Punjab
Monsoon 2026: ਗਰਮੀ ਤੋਂ ਬਾਅਦ ਹੁਣ ਮਾਨਸੂਨ ਦੀ ਚਿੰਤਾ
ਸਾਲ 2026 ਦੀਆਂ ਗਰਮੀਆਂ ਭਾਰਤ ਲਈ ਆਮ ਨਹੀਂ ਹਨ
Monsoon 2026: ਸਾਲ 2026 ਦੀਆਂ ਗਰਮੀਆਂ ਭਾਰਤ ਲਈ ਆਮ ਨਹੀਂ ਹਨ। ਦੇਸ਼ ਪਹਿਲਾਂ ਹੀ ਭਿਆਨਕ ਗਰਮੀ ਦਾ ਸਾਹਮਣਾ ਕਰ ਰਿਹਾ ਹੈ, ਪਰ ਇਸ ਦੇ ਨਾਲ-ਨਾਲ ਮੌਸਮ ਵਿਗਿਆਨੀਆਂ ਦੀ ਨਜ਼ਰ ਸਮੁੰਦਰਾਂ ਅਤੇ ਵਿਸ਼ਵ-ਪੱਧਰੀ ਜਲਵਾਯੂ ਪ੍ਰਣਾਲੀ ’ਚ ਹੋ ਰਹੀਆਂ ਤਬਦੀਲੀਆਂ ’ਤੇ ਟਿਕੀ ਹੋਈ ਹੈ। ਇਨ੍ਹਾਂ ਤਬਦੀਲੀਆਂ ਦਾ ਅਸਰ ਸਿਰਫ਼ ਤਾਪਮਾਨ ਤੱਕ ਸੀਮਤ ਨਹੀਂ ਰਹੇਗਾ, ਸਗੋਂ ਖੇਤੀਬਾੜੀ, ਜਲ ਸਰੋਤਾਂ, ਊਰਜਾ ਉਤਪਾਦਨ, ਖੁਰਾਕ ਸੁਰੱਖਿਆ ਅਤੇ ਕਰੋੜਾਂ ਲੋਕਾਂ ਦੇ ਰੋਜ਼ਾਨਾ ਜੀਵਨ ’ਤੇ ਵੀ ਪੈ ਸਕਦਾ ਹੈ। ਵਰਤਮਾਨ ’ਚ ਪ੍ਰਸ਼ਾਂਤ ਮਹਾਂਸਾਗਰ ’ਚ ਆਮ ਸਥਿਤੀ ਬਣੀ ਹੋਈ ਹੈ, ਪਰ ਵਿਗਿਆਨੀ ਸੰਕੇਤ ਦੇ ਰਹੇ ਹਨ ਕਿ ਸਮੁੰਦਰੀ ਸਤ੍ਹਾ ਤੇ ਵਾਯੂਮੰਡਲੀ ਸਥਿਤੀਆਂ ਤੇਜ਼ੀ ਨਾਲ ਬਦਲ ਰਹੀਆਂ ਹਨ। Monsoon 2026
ਕਈ ਅੰਤਰਰਾਸ਼ਟਰੀ ਮੌਸਮ ਮਾਡਲ ਇਸ ਸੰਭਾਵਨਾ ਵੱਲ ਇਸ਼ਾਰਾ ਕਰ ਰਹੇ ਹਨ ਕਿ ਆਉਣ ਵਾਲੇ ਮਹੀਨਿਆਂ ’ਚ ਅਲ ਨੀਨੋ ਵਿਕਸਿਤ ਹੋ ਸਕਦਾ ਹੈ ਅਤੇ ਜੇ ਇਸ ਦੀ ਤੀਬਰਤਾ ਵਧਦੀ ਰਹੀ ਤਾਂ 2026-27 ਦੌਰਾਨ ਇਹ ਸ਼ਕਤੀਸ਼ਾਲੀ ਰੂਪ ਧਾਰਨ ਕਰ ਸਕਦਾ ਹੈ। ਭਾਰਤ ਮੌਸਮ ਵਿਗਿਆਨ ਵਿਭਾਗ ਨੇ ਵੀ ਇਸ ਸਾਲ ਮਾਨਸੂਨ ਨੂੰ ਲੈ ਕੇ ਸਾਵਧਾਨੀ ਵਾਲੇ ਸੰਕੇਤ ਦਿੱਤੇ ਹਨ। ਵਿਭਾਗ ਦੇ ਸ਼ੁਰੂਆਤੀ ਅਨੁਮਾਨ ਅਨੁਸਾਰ ਦੱਖਣੀ-ਪੱਛਮੀ ਮਾਨਸੂਨ ਆਮ ਤੋਂ ਕੁਝ ਕਮਜ਼ੋਰ ਰਹਿ ਸਕਦਾ ਹੈ। ਇਸ ਦਾ ਇਹ ਅਰਥ ਨਹੀਂ ਕਿ ਪੂਰੇ ਦੇਸ਼ ’ਚ ਸੋਕਾ ਪੈ ਜਾਵੇਗਾ, ਪਰ ਮੀਂਹ ਦੀ ਵੰਡ ਅਤੇ ਸਮੇਂ ’ਚ ਅਸਮਾਨਤਾ ਦੀ ਸੰਭਾਵਨਾ ਵਧ ਜਾਵੇਗੀ। Monsoon 2026
ਇਹੀ ਉਹ ਸਥਿਤੀ ਹੈ ਜੋ ਖੇਤੀਬਾੜੀ ਅਤੇ ਜਲ ਪ੍ਰਬੰਧਨ ਲਈ ਸਭ ਤੋਂ ਵੱਡੀ ਚੁਣੌਤੀ ਬਣ ਜਾਂਦੀ ਹੈ। ਅਲ ਨੀਨੋ ਇੱਕ ਅਜਿਹੀ ਸਮੁੰਦਰੀ-ਵਾਯੂਮੰਡਲੀ ਘਟਨਾ ਹੈ ਜੋ ਪ੍ਰਸ਼ਾਂਤ ਮਹਾਂਸਾਗਰ ’ਚ ਸਮੁੰਦਰੀ ਸਤ੍ਹਾ ਦੇ ਤਾਪਮਾਨ ਵਧਣ ਕਾਰਨ ਪੈਦਾ ਹੁੰਦੀ ਹੈ। ਇਸ ਦਾ ਪ੍ਰਭਾਵ ਪੂਰੀ ਦੁਨੀਆ ਦੇ ਮੌਸਮ ਚੱਕਰ ’ਤੇ ਪੈਂਦਾ ਹੈ। ਭਾਰਤ ’ਚ ਇਸ ਦਾ ਸਬੰਧ ਅਕਸਰ ਕਮਜ਼ੋਰ ਮਾਨਸੂਨ, ਵਧੇਰੇ ਤਾਪਮਾਨ ਤੇ ਮੀਂਹ ਦੀ ਬੇਯਕੀਨੀ ਨਾਲ ਵੇਖਿਆ ਗਿਆ ਹੈ। ਜਦੋਂ ਅਲ ਨੀਨੋ ਸਰਗਰਮ ਹੁੰਦਾ ਹੈ ਤਾਂ ਭਾਰਤੀ ਮਾਨਸੂਨ ਨੂੰ ਤਾਕਤ ਦੇਣ ਵਾਲੀਆਂ ਵਾਯੂਮੰਡਲੀ ਪ੍ਰਕਿਰਿਆਵਾਂ ਕਮਜ਼ੋਰ ਪੈ ਜਾਂਦੀਆਂ ਹਨ। ਨਤੀਜੇ ਵਜੋਂ ਬੱਦਲਾਂ ਦਾ ਨਿਰਮਾਣ ਪ੍ਰਭਾਵਿਤ ਹੁੰਦਾ ਹੈ ਤੇ ਮੀਂਹ ਦਾ ਕ੍ਰਮ ਵਿਗੜ ਜਾਂਦਾ ਹੈ।