ਭਾਰਤ ਦੇ ਮਿਜ਼ਾਇਲ ਮੈਨ ਨੂੰ ਯਾਦ ਕਰਦਿਆਂ

Remembering, Missile, ManOfIndia

ਗੋਬਿੰਦਰ ਸਿੰਘ ‘ਬਰੜਵਾਲ’

ਕਾਲਾ ਰੰਗ ਭਾਵਨਾਤਮਕ ਤੌਰ ‘ਤੇ ਮਾੜਾ ਮੰਨਿਆ ਜਾਂਦਾ ਹੈ ਪਰੰਤੂ ਜਮਾਤ ਵਿੱਚ ਲੱਗਾ ‘ਕਾਲਾ ਬੋਰਡ’ ਵਿਦਿਆਰਥੀਆਂ ਦੀ ਜ਼ਿੰਦਗੀ ਨੂੰ ਚਮਕਾਉਂਦਾ ਹੈ ਅਤੇ ਉਹਨਾਂ ਦੇ ਸੁਪਨਿਆਂ ਨੂੰ ਖੰਭ ਲਾਉਂਦਾ ਹੈ। ਸੰਯੁਕਤ ਰਾਸ਼ਟਰ ਸੰਘ ਨੇ ਸਾਲ 2010 ਵਿੱਚ ਡਾ. ਏ. ਪੀ. ਜੇ. ਅਬਦੁਲ ਕਲਾਮ ਦੀ ਜਨਮ ਮਿਤੀ 15 ਅਕਤੂਬਰ ਨੂੰ ਵਿਸ਼ਵ ਵਿਦਿਆਰਥੀ ਦਿਵਸ ਐਲਾਨਿਆ। ਡਾ. ਕਲਾਮ ਹਮੇਸ਼ਾ ਵਿਦਿਆਰਥੀਆਂ ਨਾਲ ਜੁੜੇ ਰਹੇ ਅਤੇ ਵਿਦਿਆਰਥੀਆਂ ਲਈ ਪ੍ਰੇਰਣਾ ਦਾ ਸੋਮਾ ਬਣੇ ਅਤੇ ਡਾ. ਕਲਾਮ ਅਨੁਸਾਰ ਵਿਦਿਆਰਥੀਆਂ ਦਾ ਜੀਵਨ ਵਿੱਚ ਉਦੇਸ਼ ਹੋਣਾ ਚਾਹੀਦਾ ਹੈ, ਗਿਆਨ ਦੇ ਸਾਰੇ ਸੰਭਵ ਸੋਮਿਆਂ ਦੇ ਮਾਧਿਅਮ ਰਾਹੀਂ ਇਸ ਨੂੰ ਪ੍ਰਾਪਤ ਕਰਨਾ ਚਾਹੀਦਾ ਹੈ, ਸਖ਼ਤ ਮਿਹਨਤ ਕਰਨੀ ਅਤੇ ਸਮੱਸਿਆਵਾਂ ਤੋਂ ਕਦੇ ਹਾਰ ਨਹੀਂ ਮੰਨਣੀ ਚਾਹੀਦੀ, ਹਮੇਸ਼ਾ ਸਮੱਸਿਆਵਾਂ ਨੂੰ ਹਰਾ ਕੇ ਆਪਣੇ ਜੀਵਨ ਵਿੱਚ ਸਫ਼ਲ ਹੋਣਾ ਚਾਹੀਦਾ ਹੈ।

