ਸਿਆਸਤ ਤੋਂ ‘ਅਸਲ ਚੌਂਕੀਦਾਰ’ ਤੇ ਉਨ੍ਹਾਂ ਦੇ ਪਰਿਵਾਰ ਨਿਰਾਸ਼ 

Politics, Watchman, Family, Frustrated

ਚੌਂਕੀਦਾਰ ਸ਼ਬਦ ਹਟਵਾਉਣ ਲਈ ਚੌਂਕੀਦਾਰ ਯੂਨੀਅਨ ਦਾ ਵਫ਼ਦ 27 ਮਾਰਚ ਨੂੰ ਮਿਲੇਗਾ ਪੰਜਾਬ ਦੇ ਚੋਣ ਕਮਿਸ਼ਨ ਨੂੰ

ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਲੋਕ ਸਭਾ ਚੋਣਾਂ ‘ਚ ਵੱਖ-ਵੱਖ ਪਾਰਟੀਆਂ ਵੱਲੋਂ ਆਪਣੀ ਰਾਜਨੀਤਿਕ ਕਿਸ਼ਤੀ ਨੂੰ ਪਾਰ ਲਾਉਣ ਲਈ ‘ਚੌਂਕੀਦਾਰ’ ਸ਼ਬਦ ਨੂੰ ਲੈ ਕੇ ਕੀਤੀ ਜਾ ਰਹੀ ਸਿਆਸਤ ਨੇ ਅਸਲ ਚੌਂਕੀਦਾਰਾਂ ਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਵੱਡੀ ਠੇਸ ਪਹੁੰਚਾਈ ਹੈ। ਅਸਲ ਚੌਂਕੀਦਾਰਾਂ ਦਾ ਕਹਿਣਾ ਹੈ ਕਿ ਰਾਜਨੀਤਿਕ ਪਾਰਟੀਆਂ ਵੱਲੋਂ ਚੌਂਕੀਦਾਰ ਦੇ ਨਾਂਅ ‘ਤੇ ਕੀਤੀ ਜਾ ਰਹੀ ਸਿਆਸਤ ਨੂੰ ਹੋਰ ਸਹਿਣ ਨਹੀਂ ਕਰਨਗੇ ਤੇ ਚੌਂਕੀਦਾਰਾਂ ਦੇ ਨਾਂਅ ਨੂੰ ਹੋਰ ਬਦਨਾਮ ਨਹੀਂ ਹੋਣ ਦੇਣਗੇ। ਜਲਦੀ ਹੀ ਚੌਂਕੀਦਾਰਾਂ ਵੱਲੋਂ ਰਾਜਨੀਤਿਕ ਪਾਰਟੀਆਂ ਵੱਲੋਂ ਵਰਤੇ ਜਾ ਰਹੇ ਚੌਂਕੀਦਾਰ ਸ਼ਬਦ ਨੂੰ ਹਟਾਉਣ ਲਈ ਚੋਣ ਕਮਿਸ਼ਨ ਦਾ ਰੁਖ ਕੀਤਾ ਜਾ ਰਿਹਾ ਹੈ। ਅਸਲ ਚੌਂਕੀਦਾਰ ਤਾਂ ਇੱਥੋਂ ਤੱਕ ਆਖਣ ਲੱਗੇ ਹਨ ਕਿ ਜੇਕਰ ਫੇਰ ਵੀ ਉਨ੍ਹਾਂ ਦੇ ਨਾਂਅ ਨੂੰ ਰਾਜਸੀ ਪਾਰਟੀਆਂ ਨੇ ਆਪਣੀ ਸੱਤਾ ਪ੍ਰਾਪਤੀ ਲਈ ਚੋਣਾਂ ‘ਚ ਘਸੀਟਿਆ ਤਾਂ ਹਾਈਕੋਰਟ ‘ਚ ਪਟੀਸ਼ਨ ਦਾਖਲ ਕਰਨਗੇ।
‘ਸੱਚ ਕਹੂੰ’ ਨਾਲ ਵਿਸ਼ੇਸ਼ ਗੱਲ ਕਰਦਿਆਂ ਲਾਲ ਝੰਡਾ ਪੇਂਡੂ ਚੌਂਕੀਦਾਰਾਂ ਯੂਨੀਅਨ ਦੇ ਚੇਅਰਮੈਨ ਅਮਰਜੀਤ ਸਿੰਘ ਜਾਗਦੇ ਰਹੋ ਅਤੇ ਪ੍ਰਧਾਨ ਪਰਮਜੀਤ ਸਿੰਘ ਨੀਲੋ ਨੇ ਕਿਹਾ ਕਿ ਭਾਜਪਾ ਤੇ ਕਾਂਗਰਸ ਨੇ ਸੱਤਾ ਹਾਸਲ ਕਰਨ ਲਈ ਪਾਕ ਪਵਿੱਤਰ ਚੌਂਕੀਦਾਰੇ ਨੂੰ ਬਦਨਾਮ ਕਰਕੇ ਰੱਖ ਦਿੱਤਾ ਹੈ। ਇੱਕ ਪਾਰਟੀ ਆਪਣੇ ਰਾਜਸੀ ਹਿੱਤ ਲਈ ਚੌਂਕੀਦਾਰ ਕਹਿ ਰਹੀ ਹੈ, ਜਦਕਿ ਦੂਜੀ ਪਾਰਟੀ ਵੱਲੋਂ ਚੌਂਕੀਦਾਰ ਚੋਰ ਦਾ ਨਾਂਅ ਦਿੱਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਧਨਾਢ ਚੌਂਕੀਦਾਰਾਂ ਵੱਲੋਂ ਅਸਲ ਚੌਂਕੀਦਾਰਾਂ ਦੇ ਉਡਾਏ ਜਾ ਰਹੇ ਮਖੌਲ ਨੇ ਉਨ੍ਹਾਂ ਦੇ ਪਰਿਵਾਰਾਂ ਤੇ ਰਿਸ਼ਤੇਦਾਰਾਂ ਨੂੰ ਸ਼ਰਮਸਾਰ ਕਰਕੇ ਰੱਖ ਦਿੱਤਾ ਹੈ ਅਤੇ ਉਨ੍ਹਾਂ ਪਰਿਵਾਰਾਂ ਦੇ ਹੌਂਸਲਿਆਂ ਨੂੰ ਭਾਰੀ ਸੱਟ ਵੱਜ ਰਹੀ ਹੈ। ਅਮਰਜੀਤ ਸਿੰਘ ਜਾਗਦੇ ਰਹੋ ਨੇ ਦੱਸਿਆ ਕਿ ਉਹ ਆਪਣੀ ਯੂਨੀਅਨ ਦੇ ਇੱਕ ਵਫ਼ਦ ਨਾਲ 27 ਮਾਰਚ ਨੂੰ ਪੰਜਾਬ ਦੇ ਚੋਣ ਕਮਿਸ਼ਨ ਨੂੰ ਮਿਲਣ ਜਾ ਰਹੇ ਹਨ।

