ਮੁੱਖ ਮੰਤਰੀ ਮਾਨ ’ਤੇ ਪਰਨੀਤ ਕੌਰ ਨੇ ਬਿੰਨ੍ਹਿਆ ਨਿਸ਼ਾਨਾ, ਕਹੀ ਵੱਡੀ ਗੱਲ

Parneet Kaur

ਕਿਹਾ, ਫਸਲਾਂ ਦੇ ਨੁਕਸਾਨ ਵਜੋਂ 30 ਹਜ਼ਾਰ ਪ੍ਰਤੀ ਏਕੜ ਮੁਆਵਜ਼ਾ ਦੇਵੇ ਪੰਜਾਬ ਸਰਕਾਰ | Parneet Kaur

ਨਾਭਾ (ਤਰੁਣ ਕੁਮਾਰ ਸ਼ਰਮਾ)। ਮੀਂਹ ਕਾਰਨ ਨੁਕਸਾਨੀਆਂ ਫਸਲਾਂ ਦੇ ਮੁਆਵਜ਼ੇ ਵਜੋਂ ਪੰਜਾਬ ਸਰਕਾਰ ਸਬੰਧਿਤ ਕਿਸਾਨਾਂ ਨੂੰ 30 ਹਜ਼ਾਰ ਰੁਪਏ ਪ੍ਰਤੀ ਏਕੜ ਜਾਰੀ ਕਰੇ। ਇਸ ਮੰਗ ਨੂੰ ਰੱਖਦਿਆਂ ਹਲਕਾ ਨਾਭਾ ਪੁੱਜੇ ਸਾਬਕਾ ਕੇਂਦਰੀ ਮੰਤਰੀ ਬੀਬੀ ਪਰਨੀਤ ਕੌਰ ਨੇ ਕਿਹਾ ਕਿ ਪੰਜਾਬ ਸਰਕਾਰ ਫਸਲਾਂ ਦੇ ਨੁਕਸਾਨ ਸਬੰਧੀ ਮੁਆਵਜ਼ਾ ਜਾਰੀ ਕਰਨ ਸਮੇਂ ਗੰਭੀਰਤਾ ਨਾਲ ਕੰਮ ਨਹੀਂ ਕਰ ਰਹੀ ਹੈ।

ਉਨ੍ਹਾਂ ਕਿਹਾ ਕਿ ਮਾਲ ਵਿਭਾਗ ’ਚ ਪਟਵਾਰੀਆਂ ਸਣੇ ਕਈ ਹੋਰ ਅਹੁਦੇ ਖਾਲੀ ਪਏ ਹਨ, ਜਿਸ ਕਾਰਨ ਸੀਮਤ ਅਧਿਕਾਰੀਆਂ ਦੇ ਸਟਾਫ ਕਾਰਨ ਸਰਕਾਰ ਨੁਕਸਾਨੀ ਫਸਲਾਂ ਦੀ ਸਪੈਸ਼ਲ ਗਰਦੌਰੀ ਤਾਂ ਕੀ ਜਾਰੀ ਕਰਨੀ ਹੈ, ਸਗੋਂ ਇਸ ਸਬੰਧੀ ਰਿਪੋਰਟਾਂ ਤੱਕ ਤਿਆਰ ਨਹੀਂ ਕਰ ਪਾਈ ਹੈ। ਉਨ੍ਹਾਂ ਭਗਵੰਤ ਮਾਨ ਸਰਕਾਰ ਦੇ ਇੱਕ ਸਾਲ ਦੇ ਕਾਰਜਕਾਲ ’ਤੇ ਟਿੱਪਣੀ ਕਰਦਿਆਂ ਅੱਗੇ ਕਿਹਾ ਕਿ ਸਿੱਧੂ ਮੂਸੇਵਾਲਾ ਤੋਂ ਲੈ ਕੇ ਹੁਣ ਤੱਕ ਦੀਆਂ ਵਾਪਰੀਆਂ ਸਾਰੀਆਂ ਘਟਨਾਵਾਂ ਮੌਜ਼ੂਦਾ ਸਰਕਾਰ ਦੀ ਉਪਲੱਬਧੀਆਂ ਹਨ ਜਦਕਿ ਪਿਛਲੇ ਸਾਲ ’ਚ ਕੋਈ ਉਦਯੋਗਿਕ ਇਕਾਈ ਪੰਜਾਬ ’ਚ ਨਹੀਂ ਲਗਾਈ ਗਈ ਤੇ ਨਾ ਹੀ ਕੋਈ ਵਿਕਾਸ ਕਾਰਜ ਸਿਰੇ ਚੜ੍ਹਿਆ ਹੈ।