ਦੱਖਣੀ ਭਾਰਤੀ ਰਾਜ ਤਮਿਲਨਾਡੂ ਦੇ ਰਮੇਸ਼ਵਰਮ ਦੇ ਧਨੁਸ਼ਕੋਡੀ ਪਿੰਡ ‘ਚ ਮੱਧਮ ਵਰਗ ਦੇ ਮੁਸਲਿਮ ਪਰਿਵਾਰ ਵਿੱਚ ਪਿਤਾ ਜੈਨੂਲਬਦੀਨ ਦੇ ਘਰ ਮਾਤਾ ਆਸ਼ੀਅੰਮਾ ਦੀ ਕੁੱਖੋਂ 15 ਅਕਤੂਬਰ 1931 ਨੂੰ ਏ. ਪੀ. ਜੇ. ਅਬਦੁਲ ਕਲਾਮ ਦਾ ਜਨਮ ਹੋਇਆ। ਡਾ. ਏ. ਪੀ. ਜੇ. ਅਬਦੁਲ ਕਲਾਮ ਦਾ ਪੂਰਾ ਨਾਂਅ ਡਾ. ਅਬੁਲ ਪਾਕਿਰ ਜੈਨੂਲਬਦੀਨ ਅਬਦੁਲ ਕਲਾਮ ਸੀ ਅਤੇ ਉਹਨਾਂ ਦੀ 27 ਜੁਲਾਈ 2015 ਨੂੰ ਆਈ. ਆਈ. ਐੱਮ. ਸ਼ਿਲਾਂਗ ਵਿੱਚ ਲੈਕਚਰ ਦਿੰਦੇ ਸਮੇਂ ਦਿਲ ਦਾ ਦੌਰਾ ਪੈਣ ਨਾਲ 83 ਵਰ੍ਹਿਆਂ ਦੀ ਉਮਰ ਵਿੱਚ ਮੌਤ ਹੋ ਗਈ। ਡਾ. ਕਲਾਮ ਨੇ 25 ਕਿਤਾਬਾਂ ਲਿਖੀਆਂ ਜਿਹਨਾਂ ਵਿੱਚ ਉਹਨਾਂ ਦੀ ਆਤਮ ਕਥਾ ‘ਵਿੰਗਜ਼ ਆਫ਼ ਫਾਇਰ (1999)’ ਕਾਫ਼ੀ ਚਰਚਿਤ ਰਹੀ।

ਸ਼ੁਰੂਆਤੀ ਪੜ੍ਹਾਈ ਸਮੇਂ ਕਲਾਮ ਅਖਬਾਰ ਵੰਡਣ ਦਾ ਕੰਮ ਵੀ ਕਰਦੇ ਰਹੇ ਤੇ ਉਹ ਏਅਰੋਸਪੇਸ ਟੈਕਨਾਲੋਜੀ ‘ਚ ਆਉਣ ਪਿੱਛੇ ਆਪਣੇ ਪੰਜਵੀਂ ਜਮਾਤ ਦੇ ਅਧਿਆਪਕ ਸੁਬਰਾਮਣੀਅਮ ਅਈਅਰ ਨੂੰ ਮੰਨਦੇ ਸਨ। ਕਲਾਮ ਨੇ ਫਿਜ਼ਿਕਸ ਦੀ ਪੜ੍ਹਾਈ ਕੀਤੀ ਅਤੇ ਮਦਰਾਸ ਇੰਜੀਨੀਅਰਿੰਗ ਕਾਲਜ ਵਿੱਚੋਂ ਏਅਰੋਨਾਟੀਕਲ ਇੰਜੀਨੀਅਰਿੰਗ ਕੀਤੀ।

