ਪੁਲਿਸ ਸਰਕਾਰ ਦੀ ਸ਼ਹਿ ‘ਤੇ ਦਰਜ ਕਰ ਰਹੀ ਹੈ ਪਰਚੇ : ਵਿਧਾਇਕ ਸ਼ਰਮਾ

ਮੋਹਾਲੀ, (ਕੁਲਵੰਤ ਕੋਟਲੀ) । ਜ਼ੀਰਕਪੁਰ ਦੇ ਸਿੰਗਮਾ ਸਿਟੀ ਚੌਂਕ ‘ਤੇ ਸਥਾਨਕ ਲੋਕਾਂ ਵੱਲੋਂ ਠੇਕਾ ਤੋੜਣ ਦੇ ਦੋਸ਼ ‘ਚ ਪੁਲਿਸ ਵੱਲੋਂ ਜ਼ੀਰਕਪੁਰ ਦੇ ਪੰਜ ਐਮਸੀ ਸਮੇਤ ਦਰਜਨਾਂ ਲੋਕਾਂ ਦੇ ਉਪਰ ਦਰਜ ਕੀਤੇ ਕੇਸਾਂ ਦੇ ਮਾਮਲੇ ‘ਚ ਅੱਜ ਡੇਰਾਬੱਸੀ ਹਲਕਾ ਵਿਧਾਇਕ ਐਨ ਕੇ ਸ਼ਰਮਾ ਦੀ ਅਗਵਾਈ ‘ਚ ਜ਼ੀਰਕਪੁਰ ਦੇ ਸਾਰੇ ਐਮਸੀ ਤੇ ਡੇਰਾਬੱਸੀ ਦੇ ਐਮਸੀ ਦਾ ਵਫਦ ਡਿਪਟੀ ਕਮਿਸ਼ਨਰ ਅਤੇ ਐਸਐਸਪੀ ਮੋਹਾਲੀ ਨੂੰ ਉਨ੍ਹਾਂ ਦੇ ਦਫ਼ਤਰ ‘ਚ ਮਿਲਿਆ।

ਵਿਧਾਇਕ ਐਨ ਕੇ ਸ਼ਰਮਾ ਨੇ ਕਿਹਾ ਕਿ ਕਾਂਗਰਸ ਸਰਕਾਰ ਦੀ ਸ਼ਹਿ ‘ਤੇ ਸਥਾਨਕ ਪੁਲਿਸ ਅਕਾਲੀ ਦਲ ਨਾਲ ਸਬੰਧਿਤ ਮਿਉਂਸਪਲ ਕੌਂਸਲਰਾਂ ਅਤੇ ਹੋਰਨਾਂ ਆਗੂਆਂ ਖਿਲਾਫ ਦਰਜ ਕੀਤੇ ਜਾ ਰਹੇ ਪੁਲਿਸ ਮਾਮਲਿਆਂ ਨੂੰ ਰੱਦ ਕਰਨ ਦੀ ਮੰਗ ਕੀਤੀ। ਉਨ੍ਹਾਂ ਪਿੰਡ ਲੋਹਗੜ੍ਹ ‘ਚ ਸ਼ਰਾਬ ਦੇ ਠੇਕਾ ਤੋੜਨ ਸਬੰਧੀ ਉਸਦੇ 2 ਭਰਾਵਾਂ ਅਤੇ ਜ਼ੀਰਕਪੁਰ ਦੇ 5 ਕੌਂਸਲਰਾਂ ‘ਤੇ ਦਰਜ ਹੋਏ ਮਾਮਲੇ ਬਾਰੇ ਸ਼ਿਕਾਇਤ ਕਰਦਿਆਂ ਉਹਨਾਂ ਅਧਿਕਾਰੀਆਂ ਨੂੰ ਕਿਹਾ ਕਿ ਇਹ ਮਾਮਲਾ ਪੂਰੀ ਤਰ੍ਹਾਂ ਝੂਠਾ ਦਰਜ ਕੀਤਾ ਗਿਆ ਹੈ।

ਉਹਨਾਂ ਕਿਹਾ ਕਿ ਪਿੰਡ ਵਿੱਚ ਖੁੱਲ੍ਹੇ ਇਸ ਠੇਕੇ ਦਾ ਪਿਛਲੇ ਕਈ ਦਿਨਾਂ ਤੋਂ ਵਿਰੋਧ ਹੋ ਰਿਹਾ ਸੀ ਅਤੇ ਠੇਕੇ ਦੀ ਤੋੜਭੰਨ ਆਮ ਲੋਕਾਂ ਵੱਲੋਂ ਹੀ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਰਾਜਨੀਤਿਕ ਬਦਲਾਖੋਰੀ ਦੇ ਤਹਿਤ ਉਹਨਾਂ ਦੇ ਭਰਾਵਾਂ ਅਤੇ ਸਾਥੀ ਕੌਸਲਰਾਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ ਜਦੋਂਕਿ ਉਹਨਾਂ ਦੇ ਭਰਾ ਅਤੇ ਸਬੰਧਿਤ ਕੌਂਸਲਰ ਘਟਨਾ ਮੌਕੇ ਉੱਥੇ ਮੌਜੂਦ ਹੀ ਨਹੀਂ ਸੀ। ਉਹਨਾਂ ਕਿਹਾ ਕਿ ਹੋਰ ਤਾਂ ਹੋਰ ਘਟਨਾ ਤੋਂ ਬਾਅਦ ਠੇਕੇ ਦੇ ਕਰਿੰਦੇ ਵੱਲੋਂ ਮੀਡੀਆ ਵਿੱਚ ਬਿਆਨ ਦਿੱਤਾ ਗਿਆ ਸੀ ਕਿ ਉਸ ਨਾਲ ਕਿਸੇ ਨੇ ਹੱਥੋ ਪਾਈ ਨਹੀਂ ਕੀਤੀ ਜਦੋਂ ਕਿ ਪੁਲਿਸ ਨੇ ਮਾਮਲੇ ਵਿੱਚ ਧਾਰਾ 307 ਵੀ ਲੱਗਾ ਦਿੱਤੀ ਹੈ।

ਉਹਨਾਂ ਕਿਹਾ ਕਿ ਕਾਂਗਰਸ ਸਰਕਾਰ ਵੱਲੋਂ ਲੋਕਾਂ ਨਾਲ ਧੱਕੇਸ਼ਾਹੀ ਕੀਤੀ ਜਾ ਰਹੀ ਹੈ ਅਤੇ ਜਦੋਂ ਲੋਕ ਇਸਦੇ ਖਿਲਾਫ ਆਵਾਜ਼ ਉਠਾਉਂਦੇ ਹਨ ਤਾਂ ਪੁਲਿਸ ਵੱਲੋਂ ਅਕਾਲੀ ਆਗੂਆਂ, ਕੌਂਸਲਰਾਂ ਦੇ ਖਿਲਾਫ ਮਾਮਲੇ ਦਰਜ ਕੀਤੇ ਜਾਂਦੇ ਹਨ। ਉਨ੍ਹਾਂ ਕਿਹਾ ਕਿ ਜੇਕਰ ਉਨ੍ਹਾਂ ਨੂੰ ਇਨਸਾਫ ਨਾ ਮਿਲਿਆ ਤਾਂ ਸੰਘਰਸ਼ ਕੀਤਾ ਜਾਵੇਗਾ।