ਆਪ ਤੋਂ ਵੱਖ ਹੋਏ ਡਾ. ਗਾਂਧੀ, ਛੇ ਮਹੀਨਿਆਂ ਮਗਰੋਂ ਬਣੇਗੀ ਪਾਰਟੀ

Separate, Dr. Gandhi, Party, Formed, After, Six, Months

ਆਪ ਨਾਲ ਨਹੀਂ ਰਿਹਾ ਹੁਣ ਕੋਈ ਸਰੋਕਾਰ, ਵੱਖਰੇ ਤੌਰ ‘ਤੇ ਲੜਾਂਗੇ ਲੋਕ ਸਭਾ ਚੋਣਾਂ : ਗਾਂਧੀ

ਚੰਡੀਗੜ੍ਹ (ਅਸ਼ਵਨੀ ਚਾਵਲਾ)। ਪਿਛਲੇ ਢਾਈ ਸਾਲਾਂ ਤੋਂ ਆਮ ਆਦਮੀ ਪਾਰਟੀ ਤੋਂ ਨਰਾਜ਼ ਚੱਲਦੇ ਆ ਰਹੇ ਪਟਿਆਲਾ ਤੋਂ ਸਾਂਸਦ ਡਾ. ਧਰਮਵੀਰ ਗਾਂਧੀ ਨੇ ਆਪਣੀ ਰਾਜਸੀ ਪਾਰਟੀ ਬਣਾਉਣ ਦਾ ਰਸਮੀ ਐਲਾਨ ਕਰ ਦਿੱਤਾ ਹੈ, ਹਾਲਾਂਕਿ ਇਹ ਰਾਜਨੀਤਕ ਪਾਰਟੀ 6 ਮਹੀਨੇ ਬਾਅਦ ਮੁਕੰਮਲ ਤੌਰ ‘ਤੇ ਹੋਂਦ ‘ਚ ਆਏਗੀ। ਫਿਲਹਾਲ ਉਸ ਸਮੇਂ ਤੱਕ ਇਹ ਪਾਰਟੀ ਇੱਕ ਮੰਚ ਦੇ ਤੌਰ ‘ਤੇ ਕੰਮ ਕਰਦੇ ਹੋਏ ਪੰਜਾਬ ਭਰ ‘ਚ ਰਾਜਨੀਤਕ ਲੀਡਰ ਤੇ ਵਰਕਰਾਂ ਨੂੰ ਇਕੱਠਾ ਕਰਨ ਦਾ ਕੰਮ ਕਰੇਗੀ।

 ਡਾ. ਗਾਂਧੀ ਨੇ ਅੱਜ ਪੰਜਾਬ ਮੰਚ ਦੇ ਨਾਂਅ ਹੇਠ ਫੋਰਮ ਦਾ ਐਲਾਨ ਕੀਤਾ ਹੈ। ਇਸੇ ਫੋਰਮ ਦੇ ਬੈਨਰ ਹੇਠ ਪੰਜਾਬ ਮੰਚ ਦੇ ਆਗੂ ਅਗਲੇ ਛੇ ਮਹੀਨਿਆਂ ‘ਚ ਪੰਜਾਬ ਦੇ ਲੋਕਾਂ ਦੀ ਨਬਜ਼ ਟਟੋਲਣ ਦੀ ਕੋਸ਼ਿਸ਼ ਕਰਨਗੇ ਤੇ ਉਸ ਤੋਂ ਬਾਅਦ ਮੰਚ ਜਾਂ ਨਵੀਂ ਸਿਆਸੀ ਪਾਰਟੀ ਦਾ ਗਠਨ ਕੀਤਾ ਜਾਵੇਗਾ। ਡਾ. ਗਾਂਧੀ ਨੇ ਕਿਹਾ ਕਿ ਪੰਜਾਬ ਦੀ ਜਮਹੂਰੀਅਤ ਲਈ ਇਹ ਮੰਚ ਸੰਘਰਸ਼ ਕਰੇਗਾ ਤੇ ਦੇਸ਼ ‘ਚ ਫੈਡਰਲ ਢਾਂਚੇ ਦੀ ਉਸਾਰੀ ਲਈ ਖੇਤਰੀ ਪਾਰਟੀਆਂ ਨਾਲ ਮਿਲ ਕੇ ਵੱਖਰਾ ਪ੍ਰੋਗਰਾਮ ਉਲੀਕਿਆ ਜਾਵੇਗਾ।

ਉਨ੍ਹਾਂ ਕਿਹਾ ਕਿ ਪੰਜਾਬ ਮੰਚ ‘ਚ ਜਾਂ ਰਾਜਸੀ ਪਾਰਟੀ ‘ਚ ਸਾਰੀਆਂ ਧਿਰਾਂ ਲਈ ਦਰਵਾਜ਼ੇ ਖੁੱਲ੍ਹੇ ਰਹਿਣਗੇ। ਉਨ੍ਹਾਂ ਕਿਹਾ ਕਿ ਉਹ ਕਈ ਵਾਰ ਆਪ ਲੀਡਰਸ਼ਿਪ ਨੂੰ ਉਸ ਨੂੰ ਪਾਰਟੀ ‘ਚੋਂ ਕੱਢਣ ਲਈ ਕਹਿ ਚੁੱਕੇ ਹਨ, ਪਰ ਪਾਰਟੀ ਹਾਈਕਮਾਨ ਨਾ ਤਾਂ ਉਸਨੂੰ ਪਾਰਟੀ ‘ਚੋਂ ਕੱਢਦੀ ਹੈ ਤੇ ਨਾ ਆਪਣੇ ਨਾਲ ਰੱਖਦੀ ਹੈ। ਅਸਤੀਫਾ ਦੇਣ ਤੋਂ ਉਨ੍ਹਾਂ ਸਪੱਸ਼ਟ ਇਨਕਾਰ ਕਰ ਦਿੱਤਾ। ਡਾ. ਗਾਂਧੀ ਤੋਂ ਇਲਾਵਾ ਮੰਚ ਦੇ ਮੋਢੀ ਮੈਂਬਰਾਂ ‘ਚ ਡਾ. ਜਗਜੀਤ ਚੀਮਾ, ਪ੍ਰੋ. ਬਾਵਾ ਸਿੰਘ, ਪ੍ਰੋ. ਮਲਕੀਅਤ ਸਿੰਘ ਸੈਨੀ, ਪ੍ਰੋ. ਰੌਣਕੀ ਰਾਮ, ਸੁਖਦੇਵ ਸਿੰਘ, ਹਰਜੀਤ ਕੌਰ ਬਰਾੜ, ਗੁਰਪ੍ਰੀਤ ਗਿੱਲ, ਦਿਲਪ੍ਰੀਤ ਗਿੱਲ ਤੇ ਡਾ. ਹਰਿੰਦਰ ਜ਼ੀਰਾ ਨੂੰ ਸ਼ਾਮਲ ਕੀਤਾ ਗਿਆ ਹੈ।