ਐਵੇਂ 2022 ਲਈ ਚਿਹਰਾ ਪੇਸ਼ ਕਰਦੇ ਨਾ ਫਿਰਨ ਪੰਜਾਬ ਦੇ ਲੀਡਰ, ਫੈਸਲਾ ਸਿਰਫ਼ ਹਾਈ ਕਮਾਨ ਦੇ ਹੱਥ : ਬਾਜਵਾ

Pratap Singh Bajwa

ਕਿਹਾ, ਅਮਰਿੰਦਰ ਨਾਲ ਨਹੀਂ ਐ ਨਿੱਜੀ ਰੰਜਸ਼, ਵਿਚਾਰਾ ਦਾ ਐ ਸਿਰਫ਼ ਮਤਭੇਦ

  • ਕਿਹਾ, ਅਤੁਲ ਨੰਦਾ ਜੇਕਰ ਖ਼ੁਦ ਅਸਤੀਫ਼ਾ ਦਿੰਦੇ ਤਾਂ ਪੰਜਾਬ ਲਈ ਹੁੰਦਾ ਜਿਆਦਾ ਚੰਗਾ

  • ਰਿਟਾਇਰ ਅਧਿਕਾਰੀ ਖ਼ੁਦ ਹੀ ਛੱਡ ਕੇ ਚਲੇ ਜਾਣ ਸਰਕਾਰ, ਨਾ ਖ਼ਰਾਬ ਕਰਨ ਅਕਸ

ਚੰਡੀਗੜ, ਅਸ਼ਵਨੀ ਚਾਵਲਾ। ਪੰਜਾਬ ਕਾਂਗਰਸ ਦੇ ਮੁੱਖ ਮੰਤਰੀ ਦਾ ਚਿਹਰਾ ਅਮਰਿੰਦਰ ਸਿੰਘ ਹੋਣਗੇ ਜਾਂ ਫਿਰ ਨਹੀਂ, ਇਸ ਨੂੰ ਲੈ ਕੇ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਨੇ ਸਖ਼ਤ ਟਿੱਪਣੀ ਕਰਦੇ ਹੋਏ ਪੰਜਾਬ ਦੇ ਲੀਡਰਾਂ ਨੂੰ ਤਾੜਨਾ ਕਰ ਦਿੱਤੀ ਹੈ। ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਮੁੱਖ ਮੰਤਰੀ ਦਾ ਕਿਹੜਾ ਚਿਹਰਾ ਹੋਏਗਾ ਜਾਂ ਫਿਰ ਨਹੀਂ ਹੋਏਗਾ, ਇਹ ਐਲਾਨ ਕਰਨ ਵਾਲੇ ਪੰਜਾਬ ਦੇ ਲੀਡਰ ਕੌਣ ਹੁੰਦੇ ਹਨ। ਜੇਕਰ ਇਹ ਫੈਸਲੇ ਪੰਜਾਬ ਦੇ ਲੀਡਰ ਹੀ ਕਰਨ ਲਗ ਪਏ ਤਾਂ ਕਾਂਗਰਸ ਹਾਈ ਕਮਾਨ ਕੀ ਕੰਮ ਕਰੇਗੀ ? ਉਨਾਂ ਕਿਹਾ ਕਿ ਇਸ ਤਰਾਂ ਦੇ ਫੈਸਲੇ ਲੈਣ ਦਾ ਹੱਕ ਸਿਰਫ਼ ਕਾਂਗਰਸ ਹਾਈ ਦਾ ਹੈ ਅਤੇ ਉਨਾਂ ਵਲੋਂ ਹੀ ਇਹ ਫੈਸਲੇ ਲਏ ਜਾਣਗੇ। ਪੰਜਾਬ ਵਿੱਚ ਸੁਨੀਲ ਜਾਖੜ ਤੋਂ ਬਾਅਦ ਹੁਣ ਰਵਨੀਤ ਬਿੱਟੂ ਵੱਲੋਂ ਅਮਰਿੰਦਰ ਸਿੰਘ ਨੂੰ 2022 ਦਾ ਚਿਹਰਾ ਐਲਾਨੇ ਜਾਣ ’ਤੇ ਪ੍ਰਤਾਪ ਸਿੰਘ ਬਾਜਵਾ ਇਹ ਟਿੱਪਣੀ ਕਰ ਰਹੇ ਸਨ।

