ਰਣਜੀਤ ਸਿੰਘ ਕਤਲ ਮਾਮਲਾ: ਸਬਦਿਲ-ਜਸਬੀਰ ਦੇ ਨਾਂਅ ਸਬੰਧੀ ਅਦਾਲਤ ਦਾ ਸਵਾਲ:

ਜੇਕਰ ਚਸ਼ਮਦੀਦ ਗਵਾਹ ਗੋਲ਼ੀ ਮਾਰਨ ਵਾਲਿਆਂ ਨੂੰ ਪਹਿਲਾਂ ਤੋਂ ਜਾਣਦਾ ਸੀ, ਤਾਂ ਐੱਫਆਈਆਰ ’ਚ ਕਿਉਂ ਨਹੀਂ ਸੀ ਨਾਂਅ

ਧਮਕੀਆਂ ਜੋਗਿੰਦਰ ਸਿੰਘ ਦੇ ਸਾਹਮਣੇ ਮਿਲੀਆਂ ਤਾਂ 44 ਦਿਨਾਂ ਮਗਰੋਂ ਕਿਉਂ ਲਏ ਗਏ ਨਾਂਅ

ਅਸ਼ਵਨੀ ਚਾਵਲਾ, ਚੰਡੀਗੜ੍ਹ।

ਪੰਚਕੂਲਾ ਦੀ ਸੀਬੀਆਈ ਅਦਾਲਤ ਵਿੱਚ ਚਲ ਰਹੇ ਰਣਜੀਤ ਸਿੰਘ ਕਤਲ ਮਾਮਲੇ ’ਚ ਇੱਕ ਵਾਰ ਫਿਰ ਸੀਬੀਆਈ ਮਾਣਯੋਗ ਅਦਾਲਤ ਦੇ ਸੁਆਲਾਂ ਦੇ ਤਸੱਲੀਬਖਸ਼ ਜੁਆਬ ਨਹੀਂ ਦੇ ਸਕੀ, ਅਦਾਲਤ ਨੇ ਸੀਬੀਆਈ ਵੱਲੋਂ ਤਿਆਰ ਕੀਤੀ ਗਈ ਕਹਾਣੀ ਸਬੰਧੀ ਕਈ ਸੁਆਲ ਕੀਤੇ ਪਰ ਸੀਬੀਆਈ ਮਾਨਯੋਗ ਅਦਾਲਤ ਦੇ ਸੁਆਲਾਂ ਦੇ ਤਸੱਲੀਬਖਸ਼ ਜੁਆਬ ਨਹੀਂ ਦੇ ਸਕੀ। ਮਾਨਯੋਗ ਅਦਾਲਤ ਨੇ ਪੁੱਛਿਆ ਕਿ ਜੇਕਰ ਕਤਲ ਤੋਂ ਕੁਝ ਦਿਨ ਪਹਿਲਾਂ ਰਣਜੀਤ ਸਿੰਘ ਨੂੰ ਮੁੱਖ ਗਵਾਹ ਜੋਗਿੰਦਰ ਸਿੰਘ ਦੇ ਸਾਹਮਣੇ ਸਬਦਿਲ ਅਤੇ ਜਸਬੀਰ ਨੇ ਜਾਨੋਂ ਮਾਰਨ ਦੀਆਂ ਧਮਕੀਆ ਦਿੱਤੀਆਂ ਸਨ ਤਾਂ ਫਿਰ ਵੀ ਐਫਆਈਆਰ ਵਿੱਚ ਸਬਦਿਲ ਅਤੇ ਜਸਬੀਰ ਸਿੰਘ ਦਾ ਨਾਂਅ ਦਰਜ਼ ਕਿਓ ਨਹੀਂ ਕਰਵਾਇਆ? ਇਹ ਕਿਵੇਂ ਹੋ ਸਕਦਾ ਹੈ ? ਇਸ ਸੁਆਲ ਦਾ ਤਸੱਲੀਬਖਸ਼ ਜੁਆਬ ਸੀਬੀਆਈ ਮਾਨਯੋਗ ਅਦਾਲਤ ਨੂੰ ਨਹੀਂ ਦੇ ਸਕੀ। ਜਿਸ ਤੋਂ ਬਾਅਦ ਅਦਾਲਤ ਨੇ ਮਾਮਲੇ ਦੀ ਕਾਰਵਾਈ ਨੂੰ 23 ਅਪਰੈਲ ਤੈਅ ਕਰ ਦਿੱਤੀ ਹੈ।

