ਪੀਆਰਟੀਸੀ ਤੇਲ ਦੀ ਘੱਟ ਖਪਤ ਕਰਕੇ ਬਣਿਆ ਦੇਸ਼ ਦਾ ਦੂਸਰਾ ਸਭ ਤੋਂ ਸਰਵੋਤਮ ਅਦਾਰਾ

ਰਨਰਅੱਪ ਐਵਾਰਡ ਅਤੇ ਦੋ ਲੱਖ ਰੁਪਏ ਦੀ ਰਾਸ਼ੀ ਕੀਤੀ ਹਾਸਲ

ਪਟਿਆਲਾ, (ਖੁਸ਼ਵੀਰ ਸਿੰਘ ਤੂਰ)। ਪੀਆਰਟੀਸੀ ਦੀਆਂ ਬੱਸਾਂ ਨੂੰ ਘੱਟੋ ਘੱਟ ਤੇਲ ਦੀ ਖਪਤ ਲਈ ਦੇਸ਼ ਭਰ ’ਚੋਂ ਦੂਸਰਾ ਸਥਾਨ ਪ੍ਰਾਪਤ ਹੋਇਆ ਹੈ। ਇਸ ਸਬੰਧੀ ਪੀਆਰਟੀਸੀ ਨੂੰ ਰਨਰਅੱਪ ਐਵਾਰਡ ਸਮੇਤ ਦੋ ਲੱਖ ਰੁਪਏ ਦੀ ਰਾਸ਼ੀ ਵੀ ਹਾਸਲ ਹੋਈ ਹੈ। ਇਸ ਦੇ ਨਾਲ ਹੀ ਪੀਆਰਟੀਸੀ ਦਾ ਫਰੀਦਕੋਟ ਡਿਪੂ ਪੰਜਾਬ ’ਚੋਂ ਸਰਵੋਤਮ ਡਿਪੂ ਐਲਾਨਿਆ ਗਿਆ ਹੈ ਅਤੇ ਉਸ ਡਿਪੂ ਨੂੰ 50 ਹਜਾਰ ਰੁਪਏ ਦੀ ਰਾਸ਼ੀ ਦਾ ਐਲਾਨ ਹੋਇਆ ਹੈ।

ਜਾਣਕਾਰੀ ਅਨੁਸਾਰ ਨਵੀਂ ਦਿੱਲੀ ਦੇ ਕਾਨਸਟੀਟਿਊਸ਼ਨ ਕਲੱਬ ਵਿਖੇ ਭਾਰਤੀ ਪੈਟਰੋਲੀਅਮ ਮੰਤਰਾਲੇ ਵੱਲੋਂ ਕਰਵਾਏ ਸ਼ਕਸ਼ਮ-2021 ਆਨ-ਲਾਈਨ ਸਮਾਗਮ ਦੌਰਾਨ ਪੀ.ਆਰ.ਟੀ.ਸੀ. ਦੇ ਹਿੱਸੇ ਇਹ ਪ੍ਰਾਪਤੀ ਆਈ ਹੈ। ਆਨ-ਲਾਈਨ ਸਮਾਗਮ ’ਚ ਸ਼ਿਰਕਤ ਕਰਕੇ ਪੀ.ਆਰ.ਟੀ.ਸੀ. ਦੇ ਚੇਅਰਮੈਨ ਕੇ.ਕੇ. ਸ਼ਰਮਾ ਨੇ ਇਹ ਅਵਾਰਡ ਪ੍ਰਾਪਤ ਕੀਤਾ ਹੈ। ਪੀ.ਸੀ.ਆਰ.ਏ (ਪੈਟਰੋਲੀਅਮ ਕੰਜ਼ਰਵੇਸ਼ਨ ਐਂਡ ਰੀਸਰਚ ਐਸੋਸੀਏਸ਼ਨ) ਵੱਲੋਂ ਸਾਰੇ ਰਾਜਾਂ ਦੀਆਂ ਟਰਾਂਸਪੋਰਟ ਅਦਾਰਿਆਂ ਦੀਆਂ ਬੱਸਾਂ ਦੀ ਤੇਲ ਦੀ ਖਪਤ ਨੂੰ ਵਾਚਦੇ ਹੋਏ ਪੀ.ਆਰ.ਟੀ.ਸੀ. ਨੂੰ ਦੂਜੇ ਰਾਜਾਂ ਦੀਆਂ ਸਟੇਟ ਟਰਾਂਸਪੋਰਟਾਂ ਦੀਆਂ ਬੱਸਾਂ ਦੇ ਮੁਕਾਬਲੇ ਘੱਟ ਤੇਲ ਖਪਤ ਕਰਨ ਕਰਕੇ ਰਨਰਅੱਪ ਅਵਾਰਡ ਮਿਲਿਆ ਹੈ ਅਤੇ ਦੋ ਲੱਖ ਇਨਾਮੀ ਰਾਸ਼ੀ ਵੀ ਦਿੱਤੀ ਗਈ ਹੈ।