ਇਸ ਵਾਰ ਮਾਹਿਰਾਂ ਦੀ ਚਿੰਤਾ ਦਾ ਕਾਰਨ ਇਹ ਹੈ ਕਿ ਅਲ ਨੀਨੋ ਦੇ ਵਿਕਸਿਤ ਹੋਣ ਦੀ ਪ੍ਰਕਿਰਿਆ ਵੀ ਮੌਸਮ ਨੂੰ ਅਸਥਿਰ ਬਣਾ ਸਕਦੀ ਹੈ।
ਮਾਨਸੂਨ ਨੂੰ ਸੰਤੁਲਿਤ ਸਮੁੰਦਰੀ ਅਤੇ ਵਾਯੂਮੰਡਲੀ ਸਥਿਤੀਆਂ ਦੀ ਲੋੜ ਹੁੰਦੀ ਹੈ, ਪਰ ਜਦੋਂ ਦੋਵਾਂ ’ਚ ਤੇਜ਼ੀ ਨਾਲ ਤਬਦੀਲੀਆਂ ਹੋ ਰਹੀਆਂ ਹੋਣ ਤਾਂ ਮੀਂਹ ਦਾ ਸਵਰੂਪ ਬੇਯਕੀਨ ਹੋ ਜਾਂਦਾ ਹੈ। ਕਿਤੇ ਅਚਾਨਕ ਬਹੁਤ ਜ਼ਿਆਦਾ ਮੀਂਹ ਪੈ ਜਾਂਦਾ ਹੈ ਤਾਂ ਕਿਤੇ ਲੰਮੇ ਸਮੇਂ ਤੱਕ ਮੀਂਹ ਨਹੀਂ ਪੈਂਦਾ। ਇਸ ਤਰ੍ਹਾਂ ਦੇ ਲੰਮੇ ਖੁਸ਼ਕ ਵਕਫ਼ੇ ਖੇਤੀ ਲਈ ਬਹੁਤ ਨੁਕਸਾਨਦੇਹ ਸਾਬਤ ਹੁੰਦੇ ਹਨ। ਇਤਿਹਾਸ ਗਵਾਹੀ ਦਿੰਦਾ ਹੈ ਕਿ ਸ਼ਕਤੀਸ਼ਾਲੀ ਅਲ ਨੀਨੋ ਘਟਨਾਵਾਂ ਨੇ ਵਿਸ਼ਵ ਭਰ ’ਚ ਗੰਭੀਰ ਪ੍ਰਭਾਵ ਛੱਡੇ ਹਨ। 1982-83, 1997-98 ਅਤੇ 2015-16 ਵਰਗੇ ਸਾਲਾਂ ’ਚ ਕਈ ਦੇਸ਼ਾਂ ਨੇ ਸੋਕਾ, ਭਿਆਨਕ ਗਰਮੀ, ਜੰਗਲੀ ਅੱਗ ਤੇ ਸਿਖ਼ਰ ਮੌਸਮੀ ਘਟਨਾਵਾਂ ਦਾ ਸਾਹਮਣਾ ਕੀਤਾ ਸੀ। ਵਿਗਿਆਨੀਆਂ ਦਾ ਮੰਨਣਾ ਹੈ ਕਿ ਜੇ ਵਰਤਮਾਨ ਸੰਕੇਤ ਸਹੀ ਸਾਬਤ ਹੋਏ ਤਾਂ ਆਉਣ ਵਾਲੇ ਸਾਲਾਂ ’ਚ ਵੀ ਅਜਿਹੇ ਹਾਲਾਤ ਵੇਖਣ ਨੂੰ ਮਿਲ ਸਕਦੇ ਹਨ।
