ਅਰਥੀ ਨੂੰ ਆਪਣਿਆਂ ਨੇ ਕੀਤਾ ਦਰਕਿਨਾਰ, ਬੇਗਾਨੇ ਮੋਢਾ ਦੇਣ ਲਈ ਤਿਆਰ

ਪਿੰਡ ਜਹਾਂਗੀਰ ਦੇ ਲੋਕਾਂ ਨੇ ਕੀਤੀ ਪਹਿਲਕਦਮੀ

ਅੰਮ੍ਰਿਤਸਰ, (ਰਾਜਨ ਮਾਨ) ਕਰੋਨਾ ਦੇ ਖੌਫ ਦੇ ਕਾਰਨ ਲੋਕਾਂ ਦਾ ਖੂਨ ਸਫੈਦ ਹੋ ਜਾਣ ‘ਤੇ ਮੌਤ ਦੇ ਮੂੰਹ ਵਿੱਚ ਗਏ ਕੁਝ ਲੋਕਾਂ ਨੂੰ ਉਹਨਾਂ ਦੇ ਪਰਿਵਾਰਾਂ ਵੱਲੋਂ ਲੈਣ ਤੋਂ ਇਨਕਾਰ ਕਰਨ ਦੀਆਂ ਘਟਨਾਵਾਂ ਨਾਲ ਮਨੁੱਖਤਾ ਸ਼ਰਮਸਾਰ ਹੋਈ ਹੈ ਇਸ ਦੇ ਉਲਟ ਪਹਿਲਕਦਮੀ ਕਰਦਿਆਂ ਆਪਣਿਆਂ ਵੱਲੋਂ ਨਕਾਰੇ ਵਿਅਕਤੀਆਂ ਨੂੰ ਬੇਗਾਨਿਆਂ ਨੇ ਮੋਢਾ ਦੇਣ ਦਾ ਬੀੜਾ ਚੁੱਕ ਕੇ ਖੂਨ ਦੇ ਰਿਸ਼ਤਿਆਂ ਦਾ ਨਾਟਕ ਕਰਨ ਵਾਲਿਆਂ ਦੇ ਮੂੰਹ ‘ਤੇ ਕਰਾਰੀ ਚਪੇੜ ਮਾਰੀ ਹੈ

ਪਿਛਲੇ ਕੁਝ ਦਿਨਾਂ ਵਿੱਚ ਪੰਜਾਬ ਵਿੱਚ ਲੁਧਿਆਣਾ ਤੇ ਅੰਮ੍ਰਿਤਸਰ ਵਿੱਚ ਕੇਸ ਸਾਹਮਣੇ ਆਏ ਹਨ ਜਿੱਥੇ ਮ੍ਰਿਤਕਾਂ ਦੇ ਬੱਚਿਆਂ ਨੇ ਹੀ ਉਹਨਾਂ ਨੂੰ ਲੈਣ ਤੋਂ ਇਨਕਾਰ ਦਿੱਤਾ ਆਪਣਿਆਂ ਲਈ ਸਾਰੀ ਉਮਰ ਆਪਣੀ ਜਿੰਦਗੀ ਕੁਰਬਾਨ ਕਰਨ ਵਾਲਿਆਂ ਨੇ ਆਖਰੀ ਵਕਤ ਮੋਢਾ ਵੀ ਨਹੀਂ ਦਿੱਤਾ ਇਨ੍ਹਾਂ ਸ਼ਰਮਨਾਕ ਘਟਨਾਵਾਂ ਨੂੰ ਵੇਖਦਿਆਂ ਪਿੰਡ ਜਹਾਂਗੀਰ ਦੇ ਲੋਕਾਂ ਨੇ ਪਹਿਲ ਕਦਮੀ ਕਰਕੇ ਖੂਨੀ ਰਿਸ਼ਤਿਆਂ ਦਾ ਘਾਣ ਕਰਨ ਵਾਲਿਆਂ ਦੇ ਮੂੰਹ ‘ਤੇ ਕਰਾਰੀ ਚਪੇੜ ਮਾਰੀ ਹੈ ਪਿੰਡ ਵਾਸੀਆਂ ਨੇ ਐਲਾਨ ਕੀਤਾ ਹੈ ਕਿ ਜਿੱਥੇ ਵੀ ਕਿਸੇ ਵਿਅਕਤੀ ਜਿਸ ਦੀ ਕਰੋਨਾ ਕਾਰਨ ਮੌਤ ਹੋ ਗਈ ਹੈ ਦੇ ਪਰਿਵਾਰਕ ਮੈਂਬਰ ਉਸਦੀਆਂ ਅੰਤਿਮ ਰਸਮਾਂ ਪੂਰੀਆਂ ਕਰਨ ਤੋਂ ਮੁਲਕਰ ਹੁੰਦੇ ਹਨ ਉਹ ਆਪ ਜਾ ਕੇ ਉਸ ਦੀ ਅਰਥੀ ਨੁੰ ਮੋਢਾ ਦੇਣਗੇ ਤੇ ਉਸ ਦੇ ਧਰਮ ਅਨੁਸਾਰ ਹੀ ਸਾਰੀਆਂ ਅੰਤਿਮ ਰਸਮਾਂ ਪੂਰੀਆਂ ਕੀਤੀਆਂ ਜਾਣਗੀਆਂ