ਇਸ ਮੌਕੇ ਚੇਅਰਮੈਨ ਕੇ.ਕੇ. ਸ਼ਰਮਾ ਨੇ ਪੀ.ਸੀ.ਆਰ.ਏ. ਅਤੇ ਪੈਟਰੋਲੀਅਮ ਅਤੇ ਕੁਦਰਤੀ ਗੈਸ ਅਤੇ ਸਟੀਲ ਮੰਤਰੀ ਧਰਮਿੰਦਰ ਪ੍ਰਧਾਨ ਦਾ ਵਿਸ਼ੇਸ਼ ਤੌਰ ’ਤੇ ਧੰਨਵਾਦ ਕਰਦਿਆਂ ਕਿਹਾ ਕਿ ਇਹ ਅਵਾਰਡ ਪੀ.ਆਰ.ਟੀ.ਸੀ. ਦੇ ਮੁਲਾਜ਼ਮਾਂ ਨੂੰ ਹੋਰ ਮਿਹਨਤ ਅਤੇ ਲਗਨ ਨਾਲ ਕੰਮ ਕਰਨ ਲਈ ਪ੍ਰੇਰਿਤ ਕਰੇਗਾ। ਉਨ੍ਹਾਂ ਦੱਸਿਆ ਕਿ ਇਸ ਅਵਾਰਡ ਨਾਲ ਪੀ.ਆਰ.ਟੀ.ਸੀ. ਦਾ ਅਕਸ ਦੇਸ਼ ਦੀਆਂ ’ਚ ਹੋਰ ਬੇਹਤਰ ਹੋਇਆ ਹੈ।

ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਪੰਜਾਬ ਸਟੇਟ ’ਚੋਂ ਸਰਵੋਤਮ ਡਿਪੂ ਵਜੋਂ ਅਵਾਰਡ ਪੀ.ਆਰ.ਟੀ.ਸੀ. ਦੇ ਫਰੀਦਕੋਟ ਡਿਪੂ ਨੂੰ ਦਿੱਤਾ ਗਿਆ ਹੈ ਅਤੇ ਇਸ ਅਵਾਰਡ ਦੀ ਰਾਸ਼ੀ ਵਜੋਂ 50 ਹਜ਼ਾਰ ਰੁਪਏ ਪ੍ਰਾਪਤ ਹੋਏ ਹਨ। ਸ੍ਰੀ ਸ਼ਰਮਾ ਨੇ ਸਮੂਹ ਅਧਿਕਾਰੀਆਂ ਅਤੇ ਕਰਮਚਾਰੀਆਂ ਦੇ ਆਪਸੀ ਸਹਿਯੋਗ ਅਤੇ ਮਿਹਨਤ ਸਦਕਾ ਹੋਈ ਪ੍ਰਾਪਤੀ ਖਾਤਰ ਉਨ੍ਹਾਂ ਦੀ ਸ਼ਲਾਘਾ ਕੀਤੀ। ਦੱਸਣਯੋਗ ਹੈ ਕਿ ਪਿਛਲੇ ਸਮੇਂ ਦੌਰਾਨ ਪੀਆਰਟੀਸੀ ਦੀ ਆਰਥਿਕ ਹਾਲਤ ਬਹੁਤ ਖ਼ਰਾਬ ਹੋ ਗਈ ਸੀ ਅਤੇ ਕਾਂਗਰਸ ਸਰਕਾਰ ਆਉਣ ਤੋਂ ਬਾਅਦ ਇਸ ਦੀ ਹਾਲਤ ’ਚ ਕਾਫ਼ੀ ਸੁਧਾਰ ਹੋਇਆ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.