ਗੈਂਗਸਟਰ ਦਵਿੰਦਰ ਬੰਬੀਹਾ ਗਰੁੱਪ ਨਾਲ ਸਬੰਧਾਂ ਦੇ ਸ਼ੱਕ ‘ਚ ਪੁਲਿਸ ਨੇ ਤਿੰਨ ਨੌਜਵਾਨ ਹਿਰਾਸਤ ‘ਚ ਲਏ

Police Arrest, Three Youths, Connection Gangster, Davinder Babbihah Group

ਫੇਸਬੁੱਕ ਰਾਹੀਂ ਸਾਂਝੀ ਕੀਤੀ ਪੋਸਟ ‘ਚ ਮੰਨਿਆ ਗੈਂਗਸਟਰ ਗਰੁੱਪ ਨਾਲ ਸਬੰਧ

ਅਸ਼ੋਕ ਵਰਮਾ, ਬਠਿੰਡਾ

ਬਠਿੰਡਾ ਜ਼ਿਲ੍ਹੇ ਦੇ ਇੱਕ ਨਾਮਵਰ ਪ੍ਰਾਈਵੇਟ ਕਾਲਜ ਦੇ ਤਿੰਨ ਵਿਦਿਆਰਥੀਆਂ ਨੂੰ ਬਠਿੰਡਾ ਪੁਲਿਸ ਨੇ ਹਿਰਾਸਤ ‘ਚ ਲਿਆ ਹੈ ਜਿਨ੍ਹਾਂ ਦੇ ਗੈਂਗਸਟਰ ਦਵਿੰਦਰ ਬੰਬੀਹਾ ਗਰੁੱਪ ਨਾਲ ਸਬੰਧਤ ਹੋਣ ਦੇ ਚਰਚੇ ਹਨ ਜ਼ਿਲ੍ਹਾ ਪੁਲਿਸ ਦੇ ਸੀਆਈਏ ਸਟਾਫ਼ ਵੱਲੋਂ ਇਨ੍ਹਾਂ ਤਿੰਨਾਂ ਲੜਕਿਆਂ ਤੋਂ ਪੁੱਛ ਪੜਤਾਲ ਕੀਤੀ ਜਾ ਰਹੀ ਹੈ ਅਫਸਰਾਂ ਨੇ ਇਨ੍ਹਾਂ ਨੌਜਵਾਨਾਂ ਨੂੰ ਹਿਰਾਸਤ ‘ਚ ਲੈਣ ਦੀ ਪੁਸ਼ਟੀ ਕੀਤੀ ਹੈ ਪਰ ਸੁਰੱਖਿਆ ਤੇ ਪੜਤਾਲ ਪ੍ਰਭਾਵਿਤ ਹੋਣ ਦੇ ਡਰ ਤੋਂ ਨਾਂਅ ਨਹੀਂ ਦੱਸੇ ਹਨ ਸੂਤਰਾਂ ਮੁਤਾਬਕ ਇੱਕ ਫੇਸਬੁੱਕ ਅਕਾਊਂਟ ‘ਤੇ ਇੱਕ ਪੋਸਟ ਪਾਈ ਗਈ ਹੈ ਜਿਸ ‘ਚ ਇੱਕ ਲੜਕੇ ਨੂੰ ਇਸ ਕਾਲਜ ਦਾ ਪ੍ਰਧਾਨ, ਦੂਸਰੇ ਨੂੰ ਚੇਅਰਮੈਨ ਤੇ ਤੀਸਰੇ ਨੂੰ ਮੀਤ ਪ੍ਰਧਾਨ ਲਾਉਣ ਬਾਰੇ ਜਾਣੂੰ ਕਰਵਾਇਆ ਗਿਆ ਹੈ