ਦੋਵਾਂ ਘਟਨਾਵਾਂ ਨੇ ਪੰਜਾਬੀਆਂ ਦਾ ਸਿਰ ਕੀਤਾ ਨੀਵਾਂ

ਪਿੰਡ ਜਹਾਂਗੀਰ ਦੇ ਜਸਵਿੰਦਰ ਸਿੰਘ ਜਹਾਂਗੀਰ, ਪਰਨਾਮ ਸਿੰਘ ਖਾਲਸਾ ਅਤੇ ਜਸਪਿੰਦਰ ਸਿੰਘ ਨੇ ਦੱਸਿਆ ਕਿ ਪੰਜਾਬ ਵਿੱਚ ਹੋਈਆਂ ਇਹਨਾਂ ਸ਼ਰਮਨਾਕ ਘਟਨਾਵਾਂ ਕਾਰਨ ਸਮੁੱਚੀ ਮਨੁੱਖਤਾ ਖਾਸ ਕਰਕੇ ਪੰਜਾਬੀਆਂ ਦਾ ਸਿਰ ਸ਼ਰਮ ਨਾਲ ਨੀਵਾਂ ਕੀਤਾ ਹੈ ਉਨ੍ਹਾਂ ਕਿਹਾ ਕਿ ਅੱਜ ਖੂਨ ਹੀ ਸਫੈਦ ਹੋ ਗਏ ਹਨ ਉਨ੍ਹਾਂ ਕਿਹਾ ਕਿ ਉਨ੍ਹਾਂ ਸਾਰਿਆਂ ਨੇ ਮਿਲ ਕੇ ਫੈਸਲਾ ਕੀਤਾ ਹੈ ਕਿ ਪੰਜਾਬ ਵਿੱਚ ਜਿੱਥੇ ਵੀ ਕਰੋਨਾ ਕਾਰਨ ਜਿਸ ਵਿਅਕਤੀ ਦੀ ਮੌਤ ਹੁੰਦੀ ਹੈ ਤੇ ਜੇਕਰ ਉਸ ਦਾ ਪਰਿਵਾਰ ਉਸ ਦੀ ਦੇਹ ਲੈਣ ਤੋਂ ਮੁਨਕਰ ਹੁੰਦਾ ਹੈ ਤਾਂ ਉਹ ਉਸ ਵਿਅਕਤੀ ਦੀ ਅਰਥੀ ਨੂੰ ਮੋਢਾ ਦੇਣਗੇ ਅਤੇ ਉਸਦੀਆਂ ਉਸਦੇ ਧਰਮ ਅਨੁਸਾਰ ਹੀ ਸਾਰੀਆਂ ਅੰਤਿਮ ਰਸਮਾਂ ਵੀ ਕਰਨਗੇ