ਡਾ. ਕਲਾਮ ਸਾਲ 1958 ਵਿੱਚ ਰੱਖਿਆ ਖੋਜ ਅਤੇ ਵਿਕਾਸ ਸੰਗਠਨ (ਡੀ.ਆਰ.ਡੀ.ਓ.) ਨਾਲ ਜੁੜੇ ਅਤੇ ਬਾਅਦ ਵਿੱਚ ਸਾਲ 1963 ਵਿੱਚ ਕਲਾਮ ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਨਾਲ ਜੁੜੇ। ਇਹਨਾਂ ਦੇ ਪ੍ਰਾਜੈਕਟ ਡਾਇਰੈਕਟਰ ਰਹਿੰਦੇ ਹੋਏ ਭਾਰਤ ਨੇ ਆਪਣਾ ਪਹਿਲਾ ਸਵਦੇਸ਼ੀ ਉਪਗ੍ਰਹਿ ਐੱਸ.ਐੱਲ.ਵੀ.-3 ਬਣਾਇਆ। ਸਾਲ 1980 ਵਿੱਚ ਰੋਹਿਣੀ ਉਪਗ੍ਰਹਿ ਨੂੰ ਧਰਤੀ ਦੇ ਨੇੜੇ ਸਥਾਪਿਤ ਕੀਤਾ ਗਿਆ ਅਤੇ ਭਾਰਤ ਅੰਤਰਰਾਸ਼ਟਰੀ ਪੁਲਾੜ ਕਲੱਬ ਦਾ ਮੈਂਬਰ ਬਣ ਗਿਆ।

ਕਲਾਮ ਨੇ ਇਸ ਤੋਂ ਬਾਅਦ ਸਵਦੇਸ਼ੀ ਗਾਈਡਿਡ ਮਿਜ਼ਾਈਲ ਨੂੰ ਡਿਜ਼ਾਇਨ ਕੀਤਾ। ਉਹਨਾਂ ਨੇ ਪ੍ਰਿਥਵੀ  (1988) ਅਤੇ ਅਗਨੀ (1989) ਵਰਗੀਆਂ ਮਿਜ਼ਾਈਲਾਂ ਭਾਰਤੀ ਤਕਨੀਕ ਨਾਲ ਬਣਾਈਆਂ। ਸਾਲ 1998 ਵਿੱਚ ਰੂਸ ਦੇ ਨਾਲ ਮਿਲ ਕੇ ਭਾਰਤ ਨੇ ਸੁਪਰਸੋਨਿਕ ਕਰੂਜ ਮਿਜ਼ਾਈਲ ਬਣਾਉਣ ‘ਤੇ ਕੰਮ ਸ਼ੁਰੂ ਕੀਤਾ ਅਤੇ ਬ੍ਰਹਿਮੋਸ ਪ੍ਰਾਈਵੇਟ ਲਿਮਟਿਡ ਦੀ ਸਥਾਪਨਾ ਕੀਤੀ ਗਈ। ਬ੍ਰਹਿਮੋਸ ਮਿਜ਼ਾਈਲ ਨੂੰ ਧਰਤੀ, ਅਸਮਾਨ ਅਤੇ ਸਮੁੰਦਰ ਵਿੱਚ ਕਿਤੇ ਵੀ ਦਾਗਿਆ ਜਾ ਸਕਦਾ ਹੈ। ਡਾ. ਕਲਾਮ ਨੂੰ ‘ਭਾਰਤ ਦੇ ਮਿਜ਼ਾਈਲ ਮੈਨ’ ਦੇ ਰੂਪ ਵਿੱਚ ਪ੍ਰਸਿੱਧੀ ਮਿਲੀ।

ਡਾ. ਕਲਾਮ ਨੂੰ ਸਮੇਂ-ਸਮੇਂ ‘ਤੇ ਬਹੁਤ ਮਾਣ-ਸਨਮਾਣ ਨਾਲ ਸਨਮਾਨਿਤ ਕੀਤਾ ਗਿਆ ਜਿਹਨਾਂ ਵਿੱਚ ਸਾਲ 1981 ਵਿੱਚ ਭਾਰਤ ਸਰਕਾਰ ਵੱਲੋਂ ਪਦਮ ਭੂਸ਼ਣ, ਸਾਲ 1990 ਵਿੱਚ ਪਦਮ ਵਿਭੂਸ਼ਣ ਅਤੇ ਸਾਲ 1997 ਵਿੱਚ ਦੇਸ਼ ਦਾ ਸਰਵਉੱਚ ਨਾਗਰਿਕ ਸਨਮਾਣ ‘ਭਾਰਤ ਰਤਨ’ ਵਿਸ਼ੇਸ਼ ਵਰਣਨਯੋਗ ਹੈ। ਡਾ. ਕਲਾਮ ਨੂੰ ਵੱਖੋ-ਵੱਖਰੀਆਂ ਯੂਨੀਵਰਸਿਟੀਆਂ ਪਾਸੋਂ 7 ਆਨਰੇਰੀ ਡਾਕਟਰੇਟ ਡਿਗਰੀਆਂ ਦਿੱਤੀਆਂ ਗਈਆਂ।

