ਪੀਜੀਆਈ ਨੇ 103 ਸਾਲਾ ਬਜ਼ੁਰਗ ਨੂੰ ਨਵਾਂ ਜੀਵਨ ਦਿੱਤਾ

PGI 103 Year Old, Elders New Life, Given

ਦਿਲ ਦੇ ਮਰੀਜ਼ ਦਾ ਕਾਮਯਾਬ ਆਪ੍ਰੇਸ਼ਨ | PGI Chandigarh

ਚੰਡੀਗੜ੍ਹ (ਸੱਚ ਕਹੂੰ ਨਿਊਜ਼)। ਪੀਜੀਆਈ ‘ਚ ਦਿਲ ਦੇ ਰੋਗਾਂ ਦੇ ਮਾਹਿਰ ਸਰਜਨਾਂ ਨੇ ਪੀਜੀਆਈ ਦੇ ਐਡਵਾਂਸ ਕਾਰਡੀਐਕ ਸੈਂਟਰ (ਏਸੀਸੀ) ਵਿਚ 103 ਸਾਲਾ ਬਜ਼ੁਰਗ ਦਾ ਕਾਮਯਾਬੀ ਨਾਲ ਆਪ੍ਰੇਸ਼ਨ ਕੀਤਾ ਹੈ। ਇਹ ਪੀਜੀਆਈ ਦੇ ਇਸ ਵਿਭਾਗ ਵਿਚ ਹੀ ਨਹੀਂ ਸਗੋਂ ਦੁਨੀਆਂ ਦੇ ਦਿਲ ਦੇ ਆਪ੍ਰੇਸ਼ਨ ਦੇ ਇਤਿਹਾਸ ਵਿਚ ਪਹਿਲਾ ਸਭ ਤੋਂ ਵੱਡੀ ਉਮਰ ਦੇ ਬਜ਼ੁਰਗ ਦੀ ਸਰਜ਼ਰੀ ਦਾ ਕੇਸ ਹੈ। ਪੀਜੀਆਈ ਦੇ ਦਿਲ ਦੇ ਰੋਗਾਂ ਦੇ ਮਾਹਿਰ ਅਤੇ ਸਹਾਇਕ ਪ੍ਰੋਫੈਸਰ ਡਾ. ਹਿਮਾਂਸ਼ੂ ਗੁਪਤਾ, ਜਿਨ੍ਹਾਂ ਨੇ ਇਹ ਸਰਜਰੀ ਕੀਤੀ ਹੈ, ਨੇ ਦੱਸਿਆ ਕਿ ਮਰੀਜ ਨੂੰ ਛਾਤੀ ਵਿਚ ਦਰਦ ਅਤੇ ਬੈਚੇਨੀ ਦੀ ਸ਼ਿਕਾਇਤ ਸੀ, ਜਦ ਉਹ ਵਿਭਾਗ ਵਿਚ ਦਾਖਲ ਹੋਇਆ। (PGI Chandigarh)

ਜਾਂਚ ਤੋਂ ਪੱਤਾ ਲਗਾ ਕਿ ਉਸ ਦੀਆਂ ਦੋ ਖੂਨ ਨਾੜੀਆਂ ਬੁਰੀ ਤਰ੍ਹਾਂ ਬੰਦ ਹਨ। ਡਾ. ਗੁਪਤਾ ਨੇ ਟਿੱਪਣੀ ਕੀਤੀ ਕਿ ਇਸ ਉਮਰ ਵਿਚ ਇਹ ਮਾਮਲਾ ਵਧੇਰੇ ਜੋਖਮ ਭਰਿਆ ਹੋ ਜਾਂਦਾ ਹੈ, ਕਿਉਂਕਿ ਵਡੇਰੀ ਉਮਰ ਹੋਣ ਕਾਰਨ ਨਾੜਾਂ ‘ਚ ਜੰਮਿਆਂ ਖੂਨ ਬਹੁਤ ਜ਼ਿਆਦਾ ਸਖ਼ਤ ਹੋ ਜਾਂਦਾ ਹੈ ਅਤੇ ਖੂਨ ਨਾੜੀਆਂ ਬਹੁਤ ਕਮਜ਼ੋਰ ਹੋ ਜਾਂਦੀਆਂ ਹਨ। ਉਨ੍ਹਾਂ ਦੱਸਿਆ ਕਿ ਇਸ ਕਿਸਮ ਦੀ ਬਲੌਕੇਜ ਦੇ ਇਲਾਜ ਲਈ ਵਿਸ਼ੇਸ਼ ਤਕਨੀਕ ਦੀ ਜਰੂਰਤ ਪੈਂਦੀ ਹੈ। (PGI Chandigarh)

