63 ਹਜ਼ਾਰ ਤੋਂ ਵੱਧ ਬਜ਼ੁਰਗ ਕਿਸਾਨਾਂ ਦੀ ਪੈਨਸ਼ਨ ਹੋਵੇਗੀ ਬੰਦ!

Pension
63 ਹਜ਼ਾਰ ਤੋਂ ਵੱਧ ਬਜ਼ੁਰਗ ਕਿਸਾਨਾਂ ਦੀ ਪੈਨਸ਼ਨ ਹੋਵੇਗੀ ਬੰਦ!

ਜੇ ਫਾਰਮ ਨਾਲ ਮਿਲਾਣ ’ਚ ਮਿਲੀ ਗੜਬੜੀ, ਜਲਦ ਹੀ ਹੋਵੇਗੀ ਵੱਡੀ ਕਾਰਵਾਈ, ਰਿਪੋਰਟ ਤਿਆਰ

  • ਨਿਯਮਾਂ ਤੋਂ ਉਲਟ ਲੈ ਰਹੇ ਹਨ ਬੁਢਾਪਾ ਪੈਨਸ਼ਨ (Pension)

(ਅਸ਼ਵਨੀ ਚਾਵਲਾ) ਚੰਡੀਗੜ। ਪੰਜਾਬ ਵਿੱਚ 63 ਹਜ਼ਾਰ 424 ਬਜ਼ੁਰਗ ਕਿਸਾਨਾਂ ਦੀ ਪੈਨਸ਼ਨ ਬੰਦ ਕਰਨ ਤਿਆਰੀ ਕੀਤੀ ਜਾ ਰਹੀ ਹੈ। ਜਲਦ ਹੀ ਇਨ੍ਹਾਂ ਕਿਸਾਨਾਂ ਦੇ ਬੈਂਕ ਖਾਤੇ ਵਿੱਚ ਪੈਨਸ਼ਨ ਆਉਣੀ ਬੰਦ ਹੋ ਜਾਵੇਗੀ। (Pension) ਇਸ ਸਬੰਧੀ ਪੰਜਾਬ ਸਰਕਾਰ ਵੱਲੋਂ ਲੱਗਭੱਗ ਵਿਭਾਗੀ ਕਾਰਵਾਈ ਕਰ ਲਈ ਗਈ ਹੈ, ਸਿਰਫ਼ ਜ਼ਿਲ੍ਹਿਆਂ ਤੋਂ ਰਿਪੋਰਟ ਆਉਣ ਦਾ ਇੰਤਜ਼ਾਰ ਕੀਤਾ ਜਾ ਰਿਹਾ ਹੈ। ਜ਼ਿਲ੍ਹਿਆਂ ਵਿੱਚੋਂ ਕ੍ਰਾਸ ਰਿਪੋਰਟ ਆਉਣ ਤੋਂ ਤੁਰੰਤ ਬਾਅਦ ਇਨਾਂ 63 ਹਜ਼ਾਰ 424 ਕਿਸਾਨਾਂ ਦੀ ਬੁਢਾਪਾ ਪੈਨਸ਼ਨ ਨੂੰ ਬੰਦ ਕਰ ਦਿੱਤਾ ਜਾਵੇਗਾ।

ਸਰਕਾਰ ਨੂੰ ਸਾਲਾਨਾ 114 ਕਰੋੜ ਰੁਪਏ ਦੀ ਬੱਚਤ ਹੋਏਗੀ (Pension)

