Faridkot Latest News: ਆਈਐਸਆਈ ਨੂੰ ਫ਼ੌਜ ਦੀਆਂ ਗੁਪਤ ਸੂਚਨਾਵਾਂ ਦੇਣ ਦੇ ਦੋਸ਼ ’ਚ ਫ਼ਰੀਦਕੋਟ ਦੀ ਮਹਿਲਾ ਗ੍ਰਿਫ਼ਤਾਰ
ਭਾਰਤ-ਚੀਨ ਸਰਹੱਦ ’ਤੇ ਤਾਇਨਾਤ ਦੋ ਫ਼ੌਜੀ ਵੀ ਨਾਮਜ਼ਦ; ਆਫ਼ੀਸ਼ੀਅਲ ਸੀਕ੍ਰੇਟਸ ਐਕਟ ਤਹਿਤ ਕੇਸ ਦਰਜ, ਪੁਲਿਸ ਵੱਲੋਂ ਜਾਂਚ ਜਾਰੀ
ਫ਼ਰੀਦਕੋਟ, (ਸੱਚ ਕਹੂੰ ਨਿਊਜ਼/ਹਿੰ.ਸ.)| ਭਾਰਤੀ ਫ਼ੌਜ ਨਾਲ ਸਬੰਧਤ ਗੁਪਤ ਸੂਚਨਾਵਾਂ ਪਾਕਿਸਤਾਨ ਦੀ ਖੁਫੀਆ ਏਜੰਸੀ ਆਈਐੱਸਆਈ ਅਤੇ ਪਾਕਿਸਤਾਨੀ ਫ਼ੌਜ ਤੱਕ ਪਹੁੰਚਾਉਣ ਦੇ ਦੋਸ਼ ਹੇਠ ਫ਼ਰੀਦਕੋਟ ਦੀ ਇੱਕ ਮਹਿਲਾ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ ਮਾਮਲੇ ਵਿੱਚ ਭਾਰਤ-ਚੀਨ ਸਰਹੱਦ ’ਤੇ ਤਾਇਨਾਤ ਦੋ ਫ਼ੌਜੀ ਜਵਾਨਾਂ ਨੂੰ ਵੀ ਨਾਮਜ਼ਦ ਕੀਤਾ ਗਿਆ ਹੈ। ਪੁਲਿਸ ਨੇ ਤਿੰਨਾਂ ਖ਼ਿਲਾਫ਼ ਆਫ਼ੀਸ਼ੀਅਲ ਸੀਕ੍ਰੇਟਸ ਐਕਟ, 1923 ਤਹਿਤ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ: Farmers Protest Punjab: ਕਿਸਾਨਾਂ ਦੀਆਂ ਮੰਗਾਂ ਮੰਨਣ ਦੇ ਭਰੋਸੇ ਮਗਰੋਂ ਘੱਗਾ ਟੋਲ ਪਲਾਜ਼ੇ ਤੋਂ ਧਰਨਾ ਮੁਲਤਵੀਂ
ਪੁਲਿਸ ਅਨੁਸਾਰ ਗ੍ਰਿਫ਼ਤਾਰ ਮਹਿਲਾ ਦੀ ਪਛਾਣ ਗੁਰਨੂਰ ਸਿੱਧੂ ਵਾਸੀ ਹਰਿੰਦਰਾ ਨਗਰ, ਫ਼ਰੀਦਕੋਟ ਵਜੋਂ ਹੋਈ ਹੈ। ਨਾਮਜ਼ਦ ਫ਼ੌਜੀ ਜਵਾਨਾਂ ਦੀ ਪਛਾਣ ਦਿਲਪ੍ਰੀਤ ਸਿੰਘ ਵਾਸੀ ਪਿੰਡ ਖੁਖਰਾਣਾ, ਜ਼ਿਲ੍ਹਾ ਮੋਗਾ ਅਤੇ ਰਾਜਬੀਰ ਸਿੰਘ ਵਾਸੀ ਪਿੰਡ ਰਸੂਲਪੁਰ, ਜ਼ਿਲ੍ਹਾ ਤਰਨਤਾਰਨ ਵਜੋਂ ਹੋਈ ਹੈ। ਪੁਲਿਸ ਮੁਤਾਬਕ, ਐੱਸਐੱਸਓਸੀ ਫ਼ਾਜ਼ਿਲਕਾ ਦੇ ਇੰਚਾਰਜ ਇੰਸਪੈਕਟਰ ਸਤੀਸ਼ ਕੁਮਾਰ ਦੀ ਅਗਵਾਈ ਹੇਠ ਪੁਲਿਸ ਪਾਰਟੀ ਫ਼ਿਰੋਜ਼ਪੁਰ ਇਲਾਕੇ ਵਿੱਚ ਗਸ਼ਤ ਕਰ ਰਹੀ ਸੀ। ਇਸ ਦੌਰਾਨ ਰੁਕਨਾ ਬੇਗੂ ਪੁਲ ਸੇਮ ਨਾਲੇ ਨੇੜੇ ਸ਼ਾਮ ਕਰੀਬ 4 ਵਜੇ ਸੂਚਨਾ ਮਿਲੀ ਕਿ ਤਿੰਨਾਂ ਨੇ ਕਥਿਤ ਤੌਰ ’ਤੇ ਇੱਕ ਗਿਰੋਹ ਬਣਾਇਆ ਹੋਇਆ ਹੈ ਅਤੇ ਉਨ੍ਹਾਂ ਦੇ ਪਾਕਿਸਤਾਨ ਦੀ ਆਈਐੱਸਆਈ ਤੇ ਪਾਕਿਸਤਾਨੀ ਫ਼ੌਜ ਨਾਲ ਸੰਪਰਕ ਹਨ।
ਪੁਲਿਸ ਨੂੰ ਮਿਲੀ ਜਾਣਕਾਰੀ ਅਨੁਸਾਰ, ਦੋਵੇਂ ਫ਼ੌਜੀ ਜਵਾਨ ਆਪਣੀ ਤਾਇਨਾਤੀ ਦਾ ਫ਼ਾਇਦਾ ਉਠਾ ਕੇ ਭਾਰਤੀ ਫ਼ੌਜੀ ਖੇਤਰਾਂ ਅਤੇ ਛਾਉਣੀਆਂ ਨਾਲ ਸਬੰਧਤ ਅਹਿਮ ਤੇ ਗੁਪਤ ਜਾਣਕਾਰੀਆਂ ਇਕੱਠੀਆਂ ਕਰਦੇ ਸਨ। ਇਹ ਜਾਣਕਾਰੀਆਂ ਕਥਿਤ ਤੌਰ ’ਤੇ ਮਹਿਲਾ ਗੁਰਨੂਰ ਸਿੱਧੂ ਰਾਹੀਂ ਮੋਬਾਈਲ ਫ਼ੋਨ, ਟੈਬਲੇਟ ਅਤੇ ਇੰਟਰਨੈੱਟ ਦੀ ਵਰਤੋਂ ਕਰਕੇ ਪਾਕਿਸਤਾਨ ਭੇਜੀਆਂ ਜਾਂਦੀਆਂ ਸਨ।
ਸੂਚਨਾ ਦੇ ਆਧਾਰ ’ਤੇ ਪੁਲਿਸ ਨੂੰ ਪਤਾ ਲੱਗਾ ਕਿ ਗੁਰਨੂਰ ਸਿੱਧੂ ਫ਼ਿਰੋਜ਼ਪੁਰ ਦੇ ਕਿਲ੍ਹਾ ਚੌਕ ਤੋਂ ਹੁਸੈਨੀਵਾਲਾ ਬਾਰਡਰ ਰੋਡ ਵੱਲ ਰੇਲਵੇ ਫਾਟਕ ਨੇੜੇ ਬਣ ਰਹੇ ਪੁਲ ਕੋਲ ਮੌਜੂਦ ਹੈ। ਇਸ ਤੋਂ ਬਾਅਦ ਪੁਲਿਸ ਟੀਮ ਨੇ ਕਾਰਵਾਈ ਕਰਦਿਆਂ ਉਸ ਨੂੰ ਗ੍ਰਿਫ਼ਤਾਰ ਕਰ ਲਿਆ। ਹੁਣ ਪੁਲਿਸ ਵੱਲੋਂ ਉਸ ਨੂੰ ਰਿਮਾਂਡ ’ਤੇ ਲੈ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ, ਤਾਂ ਜੋ ਮਾਮਲੇ ਨਾਲ ਜੁੜੇ ਹੋਰ ਤੱਥ ਸਾਹਮਣੇ ਲਿਆਂਦੇ ਜਾ ਸਕਣ।
ਸੂਤਰਾਂ ਅਨੁਸਾਰ, ਗੁਰਨੂਰ ਸਿੱਧੂ ਅਸਲ ਵਿੱਚ ਫ਼ਿਰੋਜ਼ਪੁਰ ਦੀ ਰਹਿਣ ਵਾਲੀ ਹੈ ਅਤੇ ਉਸ ਨੇ ਕਥਿਤ ਤੌਰ ’ਤੇ ਫ਼ਰੀਦਕੋਟ ਦੀ ਵਸਨੀਕ ਹੋਣ ਸਬੰਧੀ ਜਾਅਲੀ ਦਸਤਾਵੇਜ਼ ਤਿਆਰ ਕਰਵਾਏ ਹੋਏ ਹਨ। ਇਸ ਪਹਿਲੂ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ, ਫ਼ਰੀਦਕੋਟ ਦੀਆਂ ਖੁਫੀਆ ਅਤੇ ਸੁਰੱਖਿਆ ਏਜੰਸੀਆਂ ਵੱਲੋਂ ਵੀ ਮਾਮਲੇ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ, ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਮੁਲਜ਼ਮਾਂ ਨੇ ਫ਼ਰੀਦਕੋਟ ਦੀ ਫ਼ੌਜੀ ਛਾਉਣੀ ਨਾਲ ਸਬੰਧਤ ਕੋਈ ਗੁਪਤ ਜਾਣਕਾਰੀ ਤਾਂ ਪਾਕਿਸਤਾਨ ਤੱਕ ਨਹੀਂ ਪਹੁੰਚਾਈ। ਪੁਲਿਸ ਵੱਲੋਂ ਮਾਮਲੇ ਦੇ ਸਾਰੇ ਪਹਿਲੂਆਂ ਦੀ ਜਾਂਚ ਜਾਰੀ ਹੈ।