ਪ੍ਰਤਾਪ ਬਾਜਵਾ ਨੇ ਅੱਗੇ ਕਿਹਾ ਕਿ ਉਨਾਂ ਦੀ ਅਮਰਿੰਦਰ ਸਿੰਘ ਨਾਲ ਕੋਈ ਨਿੱਜੀ ਰੰਜਸ਼ ਜਾਂ ਫਿਰ ਦੁਸ਼ਮਣੀ ਨਹੀਂ ਹੈ, ਉਨਾਂ ਨਾਲ ਵਿਚਾਰਕ ਮਤਭੇਦ ਜਰੂਰ ਹਨ। ਇਸ ਲਈ ਇਹ ਕਹਿਣਾ ਗਲਤ ਹੋਏਗਾ ਕਿ ਉਹ ਕਦੇ ਇੱਕ ਫਰੇਮ ਵਿੱਚ ਨਹੀਂ ਆ ਸਕਦੇ ਹਨ ਜਾਂ ਫਿਰ ਇਕੱਠੇ ਨਹੀਂ ਬੈਠ ਸਕਦੇ। ਅਮਰਿੰਦਰ ਸਿੰਘ ਨਾਲ ਉਨਾਂ ਦੀ ਬੀਤੇ ਸਮੇਂ ਦੌਰਾਨ ਕੋਈ ਵੀ ਮੀਟਿੰਗ ਨਹੀਂ ਹੋਈ ਹੈ ਪਰ ਜੇਕਰ ਅਮਰਿੰਦਰ ਸਿੰਘ ਉਨਾਂ ਦੇ ਘਰ ਆਉਣਾ ਚਾਹੁਣ ਤਾਂ ਉਹ ਉਨਾਂ ਦਾ ਸੁਆਗਤ ਕਰਨਗੇ। ਉਨਾਂ ਕਿਹਾ ਕਿ ਕੋਈ ਵੀ ਟੀਮ ਸਿਰਫ਼ ਕੈਪਟਨ ਨਾਲ ਨਹੀਂ ਚੱਲਦੀ ਹੈ, ਕੈਪਟਨ ਤੋਂ ਇਲਾਵਾ ਟੀਮ ਵਿੱਚ 10 ਹੋਰ ਖਿਡਾਰੀ ਵੀ ਹੁੰਦੇ ਹਨ, ਜਿਨਾਂ ਦਾ ਬਰਾਬਰ ਦਾ ਰੋਲ ਹੁੰਦਾ ਹੈ।

ਇਥੇ ਹੀ ਪ੍ਰਤਾਪ ਬਾਜਵਾ ਨੇ ਕਿਹਾ ਕਿ ਨਵਜੋਤ ਸਿੱਧੂ ਨੂੰ ਜ਼ਿੰਮੇਵਾਰੀ ਦਿੱਤੀ ਜਾਣੀ ਚਾਹੀਦੀ ਹੈ ਪਰ ਇਸ ਦੇ ਨਾਲ ਹੀ ਪੁਰਾਣੇ ਲੀਡਰਾਂ ਨੂੰ ਵੀ ਅਣਗੌਲਿਆਂ ਨਹੀਂ ਕਰਨਾ ਚਾਹੀਦਾ ਹੈ, ਜਿਨਾਂ ਦੇ ਪਰਿਵਾਰਾਂ ਨੇ ਪਾਰਟੀ ਲਈ ਸ਼ਹਾਦਤਾਂ ਦਿੱਤੀ ਹੋਈਆਂ ਅਤੇ ਉਸ ਸਮੇਂ ਕਾਂਗਰਸ ਦਾ ਝੰਡਾ ਲੈ ਕੇ ਘੁੰਮਦੇ ਸਨ, ਜਦੋਂ ਕੋਈ ਕਾਂਗਰਸ ਦਾ ਨਾਅ ਤੱਕ ਨਹੀਂ ਲੈਂਦਾ ਸੀ।

ਅਤੁਲ ਨੰਦਾ ਨੇ ਅਸਤੀਫ਼ਾ ਕਿਉਂ ਨਹੀਂ ਦਿੱਤਾ ?

ਪ੍ਰਤਾਪ ਬਾਜਵਾ ਨੇ ਅਤੁਲ ਨੰਦਾ ਦੀ ਪਤਨੀ ਵਲੋਂ ਏ.ਜੀ. ਦਫ਼ਤਰ ਤੋਂ ਦਿੱਤੇ ਅਸਤੀਫ਼ੇ ‘ਤੇ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਕਿ ਚੰਗਾ ਹੁੰਦਾ ਜੇਕਰ ਖ਼ੁਦ ਅਤੁਲ ਨੰਦਾ ਅਸਤੀਫ਼ਾ ਦੇ ਦਿੱਤੇ, ਕਿਉਂਕਿ ਆਉਣ ਵਾਲੇ ਦਿਨਾਂ ਵਿੱਚ ਕਾਫ਼ੀ ਜਿਆਦਾ ਕੇਸ ਹਾਈ ਕੋਰਟ ਵਿੱਚ ਜਾਣੇ ਹਨ ਤੇ ਕਈ ਕੇਸ ਦੀ ਕਾਨੂੰਨੀ ਸਲਾਹ ਏ.ਜੀ. ਦਫ਼ਤਰ ਤੋਂ ਲਈ ਜਾਣੀ ਹੈ।

ਹੱਥ ਜੋੜ ਕੇ ਕਹਿੰਦਾ ਰਿਟਾਇਰ ਅਧਿਕਾਰੀ ਬਖ਼ਸ਼ਣ ਸਰਕਾਰ, ਛੱਡਣ ਅਹੁਦੇ

ਪ੍ਰਤਾਪ ਬਾਜਵਾ ਨੇ ਕਿਹਾ ਕਿ ਕਾਂਗਰਸ ਸਰਕਾਰ ਵਿੱਚ ਕਈ ਰਿਟਾਇਰ ਅਧਿਕਾਰੀ ਹੁਣ ਵੀ ਆਪਣੀ ਚਲਾ ਰਹੇ ਹਨ ਅਤੇ ਉਨਾਂ ਨੂੰ ਉਹ ਹੱਥ ਜੋੜ ਕੇ ਕਹਿੰਦੇ ਹਨ ਕਿ ਉਨਾਂ ਸਾਢੇ ਚਾਰ ਸਾਲ ਦੀ ਸਰਕਾਰ ਵਿੱਚ ਕਾਫ਼ੀ ਜਿਆਦਾ ਮੌਜ਼ਾ ਕਰ ਲਈਆਂ ਹਨ ਅਤੇ ਉਹ ਹੁਣ ਕਾਂਗਰਸ ਸਰਕਾਰ ਨੂੰ ਬਖ਼ਸ਼ਣ ਅਤੇ ਆਪਣੇ ਅਹੁਦੇ ਛੱਡ ਕੇ ਚਲੇ ਜਾਣ। ਉਨਾਂ ਕਿਹਾ ਕਿ ਉਨਾਂ ਤੋਂ ਠੀਕ ਢੰਗ ਨਾਲ ਕੰਮ ਨਹੀਂ ਹੋ ਰਿਹਾ ਹੈ ਅਤੇ ਇਸ ਨਾਲ ਅਕਸ ਕਾਂਗਰਸ ਸਰਕਾਰ ਦਾ ਖ਼ਰਾਬ ਹੁੰਦਾ ਨਜ਼ਰ ਆ ਰਿਹਾ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।