ਪੰਜਾਬੀ ‘ਵਰਸਿਟੀ ਦੇ ਕੈਂਪਸ ਤੇ ਕੇਂਦਰ ਵਿਦਿਆਰਥੀਆਂ ਦੇ ਦਾਖਲਿਆਂ ਨੂੰ ਤਰਸੇ

Punjabi University, Students, Centers, Behalf Students

ਮੁੱਖ ਕੋਰਸਾਂ ਅੰਦਰ ਵੀ ਵਧੇਰੇ ਗਿਣਤੀ ਸੀਟਾਂ ਖਾਲੀ, ਅਗਲੇ ਹਫ਼ਤੇ ਲੱਗਣਗੀਆਂ ਕਲਾਸਾਂ

ਨੌਜਵਾਨਾਂ ਦੇ ਵਿਦੇਸ਼ਾਂ ਨੂੰ ਉਡਾਰੀ ਮਾਰਨ ਕਰਕੇ ਕਾਲਜਾਂ ‘ਚ ਨਹੀਂ ਜੁੜ ਰਹੀਆਂ ਵਿਦਿਆਥੀਆਂ ਦੀਆਂ ਭੀੜਾਂ

ਖੁਸ਼ਵੀਰ ਸਿੰਘ ਤੂਰ, ਪਟਿਆਲਾ

ਪੰਜਾਬੀ ਯੂਨੀਵਰਸਿਟੀ ਦੇ ਨਿਕਟਵਰਤੀ ਕੈਂਪਸ ਤੇ ਖੇਤਰੀ ਕੇਂਦਰ ਵਿਦਿਆਰਥੀਆਂ ਦੇ ਦਾਖਲਿਆਂ ਨੂੰ ਤਰਸ ਗਏ ਹਨ। ਆਲਮ ਇਹ ਹੈ ਕਿ ਇਨ੍ਹਾਂ ਕੈਂਪਸਾਂ ਵਿੱਚ ਕਈ ਕੋਰਸਾਂ ਅੰਦਰ ਤਾਂ ਨਾਮਾਤਰ ਹੀ ਵਿਦਿਆਰਥੀਆਂ ਦੇ ਦਾਖਲੇ ਹੋਏ ਹਨ, ਜਿਸ ਕਾਰਨ ਇਨ੍ਹਾਂ ਕੈਪਸਾਂ ਅੰਦਰ ਜ਼ਿਆਦਾਤਰ ਸੀਟਾਂ ਖਾਲੀ ਹੀ ਦਿਖਾਈਆਂ ਦੇ ਰਹੀਆਂ ਹਨ। ਜਾਣਕਾਰੀ ਅਨੁਸਾਰ ਯੂਨੀਵਰਸਿਟੀ ਤੇ ਕਾਲਜਾਂ ਅੰਦਰ ਲਗਭਗ ਮਈ ਮਹੀਨੇ ਤੋਂ ਹੀ ਦਾਖਲਿਆਂ ਦਾ ਦੌਰ ਜਾਰੀ ਹੈ, ਪਰ ਇਸ ਦੇ ਬਾਵਜ਼ੂਦ ਯੂਨੀਵਰਸਿਟੀ ਦੇ ਨੇੜਲੇ ਕੈਂਪਸ ਤੇ ਖੇਤਰੀ ਕੇਂਦਰ ਆਪਣੇ ਕੈਂਪਸਾਂ ਦੀਆਂ ਸੀਟਾਂ ਪੁਰ ਕਰਨ ਲਈ ਵਿਦਿਆਰਥੀਆਂ ਦੀ ਝਾਕ ਲਾਈ ਬੈਠੇ ਹਨ।

ਉਂਜ ਪ੍ਰਾਈਵੇਟ ਕਾਲਜਾਂ ਅੰਦਰ ਵੀ ਵਿਦਿਆਥੀਆਂ ਦੀ ਗਿਣਤੀ ਆਏ ਸਾਲ ਘੱਟ ਰਹੀ ਹੈ। ਇਸ ਦਾ ਵੱਡਾ ਕਾਰਨ ਪੰਜਾਬ ਦੇ ਨੌਜਵਾਨਾਂ ਦਾ ਆਈਲੈਂਟਸ ਕਰਨ ਤੋਂ ਬਾਅਦ ਵਿਦੇਸ਼ਾਂ ਨੂੰ ਉਡਾਰੀ ਮਾਰਨ ਦਾ ਦੱਸਿਆ ਜਾ ਰਿਹਾ ਹੈ। ਪ੍ਰਾਈਵੇਟ ਕਾਲਜਾਂ ਦੇ ਨਾਲ ਹੀ ਹੁਣ ਯੂਨੀਵਰਸਿਟੀ ਦੇ ਆਪਣੇ ਕਾਲਜਾਂ ਨੂੰ ਦਾਖਲਿਆਂ ਦੀ ਕਮੀ ਦਾ ਸੇਕ ਲੱਗਣ ਲੱਗਾ ਹੈ। ਭਾਵੇਂ ਯੂਨੀਵਰਸਿਟੀ ਵੱਲੋਂ ਆਪਣੇ ਸਟਾਫ਼ ਤੇ ਅਧਿਕਾਰੀਆਂ ਨੂੰ ਵੱਧ ਤੋਂ ਵੱਧ ਸਬੰਧਿਤ ਕੈਂਪਸਾਂ ਅੰਦਰ ਦਾਖਲੇ ਕਰਵਾਉਣ ਲਈ ਮੁਹਿੰਮ ਵਿੱਢਣ ਦੀ ਗੱਲ ਆਖੀ ਗਈ ਸੀ, ਪਰ ਇਹ ਮੁਹਿੰਮ ਸਫ਼ਲ ਹੁੰਦੀ ਨਹੀਂ ਦਿਖ ਰਹੀ।

 10 ਜੁਲਾਈ ਤੱਕ ਦੀ ਮਿਲੀ ਰਿਪੋਰਟ ਮੁਤਾਬਿਕ ਇੰਜੀਨੀਅਰਿੰਗ ਤੇ ਮੈਨੇਜਮੈਂਟ ਕਾਲਜ ਪੰਜਾਬੀ ਯੂਨੀਵਰਸਿਟੀ ਨੇੜਲੇ ਕੈਂਪਸ ਰਾਮਪੁਰਾ ਫੂਲ ਵਿਖੇ ਐੱਮਸੀਏ ਦੀਆਂ ਕੁੱਲ 30 ਸੀਟਾਂ ਹਨ, ਪਰ ਅਜੇ ਤੱਕ ਇੱਥੇ 10 ਦਾਖਲੇ ਹੀ ਹੋਏ ਹਨ। ਇਸ ਦੇ ਨਾਲ ਹੀ ਬੀਟੈੱਕ ਪਹਿਲੇ ਸਾਲ ਦੀਆਂ 120 ਸੀਟਾਂ ‘ਚੋਂ 6 ਸੀਟਾਂ ਹੀ ਭਰੀਆਂ ਹਨ। ਬੀਐੱਸਸੀ (ਸੀਐੱਸਐੱਮ) ਦੀਆਂ 60 ਸੀਟਾਂ ‘ਚੋਂ ਸਿਰਫ਼ 3 ਸੀਟਾਂ ਹੀ 10 ਤਾਰੀਖ ਤੱਕ ਭਰੀਆਂ ਸਨ। ਇਸ ਦੇ ਨਾਲ ਹੀ ਪੰਜਾਬੀ ਯੂਨੀਵਰਸਿਟੀ ਅਕਾਲੀ ਫੂਲਾ ਸਿੰਘ ਨੇੜਲੇ ਕੈਂਪਸ ਦੇਹਲਾ ਸੀਹਾਂ ਸੰਗਰੂਰ ਵਿਖੇ ਬੀਏ ਦੀਆਂ 100 ਸੀਟਾਂ ‘ਚੋਂ 40 ਸੀਟਾਂ ਹੀ ਭਰੀਆਂ ਹਨ। ਪੀਜੀਡੀਸੀਏ ਦੀਆਂ 35 ਸੀਟਾਂ ‘ਚੋਂ 8 ਸੀਟਾਂ, ਜਦਕਿ ਬੀਸੀਏ ਦੀਆਂ 45 ਸੀਟਾਂ ‘ਚੋਂ ਅਜੇ ਤੱਕ ਸਿਰਫ਼ 1 ਸੀਟ ਹੀ ਭਰੀ ਹੈ।

