਾ ਜਾਇਜ਼ਾ ਲਿਆ। ਇਸ ਦੌਰਾਨ ਉਨ੍ਹਾਂ ਬੰਨ੍ਹਾਂ ਦੀ ਮਾੜੀ ਹਾਲਤ ਅਤੇ ਇਲਾਕੇ ਵਿੱਚ ਕਥਿਤ ਗੈਰ-ਕਾਨੂੰਨੀ ਮਾਈਨਿੰਗ ਨੂੰ ਲੈ ਕੇ ਪੰਜਾਬ ਸਰਕਾਰ ਅਤੇ ਸਬੰਧਤ ਵਿਭਾਗਾਂ 'ਤੇ ਗੰਭੀਰ ਸਵਾਲ ਖੜ੍ਹੇ ਕੀਤੇ।
ਸੰਸਦ ਮੈਂਬਰ ਔਜਲਾ ਨੇ ਕਿਹਾ ਕਿ ਪਿਛਲੇ ਸਾਲਾਂ ਦੌਰਾਨ ਆਏ ਹੜ੍ਹਾਂ ਕਾਰਨ ਇਸ ਇਲਾਕੇ ਨੂੰ ਭਾਰੀ ਨੁਕਸਾਨ ਝੱਲਣਾ ਪਿਆ ਸੀ, ਪਰ ਇਸ ਦੇ ਬਾਵਜ਼ੂਦ ਸਰਕਾਰ ਵੱਲੋਂ ਸਮੇਂ ਸਿਰ ਬੰਨ੍ਹਾਂ ਅਤੇ ਸਪਰਾਂ ਨੂੰ ਮਜ਼ਬੂਤ ਕਰਨ ਵੱਲ ਧਿਆਨ ਨਹੀਂ ਦਿੱਤਾ ਗਿਆ। ਉਨ੍ਹਾਂ ਦੋਸ਼ ਲਗਾਇਆ ਕਿ ਪਿਛਲੇ ਪੰਜ ਸਾਲਾਂ ਦੌਰਾਨ ਬੰਨ੍ਹਾਂ ਅਤੇ ਸਪਰਾਂ ਦੀ ਮੁਰੰਮਤ ਦੇ ਨਾਂ 'ਤੇ ਖਰਚ ਕੀਤੇ ਗਏ ਫੰਡਾਂ ਦੀ ਨਿਰਪੱਖ ਜਾਂਚ ਹੋਣੀ ਚਾਹੀਦੀ ਹੈ, ਕਿਉਂਕਿ ਜ਼ਮੀਨੀ ਹਕੀਕਤ ਕੁਝ ਹੋਰ ਹੀ ਬਿਆਨ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਕੁਝ ਇਲਾਕਿਆਂ ਵਿੱਚ ਹਾਲਾਤ ਬੇਹੱਦ ਚਿੰਤਾਜਨਕ ਹਨ ਅਤੇ ਕਈ ਥਾਵਾਂ 'ਤੇ ਦਰਿਆ ਦਾ ਪਾਣੀ ਸਿੱਧਾ ਬੰਨ੍ਹਾਂ ਦੇ ਨਾਲ-ਨਾਲ ਵਹਿ ਰਿਹਾ ਹੈ। ਜੇਕਰ ਆਉਣ ਵਾਲੇ ਦਿਨਾਂ ਵਿੱਚ ਪਾਣੀ ਦਾ ਪੱਧਰ ਵਧਦਾ ਹੈ ਤਾਂ ਸਰਹੱਦੀ ਪਿੰਡਾਂ ਲਈ ਵੱਡਾ ਖ਼ਤਰਾ ਪੈਦਾ ਹੋ ਸਕਦਾ ਹੈ।
ਇਹ ਵੀ ਪੜ੍ਹੋ: Jaito Canal Breach: ਸੂਆ ਟੁੱਟਣ ਕਾਰਨ ਹਜ਼ਾਰਾਂ ਏਕੜ ਫ਼ਸਲਾਂ ਪ੍ਰਭਾਵਿਤ
ਗੁਰਜੀਤ ਔਜਲਾ ਨੇ ਦੋਸ਼ ਲਗਾਇਆ ਕਿ ਡੀ-ਸਿਲਟਿੰਗ ਦੇ ਨਾਂ 'ਤੇ ਖੁੱਲ੍ਹੇਆਮ ਗੈਰ-ਕਾਨੂੰਨੀ ਮਾਈਨਿੰੰਗ ਕੀਤੀ ਜਾ ਰਹੀ ਹੈ, ਜਿਸ ਕਾਰਨ ਦਰਿਆ ਦੇ ਕੁਦਰਤੀ ਵਹਾਅ 'ਤੇ ਅਸਰ ਪੈ ਰਿਹਾ ਹੈ ਅਤੇ ਕਟਾਅ ਦਾ ਖ਼ਤਰਾ ਵੱਧ ਰਿਹਾ ਹੈ। ਉਨ੍ਹਾਂ ਕਿਹਾ ਕਿ ਸਥਾਨਕ ਲੋਕਾਂ ਵੱਲੋਂ ਕਈ ਵਾਰ ਪ੍ਰਸ਼ਾਸਨ ਨੂੰ ਸ਼ਿਕਾਇਤਾਂ ਦਿੱਤੀਆਂ ਗਈਆਂ, ਪਰ ਕਾਰਵਾਈ ਲੋਕਾਂ ਦੇ ਵਿਰੋਧ ਤੋਂ ਬਾਅਦ ਹੀ ਹੁੰਦੀ ਨਜ਼ਰ ਆਈ। ਉਹਨਾਂ ਕਿਹਾ ਕਿ ਜੇਕਰ ਸਮੇਂ ਸਿਰ ਬੰਨ੍ਹਾਂ ਨੂੰ ਮਜ਼ਬੂਤ ਕਰਨ ਅਤੇ ਗੈਰ-ਕਾਨੂੰਨੀ ਮਾਈਨਿੰਗ 'ਤੇ ਰੋਕ ਲਗਾਉਣ ਲਈ ਠੋਸ ਕਦਮ ਨਾ ਚੁੱਕੇ ਗਏ ਤਾਂ ਭਵਿੱਖ ਵਿੱਚ ਇਸ ਦਾ ਖਮਿਆਜ਼ਾ ਆਮ ਲੋਕਾਂ ਨੂੰ ਭੁਗਤਣਾ ਪਵੇਗਾ।
ਉਨ੍ਹਾਂ ਮੁੱਖ ਮੰਤਰੀ ਪੰਜਾਬ ਤੋਂ ਮੰਗ ਕੀਤੀ ਕਿ ਪੂਰੇ ਮਾਮਲੇ ਦੀ ਉੱਚ ਪੱਧਰੀ ਜਾਂਚ ਕਰਵਾਈ ਜਾਵੇ, ਬੰਨ੍ਹਾਂ ਦੀ ਸਥਿਤੀ ਦਾ ਤਕਨੀਕੀ ਮੁਲਾਂਕਣ ਕਰਵਾਇਆ ਜਾਵੇ ਅਤੇ ਜੇਕਰ ਕਿਸੇ ਤਰ੍ਹਾਂ ਦੀ ਬੇਨਿਯਮਤਾ ਸਾਹਮਣੇ ਆਉਂਦੀ ਹੈ ਤਾਂ ਜ਼ਿੰਮੇਵਾਰ ਅਧਿਕਾਰੀਆਂ ਅਤੇ ਸਬੰਧਤ ਵਿਅਕਤੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ। ਉਧਰ ਭਾਰਤੀ ਕਿਸਾਨ ਯੂਨੀਅਨ ਸੰਘਰਸ਼ ਦੇ ਸੂਬਾ ਪ੍ਰਧਾਨ ਪਲਵਿੰਦਰ ਸਿੰਘ ਮਾਹਲ ਨੇ ਕਿਹਾ ਕਿ ਦਰਿਆ ਵਿਚ ਨਜਾਇਜ਼ ਮਾਈਨਿੰੰਗ ਸਬੰਧੀ ਉਹਨਾਂ ਨੇ ਧਰਨਾ ਵੀ ਦਿੱਤਾ ਹੈ ਅਤੇ ਇਸ ਸਬੰਧੀ ਉੱਚ ਅਧਿਕਾਰੀਆਂ ਦੇ ਧਿਆਨ ਵਿੱਚ ਵੀ ਲਿਆਂਦਾ ਗਿਆ ਹੈ। ਉਹਨਾਂ ਕਿਹਾ ਕਿ ਪਿਛਲੇ ਸਾਲ ਦੇ ਉੱਜੜੇ ਲੋਕ ਅਜੇ ਵੱਸੇ ਨਹੀਂ ਹਨ ਕਿ ਇਸਵਾਰ ਮੁੜ ਹੜਾਂ ਦਾ ਡਰ ਉਹਨਾਂ ਨੂੰ ਸਿਤਾਉਣ ਲੱਗਾ ਹੈ। ਉਹਨਾਂ ਕਿਹਾ ਕਿ ਦਰਿਆ ਦੇ ਕੰਢਿਆਂ ਦੀ ਮੁਰੰਮਤ ਪੂਰੀ ਨਹੀਂ ਹੋਈ ਅਤੇ ਮਹਿਕਮੇ ਦੀ ਢਿੱਲ ਮੱਠ ਕਾਰਨ ਲੋਕ ਪ੍ਰੇਸ਼ਾਨ ਹਨ। ਉਹਨਾਂ ਕਿਹਾ ਕਿ ਨਜਾਇਜ਼ ਮਾਈਨਿੰੰਗ ਤੁਰੰਤ ਬੰਦ ਕੀਤੀ ਜਾਣੀ ਚਾਹੀਦੀ ਹੈ ਅਤੇ ਬੰਨ ਦੀ ਮੁਰੰਮਤ ਕੀਤੀ ਜਾਵੇ।