Punjab Vigilance Bureau: ਕਾਰ ਵਾਪਸ ਦਿਵਾਉਣ ਬਦਲੇ ਰਿਸ਼ਵਤ ਲੈਂਦਾ ਸੇਵਾ ਮੁਕਤ ਹੌਲਦਾਰ ਕਾਬੂ

Sach Kahoon Punjabi Desk Picture
Published On

ਐੱਸਐੱਚਓ ਨੇ ਸੇਵਾਮੁਕਤ ਪੁਲਿਸ ਮੁਲਾਜ਼ਮ ਨੂੰ ਗੈਰ- ਕਾਨੂੰਨੀ ਤੌਰ ’ਤੇ ਥਾਣੇ ’ਚ ਕੀਤਾ ਹੋਇਆ ਸੀ ਤਾਇਨਾਤ | Punjab Vigilance Bureau

Punjab Vigilance Bureau: (ਜਸਵੀਰ ਸਿੰਘ ਗਹਿਲ) ਲੁਧਿਆਣਾ। ਵਿਜੀਲੈਂਸ ਬਿਊਰੋ ਨੇ ਵਪਾਰਕ ਰਾਜਧਾਨੀ ਲੁਧਿਆਣਾ ਦੇ ਇੱਕ ਥਾਣੇ ਵਿਖੇ ਤਾਇਨਾਤ ਸਟੇਸ਼ਨ ਹਾਊਸ ਅਫ਼ਸਰ ਦੇ ਸਾਥੀ ਨੂੰ 10 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਹੈ ਜੋ ਪੁਲਿਸ ਵਿਭਾਗ ਦੇ ਕਿਸੇ ਅਧਿਕਾਰਤ ਹੁਕਮ ਜਾਂ ਪ੍ਰਵਾਨਗੀ ਤੋਂ ਬਿਨਾਂ ਹੀ ਥਾਣੇ ਵਿੱਚ ਡਿਊਟੀ ਨਿਭਾਅ ਰਿਹਾ ਸੀ। ਵਿਜੀਲੈਂਸ ਬਿਊਰੋ ਨੇ ਭ੍ਰਿਸ਼ਟਾਚਾਰ ਵਿਰੁੱਧ ਵਿੱਢੀ ਮੁਹਿੰਮ ਦੌਰਾਨ ਸੇਵਾਮੁਕਤ ਹੌਲਦਾਰ ਬਲਵਿੰਦਰ ਸਿੰਘ, ਜੋ ਲੁਧਿਆਣਾ ਜ਼ਿਲ੍ਹ ਦੇ ਥਾਣਾ ਮਾਛੀਵਾੜਾ ਵਿਖੇ ਤਾਇਨਾਤ ਸਟੇਸ਼ਨ ਹਾਊਸ ਅਫ਼ਸਰ (ਐੱਸਐੱਚਓ) ਦਾ ਸਾਥੀ ਹੈ, ਨੂੰ 10,000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਗ੍ਰਿਫ਼ਤਾਰ ਕੀਤਾ ਹੈ।

ਇਹ ਵੀ ਪੜ੍ਹੋ: Kila Raipur Games: ਡਿਪਟੀ ਕਮਿਸ਼ਨਰ ਨੇ ਕਿਲਾ ਰਾਏਪੁਰ ਦੀਆਂ ਪੇਂਡੂ ਓਲੰਪਿਕ ਦੀਆਂ ਤਿਆਰੀਆਂ ਦਾ ਲਿਆ ਜਾਇਜ਼ਾ 

ਦੱਸਣਯੋਗ ਹੈ ਕਿ ਉਕਤ ਮੁਲਜ਼ਮ, ਪੁਲਿਸ ਵਿਭਾਗ ਦੇ ਕਿਸੇ ਅਧਿਕਾਰਤ ਹੁਕਮ ਜਾਂ ਪ੍ਰਵਾਨਗੀ ਤੋਂ ਬਿਨਾਂ ਹੀ ਥਾਣੇ ਵਿੱਚ ਡਿਊਟੀ ਨਿਭਾਅ ਰਿਹਾ ਸੀ। ਹੋਰ ਜਾਣਕਾਰੀ ਦਿੰਦਿਆਂ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਸੇਵਾ ਮੁਕਤ ਹੌਲਦਾਰ ਬਲਵਿੰਦਰ ਸਿੰਘ ਦੀ ਗ੍ਰਿਫ਼ਤਾਰੀ ਖੰਨਾ ਪੁਲਿਸ ਜ਼ਿਲ੍ਹੇ ਦੇ ਮਾਛੀਵਾੜਾ ਸਬ ਡਵੀਜ਼ਨ ਦੇ ਪਿੰਡ ਮੋਹਨ ਮਾਜਰਾ ਦੇ ਵਸਨੀਕ ਸੁਖਵੀਰ ਸਿੰਘ ਵੱਲੋਂ ਦਰਜ ਕਰਵਾਈ ਗਈ ਸ਼ਿਕਾਇਤ ਦੇ ਆਧਾਰ ’ਤੇ ਕੀਤੀ ਗਈ ਹੈ। ਬੁਲਾਰੇ ਨੇ ਅੱਗੇ ਦੱਸਿਆ ਕਿ ਸ਼ਿਕਾਇਤਕਰਤਾ ਨੇ ਲੁਧਿਆਣਾ ਸਥਿਤ ਵਿਜੀਲੈਂਸ ਬਿਊਰੋ ਰੇਂਜ ਦੇ ਦਫ਼ਤਰ ਪਹੁੰਚ ਕਰਕੇ ਸ਼ਿਕਾਇਤ ਵਿੱਚ ਦੱਸਿਆ ਕਿ ਉਸਦੀ ਕਾਰ ਮਾਛੀਵਾੜਾ ਪੁਲਿਸ ਨੇ ਜ਼ਬਤ ਕਰ ਲਈ ਹੈ। ਸ਼ਿਕਾਇਤਕਰਤਾ ਅਨੁਸਾਰ ਮੁਲਜ਼ਮ ਬਲਵਿੰਦਰ ਸਿੰਘ ਨੇ ਉਸਨੂੰ ਦੱਸਿਆ ਕਿ ਉਸਦੀ ਕਾਰ ਮੁੱਖ ਮੁਨਸ਼ੀ ਕਰਨ ਦੇ ਕਬਜ਼ੇ ਵਿੱਚ ਹੈ ਅਤੇ ਉਸਨੇ ਕਾਰ ਵਾਪਸ ਦਿਵਾਉਣ ਲਈ ਉਸ ਤੋਂ 25 ਹਜ਼ਾਰ ਰੁਪਏ ਰਿਸ਼ਵਤ ਮੰਗੀ ਹੈ।

ਦੋ ਸਰਕਾਰੀ ਗਵਾਹਾਂ ਦੀ ਮੌਜੂਦਗੀ ਵਿੱਚ ਸ਼ਿਕਾਇਤਕਰਤਾ ਤੋਂ 10 ਹਜ਼ਾਰ ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕੀਤਾ ਕਾਬੂ