ਜਿਸ ਨਾਲ ਸਰਕਾਰ ਨੂੰ ਸਾਲਾਨਾ 114 ਕਰੋੜ ਰੁਪਏ ਦੀ ਬੱਚਤ ਹੋਏਗੀ। ਜਾਣਕਾਰੀ ਅਨੁਸਾਰ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਸੱਤਾ ਵਿੱਚ ਆਉਣ ਤੋਂ ਬਾਅਦ ਹਰ ਵਿਭਾਗ ਵਿੱਚ ਜਾਂਚ ਦਾ ਦੌਰ ਚਲਾਇਆ ਜਾ ਰਿਹਾ ਹੈ। ਨਿਯਮਾਂ ਤੋਂ ਉਲਟ ਆਟਾ ਦਾਲ ਸਕੀਮ ਦੇ ਕਾਰਡ ਧਾਰਕਾਂ ਨੂੰ ਸਕੀਮ ਤੋਂ ਬਾਹਰ ਕੱਢਣ ਦੇ ਨਾਲ ਹੀ ਹੁਣ ਪੈਨਸ਼ਨ ਲੈ ਰਹੇ ਹਰ ਵਿਅਕਤੀ ਦੀ ਜਾਂਚ ਕੀਤੀ ਜਾ ਰਹੀ ਹੈ। ਪਿਛਲੇ ਸਾਲ ਹੀ 91 ਹਜ਼ਾਰ ਦੇ ਕਰੀਬ ਉਨ੍ਹਾਂ ਵਿਅਕਤੀਆਂ ਦੀ ਬੁਢਾਪਾ ਪੈਨਸ਼ਨ ਬੰਦ ਕੀਤੀ ਗਈ ਹੈ, ਜਿਨ੍ਹਾਂ ਨੂੰ ਮਰੇ ਹੋਏ ਹੀ ਕਾਫ਼ੀ ਸਮਾਂ ਬੀਤ ਗਿਆ ਸੀ ਪਰ ਪਰਿਵਾਰਕ ਮੈਂਬਰਾਂ ਵੱਲੋਂ ਮੌਤ ਤੋਂ ਬਾਅਦ ਵੀ ਬਜ਼ੁਰਗ ਦੇ ਨਾਂਅ ’ਤੇ ਪੈਨਸ਼ਨ ਲਈ ਜਾ ਰਹੀ ਸੀ। ਇਸੇ ਜਾਂਚ ਦੌਰਾਨ ਬਜ਼ੁਰਗ ਕਿਸਾਨ ਵੀ ਜਾਂਚ ਦੇ ਦਾਇਰੇ ਵਿੱਚ ਆ ਗਏ ਹਨ। ਸਰਕਾਰ ਦੇ ਨਿਯਮਾਂ ਅਨੁਸਾਰ ਬੁਢਾਪਾ ਪੈਨਸ਼ਨ ਲੈਣ ਵਾਲੇ ਕਿਸੇ ਵੀ ਉਮੀਦਵਾਰ ਦੀ ਸਾਲਾਨਾ ਆਮਦਨ 60 ਹਜ਼ਾਰ ਰੁਪਏ ਤੋਂ ਜ਼ਿਆਦਾ ਨਹੀਂ ਹੋਣੀ ਚਾਹੀਦੀ ਹੈ।