ਉਨ੍ਹਾਂ ਕਿਹਾ ਕਿ ਜੇਕਰ ਕਿਸੇ ਵਿਅਕਤੀ ਨੂੰ ਸਿਵਿਆਂ ਵਿੱਚ ਸਾੜਨ ਤੋਂ ਵੀ ਰੋਕਿਆ ਜਾਂਦਾ ਹੈ ਤਾਂ ਉਹ ਉਸ ਦਾ ਸੰਸਕਾਰ ਆਪਣੇ ਪਿੰਡ ਲਿਆ ਕੇ ਕਰਨਗੇ ਉਨ੍ਹਾਂ ਕਿਹਾ ਕਿ ਜਿਨ੍ਹਾਂ ਧੀਆਂ-ਪੁੱਤਰਾਂ ਲਈ ਆਦਮੀ ਸਾਰੀ ਉਮਰ ਕਮਾਉਦਾ ਆਖਰ ਸਿਵਿਆਂ ਦੇ ਰਾਹ ਪੈ ਜਾਂਦੇ ਹਨ ਉਹ ਹੀ ਉਸ ਨੂੰ ਮੋਢਾ ਦੇਣ ਤੋਂ ਮੁਨਕਰ ਹੋ ਰਹੇ ਹਨ ਉਨ੍ਹਾਂ ਕਿਹਾ ਕਿ ਦੁੱਖ ਵਾਲੀ ਗੱਲ ਹੈ ਕਿ ਅੰਮ੍ਰਿਤਸਰ ਵਿੱਚ ਮਰੇ ਜਸਵਿੰਦਰ ਸਿੰਘ ਦੀ ਧੀ ਵੀ ਡਾਕਟਰੀ ਦੀ ਪੜ੍ਹਾਈ ਕਰਨ ਦੇ ਬਾਵਜ਼ੂਦ ਆਪਣੇ ਬਾਪ ਨੂੰ ਲੈਣ ਤੋਂ ਮੁਕਰ ਗਈ

ਬੇਗਾਨੇ ਹੋਏ ਅਰਥੀ ਨੂੰ ਮੋਢਾ ਦੇਣ ਲਈ ਤਿਆਰ

ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਜਿੱਥੇ ਗੀ ਕਿਤੇ ਇਹੋ ਜਹੀ ਸਮੱਸਿਆ ਆਵੇ ਉਹ ਉਥੇ ਹੀ ਜਾ ਕੇ ਉਸ ਵਿਅਕਤੀ ਦੀ ਅਰਥੀ ਨੂੰ ਮੋਢਾ ਦੇਣਗੇ ਉਨ੍ਹਾਂ ਕਿਹਾ ਪ੍ਰਸ਼ਾਸਨ ਉਨ੍ਹਾਂ ਨੂੰ ਇਸ ਬਾਰੇ ਸੂਚਿਤ ਕਰ ਦੇਵੇ ਤਾਂ ਜੋ ਉਹ ਮਨੁੱਖਤਾ ਦੇ ਹੋ ਰਹੇ ਇਸ ਘਾਣ ਨੂੰ ਰੋਕਣ ਵਿੱਚ ਅੱਗੇ ਆ ਸਕਣ ਉਨ੍ਹਾਂ ਕਿਹਾ ਕਿ ਕੋਵਿਡ 19 ਦੀ ਲਾਗ ਕੇਵਲ ਜਿਉਂਦੇ ਇਨਸਾਨ ਦੀ ਖੰਘ ਜਾਂ ਛਿੱਕ ਨਾਲ ਪੈਦਾ ਹੋਏ ਸੂਖਮ ਕਣਾਂ ਨਾਲ ਫੈਲਦੀ ਹੈ ਉਨ੍ਹਾਂ ਕਿਹਾ ਕਿ ਕਿੰਨੀ ਮਾੜੀ ਗੱਲ ਹੈ ਕਿ ਕੱਲ ਤੱਕ ਜੋ ਮਾਂ-ਬਾਪ ਸਾਡੇ ਸਾਹੀਂ ਸਾਹ ਲੈਂਦੇ ਸਨ ਅੱਜ ਅਸੀਂ ਉਨ੍ਹਾਂ ਦੀ ਅਰਥੀ ਨੂੰ ਮੋਢਾ ਦੇਣ ਤੋਂ ਵੀ ਭੱਜ ਰਹੇ ਹਾਂ ਉਹਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਖੂਨੀ ਰਿਸ਼ਤਿਆਂ ਦਾ ਘਾਣ ਨਾ ਕਰਨ ਸਗੋਂ ਆਪਣਿਆਂ ਦੀ ਯਾਦ ਵਿੱਚ ਪਰਮਾਤਮਾ ਅੱਗੇ ਅਰਦਾਸ ਕਰਨ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।