ਮਾਹਿਰਾਂ ਦਾ ਕਹਿਣਾ ਹੈ ਕਿ ਅੱਜ ਦੇ ਹਾਲਾਤ ਪਿਛਲਿਆਂ ਤੋਂ ਵਧੇਰੇ ਗੰਭੀਰ ਇਸ ਲਈ ਹਨ ਕਿਉਂਕਿ ਵਿਸ਼ਵ-ਪੱਧਰੀ ਤਾਪਮਾਨ ਲਗਾਤਾਰ ਵਧ ਰਿਹਾ ਹੈ। ਮਹਾਂਸਾਗਰ ਧਰਤੀ ’ਤੇ ਪੈਦਾ ਵਾਧੂ ਗਰਮੀ ਦਾ ਵੱਡਾ ਹਿੱਸਾ ਆਪਣੇ ਅੰਦਰ ਸਮਾ ਚੁੱਕੇ ਹਨ। ਇਸ ਕਾਰਨ ਸਮੁੰਦਰੀ ਪਾਣੀ ਦਾ ਤਾਪਮਾਨ ਪਹਿਲਾਂ ਦੇ ਮੁਕਾਬਲੇ ਜ਼ਿਆਦਾ ਹੈ। ਅਜਿਹੀ ਸਥਿਤੀ ’ਚ ਅਲ ਨੀਨੋ ਦਾ ਪ੍ਰਭਾਵ ਹੋਰ ਵੀ ਵਿਆਪਕ ਅਤੇ ਤੀਬਰ ਹੋ ਸਕਦਾ ਹੈ। ਕੁਝ ਜਲਵਾਯੂ ਵਿਗਿਆਨੀ ਤਾਂ ਇਹ ਵੀ ਮੰਨਦੇ ਹਨ ਕਿ ਆਉਣ ਵਾਲੇ ਸਾਲਾਂ ’ਚ ਵਿਸ਼ਵ-ਪੱਧਰੀ ਤਾਪਮਾਨ ਨਵੀਆਂ ਉੁਚਾਈਆਂ ਛੂ ਸਕਦਾ ਹੈ। ਭਾਰਤ ਦੇ ਸੰਦਰਭ ’ਚ ਸਭ ਤੋਂ ਮਹੱਤਵਪੂਰਨ ਸਵਾਲ ਮੀਂਹ ਦੀ ਮਾਤਰਾ ਨਹੀਂ, ਸਗੋਂ ਉਸ ਦੀ ਵੰਡ ਹੈ। Monsoon 2026
ਜੇ ਕੁੱਲ ਮੀਂਹ ਆਮ ਦੇ ਆਸ-ਪਾਸ ਵੀ ਰਿਹਾ, ਪਰ ਉਹ ਸੀਮਤ ਦਿਨਾਂ ’ਚ ਬਹੁਤ ਜ਼ਿਆਦਾ ਮਾਤਰਾ ’ਚ ਹੋਵੇ ਅਤੇ ਲੰਮੇ ਵਕਫ਼ੇ ਤੱਕ ਮੀਂਹ ਨਾ ਪਵੇ ਤਾਂ ਕਿਸਾਨਾਂ ਨੂੰ ਭਾਰੀ ਨੁਕਸਾਨ ਝੱਲਣਾ ਪੈ ਸਕਦਾ ਹੈ।ਉੱਤਰ-ਪੱਛਮੀ ਭਾਰਤ ’ਚ ਹੁੰਮਸ ਭਰੀ ਅਤੇ ਖਤਰਨਾਕ ਗਰਮੀ ਦੀ ਸੰਭਾਵਨਾ ਵੀ ਜਤਾਈ ਜਾ ਰਹੀ ਹੈ। ਜੇ ਮਾਨਸੂਨ ਸਮੇਂ ਸਿਰ ਨਾ ਪਹੁੰਚਿਆ ਤਾਂ ਗਰਮ ਹਵਾਵਾਂ ਅਤੇ ਸਮੁੰਦਰੀ ਨਮੀ ਦੇ ਮਿਸ਼ਰਣ ਨਾਲ ਹਾਲਾਤ ਹੋਰ ਵੀ ਔਖੇ ਹੋ ਸਕਦੇ ਹਨ। ਦੇਸ਼ ਦੀ ਖੇਤੀ ਵਿਵਸਥਾ ਅਜੇ ਵੀ ਬਹੁਤ ਹੱਦ ਤੱਕ ਮਾਨਸੂਨ ’ਤੇ ਨਿਰਭਰ ਹੈ। ਭਾਰਤ ਦੀ ਵੱਡੀ ਆਬਾਦੀ ਆਪਣੇ ਜੀਵਨ ਦਾ ਇੱਕ ਵੱਡਾ ਹਿੱਸਾ ਖੇਤੀ ਨਾਲ ਜੋੜੇ ਹੋਏ ਹੈ ਅਤੇ ਖੁਰਾਕ ਉਤਪਾਦਨ ਦਾ ਮਹੱਤਵਪੂਰਨ ਹਿੱਸਾ ਮੀਂਹ ’ਤੇ ਆਧਾਰਿਤ ਹੈ।
ਕਮਜ਼ੋਰ ਮਾਨਸੂਨ ਦਾ ਅਸਰ ਖੇਤਾਂ ਤੱਕ ਸੀਮਤ ਨਹੀਂ ਰਹਿੰਦਾ। ਇਸ ਨਾਲ ਭੂ-ਜਲ ਪੱਧਰ ਪ੍ਰਭਾਵਿਤ ਹੁੰਦਾ ਹੈ, ਝੀਲਾਂ ਅਤੇ ਤਲਾਬਾਂ ’ਚ ਪਾਣੀ ਘੱਟ ਹੁੰਦਾ ਹੈ, ਜਲ ਬਿਜਲੀ ਉਤਪਾਦਨ ਘਟਦਾ ਹੈ ਅਤੇ ਸ਼ਹਿਰਾਂ ’ਚ ਪੀਣ ਵਾਲੇ ਪਾਣੀ ਦਾ ਸੰਕਟ ਵਧ ਜਾਂਦਾ ਹੈ। ਅਜਿਹੇ ਹਾਲਾਤਾਂ ’ਚ ਜਲ ਪ੍ਰਬੰਧਨ ਨੂੰ ਨਵੀਂ ਪਹਿਲ ਦੇਣ ਦੀ ਲੋੜ ਹੈ। ਮੀਂਹ ਦੇ ਪਾਣੀ ਦੀ ਸੰਭਾਲ, ਜ਼ਮੀਨ ਹੇਠਲੇ ਪਾਣੀ ਨੂੰ ਰਿਚਾਰਜ਼ ਕਰਨਾ, ਸੂਖਮ ਸਿੰਚਾਈ ਪ੍ਰਣਾਲੀਆਂ ਅਤੇ ਪਾਣੀ ਸੰਭਾਲ ਦੀਆਂ ਆਧੁਨਿਕ ਤਕਨੀਕਾਂ ਹੁਣ ਵਿਕਲਪ ਨਹੀਂ, ਲੋੜ ਬਣ ਚੁੱਕੀਆਂ ਹਨ। ਇਸ ਦੇ ਨਾਲ ਖੇਤੀ ਖੇਤਰ ’ਚ ਵੀ ਤਬਦੀਲੀ ਦੀ ਲੋੜ ਮਹਿਸੂਸ ਕੀਤੀ ਜਾ ਰਹੀ ਹੈ। ਮਾਹਿਰ ਕਿਸਾਨਾਂ ਨੂੰ ਘੱਟ ਪਾਣੀ ਵਾਲੀਆਂ ਫਸਲਾਂ ਵੱਲ ਵਧਣ, ਮਿੱਟੀ ਦੀ ਗੁਣਵੱਤਾ ਸੁਧਾਰਨ ਅਤੇ ਕੁਦਰਤੀ ਸਰੋਤਾਂ ਦੀ ਸੰਭਾਲ ’ਤੇ ਵਧੇਰੇ ਧਿਆਨ ਦੇਣ ਦੀ ਸਲਾਹ ਦੇ ਰਹੇ ਹਨ।ਫਿਰ ਵੀ ਸਥਿਤੀ ਪੂਰੀ ਤਰ੍ਹਾਂ ਨਿਰਾਸ਼ਾਜਨਕ ਨਹੀਂ ਹੈ।