ਇਸ ਦੌਰਾਨ ਉਹ ਇੱਕ ਮੰਗ ਪੱਤਰ ਸੌਂਪ ਕੇ ਚੋਣ ਕਮਿਸ਼ਨ ਨੂੰ ਬੇਨਤੀ ਕਰਨਗੇ ਕਿ ਰਾਜਨੀਤਿਕ ਪਾਰਟੀਆਂ ਵੱਲੋਂ ਉਨ੍ਹਾਂ ਦਾ ਨਾਂਅ ਨਾ ਵਰਤਣ ਦਾ ਆਦੇਸ਼ ਦੇਣ। ਉਨ੍ਹਾਂ ਕਿਹਾ ਕਿ ਉਹ ਮੰਗ ਕਰਨਗੇ ਕਿ ਧਨਾਢਾਂ ਵੱਲੋਂ ਆਪਣੇ ਨਾਂਅ ਨਾਲ ਲਾਏ ਜਾ ਰਹੇ ਚੌਂਕੀਦਾਰ ਸ਼ਬਦ ਸਮੇਤ ਚੌਂਕੀਦਾਰ ਚੋਰ ਹੈ ਤੇ ਸੋਸ਼ਲ ਮੀਡੀਆ ‘ਤੇ ਚੌਂਕੀਦਾਰਾਂ ਨੂੰ ਲੈ ਕੇ ਚੱਲ ਰਹੇ ਤਰ੍ਹਾਂ-ਤਰ੍ਹਾਂ ਦੇ ਵੀਡੀਓ ਕਲਿੱਪਜ਼ ਸਮੇਤ ਹੋਰ ਸਮੱਗਰੀ ‘ਤੇ ਵੀ ਬੈਨ ਲਾਇਆ ਜਾਵੇ ਤਾਂ ਜੋ ਚੌਂਕੀਦਾਰ ਭਾਈਚਾਰੇ ਦੀ ਕੀਤੀ ਜਾ ਰਹੀ ਬਦਨਾਮੀ ਨੂੰ ਰੋਕਿਆ ਜਾ ਸਕੇ।

