ਮੁੱਖ ਮੰਤਰੀ ਭਗਵੰਤ ਮਾਨ ਦੇ ਭ੍ਰਿਸ਼ਟਾਚਾਰ ਐਕਸ਼ਨ ਦਾ ਹੁਣ ਤੱਕ ਦਾ ਰਿਪੋਰਟ ਕਾਰਡ, 45 ਵਿਅਕਤੀ ਕੀਤੇ ਗਿ੍ਫ਼ਤਾਰ

ਅੱਠ ਵਿਅਕਤੀ ਫਰਾਰ; ਫੜਨ ਲਈ ਕੋਸ਼ਿਸ਼ਾਂ ਜਾਰੀ, 28 ਐਫਆਈਆਰ ਦਰਜ

ਚੰਡੀਗੜ੍ਹ, (ਅਸ਼ਵਨੀ ਚਾਵਲਾ) ਭ੍ਰਿਸ਼ਟਾਚਾਰ ਨੂੰ ਬਿਲਕੁੱਲ ਵੀ ਬਰਦਾਸ਼ਤ ਨਾ ਕਰਨ ਦੀ ਰਣਨੀਤੀ ਤਹਿਤ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਆਪਣੇ ਕਾਰਜਕਾਲ ਦੇ ਥੋੜ੍ਹੇ ਸਮੇਂ ਵਿੱਚ ਹੁਣ ਤੱਕ 45 ਸਰਕਾਰੀ ਅਧਿਕਾਰੀਆਂ/ਮੁਲਾਜ਼ਮਾਂ ਤੇ ਹੋਰਾਂ ਨੂੰ ਵੱਢੀਖੋਰੀ ਦੇ ਦੋਸ਼ ਹੇਠ ਕਾਬੂ ਕੀਤਾ ਹੈ।ਅਹੁਦਾ ਸੰਭਾਲਣ ਦੇ ਪਹਿਲੇ ਦਿਨ ਹੀ ਮੁੱਖ ਮੰਤਰੀ ਨੇ ਲੋਕਾਂ ਨਾਲ ਭਿ੍ਰਸ਼ਟਾਚਾਰ ਮੁਕਤ, ਪਾਰਦਰਸ਼ੀ ਤੇ ਸਾਫ਼-ਸੁਥਰਾ ਪ੍ਰਸ਼ਾਸਨ ਦੇਣ ਦਾ ਵਾਅਦਾ ਕੀਤਾ ਸੀ ਅਤੇ ਇਸ ਲਈ ਕਈ ਕਦਮ ਚੁੱਕੇ ਗਏ ਹਨ। ਉਨ੍ਹਾਂ ਭਿ੍ਰਸ਼ਟਾਚਾਰ ਖ਼ਿਲਾਫ਼ ਸ਼ਿਕਾਇਤਾਂ ਦਰਜ ਕਰਵਾਉਣ ਲਈ ਲੋਕਾਂ ਦੀ ਸਹੂਲਤ ਵਾਸਤੇ ਵਟਸਐਪ ਆਧਾਰਿਤ ਇੱਕ ਭਿ੍ਰਸ਼ਟਾਚਾਰ ਵਿਰੋਧੀ ਹੈਲਪਲਾਈਨ ਨੰਬਰ ਵੀ ਜਾਰੀ ਕੀਤਾ ਸੀ।

ਇਹ ਹੈਲਪਲਾਈਨ ਵਰਦਾਨ ਸਾਬਤ ਹੋਈ ਹੈ, ਕਿਉਕਿ ਲੋਕ ਇਸ ਦੀ ਵਰਤੋਂ ਭ੍ਰਿਸ਼ਟਾਚਾਰ ਦੀ ਜੜ ਵੱਢਣ ਲਈ ਪ੍ਰਭਾਵਸ਼ਾਲੀ ਤਰੀਕੇ ਵਜੋਂ ਕਰ ਰਹੇ ਹਨ।ਇਸ ਨੰਬਰ ਉਤੇ ਮਿਲੀਆਂ ਪ੍ਰਮਾਣਿਕ ਸ਼ਿਕਾਇਤਾਂ ਦੇ ਆਧਾਰ ’ਤੇ ਪੰਜਾਬ ਪੁਲਿਸ ਨੇ ਭਿ੍ਰਸ਼ਟ ਅਧਿਕਾਰੀਆਂ /ਮੁਲਾਜ਼ਮਾਂ ਤੇ ਹੋਰ ਮੁਲਜ਼ਮਾਂ ਖ਼ਿਲਾਫ਼ 28 ਐਫਆਈਆਰ ਦਰਜ ਕੀਤੀਆਂ ਹਨ

ਮੁੱਖ ਮੰਤਰੀ ਦੀਆਂ ਹਦਾਇਤਾਂ ‘ਤੇ ਵਿਜੀਲੈਂਸ ਨੇ ਹੁਣ ਤੱਕ ਪੁਲਿਸ ਦੇ ਇਕ ਸਬ-ਇੰਸਪੈਕਟਰ, ਅੱਠ ਸਹਾਇਕ ਸਬ-ਇੰਸਪੈਕਟਰਾਂ, ਤਿੰਨ ਹੌਲਦਾਰਾਂ, ਇੱਕ ਸਿਪਾਹੀ, ਹੋਮਗਾਰਡ ਦੇ ਇੱਕ ਜਵਾਨ, ਦੋ ਪਟਵਾਰੀਆਂ, ਇਕ ਕਲਰਕ, ਇੱਕ ਨੰਬਰਦਾਰ, ਪੰਜਾਬ ਸਕੂਲ ਸਿੱਖਿਆ ਬੋਰਡ ਦੇ ਇੱਕ ਡੇਟਾ ਐਂਟਰੀ ਅਪਰੇਟਰ, ਸਰਕਾਰੀ ਆਈਟੀਆਈ ਐਸਏਐਸ ਨਗਰ ਦੇ ਇੱਕ ਪਿ੍ਰੰਸੀਪਲ, ਇੱਕ ਮੈਡੀਕਲ ਅਫ਼ਸਰ, ਇੱਕ ਡਿਵੀਜ਼ਨਲ ਜੰਗਲਾਤ ਅਫ਼ਸਰ ਅਤੇ ਜੁਡੀਸ਼ੀਅਲ ਵਿਭਾਗ ਦੇ ਸੰਮਨ ਭੇਜਣ ਵਾਲੇ ਸਟਾਫ਼ ਦੇ ਇੱਕ ਮੈਂਬਰ ਨੂੰ ਗਿ੍ਰਫ਼ਤਾਰ ਕੀਤਾ ਹੈ।

ਇਸੇ ਤਰ੍ਹਾਂ ਮਾਈਨਿੰਗ ਕੇਸ ਵਿੱਚ 17 ਜਣਿਆਂ, ਪਟਵਾਰੀਆਂ ਦੇ ਚਾਰ ਸਹਾਇਕਾਂ ਤੇ ਇੱਕ ਜੰਗਲਾਤ ਠੇਕੇਦਾਰ ਨੂੰ ਭਿ੍ਰਸ਼ਟ ਗਤੀਵਿਧੀਆਂ ਵਿੱਚ ਸ਼ਾਮਲ ਹੋਣ ਦੇ ਦੋਸ਼ ਹੇਠ ਫੜਿਆ ਗਿਆ ਹੈ ਪੁਲਿਸ ਨੇ 21 ਜੂਨ 2022 ਤੱਕ ਭਿ੍ਰਸ਼ਟਾਚਾਰ ਦੇ ਦੋਸ਼ਾਂ ਹੇਠ ਕੁੱਲ 45 ਵਿਅਕਤੀਆਂ ਨੂੰ ਕਾਬੂ ਕੀਤਾ ਹੈ।

ਇਸ ਦੌਰਾਨ ਮੁੱਖ ਮੰਤਰੀ ਨੇ ਕਿਹਾ ਕਿ ਇਹ ਤਾਂ ਅਜੇ ਸ਼ੁਰੂਆਤ ਹੋਈ ਹੈ ਅਤੇ ਭਿ੍ਰਸ਼ਟ ਅਫਸਰਾਂ ਅਤੇ ਮੁਲਾਜ਼ਮਾਂ ਨੂੰ ਬਾਹਰ ਦਾ ਰਾਹ ਵਿਖਾ ਕੇ ਸਮੁੱਚੇ ਸਿਸਟਮ ਨੂੰ ਸਾਫ਼ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਸਾਫ਼-ਸੁਥਰੀ, ਕਾਰਗਰ ਅਤੇ ਪਾਰਦਰਸ਼ੀ ਸਰਕਾਰ ਦੇਣ ਲਈ ਸ਼ਾਸਨ ਵਿੱਚੋਂ ਭਿ੍ਰਸ਼ਟਾਚਾਰ ਨੂੰ ਜੜ੍ਹੋਂ ਖਤਮ ਕਰਨ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ। ਭਗਵੰਤ ਮਾਨ ਨੇ ਕਿਹਾ ਕਿ ਲੋਕਾਂ ਨੇ ਉਨ੍ਹਾਂ ਦੇ ਮੋਢਿਆਂ ਉਤੇ ਬਹੁਤ ਵੱਡੀ ਜ਼ਿੰਮੇਵਾਰੀ ਪਾਈ ਹੈ, ਜਿਸ ਕਰ ਕੇ ਪਾਰਦਰਸ਼ੀ ਅਤੇ ਜੁਆਬਦੇਹ ਪ੍ਰਸ਼ਾਸਨ ਦੇ ਕੇ ਲੋਕਾਂ ਦੀਆਂ ਉਮੀਦਾਂ ਉਤੇ ਖਰਾ ਉਤਰਨਾ ਉਨ੍ਹਾਂ ਦਾ ਫ਼ਰਜ਼ ਬਣਦਾ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