ਬਿਜਲੀ ਕਾਮਿਆਂ ਨੇ ਮੁੱਖ ਦਫ਼ਤਰ ਅੱਗੇ ਸੂਬਾ ਪੱਧਰੀ ਧਰਨੇ ਦੌਰਾਨ ਪਾਵਰਕੌਮ ਨੂੰ ਲਲਕਾਰਿਆ

Power Workers, Challenged, POWERCOM, State Level, Dharna, Head Office

ਮੰਨੀਆਂ ਮੰਗਾਂ ਨੂੰ ਜਾਣਬੁੱਝ ਕੇ ਲਟਕਾਉਣ ਦਾ ਲਾਇਆ ਦੋਸ਼

ਪਾਵਰਕੌਮ ‘ਚ ਹਜ਼ਾਰਾਂ ਅਸਾਮੀਆਂ ਦੀ ਘਾਟ: ਆਗੂ

ਖੁਸ਼ਵੀਰ ਸਿੰਘ ਤੂਰ, ਪਟਿਆਲਾ

ਬਿਜਲੀ ਮੁਲਾਜ਼ਮਾਂ ਦੀਆਂ ਵੱਖ-ਵੱਖ ਜਥੇਬੰਦੀਆਂ ਦੇ ਅਧਾਰਿਤ ਬਣੇ ਪੀਐਸਈਬੀ ਜੁਆਇੰਟ ਫੋਰਮ ਵੱਲੋਂ ਅੱਜ ਇੱਥੇ ਪਾਵਰਕੌਮ ਦੇ ਮੁੱਖ ਦਫ਼ਤਰ ਅੱਗੇ ਆਪਣੀਆਂ ਮੰਗਾਂ ਨੂੰ ਲੈ ਕੇ ਸੂਬਾ ਪੱਧਰੀ ਧਰਨਾ ਦੇ ਮੈਨੇਜਮੈਂਟ ਦਾ ਪਿੱਟ ਸਿਆਪਾ ਕੀਤਾ ਗਿਆ। ਇਸ ਮੌਕੇ ਮੁਲਾਜ਼ਮਾਂ ਵੱਲੋਂ ਪਾਵਰਕੌਮ ਤੇ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕਰਦੇ ਮੁਲਾਜ਼ਮ ਵਿਰੋਧੀ ਨੀਤੀਆਂ ਦੀ ਨਿਖੇਧੀ ਕੀਤੀ ਗਈ। ਬਿਜਲੀ ਮੁਲਾਜ਼ਮਾਂ ਦੇ ਧਰਨੇ ਕਾਰਨ ਮਾਲ ਰੋਡ ਜਾਮ ਰਿਹਾ ਤੇ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਇਸ ਮੌਕੇ ਧਰਨੇ ਨੂੰ ਸੰਬੋਧਨ ਕਰਦੇ ਹੋਏ ਸੂਬਾਈ ਆਗੂਆਂ ਕਰਮਚੰਦ ਭਾਰਦਵਾਜ, ਕੁਲਦੀਪ ਸਿੰਘ ਖੰਨਾ, ਹਰਭਜਨ ਸਿੰਘ, ਜੈਲ ਸਿੰਘ ਆਦਿ ਨੇ ਕਿਹਾ ਕਿ ਬਿਜਲੀ ਨਿਗਮ ਦੀ ਮੈਨੇਜਮੈਂਟ ਜੁਆਇੰਟ ਫੋਰਮ ਨਾਲ ਧਰਨੇ ਤੋਂ ਇੱਕ ਦਿਨ ਪਹਿਲਾਂ ਹੋਈ ਮੀਟਿੰਗ ਵਿੱਚ ਵਾਰ-ਵਾਰ ਸਮਝੌਤਿਆ ‘ਚ ਮੰਨੀਆਂ ਮੰਗਾਂ ਲਾਗੂ ਕਰਨ ਤੋਂ ਆਪਣੀ ਅਸਮਰਥਾ ਪ੍ਰਗਟ ਕਰ ਗਈ, ਜਿਸ ਕਰਕੇ ਮੁਲਾਜ਼ਮਾਂ ਵੱਲੋਂ ਤੁਰੰਤ ਹੀ ਧਰਨੇ ਦਾ ਐਲਾਨ ਕਰਨਾ ਪਿਆ।