ਅੱਜ ਸੁਣਵਾਈ ਦੌਰਾਨ ਬਚਾਅ ਪੱਖ ਦੇ ਸੀਨੀਅਰ ਵਕੀਲ ਐਨ.ਪੀ.ਐਸ. ਵੜੈਚ ਵੱਲੋਂ ਬਹਿਸ ਕੀਤੀ ਗਈ। ਇਸ ਕੇਸ ਵਿੱਚ ਮ੍ਰਿਤਕ ਰਣਜੀਤ ਦੇ ਪਿਤਾ ਜੋਗਿੰਦਰ ਸਿੰਘ ਨੂੰ ਸੀਬੀਆਈ ਵੱਲੋਂ ਮੁੱਖ ਗਵਾਹ ਬਣਾਇਆ ਹੋਇਆ ਹੈ ਅਤੇ ਜੋਗਿੰਦਰ ਸਿੰਘ ਵੱਲੋਂ ਕਿਹਾ ਜਾ ਰਿਹਾ ਹੈ ਕਿ ਉਹ ਕਤਲ ਉਨਾਂ ਦੇ ਸਾਹਮਣੇ ਹੋਇਆ ਅਤੇ ਉਹ ਦੋਸ਼ੀਆ ਨੂੰ ਪਹਿਚਾਣ ਸਕਦੇ ਹਨ। ਜੋਗਿੰਦਰ ਸਿੰਘ ਅਨੁਸਾਰ ਉਸ ਨੂੰ ਉਨਾਂ ਦੇ ਪੁੱਤਰ ਰਣਜੀਤ ਸਿੰਘ ਨੇ ਦੱਸਿਆ ਕਿ 16 ਜੂਨ 2002 ਨੂੰ ਉਸ ਨੂੰ ਡੇਰੇ ਸੱਦਿਆ ਗਿਆ ਸੀ, ਜਿਥੇ ਉਸ ਨੂੰ ਕਥਿਤ ਤੌਰ ’ਤੇ ਧਮਕਾਇਆ ਜਾਂਦਾ ਹੈ ਕਿ ਤੂੰ ਮੁਆਫ਼ੀ ਮੰਗ ਲੈ ਨਹੀਂ ਤਾਂ ਤੈਨੂੰ ਜਾਨੋਂ ਮਾਰ ਦਿੱਤਾ ਜਾਏਗਾ।

ਇਸ ਤੋਂ ਬਾਅਦ 26 ਜੂਨ 2002 ਨੂੰ ਸਬਦਿਲ ਅਤੇ ਜਸਬੀਰ ਸਿੰਘ ਉਨਾਂ ਦੇ ਘਰ ਆਉਂਦੇ ਹਨ ਅਤੇ ਜੋਗਿੰਦਰ ਸਿੰਘ ਦੇ ਸਾਹਮਣੇ ਰਣਜੀਤ ਸਿੰਘ ਨੂੰ ਧਮਕੀ ਦਿੰਦੇ ਹਨ ਕਿ ਉਹ ਮੁਆਫ਼ੀ ਮੰਗ ਲਵੇ ਨਹੀਂ ਤਾਂ ਉਸ ਨੂੰ ਜਾਨੋਂ ਮਾਰ ਦਿੱਤਾ ਜਾਏਗਾ। 6 ਜੁਲਾਈ 2002 ਨੂੰ ਇੱਕ ਵਾਰ ਫਿਰ ਸਬਦਿਲ ਅਤੇ ਜਸਬੀਰ ਸਿੰਘ ਜਾਨੋਂ ਮਾਰਨ ਦੀ ਧਮਕੀ ਰਣਜੀਤ ਸਿੰਘ ਨੂੰ ਦਿੰਦੇ ਹਨ। ਇਸ ਤੋਂ ਬਾਅਦ 10 ਜੁਲਾਈ 2002 ਨੂੰ ਸਬਦਿਲ ਅਤੇ ਜਸਬੀਰ ਸਿੰਘ ਉਸ ਦੇ ਸਾਹਮਣੇ ਰਣਜੀਤ ਸਿੰਘ ਦਾ ਕਤਲ ਕਰ ਦਿੰਦੇ ਹਨ।