ਹਾਲਾਂਕਿ, ਗੱਲਬਾਤ ਤੋਂ ਬਾਅਦ ਉਨ੍ਹਾਂ ਦਾ ਸੌਦਾ 15 ਹਜ਼ਾਰ ਰੁਪਏ ਵਿੱਚ ਤੈਅ ਹੋ ਗਿਆ ਜਿਸ ਪਿੱਛੋਂ 28 ਜਨਵਰੀ ਨੂੰ ਸ਼ਿਕਾਇਤਕਰਤਾ ਨੇ ਬਲਵਿੰਦਰ ਸਿੰਘ ਨਾਲ ਫ਼ੋਨ ’ਤੇ ਗੱਲ ਕਰਕੇ ਰਿਸ਼ਵਤ ਦੀ ਰਕਮ ਘਟਾਉਣ ਲਈ ਉਸਨੂੰ ਬੇਨਤੀ ਕੀਤੀ, ਜਿਸ ਤੋਂ ਬਾਅਦ ਮੁਲਜ਼ਮ ਬਲਵਿੰਦਰ ਸਿੰਘ 10 ਹਜ਼ਾਰ ਰੁਪਏ ਰਿਸ਼ਵਤ ’ਤੇ ਸਹਿਮਤ ਹੋ ਗਿਆ। ਸ਼ਿਕਾਇਤਕਰਤਾ ਨੇ ਫੋਨ ’ਤੇ ਹੋਈ ਸਾਰੀ ਗੱਲਬਾਤ ਨੂੰ ਸਬੂਤ ਵਜੋਂ ਰਿਕਾਰਡ ਕਰ ਲਿਆ ਤੇ ਇਸਨੂੰ ਲੁਧਿਆਣਾ ਸਥਿਤ ਵਿਜੀਲੈਂਸ ਬਿਊਰੋ ਰੇਂਜ ਦੇ ਦਫ਼ਤਰ ’ਚ ਜਮ੍ਹਾਂ ਕਰਵਾ ਦਿੱਤਾ। ਮੁੱਢਲੀ ਜਾਂਚ ਤੋਂ ਬਾਅਦ ਵਿਜੀਲੈਂਸ ਬਿਊਰੋ ਲੁਧਿਆਣਾ ਰੇਂਜ ਦੀ ਟੀਮ ਨੇ ਜਾਲ ਵਿਛਾਇਆ ਅਤੇ ਉਕਤ ਬਲਵਿੰਦਰ ਸਿੰਘ ਨੂੰ ਮਾਛੀਵਾੜਾ ਥਾਣੇ ਦੇ ਬਾਹਰ ਦੋ ਸਰਕਾਰੀ ਗਵਾਹਾਂ ਦੀ ਮੌਜੂਦਗੀ ਵਿੱਚ ਸ਼ਿਕਾਇਤਕਰਤਾ ਤੋਂ 10 ਹਜ਼ਾਰ ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕਰ ਲਿਆ। ਇਸ ਮੌਕੇ ਵਿਜੀਲੈਂਸ ਬਿਊਰੋ ਦੀ ਟੀਮ ਨੂੰ ਸ਼ਿਕਾਇਤਕਰਤਾ ਦੀ ਕਾਰ ਵੀ ਥਾਣੇ ਵਿੱਚ ਖੜ੍ਹੀ ਮਿਲੀ। Punjab Vigilance Bureau

ਬਿਊਰੋ ਦੇ ਬੁਲਾਰੇ ਮੁਤਾਬਕ ਜਾਂਚ ਦੌਰਾਨ ਇਹ ਖੁਲਾਸਾ ਹੋਇਆ ਕਿ ਉਕਤ ਮੁਲਜ਼ਮ ਬਲਵਿੰਦਰ ਸਿੰਘ ਪਹਿਲਾਂ ਹੀ ਪੰਜਾਬ ਆਰਮਡ ਪੁਲਿਸ (ਪੀਏਪੀ) ਤੋਂ ਸੇਵਾ ਮੁਕਤ ਹੋ ਚੁੱਕਾ ਹੈ ਪਰ ਮਾਛੀਵਾੜਾ ਦੇ ਐੱਸਐੱਚਓ ਨੇ ਬਿਨਾਂ ਕਿਸੇ ਵਿਭਾਗੀ ਹੁਕਮ ਦੇ ਉਸਨੂੰ ਥਾਣੇ ਵਿੱਚ ਗੈਰ- ਕਾਨੂੰਨੀ ਤੌਰ ’ਤੇ ਤਾਇਨਾਤ ਕੀਤਾ ਹੋਇਆ ਸੀ। ਇਸ ਤਰ੍ਹਾਂ ਉਕਤ ਮੁਲਜ਼ਮ ਬਿਨਾਂ ਕਿਸੇ ਸਰਕਾਰੀ ਹੁਕਮ ਜਾਂ ਪ੍ਰਵਾਨਗੀ ਦੇ ਪੁਲਿਸ ਥਾਣੇ ਵਿੱਚ ਕੰਮ ਕਰ ਰਿਹਾ ਹੈ। ਇਸ ਕੇਸ ਵਿੱਚ ਸਬੰਧਤ ਐੱਸਐੱਚਓ ਅਤੇ ਮੁੱਖ ਮੁਨਸ਼ੀ ਦੀ ਭੂਮਿਕਾ ਦੀ ਜਾਂਚ ਕੀਤੀ ਜਾ ਰਹੀ ਹੈ।

About The Author

Related Posts