‘ਪੰਜਾਬ ਦੇ ਵਪਾਰੀਆਂ ਦੀ ਜਾਣਕਾਰੀ ਦੇਣਾ ਸੰਵੇਦਨਸ਼ੀਲ, ਨਹੀਂ ਦੇਵਾਂਗੇ ਕੋਈ ਜਾਣਕਾਰੀ’, ਕੀ ਹੈ ਮਾਮਲਾ?

Traders of Punjab

ਉੱਤਰ ਪ੍ਰਦੇਸ਼ ਸਰਕਾਰ ਵੱਲੋਂ ਨਿਵੇਸ਼ ਦੀ ਜਾਣਕਾਰੀ ਦੇਣ ਤੋਂ ਸਾਫ਼ ਇਨਕਾਰ

  • ਪੰਜਾਬ ’ਚੋਂ 10 ਹਜ਼ਾਰ ਕਰੋੜ ਦਾ ਨਿਵੇਸ਼ ਲੈਣ ਦਾ ਕੀਤਾ ਜਾ ਰਿਹਾ ਸੀ ਦਾਅਵਾ ਪਰ ਅਸਲ ਸੱਚਾਈ ਕੁਝ ਹੋਰ

ਚੰਡੀਗੜ੍ਹ (ਅਸ਼ਵਨੀ ਚਾਵਲਾ)। ਪੰਜਾਬ ਦੇ ਵਪਾਰੀਆਂ (Traders of Punjab) ਵੱਲੋਂ ਉੱਤਰ ਪ੍ਰਦੇਸ਼ ਵਿੱਚ 10 ਹਜ਼ਾਰ ਕਰੋੜ ਰੁਪਏ ਨਿਵੇਸ਼ ਕਰਨ ਦਾ ਦਾਅਵਾ ਹੀ ਸੱਚ ਸਾਬਤ ਹੁੰਦਾ ਨਜ਼ਰ ਨਹੀਂ ਆ ਰਿਹਾ ਕਿਉਂਕਿ ਪੰਜਾਬ ਦੇ ਵਪਾਰੀਆਂ ਵੱਲੋਂ ਇੰਨੀ ਵੱਡੀ ਤਦਾਦ ਵਿੱਚ ਉੱਤਰ ਪ੍ਰਦੇਸ਼ ਵਿੱਚ ਨਿਵੇਸ਼ ਕਰਨ ਦਾ ਕੋਈ ਵਾਅਦਾ ਹੀ ਨਹੀਂ ਕੀਤਾ ਸੀ। ਇਹ ਸਾਰਾ ਹੋਰ ਵੀ ਸੱਚ ਨਿਕਲ ਕੇ ਬਾਹਰ ਨਾ ਆ ਜਾਵੇ, ਇਸ ਲਈ ਹੁਣ ਉੱਤਰ ਪ੍ਰਦੇਸ਼ ਸਰਕਾਰ ਨੇ ਇਸ ਸਬੰਧੀ ਆਰਟੀਆਈ ਵਿੱਚ ਜਾਣਕਾਰੀ ਦੇਣ ਤੋਂ ਵੀ ਸਾਫ਼ ਇਨਕਾਰ ਕਰ ਦਿੱਤਾ ਹੈ।

ਜਿਸ ਤੋਂ ਸਾਫ਼ ਨਜ਼ਰ ਆ ਰਿਹਾ ਹੈ ਕਿ ਪੰਜਾਬ ਦੇ ਵਪਾਰੀਆਂ ਦੇ ਨਿਵੇਸ਼ ਕਰਨ ਵਾਲੇ ਵੱਡੇ-ਵੱਡੇ ਦਾਅਵੇ ਹੀ ਹੁਣ ਲੁਕਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਹਾਲਾਂਕਿ ਉੱਤਰ ਪ੍ਰਦੇਸ਼ ਸਰਕਾਰ ਨੇ ਇੰਨੀ ਜਾਣਕਾਰੀ ਜਰੂਰ ਦਿੱਤੀ ਹੈ ਕਿ ਚੰਡੀਗੜ੍ਹ ਵਿਖੇ ਹੋਏ ਨਿਵੇਸ਼ ਸੰਮੇਲਨ ਵਿੱਚ ਹਰਿਆਣਾ ਅਤੇ ਪੰਜਾਬ ਸਣੇ ਚੰਡੀਗੜ੍ਹ ਦੇ ਵਪਾਰੀਆਂ ਨੇ ਭਾਗ ਲਿਆ ਸੀ, ਜਿਸ ਵਿੱਚ 9 ਹਜ਼ਾਰ ਕਰੋੜ ਰੁਪਏ ਨਿਵੇਸ਼ ਕਰਨ ਦਾ ਐਲਾਨ ਹੋਇਆ ਹੈ ਪਰ ਇਨ੍ਹਾਂ 9 ਹਜ਼ਾਰ ਕਰੋੜ ਰੁਪਏ ਵਿੱਚ ਪੰਜਾਬ ਦੇ ਵਪਾਰੀਆਂ ਵੱਲੋਂ ਕਿੰਨਾ ਐਲਾਨ ਕੀਤਾ ਗਿਆ ਸੀ, ਇਸ ਬਾਰੇ ਜਾਣਕਾਰੀ ਦੇਣ ਤੋਂ ਸਾਫ਼ ਇਨਕਾਰ ਕਰ ਦਿੱਤਾ ਗਿਆ ਹੈ।