ਉਨ੍ਹਾਂ ਕਿਹਾ ਕਿ ਮੌਜ਼ੂਦਾ ਸਰਕਾਰ ਵੱਲੋਂ ਸੱਤਾ ਪ੍ਰਾਪਤੀ ਤੋਂ ਪਹਿਲਾਂ ਪੰਜਾਬੀ ਨੌਜਵਾਨਾਂ ਲਈ ਰੁਜ਼ਗਾਰ ਤੇ ਸਿੱਖਿਆ ਸਬੰਧੀ ਕੀਤੇ ਪੁਖਤਾ ਦਾਅਵਿਆਂ ਦਾ ਇਹ ਹਾਲ ਹੈ ਕਿ ਪਿਛਲੇ ਇੱਕ ਸਾਲ ਤੋਂ ਪੰਜਾਬੀ ਨੌਜਵਾਨਾਂ ’ਚ ਵਿਦੇਸ਼ ਜਾਣ ਦਾ ਰੁਝਾਨ ਤੇਜ਼ੀ ਫੜ ਗਿਆ ਹੈ। ਉਨ੍ਹਾਂ ਕਿਹਾ ਕਿ ਹਾਲਾਤ ਇਹ ਹਨ ਕਿ ਵਿਦੇਸ਼ਾਂ ਵੱਲ ਰੱੁਝੇ ਨੌਜਵਾਨਾਂ ਨੂੰ ਵੀਜ਼ੇ ਲਈ ਤਿੰਨ ਮਹੀਨੇ ਇੰਤਜਾਰ ਕਰਨਾ ਪੈ ਰਿਹਾ ਹੈ ਕਿਉਂਕਿ ਹੁਣ ਇੱਥੇ ਕਿਸੇ ਨੂੰ ਵਿਸ਼ਵਾਸ ਹੀ ਨਹੀਂ ਆਪਣੀ ਸੁਰੱਖਿਆ ਦਾ। ਕਿਸੇ ਨੂੰ ਆਸ ਤੱਕ ਨਹੀਂ ਹੈ ਕਿ ਪੰਜਾਬ ’ਚ ਉਸ ਦਾ ਭਵਿੱਖ ਸੁਰੱਖਿਅਤ ਵੀ ਹੈ ਜਾਂ ਨਹੀਂ? ਪੰਜਾਬ ਦੀਆਂ ਠੱਪ ਪਈਆਂ ਮੰਡੀਆਂ ਸਬੰਧੀ ਉਨ੍ਹਾਂ ਕਿਹਾ ਕਿ ਪ੍ਰਬੰਧਕੀ ਕਮੀਆਂ ਕਾਰਨ ਅਜਿਹੀ ਸਥਿਤੀ ਬਣ ਰਹੀ ਹੈ। ਉਨ੍ਹਾਂ ਮੁੱਖ ਮੰਤਰੀ ਨੂੰ ਘੇਰਦਿਆਂ ਕਿਹਾ ਕਿ ਮੁੱਖ ਮੰਤਰੀ ਇੱਧਰ-ਉੱਧਰ ਯੋਗਾ ਕਰਵਾਉਣ ਦੀ ਥਾਂ ਪੰਜਾਬ ਦੀਆਂ ਮੰਡੀਆਂ ਸਾਂਭਣ ਤੇ ਕਿਸਾਨਾਂ ਦੀਆਂ ਤਕਲੀਫਾਂ ਨੂੰ ਘਟਾਉਣ ਤਾਂ ਕਾਫੀ ਚੰਗਾ ਹੋਵੇਗਾ।

ਹਲਕਾ ਨਾਭਾ ਦੇ ਸਿਆਸੀ ਆਗੂਆਂ ਨਾਲ ਕੀਤੀ ਮੀਟਿੰਗ | Parneet Kaur

ਸਾਬਕਾ ਕੇਂਦਰੀ ਮੰਤਰੀ ਬੀਬੀ ਪਰਨੀਤ ਕੌਰ ਵੱਲੋਂ ਆਗਾਮੀ ਲੋਕ ਸਭਾ ਚੋਣਾਂ ਨੂੰ ਲੈ ਕੇ ਆਪਣੀਆਂ ਸਰਗਰਮੀਆਂ ਨੂੰ ਵਧਾ ਰੱਖਿਆ ਹੈ। ਇਸੇ ਕ੍ਰਮ ’ਚ ਅੱਜ ਉਨ੍ਹਾਂ ਹਲਕਾ ਨਾਭਾ ਵਿਖੇ ਕਈ ਅਕਾਲੀ ਤੇ ਕਾਂਗਰਸੀ ਆਗੂਆਂ ਨਾਲ ਗੁਪਤ ਮੀਟਿੰਗ ਕੀਤੀ। ਇਸ ਦੌਰਾਨ ਭਾਜਪਾ ’ਚ ਸ਼ਮੂਲੀਅਤ ਲਈ ਪੱਬਾਂ ਭਾਰ ਹੋਏ ਹਲਕੇ ਦੇ ਕਈ ਸਿਆਸੀ ਆਗੂ ਪਰਨੀਤ ਕੌਰ (ਜੋ ਕਿ ਫਿਲਹਾਲ ਕਾਂਗਰਸ ਤੋਂ ਮੁਅੱਤਲ ਚੱਲ ਰਹੇ ਹਨ) ਦਾ ਵਿਸ਼ਵਾਸ ਜਿੱਤਣ ਲਈ ਤਰਲੋ-ਮੱਛੀ ਹੁੰਦੇ ਨਜ਼ਰ ਆਏ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