ਪੀਆਰਟੀਸੀ ਦੀ ਤੇਜ ਰਫ਼ਤਾਰ ਬੱਸ ਦਰਖ਼ਤ ਨਾਲ ਟਕਰਾਉਣ ਤੋਂ ਬਾਅਦ ਪਲਟੀ

ਡੇਢ ਦਰਜ਼ਨ ਦੇ ਕਰੀਬ ਸਵਾਰੀਆਂ ਜਖ਼ਮੀ

ਹਾਦਸੇ ਤੋਂ ਬਾਅਦ ਬੱਸ ਦਾ ਡਰਾਇਵਰ ਅਤੇ ਕਡੰਕਟਰ ਫਰਾਰ

ਸਮਾਣਾ, (ਸੁਨੀਲ ਚਾਵਲਾ)। ਸਮਾਣਾ ਪਟਿਆਲਾ ਰੋਡ ‘ਤੇ ਪਿੰਡ ਨੱਸੂਪੁਰ ਨੇੜੇ PRTC ਦੀ ਤੇਜ਼ ਰਫ਼ਤਾਰ ਬੱਸ ਦੇ ਪਹਿਲਾਂ ਦਰਖ਼ਤ ਨਾਲ ਟਕਰਾਉਣ ਤੇ ਫ਼ਿਰ ਨੇੜਲੇ ਖੇਤਾਂ ਵਿੱਚ ਪਲਟਣ ਕਾਰਨ ਡੇਢ ਦਰਜਨ ਦੇ ਕਰੀਬ ਸਵਾਰੀਆਂ ਜ਼ਖਮੀ ਹੋ ਗਈਆਂ ਜਿਨ੍ਹਾਂ ਨੂੰ ਸਮਾਣਾ ਦੇ ਸਿਵਲ ਹਸਪਤਾਲ ਦੇ ਨਾਲ-ਨਾਲ ਕੁੱਝ ਪ੍ਰਾਈਵੇਟ ਹਸਪਤਾਲਾਂ ਵਿੱਚ ਦਾਖ਼ਲ ਕਰਵਾਇਆ ਗਿਆ। ਬੱਸ ਦਾ ਡਰਾਇਵਰ ਅਤੇ ਕਡੰਕਟਰ ਹਾਦਸੇ ਤੋਂ ਬਾਅਦ ਮੌਕੇ ਤੋਂ ਫਰਾਰ ਹੋ ਗਏ ।

ਸਿਵਲ ਹਸਪਤਾਲ ਵਿੱਚ ਜਖ਼ਮੀ ਹਾਲਤ ਵਿੱਚ ਦਾਖ਼ਲ ਸਵਾਰੀਆਂ ਨੇ ਦੱਸਿਆ ਕਿ ਪੀਆਰਟੀਸੀ ਦੀ ਬੱਸ ਨੰਬਰ ਪੀਬੀ 07-2022 ਕਰੀਬ 11 ਵਜੇ ਸਮਾਣਾ ਤੋਂ ਪਟਿਆਲਾ ਲਈ ਚੱਲੀ ਬੱਸ ਦਾ ਡਰਾਇਵਰ ਬੱਸ ਨੂੰ ਕਾਫ਼ੀ ਤੇਜ਼ ਭਜਾ ਰਿਹਾ ਸੀ ਤੇ ਪਿੰਡ ਨੱਸੂਪੁਰ ਨੇੜੇ ਪੁੱਜ ਕੇ ਉਹ ਬੱਸ ਤੋਂ ਆਪਣਾ ਕਾਬੂ ਗੁਆ ਬੈਠਾ ਤੇ ਬੱਸ ਸੜਕ ਕਿਨਾਰੇ ਖੜੇ ਇੱਕ ਦਰਖ਼ਤ ਵਿੱਚ ਵੱਜਣ ਤੋਂ ਬਾਅਦ ਨੇੜਲੇ ਖੇਤਾਂ ਵਿੱਚ ਪਲਟ ਗਈ। ਹਾਦਸੇ ਸਮੇਂ ਬੱਸ ਵਿੱਚ ਕਰੀਬ 30 ਸਵਾਰੀਆਂ ਸਨ ਜਿਨ੍ਹਾਂ ਵਿੱਚੋਂ ਡੇਢ ਦਰਜ਼ਨ ਦੇ ਕਰੀਬ ਸਵਾਰੀਆਂ ਜਖ਼ਮੀ ਹੋ ਗਈਆਂ। ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਸਦਰ ਥਾਣਾ ਮੁੱਖੀ ਰਣਬੀਰ ਸਿੰਘ ਦੀ ਅਗਵਾਈ ਹੇਠ ਪੁਲਿਸ ਪਾਰਟੀ ਨੇ ਮੌਕੇ ‘ਤੇ ਪੁੱਜ ਲੋਕਾਂ ਦੀ ਸਹਾਇਤਾ ਨਾਲ ਜ਼ਖਮੀਆਂ ਨੂੰ ਬੱਸ ਵਿੱਚੋਂ ਕੱਢਿਆ ਤੇ ਹਸਪਤਾਲ ਪਹੁੰਚਾਇਆ।

ਜਖ਼ਮੀਆ ਵਿੱਚ ਵੰਕਿਸ਼ਾ (12) ਪੁੱਤਰੀ ਰਾਜੀਵ ਕੁਮਾਰ ਅਤੇ ਉਸਦੀ ਮਾਂ ਇਸ਼ਾ ਅਨੇਜਾ ਵਾਸੀ ਇੰਦਰਾਪੁਰੀ ਸਮਾਣਾ, ਜੋਗਿੰਦਰੋਂ ਦੇਵੀ ਪਤਨੀ ਗਿਆਨ ਚੰਦ ਵਾਸੀ ਮਲਕਾਣਾ, ਅਜੈ ਕੁਮਾਰ ਪੁੱਤਰ ਪ੍ਰਦੀਪ ਕੁਮਾਰ ਵਾਸੀ ਮਲਕਾਣਾ, ਰਾਜੀਵ ਕੁਮਾਰ ਪੁੱਤਰ ਹਰੀ ਚੰਦ ਵਾਸੀ ਮੱਛੀ ਹੱਟਾ, ਸਿੰਮੀ ਪਤਨੀ ਸੰਦੀਪ ਕੁਮਾਰ, ਉਸਦਾ ਲੜਕਾ ਜੈਤਿਕ ਵਾਸੀ ਗੜ ਮੁਹੱਲਾ ਸਮਾਣਾ ਅਤੇ ਉਸਦੀ ਮਾਤਾ ਕਵਿਤਾ ਗੋਇਲ ਪਤਨੀ ਸੁਨੀਲ ਗੋਇਲ, ਲਾਡੀ ਪੁੱਤਰ ਬਲਵੀਰ ਸਿੰਘ, ਸੁਖਵਿੰਦਰ ਸਿੰਘ ਵਾਸੀ ਕੁਤਬਨਪੁਰ ਸ਼ਾਮਲ ਹਨ। ਸਦਰ ਥਾਣਾ ਦੇ ਏਐਸਆਈ ਚਮਕੌਰ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।