33.52 ਲੱਖ ਕਰੋੜ ਦੇ ਨਿਵੇਸ਼ ਵਿੱਚ ਹਰਿਆਣਾ-ਪੰਜਾਬ ਅਤੇ ਚੰਡੀਗੜ੍ਹ ਤੋਂ ਆਇਆ ਸਿਰਫ਼ 9 ਹਜ਼ਾਰ ਕਰੋੜ | Traders of Punjab

ਜਾਣਕਾਰੀ ਅਨੁਸਾਰ ਉੱਤਰ ਪ੍ਰਦੇਸ਼ ਸਰਕਾਰ ਵੱਲੋਂ 10 ਤੋਂ 12 ਫਰਵਰੀ ਨੂੰ ਆਪਣੇ ਸੂਬੇ ਵਿੱਚ ਨਿਵੇਸ਼ ਕਰਨ ਲਈ ਨਿਵੇਸ਼ ਸੰਮੇਲਨ ਕੀਤਾ ਗਿਆ ਸੀ, ਇਸ ਤੋਂ ਪਹਿਲਾਂ ਉੱਤਰ ਪ੍ਰਦੇਸ਼ ਦੇ ਮੰਤਰੀ ਹਰ ਸੂਬੇ ਵਿੱਚ ਜਾ ਕੇ ਵਪਾਰੀਆਂ ਨਾਲ ਮੁਲਾਕਾਤ ਕਰ ਰਹੇ ਸਨ ਤਾਂ ਇਸ ਤਹਿਤ ਪੰਜਾਬ ਅਤੇ ਹਰਿਆਣਾ ਸਣੇ ਚੰਡੀਗੜ੍ਹ ਦੇ ਵਪਾਰੀਆਂ ਨਾਲ ਮੁਲਾਕਾਤ ਕਰਨ ਲਈ ਚੰਡੀਗੜ੍ਹ ਵਿਖੇ ਵੀ 27-28 ਫਰਵਰੀ ਨੂੰ ਪੁੱਜੇ ਹੋਏ ਸਨ। ਚੰਡੀਗੜ੍ਹ ਦੇ ਇੱਕ ਵੱਡੇ ਹੋਟਲ ਵਿੱਚ ਹੋਈ ਦੋਵਾਂ ਸੂਬਿਆਂ ਅਤੇ ਚੰਡੀਗੜ੍ਹ ਦੇ ਵਪਾਰੀਆਂ ਨਾਲ ਮੁਲਾਕਾਤ ਤੋਂ ਬਾਅਦ ਪੰਜਾਬ ਬਾਰੇ ਵੱਡੇ ਪੱਧਰ ’ਤੇ ਪ੍ਰਚਾਰ ਕੀਤਾ ਗਿਆ ਸੀ ਕਿ ਸਿਰਫ਼ ਪੰਜਾਬ ਵਿੱਚੋਂ ਹੀ 10 ਹਜ਼ਾਰ ਕਰੋੜ ਰੁਪਏ ਦਾ ਨਿਵੇਸ਼ ਮਿਲਿਆ ਹੈ।