ਉਨ੍ਹਾਂ ਕਿਹਾ ਕਿ ਦੇਸ਼ ਨੂੰ ਚਲਾਉਣ ਵਾਲੇ ਚੋਰ ਹਨ ਨਾ ਕਿ ਚੌਂਕੀਦਾਰ। ਇਨ੍ਹਾਂ ਆਗੂਆਂ ਨੇ ਕਿਹਾ ਕਿ ਜੇਕਰ ਫੇਰ ਵੀ ਚੌਂਕੀਦਾਰ ਸ਼ਬਦ ਨੂੰ ਇਸੇ ਤਰ੍ਹਾਂ ਬਦਨਾਮ ਕੀਤਾ ਗਿਆ ਤਾਂ ਉਹ ਪੰਜਾਬ ਤੇ ਹਰਿਆਣਾ ਹਾਈਕੋਰਟ ਵਿੱਚ ਰਿੱਟ ਦਾਖਲ ਕਰਕੇ ਇਨ੍ਹਾਂ ਰਾਜਨੀਤਿਕ ਆਗੂਆਂ ਖਿਲਾਫ਼ ਬਣਦੀ ਕਾਰਵਾਈ ਕਰਵਾਉਣਗੇ। ਉਨ੍ਹਾਂ ਕਿਹਾ ਕਿ ਪੰਜਾਬ ਦੇ ਗਿਆਰਾਂ ਹਜ਼ਾਰ ਤੋਂ ਵੱਧ ਚੌਂਕੀਦਾਰ ਤੇ ਉਨ੍ਹਾਂ ਦੇ ਪਰਿਵਾਰ, ਰਿਸ਼ਤੇਦਾਰ ਨਿੱਤ ਦਿਨ ਕੀਤੀ ਜਾ ਰਹੀ ਬਦਨਾਮੀ ਤੋਂ ਨਿਰਾਸ਼ ਤੇ ਦੁਖੀ ਹਨ। ਜੇਕਰ ਮੋਦੀ ਨੂੰ ਚੌਂਕੀਦਾਰ ਚੰਗੇ ਲੱਗਦੇ ਹਨ ਤਾਂ ਉਨ੍ਹਾਂ ਨੂੰ ਨਿਗੂਣੇ ਦਿੱਤੇ ਜਾ ਰਹੇ 1250 ਰੁਪਇਆਂ ਨੂੰ 20 ਹਜ਼ਾਰ ਰੁਪਏ ਕਰਨ।

ਉਨ੍ਹਾਂ ਕਿਹਾ ਕਿ ਚੌਂਕੀਦਾਰ ਹੀ ਦੇਸ਼ ਦਾ ਅਸਲ ਸਿਪਾਹੀ ਹੈ ਕਿਉਂਕਿ ਉਹ ਜਦੋਂ ਲੋਕ ਤੇ ਧਨਾਂਢ ਸੁੱਤੇ ਹੁੰਦੇ ਹਨ ਤਾਂ ਚੌਂਕੀਦਾਰ ਡੰਡੇ ਨਾਲ ਪਹਿਰਾ ਦੇ ਰਿਹਾ ਹੁੰਦਾ ਹੈ ਤੇ ਅੱਜ ਇਨ੍ਹਾਂ ਲੀਡਰਾਂ ਨੇ ਆਪਣੀਆਂ ਕੁਰਸੀਆਂ ਖਾਤਰ ਚੌਂਕੀਦਾਰਾਂ ਨੂੰ ਵੀ ਨਹੀਂ ਬਖਸ਼ਿਆ। ਚੌਂਕੀਦਾਰ ਯੀਅਨ ਦੇ ਆਗੂਆਂ ਨੇ ਕਿਹਾ ਕਿ ਪਹਿਲੀ ਵਾਰ ਦੇਖਿਆ ਹੈ ਕਿ ਚੋਣਾਂ ਵਿੱਚ ਸੱਤਾ ਪ੍ਰਾਪਤੀ ਲਈ ਵੱਡੀਆਂ ਪਾਰਟੀਆਂ ਦੇ ਆਗੂ ਐਨੀ ਘਟੀਆ ਰਾਜਨੀਤੀ ‘ਤੇ ਉਤਰਨਗੇ, ਸੋਚਿਆ ਵੀ ਨਹੀਂ ਸੀ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।