ਇੱਥੋਂ ਤੱਕ ਕਿ ਡਿਪਲੋਮਾ ਹਾਰਡਵੇਅਰ ਦੀਆਂ 35 ਸੀਟਾਂ ‘ਚੋਂ 5 ਸੀਟਾਂ ਤੱਕ ਹੀ ਦਾਖਲਾ ਪੁੱਜਾ ਹੈ। ਇਸੇ ਤਰ੍ਹਾਂ ਹੀ ਬਾਬਾ ਧਿਆਨ ਦਾਸ ਨਿਕਟਵਰਤੀ ਕੈਂਪਸ, ਝੁਨੀਰ ਜ਼ਿਲ੍ਹਾ ਮਾਨਸਾ ਵਿਖੇ ਬੀਸੀਏ ਦੀਆਂ 40 ਸੀਟਾਂ ‘ਚੋਂ 5 ਸੀਟਾਂ ਭਰੀਆਂ ਹਨ, ਜਦਕਿ ਪੀਜੀਡੀਸੀਏ ਦੀਆਂ 40 ਸੀਟਾਂ ਚੋਂ 2 ਸੀਟਾਂ ਹੀ ਪੁਰ ਹੋਈਆਂ ਹਨ। ਇੱਥੇ ਬੀਏ ਵਿੱਚ 180 ਸੀਟਾਂ ‘ਚੋਂ 101 ਸੀਟਾਂ ਭਰ ਚੁੱਕੀਆਂ ਹਨ। ਇਸੇ ਤਰ੍ਹਾਂ ਹੀ ਪੰਜਾਬੀ ਯੂਨੀਵਰਸਿਟੀ ਕੈਪਸ ਮੋੜ ਜ਼ਿਲ੍ਹਾ ਬਠਿੰਡਾ ਵਿਖੇ ਬੀਏ ਦੀਆਂ 150 ਸੀਟਾਂ ‘ਚੋਂ 6 ਸੀਟਾਂ ਹੀ ਭਰੀਆਂ ਹਨ ਜਦਕਿ 25 ਦਾਖਲਾ ਫਾਰਮ ਵਿਦਿਆਰਥੀਆਂ ਦੇ ਲੈ ਕੇ ਜਾਣ ਦੀ ਗੱਲ ਆਖੀ ਗਈ ਹੈ। ਬੀਸੀਏ ਦੀਆਂ ਇੱਥੇ 40 ਸੀਟਾਂ ‘ਚੋਂ 4 ਸੀਟਾਂ ਹੀ ਭਰੀਆਂ ਹਨ ਜਦਕਿ 2 ਦਾਖਲਾ ਫਾਰਮ ਗਏ ਹਨ। ਬੀਕਾਮ ਅੰਦਰ 40 ਸੀਟਾਂ ‘ਚੋਂ ਅਜੇ ਕੋਈ ਸੀਟ ਨਹੀਂ ਭਰੀ ਤੇ ਸਿਰਫ਼ 1 ਦਾਖਲਾ ਫਾਰਮ ਗਏ ਹੋਣ ਬਾਰੇ ਦੱਸਿਆ ਗਿਆ ਹੈ। ਪੰਜਾਬੀ ਯੂਨੀਵਰਸਿਟੀ ਗੁਰੂ ਕਾਸ਼ੀ ਕੈਂਪਸ ਤਲਵੰਡੀ ਸਾਬੋ, ਵਣਜ ਵਪਾਰ ਅਧਿਐਨ ਸਕੂਲ ਵਿਖੇ ਐੱਮਬੀਏ ਦੋ ਸਾਲ ਦੇ ਕੋਰਸ ਦੀਆਂ 95 ਸੀਟਾਂ ‘ਚੋਂ ਅਜੇ ਕੋਈ ਸੀਟ ਨਹੀਂ ਭਰੀ ਜਦਕਿ ਐੱਮਕਾਮ ਦੋ ਸਾਲ ਦੇ ਕੋਰਸ ਲਈ 30 ਸੀਟਾਂ ‘ਚੋਂ ਕੋਈ ਦਾਖਲਾ ਨਹੀਂ ਹੋਇਆ।

