ਕਰੋਨਾ ਵਾਇਰਸ : ਸੈਂਪਲਾਂ ਦੀ ਰਿਪੋਰਟ ਆਉਣ ‘ਤੇ ਲੋਕਾਂ ਲਿਆ ਸੁਖ ਦਾ ਸਾਹ

11 ਸੈਂਪਲਾਂ ‘ਚੋਂ 9 ਨੈਗੇਟਿਵ, ਇੱਕ ਪੈਡਿੰਗ ਹੋਣ ਤੋਂ ਇਲਾਵਾ ਸਬੰਧਿਤ ਔਰਤ ਦੀ ਬੇਟੀ ਦਾ ਸੈਂਪਲ ਦੁਬਾਰਾ ਭੇਜਿਆ ਹੈ : ਸੀਐਮਓ

ਬਰਨਾਲਾ, (ਜਸਵੀਰ ਸਿੰਘ) ਬਰਨਾਲਾ ਵਿਖੇ ਸੇਖਾ ਰੋਡ ਵਾਸੀ ਇੱਕ ਔਰਤ ਦੀ ਰਿਪੋਰਟ ਕਰੋਨਾ ਪੌਜੇਟਿਵ ਆਉਣ ‘ਤੇ ਸਿਹਤ ਵਿਭਾਗ ਦੁਆਰਾ ਭੇਜੇ ਗਏ ਸੈਂਪਲਾਂ ਦੀ ਆਈ ਰਿਪੋਰਟ ਪਿੱਛੋਂ ਸਬੰਧਿਤ ਇਲਾਕਾ ਨਿਵਾਸੀਆਂ ਸਮੇਤ ਸ਼ਹਿਰ ਦੇ ਲੋਕ ਕੁੱਝ ਰਾਹਤ ਮਹਿਸੂਸ ਕਰਨ ਲੱਗੇ ਹਨ। ਜਾਣਕਾਰੀ ਅਨੁਸਾਰ ਭੇਜੇ ਗਏ 11 ਸੈਂਪਲਾਂ ਵਿੱਚੋਂ 9 ਦੀ ਰਿਪੋਰਟ ਨੈਗਟਿਵ, ਇੱਕ ਪੈਂਡਿੰਗ ਤੇ ਇੱਕ ਦਾ ਸੈਂਪਲ ਜਾਂਚ ਲਈ ਦੁਬਾਰਾ ਭੇਜਿਆ ਗਿਆ ਹੈ।

ਲੰਘੀ 5 ਅਪਰੈਲ ਨੂੰ ਸਿਵਲ ਹਸਪਤਾਲ ‘ਚ ਦਾਖਲ ਸਥਾਨਕ ਸੇਖਾ ਰੋਡ, ਗਲੀ ਨੰਬਰ 4 ਦੀ ਵਸਨੀਕ ਇੱਕ 42 ਸਾਲਾ ਔਰਤ ਦੀ ਰਿਪੋਰਟ ਪੌਜੇਟਿਵ ਆਉਣ ਕਾਰਨ ਇਲਾਕੇ ਸਮੇਤ ਪੂਰੇ ਸ਼ਹਿਰ ਤੇ ਜ਼ਿਲ੍ਹੇ ਦੇ ਲੋਕਾਂ ‘ਚ ਸਹਿਮ ਦਾ ਮਾਹੌਲ ਪੈਦਾ ਹੋਣ ‘ਤੇ ਪੁਲੀਸ ਪ੍ਰਸ਼ਾਸਨ ਦੁਆਰਾ ਸਬੰਧਿਤ ਏਰੀਆ ਸੀਲ ਕਰ ਦਿੱਤਾ ਗਿਆ ਸੀ। ਜਿਸ ਪਿੱਛੋਂ ਸਿਹਤ ਵਿਭਾਗ ਦੇ ਕਰਮਚਾਰੀਆਂ ਦੀਆਂ ਟੀਮਾਂ ਦੁਆਰਾ ਘਰ- ਘਰ ਜਾ ਕੇ ਲੋਕਾਂ ਦੀ ਸਿਹਤ ਦੀ ਜਾਂਚ ਕਰਨ ਤੋਂ ਇਲਾਵਾ ਇਲਾਕੇ ਅੰਦਰ ਰਹਿ ਲੋਕਾਂ ਦੀ ਲਿਸਟ ਵੀ ਤਿਆਰ ਕੀਤੀ ਗਈ ਹੈ।

