ਵਾਤਾਵਰਨ ਤਬਦੀਲੀ ਕਾਰਨ ਕਈ ਜੀਵ-ਜੰਤੂ ਹੋਏ ਅਲੋਪ

Organisms, Disappear, Climate, Change

ਸੰਦੀਪ ਕੰਬੋਜ

ਅਠਖੇਲੀਆਂ ਕਰਦੇ ਪੰਛੀ ਸਾਨੂੰ ਬੇਹੱਦ ਪਿਆਰੇ ਲੱਗਦੇ ਹਨ। ਖ਼ਾਸ ਕਰਕੇ ਛੋਟੇ-ਛੋਟੇ ਬੱਚਿਆਂ ਨੂੰ ਰੰਗ-ਬਿਰੰਗੇ ਪਿਆਰੇ-ਪਿਆਰੇ ਪੰਛੀ ਬੜੇ ਸੋਹੇਣ ਲੱਗਦੇ ਹਨ । ਜਿਵੇਂ-ਜਿਵੇਂ ਧਰਤੀ ‘ਤੇ ਮਨੁੱਖ ਦੀ ਦਾਅਵੇਦਾਰੀ ਵਧ ਰਹੀ ਹੈ ਓਵੇਂ-ਓਵੇਂ ਕੁਦਰਤ ਸਾਡੇ ਕੋਲੋਂ ਦੂਰ ਹੁੰਦੀ ਜਾ ਰਹੀ ਹੈ। ਦੱਖਣੀ ਦੇਸ਼ਾਂ ਵਿਚ ਅਸੀ ਵੇਖਦੇ ਹਾਂ ਕਿ ਕਿਵੇਂ ਲੋਕ ਪੰਛੀਆਂ ਦੇ ਝੁੰਡਾਂ ਵਿਚ ਹੀ ਘੁੰਮਦੇ ਰਹਿੰਦੇ ਹਨ। ਪਰ ਇਸ ਦੇ ਉਲਟ ਸਾਡੇ ਦੇਸ਼ ਵਿਚ ਪੰਛੀ ਇੰਜ ਦੂਰ ਉੱਡ-ਉੱਡ ਜਾਂਦੇ ਹਨ ਜਿਵੇਂ ਅਸੀਂ ਹਰ ਵੇਲੇ ਹੱਥਾਂ ਵਿਚ ਮਾਰੂ ਹਥਿਆਰ ਚੁੱਕ ਕੇ ਚੱਲ ਰਹੇ ਹੋਈਏ। ਮੌਸਮ ‘ਚ ਆ ਰਹੇ ਬਦਲਾਅ, ਬਦਲਦਾ ਚੱਕਰਵਾਤ, ਧਰਤੀ ਦਾ ਗਰਮ ਹੋਣਾ, ਗਲੇਸ਼ੀਅਰਾਂ ਦਾ ਪਿਘਲਣਾ, ਸਮੁੰਦਰ ਵਿੱਚ ਪਾਣੀ ਦਾ ਵਧਣਾ ਅਤੇ ਕੱਟੇ ਜਾ ਰਹੇ ਜੰਗਲਾਂ ਕਾਰਨ ਬਨਸਪਤੀ ਦੇ ਨਾਲ ਹੀ ਬੇਜ਼ੁਬਾਨ ਅਤੇ ਬੇਕਸੂਰ, ਅਨਮੋਲ, ਅਣਭੋਲ, ਪੰਛੀਆਂ ਦੀਆਂ ਨਸਲਾਂ ਖਤਮ ਹੋ ਰਹੀਆਂ ਹਨ ਜਿਨ੍ਹਾਂ ਵਿੱਚੋਂ ਬਹੁਤ ਘੱਟ ਪ੍ਰਜਾਤੀਆਂ ਬਦਲ ਰਹੇ ਹਾਲਾਤ ਦੇ ਟਾਕਰਾ ਕਰਕੇ ਆਪਣੇ-ਆਪ ਨੂੰ ਬਚਾ ਰਹੀਆਂ ਹਨ   ਪਿਛਲੇ ਦੋ ਦਹਾਕਿਆਂ ਅੰਦਰ ਪੰਜਾਬ ਵਿੱਚ ਪੱਧਰੀ ਹੋ ਰਹੀ ਜ਼ਮੀਨ ਕਾਰਨ ਵੀ ਕਈ ਪ੍ਰਜਾਤੀਆਂ ਖਤਮ ਹੋ ਚੁੱਕੀਆਂ ਹਨ ਪੰਛੀ ਕੁਦਰਤ ਦਾ ਅਨਮੋਲ ਤੋਹਫਾ ਤੇ ਧਰਤੀ ਦਾ ਸ਼ਿੰਗਾਰ ਹਨ ਮਨੁੱਖ ਦੀ ਪੰਛੀਆਂ ਨਾਲ ਸਦੀਵੀ ਸਾਂਝ ਚਿਰਾਂ ਤੋਂ ਹੈ ਪਰ ਬੀਤੇ ਕਰੀਬ ਚਾਰ ਦਹਾਕਿਆਂ ਤੋਂ ਜਿਨ੍ਹਾਂ ਕਾਰਨਾਂ ਕਰਕੇ ਇਸ ਧਰਤੀ ਤੋਂ ਪੰਛੀਆਂ ਦੀਆਂ ਕੁਝ ਪ੍ਰਜਾਤੀਆਂ ਅਲੋਪ ਹੋ ਰਹੀਆਂ ਹਨ ਜਾਂ ਅਲੋਪ ਹੋ ਚੁੱਕੀਆਂ ਹਨ, ਉਸ ਦੁਖਾਂਤ ‘ਚ ਕਿਤੇ ਨਾ ਕਿਤੇ ਇਨਸਾਨ ਦਾ ਉਹ ਕਿਰਦਾਰ ਵੀ ਜ਼ਿੰਮੇਵਾਰ ਹੈ, ਜੋ ਇਨਸਾਨ ਦੇ ਰੂਪ ‘ਚ ਹੈਵਾਨ ਬਣ ਕੇ ਨਾ ਸਿਰਫ਼ ਪੰਛੀਆਂ ਦੀ ਹੋਂਦ ਖਤਮ ਕਰਨ ‘ਚ ਅਹਿਮ ਭੂਮਿਕਾ ਨਿਭਾ ਰਿਹਾ ਹੈ, ਸਗੋਂ ਮਨੁੱਖ ਤੇ ਕੁਦਰਤ ਦੀ ਪੰਛੀਆਂ ਨਾਲ ਯੁੱਗਾਂ ਪੁਰਾਣੀ ਸਾਂਝ ਨੂੰ ਤੋੜ ਕੇ ਭਵਿੱਖ ਲਈ ਤਬਾਹੀ ਦੇ ਬੀਜ ਬੀਜ ਰਿਹਾ ਹੈ।

ਜਿਨ੍ਹਾਂ ਪੰਛੀਆਂ ਦੀਆਂ ਨਸਲਾਂ ਧਰਤੀ ਤੋਂ ਅਲੋਪ ਹੋ ਰਹੀਆਂ ਹਨ ਜਾਂ ਅਲੋਪ ਹੋਣ ਕੰਢੇ ਹਨ, ਉਨ੍ਹਾਂ ‘ਚ ਮੁੱਖ ਤੌਰ ‘ਤੇ ਗਿਰਝਾਂ, ਇੱਲਾਂ, ਘਰੇਲੂ ਚਿੜੀਆਂ, ਸ਼ਿਕਰਾ, ਬਾਜ, ਬਿਜੜਾ, ਜੰਗਲੀ ਮੁਰਗਾ, ਚਕੋਰਾਂ, ਚਮਗਿੱਦੜ,  ਚੱਕੀਰਾਹੇ, ਤਿਲੀਅਰ, ਤੋਤਾ, ਪਪੀਹਾ, ਚੁਗਲ ਤੇ ਗਰੁੜ ਪੌਕ ਆਦਿ ਸ਼ਾਮਲ ਹਨ ਅੰਤਰਰਾਸ਼ਟਰੀ ਪ੍ਰਕਿਰਤੀ ਸੁਰੱਖਿਆ ਸੰਘ ਵੱਲੋਂ ਕੀਤੇ ਵਿਸ਼ਵ ਪੱਧਰੀ ਸਰਵੇ ਦੇ ਅਧਾਰਿਤ ਜਾਰੀ ਸੂਚੀ ਅਨੁਸਾਰ ਆਈ. ਯੂ. ਸੀ. ਐੱਨ. ਦੀ ਲਾਲ ਸੂਚੀ ‘ਚ 2012 ‘ਚ 3079 ਜੀਵਾਂ ਦੀਆਂ ਨਸਲਾਂ ਅਜਿਹੀਆਂ ਸ਼ਾਮਲ ਕੀਤੀਆਂ ਗਈਆਂ ਹਨ, ਜੋ ਬਿਲਕੁਲ ਘਟ ਚੁੱਕੀਆਂ ਹਨ ਤੇ ਖਤਮ ਹੋਣ ਦੇ ਕਿਨਾਰੇ ਹਨ 1998 ‘ਚ ਇਹ ਅੰਕੜਾ 1102 ਸੀ ਵਿਸ਼ਵ ਭਰ ਦੀਆਂ ਕੁੱਲ ਪ੍ਰਜਾਤੀਆਂ ‘ਚੋਂ 40 ਫੀਸਦੀ ਤੋਂ ਵੱਧ ਅਲੋਪ ਹੋਣ ਦਾ ਅਨੁਮਾਨ ਹੈ ਸੰਸਾਰ ਭਰ ‘ਚੋਂ ਅਲੋਪ ਹੋਈਆਂ ਇਨ੍ਹਾਂ ਪ੍ਰਜਾਤੀਆਂ ਦਾ ਜਿਸਮਾਨੀ ਰੂਪ ‘ਚ ਖਾਤਮਾ ਹੋਣ ਨਾਲ ਨਾ ਸਿਰਫ ਜੈਵਿਕ ਵਿਭਿੰਨਤਾ ਨੂੰ ਖੋਰਾ ਲੱਗਾ ਹੈ ਬਲਕਿ ਮਨੁੱਖ ਦੀ ਹੋਂਦ ਖਤਮ ਹੋਣ ਦਾ ਖਤਰਾ ਵਧਿਆ ਹੈ ਹਵਾ, ਪਾਣੀ ਅਤੇ ਮਿੱਟੀ ਅਹਿਮ ਕੁਦਰਤੀ ਸੋਮੇ ਹਨ, ਹਰ ਤਰ੍ਹਾਂ ਦੇ ਪੌਦੇ, ਜੀਵ-ਜੰਤੂ, ਪਸ਼ੂ, ਪੰਛੀ ਅਤੇ ਮਨੁੱਖ ਇਨ੍ਹਾਂ ਕੁਦਰਤੀ ਸੋਮਿਆਂ ਤੋਂ ਬਿਨਾ ਜਿਉਂਦੇ ਨਹੀਂ ਰਹਿ ਸਕਦੇ ਜਿੱਥੇ ਪੌਦੇ, ਪੰਛੀ, ਜੀਵ-ਜੰਤੂ ਆਪਸ ਵਿਚ ਵੀ ਇੱਕ-ਦੂਜੇ ‘ਤੇ ਨਿਰਭਰ ਕਰਦੇ ਹਨ, Àੁੱਥੇ ਨਾਲ ਹੀ ਕੁਦਰਤੀ ਸੋਮਿਆਂ ‘ਤੇ ਵੀ ਨਿਰਭਰ ਕਰਦੇ ਹਨ ਪਰ ਅਫਸੋਸ ਕਿ ਜਿੱਥੇ ਇੱਲਾਂ, ਗਿਰਝਾਂ ਹੁਣ ਆਕਾਸ਼ ਵਿਚ ਆਪਣੀ ਹੋਂਦ ਗੁਆ ਚੁੱਕੀਆਂ ਹਨ, ਉੱਥੇ ਹੁਣ ਘਰਾਂ ਦੇ ਵਿਹੜੇ ਤੇ ਬਨੇਰਿਆਂ ‘ਤੇ ਚੀਂ-ਚੀਂ ਦੀ ਸੁਰੀਲੀ ਆਵਾਜ਼ (ਚਹਿਕ) ਨਾਲ ਦਾਣਾ ਚੁਗਣ ਵਾਲੀਆਂ ਮਾਸੂਮ ਚਿੜੀਆਂ ਹੁਣ ਬੀਤੇ ਦੀ ਗੱਲ ਹੋ ਗਈ ਜਾਪਦੀ ਹੈ।