ਇੱਥੇ ਬੀਬੀਏ ਪਹਿਲੇ ਸਾਲ ਅੰਦਰ 30 ਸੀਟਾਂ ‘ਚੋਂ 4 ਸੀਟਾਂ ਹੀ ਭਰੀਆਂ ਹਨ। ਪੰਜਾਬੀ ਯੂਨੀਵਰਸਿਟੀ ਗੁਰੂ ਕਾਸ਼ੀ ਕੈਂਪਸ ਤਲਵੰਡੀ ਸਾਬੋ, ਯਾਦਵਿੰਦਰਾ ਕਾਲਜ ਆਫ਼ ਇੰਜੀਨੀਅਰਿੰਗ ਵਿਖੇ ਬੀਟੈੱਕ ਦੇ ਛੇ ਸਾਲ ਦੇ ਕੋਰਸ ਅੰਦਰ 180 ਸੀਟਾਂ ਚੋਂ 74 ਸੀਟਾਂ ਭਰੀਆਂ ਹਨ। ਬੀਟੈੱਕ (ਸੀਐੱਸਈ) ਵਿੱਚ 80 ਸੀਟਾਂ ਚੋਂ 4 ਸੀਟਾਂ, ਬੀਟੈੱਕ (ਐੱਮਈ) ਵਿੱਚ 60 ਸੀਟਾਂ ‘ਚੋਂ 5 ਸੀਟਾਂ, ਬੀਟੈੱਕ (ਈਸੀਈ) ਵਿੱਚ 80 ਸੀਟਾਂ ‘ਚੋਂ ਇੱਕ ਵੀ ਦਾਖਲਾ ਨਹੀਂ ਹੋਇਆ। ਇਸੇ ਤਰ੍ਹਾਂ ਹੀ ਐੱਮਟੈੱਕ ਦੀਆਂ ਕਈ ਕੈਟਾਗਰੀਆਂ ‘ਚ ਕੋਈ ਦਾਖਲਾ ਨਹੀਂ ਹੋਇਆ। ਬੀਐੱਸਸੀ (ਨਾਨ ਮੈਡੀਕਲ) ਵਿੱਚ 60 ਸੀਟਾਂ ‘ਚੋਂ 7 ਸੀਟਾਂ ਹੀ ਪੁਰ ਹੋਈਆਂ ਹਨ। ਇਸੇ ਤਰ੍ਹਾਂ ਹੀ ਇੱਥੇ ਸਰਟੀਫਿਕੇਟ ਕੋਰਸਾਂ ਅੰਦਰ ਵੀ ਇੱਕਾ ਦੁੱਕਾ ਦਾਖਲੇ ਹੋਏ ਹਨ। ਪੰਜਾਬੀ ਯੂਨੀਵਰਸਿਟੀ ਕੈਂਪਸ ਜੈਤੋ ਵਿਖੇ ਬੀਸੀਏ ‘ਚ 90 ‘ਚੋਂ 30 ਸੀਟਾਂ, ਐੱਮਸੀਏ ਅੰਦਰ 45 ਸੀਟਾਂ ਤੋਂ ਕਿਸੇ ‘ਤੇ ਨਹੀਂ ਜਦਕਿ ਪੀਜੀਡੀਸੀਏ ਅੰਦਰ 90 ਸੀਟਾਂ ‘ਚੋਂ ਕੋਈ ਦਾਖਲਾ ਨਹੀਂ ਹੋਇਆ।

ਪੰਜਾਬੀ ਯੂਨੀਵਰਸਿਟੀ ਦੇ ਟੀਡੀਪੀ ਕਾਲਜ ਰਾਮਪੁਰਾ ਫੂਲ ਦਾ ਸਭ ਤੋਂ ਬੁਰਾ ਹਾਲ ਹੈ। ਇੱਥੇ ਬੀਕਾਮ ਪਹਿਲੇ, ਦੂਜੇ ਤੇ ਤੀਜੇ ਸਾਲ ਦੇ ਕੋਰਸ ਵਿੱਚ 100-100 ਸੀਟਾਂ ‘ਤੇ ਕੋਈ ਦਾਖਲਾ ਨਹੀਂ ਹੋਇਆ। ਇਸੇ ਤਰ੍ਹਾਂ ਬੀਸੀਏ ਦੀਆਂ ਲਗਭਗ ਸਾਰੀਆਂ ਸੀਟਾਂ ਖਾਲੀ ਪਈਆਂ ਹਨ। ਐੱਮਐੱਸਜੀ ਤੇ ਐੱਮਏ ਦੇ ਵੱਖ-ਵੱਖ ਵਰਗਾਂ ਅੰਦਰ ਕੋਈ ਵਿਦਿਆਰਥੀ ਦਾਖਲਾ ਲੈਣ ਨਹੀਂ ਪੁੱਜਿਆ। ਯੂਨੀਵਰਸਿਟੀ ਦੇ ਖੇਤਰੀ ਕੇਂਦਰਾਂ ਅੰਦਰ ਵੀ ਇਹੋ ਹੀ ਹਾਲ ਬਣਿਆ ਹੈ। ਇਨ੍ਹਾਂ ਕਾਲਜਾਂ ਦੇ ਇੰਚਾਰਜਾਂ ਦਾ ਕਹਿਣਾ ਹੈ ਕਿ ਉਹ ਦਾਖਲਿਆਂ ਲਈ ਜੋਰ ਲਾ ਰਹੇ ਹਨ ਤੇ ਅਗਲੇ ਦਿਨਾਂ ਵਿੱਚ ਉਨ੍ਹਾਂ ਵੱਲੋਂ ਵਿਦਿਆਥੀਆਂ ਦੇ ਪੁੱਜਣ ਦੀ ਉਮੀਦ ਹੈ।