ਇਸ ਨੂੰ ਲੈ ਕੇ ਭਗਵੰਤ ਮਾਨ ਦੀ ਸਰਕਾਰ ਨੂੰ ਵਿਰੋਧੀਆਂ ਨੇ ਵੀ ਜੰਮ ਕੇ ਘੇਰਿਆ ਸੀ ਕਿ 10 ਹਜ਼ਾਰ ਕਰੋੜ ਰੁਪਏ ਦੂਜੇ ਸੂਬੇ ਵਿੱਚ ਪੰਜਾਬ ਦੇ ਵਪਾਰੀਆਂ ਵੱਲੋਂ ਨਿਵੇਸ਼ ਕਰਨਾ ਵੱਡੀ ਗੱਲ ਹੈ, ਕਿਉਂਕਿ ਪੰਜਾਬ ਵਿੱਚ ਅਮਨ ਅਤੇ ਕਾਨੂੰਨ ਦੀ ਵਿਵਸਥਾ ਠੀਕ ਨਹੀਂ ਹੈ। ਪੰਜਾਬ ਵਿੱਚੋਂ ਗਏ ਨਿਵੇਸ਼ ਦੀ ਸੱਚਾਈ ਦਾ ਪਤਾ ਕਰਨ ਲਈ ‘ਸੱਚ ਕਹੰੂ’ ਵੱਲੋਂ ਆਰਟੀਆਈ ਦਾ ਸਹਾਰਾ ਲਿਆ ਗਿਆ ਸੀ ਤਾਂ ਕਿ ਅਸਲ ਸੱਚ ਨਿਕਲ ਕੇ ਬਾਹਰ ਆ ਸਕੇ।

ਬੀਤੇ ਦਿਨੀਂ ਉੱਤਰ ਪ੍ਰਦੇਸ਼ ਸਰਕਾਰ ਵੱਲੋਂ ਆਏ ਜੁਆਬ ਵਿੱਚ ਪੰਜਾਬ ਦੇ ਨਿਵੇਸ਼ ਬਾਰੇ ਕੁਝ ਵੀ ਜਾਣਕਾਰੀ ਦੇਣ ਤੋਂ ਸਾਫ਼ ਇਨਕਾਰ ਕਰ ਦਿੱਤਾ ਗਿਆ ਹੈ। ਆਰ.ਟੀ.ਆਈ. ਵਿੱਚ ਪੁੱਛੇ ਗਏ 4 ਸੁਆਲਾਂ ਵਿੱਚੋਂ ਸਿਰਫ਼ ਇੱਕੋ ਹੀ ਜੁਆਬ ਭੇਜਿਆ ਗਿਆ ਹੈ ਕਿ ਇਹ ਸੰਵੇਦਨਸ਼ੀਲ ਮਾਮਲਾ ਹੈ, ਇਹ ਜਾਣਕਾਰੀ ਨਹੀਂ ਦਿੱਤੀ ਜਾ ਸਕਦੀ। ਉੱਤਰ ਪ੍ਰਦੇਸ਼ ਵਿੱਚ ਹੋਏ ਨਿਵੇਸ਼ ਸੰਮੇਲਨ ਵਿੱਚ 33.52 ਲੱਖ ਕਰੋੜ ਦਾ ਨਿਵੇਸ਼ ਹੋਇਆ ਸੀ ਪਰ ਹਰਿਆਣਾ-ਪੰਜਾਬ ਅਤੇ ਚੰਡੀਗੜ੍ਹ ਤੋਂ ਸਿਰਫ਼ 9 ਹਜ਼ਾਰ ਕਰੋੜ ਦੇ ਹੀ ਐਮਓਯੂ ਹੋਏ ਹਨ।