ਕਦੇ ਸਮਾਂ ਹੁੰਦਾ ਸੀ ਕਿ ਰੰਗ-ਬਿਰੰਗੀਆਂ ਚਿੜੀਆਂ ਦੀਆਂ ਡਾਰਾਂ ਅਸਮਾਨ ਵਿਚ ਕੁਦਰਤੀ ਸੁੰਦਰਤਾ ਪੇਸ਼ ਕਰਦੀਆਂ ਸਨ ਬੇਰੀਆਂ, ਕਿੱਕਰਾਂ ਤੇ ਨਹਿਰਾਂ ਕਿਨਾਰੇ, ਸੜਕ ‘ਤੇ ਆਪਣਾ ਸੁੰਦਰ ਆਲ੍ਹਣਾ ਮਿਲ ਕੇ ਤਿਆਰ ਕਰਦੀਆਂ ਸਨ ਅਨੇਕ ਜੀਵ-ਜੰਤੂਆਂ ਵਾਂਗ ਚਿੜੀਆਂ ਦੀ ਹੋਂਦ ਵੀ ਆਖਰੀ ਪੜਾਅ ‘ਤੇ ਹੈ, ਪਰ ਅਲੋਪ ਹੋ ਰਹੇ ਅਨੇਕ ਜੀਵ-ਜੰਤੂਆਂ ਵਾਂਗ ਚਿੜੀਆਂ ਦੀ ਹੋਂਦ ਨੂੰ ਬਚਾਉਣ ਲਈ ਕੋਈ ਵੀ ਠੋਸ ਕਦਮ ਨਹੀਂ ਚੁੱਕੇ ਜਾ ਰਹੇ  ਪੰਛੀ ਮਾਹਿਰਾਂ ਅਤੇ ਸਾਇੰਸ ਵਿਸ਼ੇ ਨਾਲ ਸੰਬੰਧਤ ਲੋਕਾਂ ਦਾ ਮੰਨਣਾ ਹੈ ਕਿ ਮੋਬਾਈਲ ਟਾਵਰਾਂ ਦੇ ਫੈਲਦੇ ਜਾਲ ਕਾਰਨ ਅੱਜ ਵਾਤਾਵਰਨ ਵਿਚ ਮਾਈਕ੍ਰੋਵੇਵ ਤਰੰਗਾਂ ਦਾ ਬਹੁਤ ਹੱਦ ਤੱਕ ਵਾਧਾ ਹੋ ਚੁੱਕਾ ਹੈ, ਜਿਸ ਕਾਰਨ ਆਮ ਜੀਵ-ਜੰਤੂ, ਪੰਛੀ ਆਦਿ ਦੇ ਇਨ੍ਹਾਂ ਦੇ ਸੰਪਰਕ ਵਿਚ ਆਉਣ ਕਾਰਨ ਹੀ ਇਨ੍ਹਾਂ ਦੀ ਪ੍ਰਜਨਣ ਸਮਰੱਥਾ ਘੱਟ ਹੁੰਦੀ ਜਾ ਰਹੀ ਹੈ ਜੇ ਇਸ ਵੱਲ ਧਿਆਨ ਨਾ ਦਿੱਤਾ ਗਿਆ ਤਾਂ ਜੀਵ-ਜੰਤੂ ਚਿੜੀਆਂ ਵਰਗੇ ਮਾਸੂਮ ਪੰਛੀ ਸਭ ਅਲੋਪ ਹੋ ਜਾਣਗੇ ਤੇ ਅਕਾਸ਼ ਅਤੇ ਧਰਤੀ ਖਾਲੀ-ਖਾਲੀ ਹੀ ਨਜ਼ਰ ਪਵੇਗੀ।

ਤੇਜ਼ੀ ਨਾਲ ਪੰਛੀਆਂ ਦੀਆਂ ਨਸਲਾਂ ਅਲੋਪ ਹੋਣ ਦੇ ਮੁੱਖ ਕਾਰਨ ਗੰਧਲਾ ਵਾਤਾਵਰਨ, ਜੰਗਲਾਂ ਦੀ ਅੰਨ੍ਹੇਵਾਹ ਕਟਾਈ, ਨਹਿਰਾਂ ‘ਚ ਫੈਕਟਰੀਆਂ ਦੇ ਦੂਸ਼ਿਤ ਪਾਣੀ ਦਾ ਡਿੱਗਣਾ, ਫਸਲਾਂ ਦੀ ਬਿਜਾਈ ਮੌਕੇ ਕੀਟਨਾਸ਼ਕ ਤੇ ਜ਼ਹਿਰੀਲੀਆਂ ਦਵਾਈਆਂ ਦਾ ਇਸਤੇਮਾਲ, ਮੋਬਾਇਲ ਟਾਵਰਾਂ ਤੇ ਇੰਟਰਨੈੱਟ ਸੁਵਿਧਾਵਾਂ ‘ਚੋਂ ਨਿੱਕਲਣ ਵਾਲੀਆਂ ਤਰੰਗਾਂ, ਫੈਕਟਰੀਆਂ ਤੇ ਭੱਠਿਆਂ ‘ਚੋਂ ਨਿੱਕਲਣ ਵਾਲਾ ਜ਼ਹਿਰੀਲਾ ਧੂੰਆਂ ਤੇ ਧਰਤੀ ਦਾ ਵਧ ਰਿਹਾ ਤਾਪਮਾਨ ਹੈ ਤਿੱਤਰ, ਬਟੇਰੇ, ਜੰਗਲੀ ਮੁਰਗੇ ਤੇ ਕਬੂਤਰ ਆਦਿ ਨੂੰ ਖਤਮ ਕਰਨ ‘ਚ ਗੈਰ-ਕਾਨੂੰਨੀ ਕੀਤੇ ਜਾ ਰਹੇ ਸ਼ਿਕਾਰ ਨੇ ਵੱਡੇ ਪੱਧਰ ‘ਤੇ ਨੁਕਸਾਨਦੇਹ ਭੂਮਿਕਾ ਨਿਭਾਈ ਹੈ, ਜਦੋਂਕਿ ਦਰਿਆਵਾਂ ਦੇ ਕਿਨਾਰਿਓਂ ਖੜ, ਸਰਕੰਡਾ ਤੇ ਪਿੰਡਾਂ ‘ਚੋਂ ਝੋਂਪੜੀਆਂ ਦਾ ਘਟਣਾ ਚਿੜੀਆਂ ਤੇ ਬਿਜੜਿਆਂ ਦੀ ਨਸਲ ਨੂੰ ਖਤਮ ਕਰ ਰਿਹਾ ਹੈ ਮੋਰ ਤੇ ਕਾਲੇ ਤਿੱਤਰ ਦੇ ਸ਼ਿਕਾਰ ‘ਤੇ ਪਾਬੰਦੀ ਲਾਉਣ ਦੇ ਬਾਵਜੂਦ ਕਈ ਥਾਵਾਂ ‘ਤੇ ਇਨ੍ਹਾਂ ਦਾ ਸ਼ਿਕਾਰ ਜਾਰੀ ਹੈ ਗਰਮੀਆਂ ਦੀ ਰੁੱਤ ‘ਚ ਜੰਗਲਾਂ ਨੂੰ ਲੱਗਣ ਵਾਲੀ ਅੱਗ ਨਾਲ ਅਨੇਕਾਂ ਪੰਛੀਆਂ ਦੀਆਂ ਨਸਲਾਂ ਦਾ ਨੁਕਸਾਨ ਹੁੰਦਾ ਹੈ ਤਾਜ਼ਾ ਬਿਜਾਈ ਤੋਂ ਬਾਅਦ ਖੇਤਾਂ ‘ਚ ਪਾਈ ਖਾਦ ਤੇ ਜ਼ਹਿਰੀਲੀਆਂ ਦਵਾਈਆਂ ਨਾਲ ਭਰਪੂਰ ਬੀਜ ਚੁਗਣ ਨਾਲ ਹਰ ਹਾੜ੍ਹੀ-ਸਾਉਣੀ ਦੇ ਸੀਜ਼ਨ ‘ਚ ਅਣਗਿਣਤ ਪੰਛੀਆਂ ਦੀ ਜਾਨ ਜਾਂਦੀ ਹੈ ਦਰਿਆਵਾਂ ਤੇ ਨਦੀਆਂ ਦੀ ਹੋਂਦ ਸੁੰਗੜਨ ਕਾਰਨ ਤੇ ਇਸ ਦੇ ਆਲੇ-ਦੁਆਲੇ ਦਾ ਖਿੱਤਾ ਪੱਧਰਾ ਕਰਨ ਕਰਕੇ ਪੰਛੀਆਂ ਦੇ ਰੈਣ-ਬਸੇਰੇ ਖਤਮ ਹੋ ਚੁੱਕੇ ਹਨ ਧਰਤੀ ਦਾ ਬਹੁ ਫੀਸਦੀ ਰਕਬਾ ਜੰਗਲਾਂ ਦੇ ਹੇਠੋਂ ਮੁੱਕ ਕੇ ਮੈਦਾਨੀ ਰੂਪ ਅਖਤਿਆਰ ਕਰ ਚੁੱਕਾ ਹੈ ਜਿਸ ਕਾਰਨ ਪੰਛੀਆਂ ਦੇ ਜੀਵਨ ਰਹਿਣ ਦੇ ਵਸੀਲੇ ਖਤਮ ਹੋ ਚੁੱਕੇ ਹਨ।

