ਬਾਰ ਐਸੋਸੀਏਸ਼ਨ ਦੀ ਚੋਣ ‘ਚ ਚੈਂਬਰਾਂ ਦੀ ਢਾਹ-ਢੁਹਾਈ ਬਣੇਗੀ ਵੱਡਾ ਮੁੱਦਾ

Problem, Demolition, Chambers, Association, Election

ਇਸ ਕਾਰਵਾਈ ਨੂੰ ਆਪਣੇ ਰੁਤਬੇ ‘ਤੇ ਵੱਡਾ ਹਮਲਾ ਮੰਨ ਰਹੇ ਨੇ ਵਕੀਲ

ਬਠਿੰਡਾ (ਸੱਚ ਕਹੂੰ ਨਿਊਜ਼) | ਬਾਰ ਐਸੋਸੀਏਸ਼ਨ ਬਠਿੰਡਾ ਦੀ ਚੋਣ ‘ਚ ਲੋਕ ਨਿਰਮਾਣ ਵਿਭਾਗ ਵੱਲੋਂ ਜ਼ਿਲ੍ਹਾ ਕਚਹਿਰੀਆਂ ਅੱਗੇ ਵਕੀਲਾਂ ਦੇ ਢਾਹੇ ਆਰਜੀ ਨਿਰਮਾਣ ਵੱਡਾ ਮੁੱਦਾ ਬਣਨ ਦੇ ਸੰਕੇਤ ਹਾਸਲ ਹੋਏ ਹਨ ਇਸ ਥਾਂ ‘ਤੇ ਕਰੀਬ ਦੋ ਦਰਜਨ ਵਕੀਲ ਅਤੇ ਵੱਡੀ ਗਿਣਤੀ ‘ਚ ਟਾਈਪਿਸਟ ਤੇ ਹੋਰ ਲੋਕ ਕੰਮ-ਧੰਦਾ ਕਰਕੇ ਆਪਣੀ ਰੋਜ਼ੀ ਰੋਟੀ ਚਲਾ ਰਹੇ ਸਨ ਹੁਣ ਜਦੋਂ ਇਹ ਜਗ੍ਹਾ ਪੂਰੀ ਤਰ੍ਹਾਂ ਸਾਫ ਕਰ ਦਿੱਤੀ ਗਈ ਹੈ ਤਾਂ ਆਸ ਖਤਮ ਹੋਣ ਪਿੱਛੋਂ ਵਕੀਲਾਂ ‘ਚ ਰੋਸ ਵੀ ਵਧ ਗਿਆ ਹੈ ਵਕੀਲ ਇਸ ਕਾਰਵਾਈ ਨੂੰ ਆਪਣੇ ਰੁਤਬੇ ‘ਤੇ ਕੀਤਾ ਵੱਡਾ ਹਮਲਾ ਮੰਨ ਰਹੇ ਹਨ, ਜਿਸ ਕਰਕੇ ਇਹ ਮੁੱਦਾ ਗਰਮਾਉਂਦਾ ਜਾ ਰਿਹਾ ਹੈ
ਵਕੀਲਾਂ ਦਾ ਕਹਿਣਾ ਹੈ ਕਿ ਹੱਕਾਂ ‘ਤੇ ਪਹਿਰਾ ਦੇਣ ਵਾਲੇ ਵਿਅਕਤੀ ਨੂੰ ਆਪਣਾ ਨਮਾਇੰਦਾ ਚੁਣਨਾ ਉਨ੍ਹਾਂ ਦੀ ਤਰਜੀਹ ਹੋਵੇਗੀ ਉਨ੍ਹਾਂ ਦੱਸਿਆ ਕਿ ਚੋਣਾਂ ‘ਚ ਉਂਜ ਵਕੀਲਾਂ ਦੇ ਮਸਲੇ ਤੇ ਮੰਗਾਂ ਹੀ ਮੁੱਦੇ ਬਣਦੀਆਂ ਹਨ ਪਰ ਐਤਕੀਂ ਖੋਖੇ ਢਾਹੁਣ ਦਾ ਮਾਮਲਾ ਅਹਿਮ ਮੁੱਦਾ ਹੋਵੇਗਾ ਓਧਰ ਲੋਕ ਨਿਰਮਾਣ ਵਿਭਾਗ ਦੀ ਕਾਰਵਾਈ ਨੇ ਤਾਂ ਵਕੀਲਾਂ ‘ਚ ਆਪਸੀ ਵਿਵਾਦ ਵੀ ਖੜ੍ਹਾ ਕੀਤਾ ਹੋਇਆ ਹੈ ਆਪਸੀ ਤਕਰਾਰ ਸਬੰਧੀ ਇੱਕ ਵਕੀਲ ਨੇ ਆਪਣੇ ਹੀ ਸਾਥੀ ਖਿਲਾਫ ਪੁਲਿਸ ਕੇਸ ਵੀ ਦਰਜ ਕਰਵਾ ਦਿੱਤਾ ਸੀ ਉਸ ਮਗਰੋਂ ਵਕੀਲ ਇਸ ਮਾਮਲੇ ਨੂੰ ਬਾਰ ਕੌਂਸਲ ਪੰਜਾਬ ਕੋਲ ਲੈ ਗਏ ਸਨ ਬਾਰ ਕੌਂਸਲ ਨੇ ਦਲੀਲਾਂ ਸੁਣਨ ਅਤੇ ਬਾਰ ਐਸੋਸੀਏਸ਼ਨ ਬਠਿੰਡਾ ਦੀ ਮਹੱਤਤਾ ਨੂੰ ਬਰਕਰਾਰ ਰੱਖਣ ਦੇ ਮੰਤਵ ਨਾਲ ਪੁਰਾਣੇ ਚੋਣ ਪ੍ਰੋਗਰਾਮ ਨੂੰ ਰੱਦ ਕਰਕੇ ਨਵਾਂ ਉਲੀਕ ਦਿੱਤਾ ਹੈ ਮੌਜ਼ੂਦਾ ਲੋਕ ਸਭਾ ਚੋਣਾਂ ਨੂੰ ਦੇਖਦਿਆਂ ਬਾਰ ਐਸੋਸੀਏਸ਼ਨ ਦੀ ਸਿਆਸੀ ਪੱਖ ਤੋਂ ਵੱਡੀ ਅਹਿਮੀਅਤ ਸਮਝੀ ਜਾਂਦੀ ਹੈ ਜਿਸ ਕਰਕੇ ਸਿਆਸੀ ਨੇਤਾਵਾਂ ਅਤੇ ਸ਼ਹਿਰ ਵਾਸੀਆਂ ਦੀ ਨਜ਼ਰਾਂ ਨਤੀਜਿਆਂ ‘ਤੇ ਲੱਗੀਆਂ ਹੋਈਆਂ ਹਨ ਦੱਸਣਯੋਗ ਹੈ ਕਿ ਲੰਘੀ 10 ਮਾਰਚ ਨੂੰ ਨਿਰਮਾਣ ਵਿਭਾਗ ਨੇ ਕਚਹਿਰੀਆਂ ਦੇ ਮੁੱਖ ਗੇਟ ਕੋਲ ਵਕੀਲਾਂ ਤੇ ਕੁਝ ਹੋਰ ਲੋਕਾਂ ਵੱਲੋਂ ਪਿਛਲੇ ਕਈ ਵਰ੍ਹਿਆਂ ਤੋਂ ਕਥਿਤ ਨਜਾਇਜ਼ ਕਬਜੇ ਕਰਕੇ ਉਸਾਰੇ ਚੈਂਬਰ ਆਦਿ ਢਾਹ ਦਿੱਤੇ ਸਨ ਇਸ ਮੌਕੇ ਬਾਰ ਆਗੂਆਂ ਨੇ ਪ੍ਰਸ਼ਾਸਨ ਤੱਕ ਪਹੁੰਚ ਕੀਤੀ ਪਰ ਉਨ੍ਹਾਂ ਦੀ ਕੋਈ ਸੁਣਵਾਈ ਨਾ ਹੋਣ ਦੇ ਵਿਰੋਧ ‘ਚ ਵਕੀਲਾਂ ਨੇ ਤਿੰਨ-ਚਾਰ ਦਿਨ ਕੰਮ ਠੱਪ ਰੱਖਿਆ ਪਰ ਮਸਲੇ ਦਾ ਹੱਲ ਨਹੀਂ ਹੋਇਆ ਬਾਰ ਕੌਂਸਲ ਪੰਜਾਬ ਦੇ ਦਖਲ ਤੋਂ ਬਾਅਦ ਭਾਵੇਂ ਇੱਕ ਵਾਰ ਮਾਮਲਾ ਸ਼ਾਂਤ ਹੋ ਗਿਆ ਹੈ ਪਰ ਢਾਹ ਢੁਹਾਈ ਦੀ ਅੱਗ ਅੰਦਰੋ-ਅੰਦਰੀ ਸੁਲਗ ਰਹੀ ਹੈ ਪੀੜਤ ਵਕੀਲ ਐਡਵੋਕੇਟ ਰਾਜਵਿੰਦਰ ਸਿੰਘ ਸਿੱਧੂ ਦਾ ਪ੍ਰਤੀਕਰਮ ਸੀ ਕਿ ਇਹ ਕੋਈ ਛੋਟੀ ਗੱਲ  ਨਹੀਂ ਹੈ ਬਲਕਿ ਬਾਰ ਐਸੋਸੀਏਸ਼ਨ ਦੀ ਚੋਣ ਲਈ ਅਹਿਮ ਮੁੱਦਾ ਹੈ ਕਿਉਂਕਿ ਵਕੀਲਾਂ ਦੇ ਮਾਣ ਸਨਮਾਨ ਨੂੰ ਪੁੱਜੀ ਠੇਸ ਨਾਲ ਜੁੜਿਆ ਹੋਇਆ ਹੈ ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਨੂੰ ਪਹਿਲਾਂ ਨੋਟਿਸ ਦੇਣੇ ਚਾਹੀਦੇ ਸਨ ਤੇ ਬਾਅਦ ‘ਚ ਨਾ ਮੰਨਣ ਦੀ ਸੂਰਤ ‘ਚ ਢਾਹ-ਢੁਹਾਈ ਕੀਤੀ ਜਾਂਦੀ ਤਾਂ ਕਿਸੇ ਨੂੰ ਰੋਸ ਨਹੀਂ ਹੋਣਾ ਸੀ ਉਨ੍ਹਾਂ ਬਾਰ ਦੇ ਵੋਟਰ ਵਕੀਲਾਂ ਨੂੰ ਹੱਕਾਂ ਦੀ ਰਾਖੀ ਲਈ ਸਮਰੱਥ ਅਤੇ ਲੜਾਈ ਲੜਨ ਵਾਲੇ ਉਮੀਦਵਾਰ ਨੂੰ ਵੋਟ ਪਾਉਣ ਦਾ ਸੱਦਾ ਵੀ ਦਿੱਤਾ ਲੋਕ ਨਿਰਮਾਣ ਵਿਭਾਗ ਦੇ ਕਾਰਜਕਾਰੀ ਇੰਜਨੀਅਰ ਮੰਦਰ ਸਿੰਘ ਦਾ ਕਹਿਣਾ ਸੀ ਕਿ ਹਾਈਕੋਰਟ ਦੇ ਆਦੇਸ਼ਾਂ ਤੇ ਨਜਾਇਜ਼ ਉਸਾਰੀਆਂ ਢਾਹੀਆਂ ਸਨ ਉਨ੍ਹਾਂ ਕਿਹਾ ਕਿ ਇਨ੍ਹਾਂ ਲੋਕਾਂ ਨੂੰ ਨੋਟਿਸ ਜਾਰੀ ਕੀਤੇ ਗਏ ਸਨ, ਜਿਨ੍ਹਾਂ ਨੂੰ ਅਣਗੌਲਿਆਂ ਕਰ ਦਿੱਤਾ ਗਿਆ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।