ਆਗੂਆਂ ਨੇ ਦੋਸ਼ ਲਾਇਆ ਕਿ ਮੈਨੇਜਮੈਂਟ ਮਨਮਾਨੇ ਢੰਗ ਨਾਲ ਮਨਜੂਰ ਅਸਾਮੀਆਂ ਨੂੰ ਘਟਾ ਰਹੀ ਹੈ ਤਾਂ ਕਿ ਬਣਦੀ ਭਰਤੀ ਤੇ ਤਰੱਕੀਆਂ ਨਾ ਹੋ ਸਕਣ ਤਾਂ ਵੀ ਘਟਾਈਆਂ ਅਸਾਮੀਆਂ ਅਨੁਸਾਰ ਵੀ ਹਜ਼ਾਰਾਂ ਖਾਲੀ ਆਸਾਮੀਆਂ ਨੂੰ ਭਰਨ ਦੀ ਥਾਂ ਰੈਗੂਲਰ ਕੰਮਾਂ ਨੂੰ ਪ੍ਰਾਈਵੇਟ ਕੰਪਨੀਆਂ ਤੇ ਬਾਹਰੀ ਸਰੋਤਾਂ ਤੋਂ ਘਟੀਆ ਮਿਆਰ ਰਾਹੀਂ ਵਾਧੂ ਖਰਚਾ ਕਰਕੇ ਕਰਵਾ ਰਹੀ ਹੈ ਜਿਸ ਕਾਰਨ ਬਿਜਲੀ ਨਿਗਮ ਉੱਪਰ ਬੇਲੋੜਾ ਵਾਧੂ ਬੋਝ ਪੈ ਰਿਹਾ ਹੈ। ਧਰਨੇ ਵਿੱਚ ਪੰਜਾਬ ਸਰਕਾਰ ਤੋਂ 1-1-2016 ਤੋਂ ਡਿਊ ਪੇ-ਰਵੀਜਨ ਤੁਰੰਤ ਕਰਨ, ਮਹਿੰਗਾਈ ਭੱਤੇ ਦੀਆਂ ਬਕਾਇਆ ਕਿਸ਼ਤਾਂ ਜਾਰੀ ਕਰਨ ਤੇ ਨਵੇਂ ਨਿਯੁਕਤ ਕਰਮਚਾਰੀਆਂ ਨੂੰ ਪੇ-ਬੈਂਡ ਦੀ ਥਾਂ ਪੂਰਾ ਤਨਖਾਹ ਸਕੇਲ ਦੇਣ, ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨ ਅਤੇ ਵਰ੍ਹਿਆਂਬੱਧੀ ਕੰਮ ਕਰਨ ਵਾਲੇ ਕੰਟਰੈਕਟ ਕਾਮਿਆਂ ਨੂੰ ਰੈਗੂਲਰ ਕਰਨ ਦੀ ਵੀ ਮੰਗ ਕੀਤੀ।