ਪੂਰੀ ਧਰਤੀ ਦੀ ਅੱਧੀ ਅਬਾਦੀ ਹਰ ਰੋਜ਼ 24 ਘੰਟਿਆਂ ਵਿਚੋਂ ਸਿਰਫ਼ ਅੱਧਾ ਘੰਟਾ ਹੀ ਵਾਤਾਵਰਨ ਦੀ ਸਾਂਭ-ਸੰਭਾਲ ਲਈ ਰੱਖੇ ਤਾਂ ਇਹ ਧਰਤੀ ਸਵਰਗ ਬਣ ਸਕਦੀ ਹੈ। ਵਾਤਾਵਰਨ ਦਾ ਸੰਤੁਲਨ ਬਣਾਈ ਰੱਖਣ ਲਈ ਸਾਨੂੰ ਕੁਦਰਤ, ਪੰਛੀ, ਪੌਦੇ, ਰੁੱਖਾਂ ਸਮੇਤ ਜਾਨਵਰਾਂ ਨੂੰ ਨਾਲ ਲੈ ਕੇ ਚੱਲਣਾ ਪਵੇਗਾ। ਜੇਕਰ ਤੁਸੀ ਸੱਚ-ਮੁੱਚ ਪੰਛੀ ਪ੍ਰੇਮੀ ਬਣਨਾ ਚਾਹੁੰਦੇ ਹੋ, ਜਾਂ ਫਿਰ ਤੁਸੀ ਚਾਹੁੰਦੇ ਹੋ ਕਿ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਲਈ ਅਸੀਂ ਕੁੱਝ ਬਚਾ ਕੇ ਛੱਡ ਜਾਈਏ, ਤੁਸੀਂ ਚਾਹੁੰਦੇ ਹੋ ਕਿ ਪਿੰਜਰਿਆਂ ਵਿਚ ਕੈਦ ਨਹੀਂ ਆਜ਼ਾਦ ਪੰਛੀ ਸਾਡੇ ਆਲੇ-ਦੁਆਲੇ ਘੁੰਮਦੇ ਰਹਿਣ ਤਾਂ ਵੱਧ ਤੋਂ ਵੱਧ ਰਵਾਇਤੀ ਰੁੱਖ ਤਿਆਰ ਕਰੋ । ਘਰ ਵਿਚ ਕੁੱਝ ਜਗ੍ਹਾ ਕੱਚੀ ਛੱਡ ਕੇ ਘਾਹ ਜਾਂ ਛੋਟੇ-ਵੱਡੇ ਪੌਦੇ ਜ਼ਰੂਰ ਲਾਓ। ਸੋ ਆਉ ਅੱਜ ਤੋਂ ਹੀ ਅਸੀਂ ਸੱਚੇ ਦਿਲੋਂ ਵਾਤਾਵਰਨ ਪ੍ਰੇਮੀ ਬਣ ਕੇ ਸਾਡੇ ਮਿੱਤਰ ਪੰਛੀਆਂ ਨੂੰ ਕੁਦਰਤੀ ਮਾਹੌਲ ਪ੍ਰਦਾਨ ਕਰੀਏ ਤੇ ਸੱਚੇ ਮਨ ਨਾਲ ਪੰਛੀ ਪ੍ਰੇਮੀ ਬਣ ਕੇ ਵਿਖਾਈਏ।

ਗੋਲੂ ਕਾ ਮੋੜ, ਫਿਰੋਜ਼ਪੁਰ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।