 ਇੱਕ ਇੰਚਾਰਜ਼ ਤੋਂ ਜਦੋਂ ਦਾਖਲਿਆਂ ਦੀ ਘੱਟ ਰਹੀ ਗਿਣਤੀ ਸਬੰਧੀ ਪੁੱਛਿਆ ਤਾਂ ਉਨ੍ਹਾਂ ਕਿਹਾ ਕਿ ਪੰਜਾਬ ਦੇ ਨੌਜਵਾਨਾਂ ਅੰਦਰ ਜੋ ਬਾਹਰ ਜਾਣ ਦੀ ਦੌੜ ਲੱਗੀ ਹੋਈ ਹੈ, ਉਹ ਦਾਖਲਿਆਂ ‘ਤੇ ਭਾਰੂ ਪੈ ਰਹੀ ਹੈ। ਉਨ੍ਹਾਂ ਕਿਹਾ ਕਿ ਹਰ ਕੋਈ ਆਈਲੈੱਟਸ ਕਰਨ ਤੋਂ ਬਾਅਦ ਵਿਦੇਸ਼ ਦੇ ਡਾਲਰਾਂ ‘ਤੇ ਨਿਗ੍ਹਾ ਲਗਾਈ ਬੈਠਾ ਹੈ, ਕਿਉਂਕਿ ਪੰਜਾਬ ਅੰਦਰ ਰੁਜ਼ਗਾਰ ਦਾ ਬੁਰਾ ਹਾਲ ਹੈ। ਦੱਸਣਸੋਗ ਹੈ ਕਿ ਅਗਲੇ ਹਫ਼ਤੇ ਤੋਂ ਪਹਿਲੇ ਸਮੈਸਟਰ ਦੀ ਪੜ੍ਹਾਈ ਸ਼ੁਰੂ ਹੋ ਰਹੀ ਹੈ, ਪਰ ਯੂਨੀਵਰਸਿਟੀ ਦੇ ਕਾਲਜ ਵਿਦਿਆਰਥੀਆਂ ਤੋਂ ਸੱਖਣੇ ਦਿਖਾਈ ਦੇ ਰਹੇ ਹਨ।

ਪੂਰੀ ਮਿਹਨਤ ਕਰ ਰਹੇ ਹਾਂ : ਵਾਈਸ ਚਾਂਸਲਰ

ਇਸ ਸਬੰਧੀ ਜਦੋਂ ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਬੀ. ਐੱਸ. ਘੁੰਮਣ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਪ੍ਰਸ਼ਾਸਨ ਪੂਰੀ ਮਿਹਨਤ ਕਰ ਰਿਹਾ ਹੈ ਤੇ ਪਿਛਲੇ ਸਮੇਂ ਦੌਰਾਨ ਦਾਖਲਿਆਂ ਸਬੰਧੀ ਅਖ਼ਬਾਰਾਂ, ਸੋਸ਼ਲ ਮੀਡੀਆ ਤੇ ਹੋਰ ਗਰੁੱਪਾਂ ‘ਚ ਵੀ ਪ੍ਰਚਾਰ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਅਜੇ ਕੁਝ ਸਮਾਂ ਹੈ ਤੇ ਅਸੀਂ ਆਪਣੇ ਟੀਚੇ ਨੂੰ ਜ਼ਰੂਰ ਪੂਰਾ ਕਰਾਂਗੇ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।