ਆਗੂਆਂ ਨੇ ਬਿਜਲੀ ਨਿਗਮ ਦੀ ਮੈਨੇਜਮੈਂਟ ‘ਤੇ ਦੋਸ਼ ਲਾਇਆ ਕਿ ਮੈਨੇਜਮੈਂਟ ਮੰਨੀਆਂ ਮੰਗਾਂ ਲਾਗੂ ਕਰਨ ਦੀ ਥਾਂ ਟਕਰਾਅ ਵਾਲੀ ਨੀਤੀ ਅਪਣਾ ਰਹੀ ਹੈ ਅਤੇ ਬਿਨਾਂ ਕਿਸੇ ਸ਼ਿਕਾਇਤ ਦੇ ਟਰੇਡ ਯੂਨੀਅਨ ਆਗੂਆਂ ਤੇ ਵਰਕਰਾਂ ਦੀਆਂ ਬਦਲੀਆਂ ਕੀਤੀਆਂ ਜਾ ਰਹੀਆਂ ਹਨ। ਭਰਾਤਰੀ ਜੱਥੇਬੰਦੀ ਪੈਨਸ਼ਨਰਜ਼ ਐਸੋਸੀਏਸ਼ਨ ਦੇ ਪ੍ਰਧਾਨ ਸਾਥੀ ਅਵਿਨਾਸ਼ ਚੰਦਰ ਸ਼ਰਮਾ, ਸਕੱਤਰ ਧਨਵੰਤ ਸਿੰਘ ਭੱਠਲ ਨੇ ਧਰਨੇ ਨੂੰ ਸੰਬੋਧਨ ਕਰਦਿਆਂ ਪੁਰਨ ਸਮਰਥਨ ਦੇਣ ਦਾ ਭਰੋਸਾ ਦਿੱਤਾ। ਇਸ ਮੌਕੇ ਫਲਜੀਤ ਸਿੰਘ, ਗੁਰਸੇਵਕ ਸਿੰਘ ਸੰਧੂ, ਸੁਖਦੇਵ ਸਿੰਘ ਰੋਪੜ, ਵਿਜੈ ਕੁਮਾਰ ਸ਼ਰਮਾ, ਬਲਵਿੰਦਰ ਸਿੰਘ ਸੰਧੂ, ਬ੍ਰਿਜ ਲਾਲ, ਰਣਬੀਰ ਸਿੰਘ ਪਾਤੜਾਂ, ਅਵਤਾਰ ਸਿੰਘ ਕੈਂਥ, ਕਾਰਜਵਿੰਦਰ ਸਿੰਘ, ਸੁਰਿੰਦਰਪਾਲ ਸ਼ਰਮਾ, ਸਿਕੰਦਰ ਨਾਥ, ਰਵੇਲ ਸਿੰਘ ਸਹਾਏਪੁਰ, ਕੰਵਲਜੀਤ ਸਿੰਘ, ਹਰਜਿੰਦਰ ਸਿੰਘ ਦੁਧਾਲਾ, ਅਮਰੀਕ ਸਿੰਘ ਨੂਰਪੁਰ, ਮਹਿੰਦਰ ਨਾਥ, ਕਰਮਚੰਦ ਖੰਨਾ ਸਮੇਤ ਵੱਡੀ ਗਿਣਤੀ ਵਿੱਚ ਬਿਜਲੀ ਮੁਲਾਜ਼ਮ ਹਾਜ਼ਰ ਸਨ।

ਕਾਲੇ ਝੰਡਿਆਂ ਨਾਲ ਕਰਨਗੇ ਅਧਿਕਾਰੀਆਂ ਖਿਲਾਫ਼ ਮੁਜ਼ਾਹਰੇ

ਆਗੂਆਂ ਨੇ ਕਿਹਾ ਕਿ ਬਿਜਲੀ ਕਾਮੇ ਬਿਜਲੀ ਮੰਤਰੀ ਤੇ ਵਿੱਤ ਮੰਤਰੀ ਪੰਜਾਬ ਸਮੇਤ ਦੋਵੇਂ ਬਿਜਲੀ ਨਿਗਮਾਂ ਦੇ ਚੇਅਰਮੈਨ ਤੇ ਡਾਇਰੈਕਟਰਾਂ ਦੇ ਸਰਕਾਰੀ ਦੌਰਿਆਂ ਸਮੇਂ ਫੀਲਡ ‘ਚ ਉਨ੍ਹਾਂ ਵਿਰੁੱਧ 20 ਜੂਨ ਤੋਂ 10 ਜੁਲਾਈ ਤੱਕ ਕਾਲੇ ਝੰਡਿਆਂ ਨਾਲ ਰੋਸ ਵਿਖਾਵੇ ਕਰਨਗੇ ਤੇ 20 ਜੂਨ ਤੋਂ 10 ਜੁਲਾਈ 2019 ਤੱਕ ਫੀਲਡ ਵਿੱਚ ਵਰਕ ਟੂ ਰੂਲ ਅਨੁਸਾਰ ਹੀ ਕੰਮ ਕਰਨਗੇ। ਜੇਕਰ ਫਿਰ ਵੀ ਮੈਨੇਜਮੈਂਟ ਨੇ ਬਿਜਲੀ ਕਾਮਿਆਂ ਦੀਆਂ ਮੰਗਾਂ ਮੰਨਣ ਵੱਲ ਧਿਆਨ ਨਾ ਦਿੱਤਾ ਤਾਂ ਜੁਆਇੰਟ ਫੋਰਮ ਜਲਦੀ ਹੀ ਸੰਘਰਸ਼ ਨੂੰ ਹੋਰ ਤੇਜ਼ ਤੇ ਵਿਸ਼ਾਲ ਕਰਨ ਦਾ ਐਲਾਨ ਕਰੇਗਾ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।