ਇਸ ਦੌਰਾਨ ਹੀ ਸਿਹਤ ਵਿਭਾਗ ਵੱਲੋਂ ਪ੍ਰਵਾਸੀ ਭਾਰਤੀ ਦੇ ਮਕਾਨ ‘ਚ ਰਹਿ ਰਹੀ ਉਕਤ ਔਰਤ ਦੇ 3 ਪਰਿਵਾਰਕ ਮੈਂਬਰਾਂ ਤੇ ਤਿੰਨ ਹੋਰ ਕਿਰਾਏਦਾਰਾਂ ਸਮੇਤ 2 ਡਾਕਟਰਾਂ ਤੇ 3 ਸਿਹਤ ਕਰਮਚਾਰੀਆਂ ਦੇ ਕੁੱਲ 11 ਸੈਂਪਲ ਜਾਂਚ ਲਈ ਪਟਿਆਲਾ ਭੇਜੇ ਗਏ ਸਨ। ਜਿਨ੍ਹਾਂ ਦੀ ਆਈ ਰਿਪੋਰਟ ਸੋਸ਼ਲ ਮੀਡੀਆ ‘ਤੇ ਵਾਇਰਲ ਹੋਣ ਪਿੱਛੋਂ ਲੋਕਾਂ ਨੇ ਸੁੱਖ ਦਾ ਸਾਹ ਲਿਆ ਹੈ। ਫਿਰ ਵੀ ਸਿਹਤ ਵਿਭਾਗ, ਸਿਵਲ ਤੇ ਪੁਲਿਸ ਪ੍ਰਸ਼ਾਸਨ ਦੁਆਰਾ ਲੋਕਾਂ ਨੂੰ ਸਰਕਾਰ ਦੁਆਰਾ ਲਾਏ ਗਏ ਕਰਫ਼ਿਊ ਤੇ ਜਾਰੀ ਹਦਾਇਤਾਂ ਦੀ ਪਾਲਣਾ ਕਰਨ ਦੀਆਂ ਲਗਾਤਾਰ ਅਪੀਲਾਂ ਕੀਤੀਆਂ ਜਾ ਰਹੀਆਂ ਹਨ। ਸਿਹਤ ਵਿਭਾਗ ਦੇ ਕਰਮਚਾਰੀ ਡੋਰ-ਟੂ-ਡੋਰ ਆਪਣੀਆਂ ਸੇਵਾਵਾਂ ‘ਚ ਨਿਰੰਤਰ ਜੁਟੇ ਹੋਏ ਹਨ।

ਸਪੰਰਕ ਕਰਨ ‘ਤੇ ਸਿਵਲ ਸਰਜਨ ਬਰਨਾਲਾ ਡਾ. ਗੁਰਿੰਦਰਵੀਰ ਸਿੰਘ ਨੇ ਦੱਸਿਆ ਕਿ ਸੇਖਾ ਰੋਡ ਵਾਸੀ ਔਰਤ ਦਾ ਕੇਸ ਪੌਜੇਟਿਵ ਆਉਣ ਪਿੱਛੋਂ ਸਬੰਧਿਤ ਔਰਤ ਦੇ 3 ਪਰਿਵਾਰਕ ਮੈਂਬਰਾਂ, 3 ਹੋਰ ਕਿਰਾਏਦਾਰਾਂ ਸਮੇਤ ਸਾਵਧਾਨੀ ਦੇ ਤੌਰ ‘ਤੇ 2 ਡਾਕਟਰਾਂ ਤੇ 3 ਸਿਹਤ ਕਰਮਚਾਰੀਆਂ ਦੇ ਸੈਂਪਲ ਵੀ ਜਾਂਚ ਲਈ ਭੇਜੇ ਗਏ ਸਨ, ਜਿੰਨਾਂ ਦਾ ਰਿਪੋਰਟ ਬੁੱਧਵਾਰ ਸਵੇਰੇ ਆਈ ਹੈ। ਉਨਾਂ ਦੱਸਿਆ ਕਿ ਭੇਜੇ ਗਏ ਕੁੱਲ 11 ਸੈਂਪਲਾਂ ਵਿੱਚੋਂ 9 ਸੈਂਪਲਾਂ ਦੀ ਰਿਪੋਰਟ ਨੈਗਟਿਵ ਆਈ ਹੈ। ਜਦਕਿ ਇੱਕ ਸੈਂਪਲ ਦੀ ਰਿਪੋਰਟ ਪੈਡਿੰਗ ਹੋਣ ਤੋਂ ਇਲਾਵਾ ਸਬੰਧਿਤ ਔਰਤ ਦੀ ਬੇਟੀ ਦਾ ਸੈਂਪਲ ਜਾਂਚ ਲਈ ਦੁਬਾਰਾ ਭੇਜਿਆ ਗਿਆ ਹੈ। ਉਨਾਂ ਇਹ ਵੀ ਦੱਸਿਆ ਕਿ ਫ਼ਿਲਹਾਲ ਉਕਤ ਔਰਤ ਠੀਕ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।