ਇਸ ਸਾਰੀ ਕਹਾਣੀ ਨੂੰ ਲੈ ਕੇ ਮਾਨਯੋਗ ਅਦਾਲਤ ਵੱਲੋਂ ਸੁਆਲ ਕੀਤਾ ਗਿਆ ਕਿ ਜੇਕਰ ਸਾਰਾ ਕੁਝ ਜੋਗਿੰਦਰ ਸਿੰਘ ਦੇ ਸਾਹਮਣੇ ਹੋਇਆ ਤਾਂ ਫਿਰ ਐਫ.ਆਈ.ਆਰ. ਵਿੱਚ ਸਬਦਿਲ ਅਤੇ ਜਸਬੀਰ ਦਾ ਨਾਅ ਕਿਉਂ ਨਹੀਂ ਆਇਆ। ਇਹ ਵੀ ਬਹਿਸ ਹੋਈ ਕਿ ਘੱਟ ਤੋਂ ਘੱਟ ਐਫਆਈਆਰ ਵਿੱਚ ਇਹ ਤਾਂ ਆ ਜਾਂਦਾ ਕਿ ਇਹ ਉਹੀਓ ਬੰਦੇ ਸਨ, ਜਿਹੜੇ ਕਿ 26 ਜੂਨ ਨੂੰ ਮੇਰੇ ਲੜਕੇ ਨੂੰ ਧਮਕਾ ਕੇ ਗਏ ਸੀ। ਜਿਸ ਦਾ ਸੀਬੀਆਈ ਕੋਲ ਕੋਈ ਸੰਤੋਸ਼ ਜਨਕ ਜੁਆਬ ਨਹੀਂ ਸੀ।

ਜਿਕਰਯੋਗ ਹੈ ਕਿ ਐਫਆਈਆਰ ਅਨੁਸਾਰ ਜੋਗਿੰਦਰ ਸਿੰਘ ਵਲੋਂ ਪਹਿਲਾਂ ਬਿਆਨ ਦਿੱਤਾ ਗਿਆ ਸੀ ਕਿ ਉਨਾਂ ਦੀ ਪਿੰਡ ਵਿੱਚ ਰਾਮ ਕੁਮਾਰ ਸਰਪੰਚ ਅਤੇ ਰਾਜ ਸਿੰਘ ਮਲਿਕ ਨਾਅ ਦੇ ਵਿਅਕਤੀਆਂ ਨਾਲ ਨਿੱਜੀ ਰੰਜਿਸ਼ ਚਲਦੀ ਆ ਰਹੀ ਸੀ ਅਤੇ ਉਨਾਂ ਨੇ ਹੀ ਇਸ ਰੰਜਿਸ਼ ਦੇ ਚਲਦੇ ਰਣਜੀਤ ਸਿੰਘ ਦਾ ਕਤਲ ਕਰਵਾਇਆ ਹੈ। ਇਸ ਐਫਆਈਆਰ ਦੇ ਦਰਜ਼ ਹੋਣ ਤੋਂ 44 ਦਿਨਾਂ ਮਗਰੋ ਐਫਆਈਆਰ ’ਚ ਦਰਜ਼ ਮੁੱਢਲੀ ਜਾਣਕਾਰੀ ਤੋਂ ਉਲਟ ਸਬਦਿਲ ਅਤੇ ਜਸਬੀਰ ਸਿੰਘ ’ਤੇ ਕਤਲ ਕਰਨ ਦੇ ਦੋਸ਼ ਲਾ ਦਿੱਤੇ ਜਾਂਦੇ ਹਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।