ਡਾ. ਕਲਾਮ 1992 ਤੋਂ 1999 ਤੱਕ ਭਾਰਤੀ ਰੱਖਿਆ ਮੰਤਰੀ ਦੇ ਰੱਖਿਆ ਸਲਾਹਕਾਰ ਵੀ ਰਹੇ। ਡਾ. ਕਲਾਮ ਭਾਰਤ ਸਰਕਾਰ ਦੇ ਮੁੱਖ ਵਿਗਿਆਨਕ ਸਲਾਹਕਾਰ ਵੀ ਰਹੇ। ਡਾ. ਕਲਾਮ ਨੂੰ 2002 ਵਿੱਚ ਭਾਰਤ ਦੇ 11ਵੇਂ ਰਾਸ਼ਟਰਪਤੀ ਦੇ ਤੌਰ ‘ਤੇ ਚੁਣਿਆ ਗਿਆ ਅਤੇ ਇਹ ਉਹਨਾਂ ਦੀ ਲੋਕਪ੍ਰੀਅਤਾ ਹੈ ਕਿ ਉਹਨਾਂ ਨੂੰ ‘ਲੋਕਾਂ ਦਾ ਰਾਸ਼ਟਰਪਤੀ’ ਦੇ ਰੂਪ ਵਿੱਚ ਜਾਣਿਆ ਜਾਂਦਾ ਹੈ।

ਹਰ ਵਿਦਿਆਰਥੀ ਦਾ ਫ਼ਰਜ਼ ਹੈ ਕਿ ਪੜ੍ਹ-ਲਿਖ ਕੇ ਉਹ ਇੱਕ ਆਦਰਸ਼ ਸ਼ਖਸੀਅਤ ਰੱਖਦੇ ਹੋਏ ਪਰਿਵਾਰ, ਸਮਾਜ ਅਤੇ ਦੇਸ਼ ਦੇ ਵਿਕਾਸ ਵਿੱਚ ਆਪਣਾ ਅਹਿਮ ਯੋਗਦਾਨ ਪਾਵੇ। ਸਮੇਂ ਦੀ ਹਕੀਕਤ ਹੈ ਕਿ ਸਾਡੀ ਸਿੱਖਿਆ ਪ੍ਰਣਾਲੀ ਦਾ ਮਿਆਰ ਅਤੇ ਗੁਣਵੱਤਾ ਦਿਨ-ਬ-ਦਿਨ ਨਿਘਾਰ ਵੱਲ ਜਾ ਰਹੀ ਹੈ, ਇੱਕ ਆਦਰਸ਼ ਵਿਦਿਆਰਥੀ ਵਰਗ ਦੇ ਨਿਰਮਾਣ ਲਈ ਜ਼ਰੂਰੀ ਹੈ ਕਿ ਸਰਕਾਰਾਂ ਸਿੱਖਿਆ ਨੀਤੀ ਤੇ ਸਿੱਖਿਆ ਪ੍ਰਣਾਲੀ ਦੀ ਕਾਰਜਸ਼ੈਲੀ ‘ਤੇ ਚਿੰਤਾ ਕਰਨ ਤੇ ਲੋੜੀਂਦੇ ਸੁਧਾਰਾਂ ਨੂੰ ਅਮਲੀ ਜਾਮਾ ਪਹਿਨਾਉਣ।

ਬਰੜ੍ਹਵਾਲ,
ਧੂਰੀ (ਸੰਗਰੂਰ)

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।