ਹਿੰਦ ਮਹਾਂਸਾਗਰ ’ਚ ਬਣਨ ਵਾਲੀਆਂ ਕੁਝ ਅਨੁਕੂਲ ਸਥਿਤੀਆਂ ਅਲ ਨੀਨੋ ਦੇ ਪ੍ਰਭਾਵ ਨੂੰ ਅੰਸ਼ਿਕ ਤੌਰ ’ਤੇ ਘਟਾ ਸਕਦੀਆਂ ਹਨ। ਹਾਲਾਂਕਿ ਵਿਗਿਆਨੀਆਂ ਦਾ ਮੰਨਣਾ ਹੈ ਕਿ ਜੇ ਅਲ ਨੀਨੋ ਬਹੁਤ ਜ਼ਿਆਦਾ ਸ਼ਕਤੀਸ਼ਾਲੀ ਹੋਇਆ ਤਾਂ ਇਹ ਸਹਾਇਕ ਕਾਰਕ ਵੀ ਉਸ ਦੇ ਪ੍ਰਭਾਵ ਨੂੰ ਪੂਰੀ ਤਰ੍ਹਾਂ ਸੰਤੁਲਿਤ ਨਹੀਂ ਕਰ ਸਕਣਗੇ।ਭਾਰਤ ’ਚ ਮਾਨਸੂਨ ਦੇਸ਼ ਦੀ ਆਰਥਿਕਤਾ, ਖੇਤੀ ਵਿਵਸਥਾ, ਜਲ ਸੁਰੱਖਿਆ ਤੇ ਕਰੋੜਾਂ ਲੋਕਾਂ ਦੇ ਜੀਵਨ ਨਾਲ ਜੁੜਿਆ ਹੋਇਆ ਹੈ। ਇਸੇ ਲਈ ਅਲ ਨੀਨੋ ਦੀ ਵਧਦੀ ਸੰਭਾਵਨਾ ਨੂੰ ਇੱਕ ਆਮ ਮੌਸਮੀ ਖ਼ਬਰ ਵਜੋਂ ਨਹੀਂ ਵੇਖਿਆ ਜਾ ਸਕਦਾ। ਆਉਣ ਵਾਲੇ ਮਹੀਨਿਆਂ ’ਚ ਮੌਸਮ ਦੀ ਹਰ ਚਿਤਾਵਨੀ, ਪਾਣੀ ਸੰਭਾਲ ਦਾ ਹਰ ਯਤਨ ਅਤੇ ਖੇਤੀ ਨਾਲ ਜੁੜਿਆ ਹਰ ਫੈਸਲਾ ਪਹਿਲਾਂ ਦੇ ਮੁਕਾਬਲੇ ਵਧੇਰੇ ਮਹੱਤਵਪੂਰਨ ਸਾਬਤ ਹੋਵੇਗਾ। ਬਦਲਦੇ ਜਲਵਾਯੂ ਦੇ ਇਸ ਦੌਰ ’ਚ ਭਾਰਤ ਨੂੰ ਚੌਕਸੀ, ਵਿਗਿਆਨਕ ਯੋਜਨਾਬੰਦੀ ਤੇ ਸਰੋਤਾਂ ਦੀ ਸੁਚੱਜੀ ਵਰਤੋਂ ਦੇ ਨਾਲ ਅੱਗੇ ਵਧਣਾ ਹੋਵੇਗਾ।
(ਇਹ ਲੇਖਕ ਦੇ ਆਪਣੇ ਵਿਚਾਰ ਹਨ)
ਡਾ. ਸੰਦੀਪ ਸਿੰਹਮਾਰ
About The Author