ਇਹ ਵੀ ਪੜ੍ਹੋ : ਬ੍ਰਾਜੀਲ ਦੇ ਅਮੇਜਨ ਜਹਾਜ ਹਾਦਸੇ ’ਚ 14 ਦੀ ਮੌਤ

ਡਾ. ਗੁਪਤਾ ਨੇ ਦੱÎਸਿਆ ਕਿ ਮਰੀਜ਼ ਦੀ ਇਸ ਉਮਰ ਵਿਚ ਗੁਰਦਿਆਂ ਦੀ ਕਾਰਜ ਪ੍ਰਣਾਲੀ ਵੀ ਕਮਜ਼ੋਰ ਪੈ ਜਾਂਦੀ ਹੈ, ਜਿਸ ਕਰ ਕੇ ਆਪ੍ਰੇਸ਼ਨ ਸਮੇਂ ਬਹੁਤ ਹੀ ਜ਼ਿਆਦਾ ਧਿਆਨ ਦੇਣਾ ਪੈਂਦਾ ਹੈ। ਇਸ ਆਪ੍ਰੇਸ਼ਨ ਦੀ ਨਿਗਰਾਨੀ ਕਰਨ ਵਾਲੇ ਦਿਲ ਦੇ ਰੋਗਾਂ ਦੇ ਵਿਭਾਗ ਦੇ ਮੁਖੀ ਪ੍ਰੋਫੈਸਰ ਯਸ਼ਪਾਲ ਸ਼ਰਮਾ ਨੇ ਕਿਹਾ ਕਿ ਪੀਜੀਆਈ ਕੋਲ ਗੁੰਝਲਦਾਰ ਕੇਸਾਂ ਦੇ ਇਲਾਜ ਲਈ ਸਾਰਾ ਆਧੁਨਿਕ ਸਾਜ਼ੋ-ਸਾਮਾਨ ਮੌਜੂਦ ਹੈ। ਉਨ੍ਹਾਂ ਦੱਸਿਆ ਕਿ ਇਸੇ ਵਿਧੀ ਰਾਹੀਂ ਦੋਵਾਂ ਨਾੜੀਆਂ ਵਿਚ ਸਟੈਂਟ ਪਾਏ ਗਏ। ਇਸ ਤੋਂ ਤੁਰੰਤ ਬਾਅਦ ਮਰੀਜ਼ ਬਿਲਕੁਲ ਠੀਕ ਹੋ ਗਿਆ ਅਤੇ ਦੋ ਦਿਨਾਂ ਮੱਗਰੋਂ ਉਨ੍ਹਾਂ ਨੂੰ ਹਸਪਤਾਲੋਂ ਛੁੱਟੀ ਦੇ ਦਿੱਤੀ ਗਈ। ਪ੍ਰੋ. ਯਸ਼ਪਾਲ ਸ਼ਰਮਾ ਅਤੇ ਡਾ. ਹਿਮਾਂਸ਼ੂ ਗੁਪਤਾ ਨੇ ਕਿਹਾ ਕਿ ਹੁਣ ਵਡੇਰੀ ਉਮਰ ਦੇ ਮਰੀਜ਼ ਵੀ ਸੁਰੱਖਿਅਤ ਤਰੀਕੇ ਨਾਲ ਐਂਜੀਓਪਲਾਸਟੀ ਕਰਵਾ ਸਕਦੇ ਹਨ। ਇਸ ਲਈ ਸਾਨੂੰ ਜ਼ਿਆਦਾ ਵੱਡੀ ਉਮਰ ਦੇ ਮਰੀਜ਼ਾਂ ਦੀ ਇਸ ਸਮੱਸਿਆ ਨੂੰ ਨਜ਼ਰਅੰਦਾਜ ਨਹੀਂ ਕਰਨਾ ਚਾਹੀਦਾ। (PGI Chandigarh)