ਸੰਵੇਦਨਸ਼ੀਲ ਮਾਮਲਾ, ਨਹੀਂ ਦੇਵਾਂਗੇ ਕੋਈ ਜਾਣਕਾਰੀ : ਉੱਤਰ ਪ੍ਰਦੇਸ਼

ਉੱਤਰ ਪ੍ਰਦੇਸ਼ ਸਰਕਾਰ ਦੇ ਵਿਭਾਗ ਇਨਵੈਸਟ ਯੂਪੀ ਦੇ ਸੂਚਨਾ ਅਧਿਕਾਰੀ ਰਾਜੀਵ ਦਿਕਸ਼ਿਤ ਵੱਲੋਂ ਪ੍ਰਾਪਤ ਹੋਏ ਜੁਆਬ ਵਿੱਚ ਲਿਖਿਆ ਹੋਇਆ ਹੈ ਕਿ ਐੱਮਓਯੂ ਸੰਵੇਦਨਸ਼ੀਲ ਮਾਮਲਾ ਹੈ। ਤੀਜੀ ਧਿਰ ਦੇ ਕਾਰੋਬਾਰੀ ਦੀ ਜਾਣਕਾਰੀ ਦਾ ਖ਼ੁਲਾਸਾ ਕਿਸੇ ਤੀਜੀ ਧਿਰ ਨੂੰ ਨਹੀਂ ਕੀਤਾ ਜਾ ਸਕਦਾ ਕਿਉਂਕਿ ਇਹੋ ਜਿਹੀ ਜਾਣਕਾਰੀ ਉਨ੍ਹਾਂ ਦੇ ਵਪਾਰਕ ਹਿੱਤਾਂ ਨੂੰ ਨੁਕਸਾਨ ਪਹੰੁਚਾ ਸਕਦੀ ਹੈ। ਇਸ ਜੁਆਬ ਵਿੱਚ ਇਹ ਸਮਝ ਨਹੀਂ ਆਈ ਕਿ ਵਪਾਰੀ ਵੱਲੋਂ ਨਿਵੇਸ਼ ਕਰਨ ਵਿੱਚ ਕਿਹੋ ਜਿਹਾ ਨੁਕਸਾਨ ਹੋਵੇਗਾ, ਕਿਉਂਕਿ ਵਪਾਰੀ ਵੱਲੋਂ ਕੀਤੇ ਗਏ ਨਿਵੇਸ਼ ਦੀ ਜਾਣਕਾਰੀ ਤਾਂ ਖ਼ੁਦ ਸਰਕਾਰਾਂ ਨਸ਼ਰ ਕਰਦੀਆਂ ਹਨ ਅਤੇ ਜ਼ਮੀਨੀ ਹਕੀਕਤ ਵਿੱਚ ਵੀ ਪਤਾ ਚਲ ਜਾਂਦਾ ਹੈ ਪਰ ਕੁਝ ਕਾਰਨਾਂ ਕਰਕੇ ਇਹ ਜਾਣਕਾਰੀ ਲੁਕਾਉਣ ਦੀ ਕੋਸ਼ਸ਼ ਕੀਤੀ ਗਈ ਹੈ।

2 ਸੂਬੇ ਅਤੇ ਇੱਕ ਯੂਟੀ ਸਿਰਫ਼ ਨਿਵੇਸ਼ ਗਿਆ 9 ਹਜ਼ਾਰ ਕਰੋੜ

ਉੱਤਰ ਪ੍ਰਦੇਸ਼ ਸਰਕਾਰ ਵੱਲੋਂ ਆਪਣੀ ਸੂਚਨਾ ਵਿੱਚ ਸਿਰਫ਼ ਇੰਨਾ ਹੀ ਦੱਸਿਆ ਗਿਆ ਹੈ ਕਿ ਚੰਡੀਗੜ੍ਹ ਵਿਖੇ ਕੀਤੇ ਗਏ ਨਿਵੇਸ਼ ਸੰਮੇਲਨ ਸਬੰਧੀ ਕੀਤੇ ਗਏ ਰੋਡ ਸ਼ੋਅ ਵਿੱਚ ਉਨ੍ਹਾਂ ਨੂੰ ਕੁੱਲ 9 ਹਜ਼ਾਰ ਕਰੋੜ ਰੁਪਏ ਦਾ ਹੀ ਨਿਵੇਸ਼ ਕਰਨ ਦਾ ਵਾਅਦਾ ਪ੍ਰਾਪਤ ਹੋਇਆ ਹੈ ਪਰ ਇਸ ਸਬੰਧੀ ਦਸਤਖ਼ਤ ਹੋਏ ਐੱਮਓਯੂ ਨਹੀਂ ਦਿੱਤੇ ਜਾਣਗੇ। ਇੱਥੇ ਹੀ ਦੱਸਿਆ ਜਾ ਰਿਹਾ ਹੈ ਕਿ ਚੰਡੀਗੜ੍ਹ ਦੇ ਇਸ ਪ੍ਰੋਗਰਾਮ ਵਿੱਚ ਹਰਿਆਣਾ ਅਤੇ ਪੰਜਾਬ ਸਣੇ ਚੰਡੀਗੜ੍ਹ ਦੇ ਵਪਾਰੀ ਵੀ ਸ਼ਾਮਲ ਹੋਏ ਸਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