ਇਹ ਵੀ ਪੜ੍ਹੋ : Cholera: ਹੈਜ਼ੇ ਕਾਰਨ 30 ਲੋਕਾਂ ਦੀ ਮੌਤ, WHO ਨੇ ਪ੍ਰਗਟਾਈ ਚਿੰਤਾ

ਭਲਾਈ ਵਿਭਾਗ ਵੱਲੋਂ ਇਨ੍ਹਾਂ ਪੰਜਾਬ ਭਰ ਦੇ ਬਜ਼ੁਰਗ ਕਿਸਾਨਾਂ ਨੂੰ ਦਿੱਤੀ ਜਾ ਰਹੀ ਪੈਨਸ਼ਨ ਦੀ ਜਾਂਚ ਦੌਰਾਨ ਮੰਡੀ ਬੋਰਡ ਤੋਂ ਜੇ ਫਾਰਮ ਦਾ ਮਿਲਾਣ ਕੀਤਾ ਗਿਆ ਸੀ, ਜਿਸ ਵਿੱਚ ਪਾਇਆ ਗਿਆ ਹੈ ਕਿ 63 ਹਜ਼ਾਰ 424 ਬਜ਼ੁਰਗ ਕਿਸਾਨਾਂ ਦੀ ਆਮਦਨ ਜੇ ਫਾਰਮ ਅਨੁਸਾਰ ਸਾਲਾਨਾ 60 ਹਜ਼ਾਰ ਰੁਪਏ ਤੋਂ ਜ਼ਿਆਦਾ ਹੈ। ਇਨ੍ਹਾਂ ਕਿਸਾਨਾਂ ਦੀ ਸੂਚੀ ਨੂੰ ਭਲਾਈ ਵਿਭਾਗ ਵੱਲੋਂ ਸਾਰੇ ਜ਼ਿਲ੍ਹੇ ਦੇ ਭਲਾਈ ਵਿਭਾਗ ਅਧਿਕਾਰੀਆਂ ਨੂੰ ਭੇਜ ਦਿੱਤਾ ਗਿਆ ਹੈ ਤਾਂ ਕਿ ਉਹ ਆਪਣੇ ਪੱਧਰ ’ਤੇ ਇੱਕ ਵਾਰ ਚੈਕਿੰਗ ਕਰਦੇ ਹੋਏ ਰਿਪੋਰਟ ਦੇਣ। ਜੇਕਰ ਜ਼ਿਲੇ੍ਹ ਦੇ ਭਲਾਈ ਅਧਿਕਾਰੀਆਂ ਵੱਲੋਂ ਸਾਰੇ ਕਿਸਾਨਾਂ ਦੇ ਖ਼ਿਲਾਫ਼ ਰਿਪੋਰਟ ਭੇਜ ਦਿੱਤੀ ਗਈ ਤਾਂ ਉਨ੍ਹਾਂ ਕਿਸਾਨਾਂ ਦੀ ਪੈਨਸ਼ਨ ਬੰਦ ਕਰ ਦਿੱਤੀ ਜਾਵੇਗੀ।

ਪਿਛਲੀਆਂ ਸਰਕਾਰਾਂ ਨੇ ਹੀ ਬਣਾਏ ਹਨ ਨਿਯਮ : ਡਾ. ਬਲਜੀਤ ਕੌਰ

ਸਮਾਜਿਕ ਸੁਰੱਖਿਆ ਅਤੇ ਭਲਾਈ ਵਿਭਾਗ ਦੀ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਦੌਰਾਨ ਹੀ ਇਹ ਨਿਯਮ ਬਣੇ ਹੋਏ ਹਨ ਅਤੇ ਸਰਕਾਰਾਂ ਵੱਲੋਂ ਸਮੇਂ-ਸਮੇਂ ਸਿਰ ਚੈਕਿੰਗ ਕੀਤੀ ਜਾਂਦੀ ਹੈ। ਮੌਜ਼ੂਦਾ ਚੈਕਿੰਗ ਦੌਰਾਨ 63 ਹਜ਼ਾਰ 424 ਬਜ਼ੁਰਗ ਕਿਸਾਨਾਂ ਵੱਲੋਂ ਪੈਨਸ਼ਨ ਨਿਯਮਾਂ ਤੋਂ ਉਲਟ ਲਈ ਜਾ ਰਹੀ ਹੈ ਪਰ ਫਿਰ ਵੀ ਉਨ੍ਹਾਂ ਵੱਲੋਂ ਹੇਠਲੇ ਪੱਧਰ ’ਤੇ ਅਧਿਕਾਰੀਆਂ ਤੋਂ ਦੁਬਾਰਾ ਚੈਕਿੰਗ ਕਰਵਾਈ ਜਾ ਰਹੀ ਹੈ ਤਾਂ ਕਿ ਕਿਸੇ ਬਜ਼ੁਰਗ ਕਿਸਾਨ ਨਾਲ ਧੱਕਾ ਨਾ ਹੋਵੇ ਪਰ ਉਹ ਨਿਯਮਾਂ ਤੋਂ ਬਾਹਰ ਵੀ ਨਹੀਂ ਜਾ ਸਕਦੇ। ਜਿਹੜੇ ਵੀ ਕਿਸਾਨਾਂ ਨਿਯਮਾਂ ਤੋਂ ਬਾਹਰ ਹੋਣਗੇ ਤਾਂ ਉਨ੍ਹਾਂ ਦੀ ਪੈਨਸ਼ਨ ਬੰਦ ਕੀਤੀ ਜਾਵੇਗੀ।