ਇਸ਼ਤਿਹਾਰ ਦੀ ਤਰ੍ਹਾਂ ਬਣਾਈ ਇਸ ਪੋਸਟ ‘ਚ ਸਭ ਤੋਂ ਉੱਪਰ ਪੁਲਿਸ ਮੁਕਾਬਲੇ ‘ਚ ਮਾਰੇ ਗਏ ਗੈਂਗਸਟਰ ਦਵਿੰਦਰ ਬੰਬੀਹਾ ਅਤੇ ਰਣਜੀਤ ਸੇਵੇਵਾਲਾ ਦੀਆਂ ਤਸਵੀਰਾਂ ਲਾਈਆਂ ਗਈਆਂ ਹਨ ਇਵੇਂ ਹੀ ਪੋਸਟ ਦੇ ਹੇਠਲੇ ਭਾਗ ‘ਚ ਚਾਰ ਮ੍ਰਿਤਕ ਗੈਂਗਸਟਰਾਂ ਦੀਆਂ ਤਸਵੀਰਾਂ ਲੱਗੀਆਂ ਹੋਈਆਂ ਹਨ ਇਸ ਤੋਂ ਬਿਨਾਂ ਗੈਂਗਸਟਰ ਸਿੱਮਾ ਸੇਖੋਂ ਤੇ ਗੁਰਬਖਸ਼ ਸੇਵੇਵਾਲਾ ਸਮੇਤ ਦਸ ਹੋਰ ਨੌਜਵਾਨਾਂ ਦੀਆਂ ਫੋਟੋਆਂ ਵੀ ਹਨ ਜਿਨ੍ਹਾਂ ਦੇ ਵੀ ਗੈਂਗਸਟਰ ਜਾਂ ਉਨ੍ਹਾਂ ਨਾਲ ਸਬੰਧਤ ਹੋਣ ਦਾ ਸ਼ੱਕ ਹੈ ਹਾਲਾਂਕਿ ਪੰਜਾਬ ਦੇ ਹੋਰ ਹਿੱਸਿਆਂ ਵਿਚਲੇ ਕਾਲਜਾਂ ਆਦਿ ‘ਚ ਤਾਂ ਗੈਂਗਸਟਰਾਂ ਦੀਆਂ ਸਰਗਰਮੀਆਂ ਦੀ ਗੱਲ ਸਾਹਮਣੇ ਆਉਂਦੀ ਰਹਿੰਦੀ ਹੈ ਪਰ ਬਠਿੰਡਾ ਜ਼ਿਲ੍ਹੇ ਦੇ ਕਿਸੇ ਸਿੱਖਿਆ ਅਦਾਰੇ ‘ਚ ਇਹ ਪਹਿਲਾ ਮਾਮਲਾ ਹੈ ਜਦੋਂ ਕਿਸੇ ਗੈਂਗਸਟਰ ਗਰੁੱਪ ਦੇ ਨਾਂਅ ਹੇਠ ਪ੍ਰਧਾਨਗੀ ਵਰਗੇ ਅਹੁਦਿਆਂ ਦਾ ਐਲਾਨ ਕੀਤਾ ਗਿਆ ਹੈ

ਦਵਿੰਦਰ ਬੰਬੀਹਾ ਬਠਿੰਡਾ ਜ਼ਿਲ੍ਹੇ ਦੇ ਰਾਪੁਰਾ ਫੂਲ ਇਲਾਕੇ ‘ਚ ਪੁਲਿਸ ਨਾਲ ਹੋਏ ਮੁਕਾਬਲੇ ਦੌਰਾਨ ਮਾਰਿਆ ਗਿਆ ਸੀ ਉਂਜ ਬਠਿੰਡਾ ਜ਼ਿਲ੍ਹੇ ‘ਚ ਦਵਿੰਦਰ ਬੰਬੀਹਾ ਸਣੇ ਅੱਧੀ ਦਰਜਨ ਖਤਰਨਾਕ ਗੈਂਗਸਟਰਾਂ ਦੀ ਪੁਲਿਸ ਨਾਲ ਹੋਏ ਵੱਖ-ਵੱਖ ਮੁਕਾਬਲਿਆਂ ਦੌਰਾਨ ਮੌਤ ਹੋ ਚੁੱਕੀ ਹੈ ਇਸ ਕਰਕੇ ਵੀ ਬਠਿੰਡਾ ਪੁਲਿਸ ਵੱਲੋਂ ਇਸ ਮਾਮਲੇ ‘ਚ ਕਾਫੀ ਚੌਕਸੀ ਵਰਤੀ ਜਾ ਰਹੀ ਹੈ ਸੀਨੀਅਰ ਪੁਲਿਸ ਕਪਤਾਨ ਬਠਿੰਡਾ ਡਾ. ਨਾਨਕ ਸਿੰਘ ਦਾ ਕਹਿਣਾ ਸੀ ਕਿ ਕਿਸੇ ਕੇਸ ਦੇ ਸਬੰਧਤ ‘ਚ ਪੁੱਛਗਿੱਛ ਲਈ ਤਿੰਨ ਲੜਕਿਆਂ ਨੂੰ ਹਿਰਾਸਤ ‘ਚ ਲਿਆ ਗਿਆ ਹੈ ਉਨ੍ਹਾਂ ਆਖਿਆ ਕਿ ਪੁਲਿਸ ਸਾਰੇ ਪੱਖਾਂ ਤੋਂ ਜਾਂਚ ਕਰ ਰਹੀ ਹੈ ਉਨ੍ਹਾਂ ਤਫਤੀਸ਼ ‘ਤੇ ਅਸਰ ਪੈਣ ਨੂੰ ਦੇਖਦਿਆਂ ਵਧੇਰੇ ਟਿੱਪਣੀ ਨਹੀਂ ਕੀਤੀ ਹੈ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।