ਅਧਿਆਪਕ ਦਿਵਸ ਮੌਕੇ ਐਨਐਸਕਿਊਐਫ ਅਧਿਆਪਕਾਂ ਵੱਲੋਂ ਗਲਾਂ ’ਚ ਟਾਇਰ ਪਾ ਕੇ ਰੋਸ ਪ੍ਰਦਰਸ਼ਨ

 

ਅੱਗ ਲਾਉਣ ਦੀ ਕੀਤੀ ਗਈ ਕੋਸ਼ਿਸ਼, ਪੁਲਿਸ ਮੁਲਾਜ਼ਮਾਂ ਨੇ ਖੋਹੇ ਟਾਇਰ, ਹੋਈ ਧੱਕਾ-ਮੁੱਕੀ

  • ਸਿੱਖਿਆ ਮੰਤਰੀ ਨਾਲ ਅੱਜ ਹੋਵੇਗੀ ਅਧਿਆਪਕਾਂ ਦੀ ਮੀਟਿੰਗ

(ਨਰਿੰਦਰ ਸਿੰਘ ਬਠੋਈ) ਪਟਿਆਲਾ। ਐਨ ਐਸ ਕਿਊ ਐਫ ਵੋਕੇਸ਼ਨਲ ਅਧਿਆਪਕ ਜੋ ਕਿ ਪਿਛਲੇ 89 ਦਿਨਾਂ ਤੋਂ ਆਪਣੀਆਂ ਮੰਗਾਂ ਦੀ ਪੂਰਤੀ ਲਈ ‘ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਪਟਿਆਲਾ’ ਵਿਖੇ ਪੱਕਾ ਧਰਨਾ ਲਾਕੇ ਬੈਠੇ ਹੋਏ ਹਨ ਅਤੇ ਅੱਜ ਤੱਕ ਉਨ੍ਹਾਂ ਦੀ ਕਿਸੇ ਵੀ ਮੰਗ ਨੂੰ ਪੂਰਾ ਨਹੀਂ ਕੀਤਾ ਗਿਆ ਜਿਸ ਤੋਂ ਅੱਕੇ ਇਨ੍ਹਾਂ ਅਧਿਆਪਕਾ ਵੱਲੋਂ ਲਗਾਏ ਜਾ ਰਹੇ ਝੂਠੇ ਲਾਰਿਆਂ ਤੋਂ ਅੱਕ ਕੇ ਗਲਾਂ ਵਿੱਚ ਟਾਇਰ ਪਾ ਕੇ ਰੋਸ ਮਾਰਚ ਕੱਢਿਆ ਅਤੇ ਸਮਾਣਾ ਚੁੰਗੀ ਰੋਡ ਨੂੰ ਜਾਮ ਕੀਤਾ ਗਿਆ। ਇਸ ਮੌਕੇ ਜਦੋਂ ਕੁੱਝ ਅਧਿਆਪਕਾਂ ਵੱਲੋਂ ਗਲ ਵਿੱਚ ਪਾਏ ਟਾਇਰਾਂ ਨੂੰ ਅੱਗ ਲਾਉਣ ਦੀ ਕੋਸ਼ਿਸ਼ ਕੀਤੀ ਗਈ ਤਾਂ ਮੌਕੇ ’ਤੇ ਮੌਜੂਦ ਪੁਲਿਸ ਮੁਲਾਜਮਾਂ ਵਲੋਂ ਰੋਕਣ ਲਈ ਅਧਿਆਪਕਾਂ ਨਾਲ ਬਹੁਤ ਜੋਰ ਜਬਰਦਸਤੀ ਕੀਤੀ ਗਈ ਜਿਸ ਕਾਰਨ ਮਾਹੌਲ ਤਣਾਵਪੂਰਨ ਹੋ ਗਿਆ। ਇਸ ਸਮੇਂ ਖਿੱਚ ਧੂਹਵਿੱਚ ਕਾਫੀ ਅਧਿਆਪਕਾਂ ਦੇ ਰਗੜਾਂ ਲੱਗੀਆਂ ਤੇ ਕਾਫੀ ਮਹਿਲਾ ਅਧਿਆਪਕ ਹੇਠਾਂ ਜ਼ਮੀਨ ’ਤੇ ਡਿੱਗ ਗਈਆਂ।

ਅਧਿਆਪਕਾਂ ਦੇ ਵੱਧਦੇ ਰੋਹ ਨੂੰ ਦੇਖਦਿਆਂ ਪ੍ਰਸ਼ਾਸਨ ਵੱਲੋਂ ਸਿੱਖਿਆ ਮੰਤਰੀ ਨਾਲ 6 ਸਤੰਬਰ ਦੀ ਚੰਡੀਗੜ੍ਹ ਸਕੱਤਰੇਤ ਵਿਖੇ ਪੈਨਲ ਮੀਟਿੰਗ ਦਿੱਤੀ ਗਈ ਹੈ। ਇਸ ਮੌਕੇ ਸੂਬਾ ਪ੍ਰਧਾਨ ਨੇ ਕਿਹਾ ਕਿ ਜੇਕਰ ਕੱਲ੍ਹ ਵਾਲੀ ਮੀਟਿੰਗ ਵਿੱਚ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਤਾਂ 11 ਸਤੰਬਰ ਤੋ ਦੋ ਦਿਨਾਂ ਦੀ ਅਗਲੀ ਰੈਲੀ ਕੀਤੀ ਜਾਵੇਗੀ।

ਇਸ ਮੌਕੇ ਐਨ ਐਸ ਕਿਊ ਐਫ ਵੋਕੇਸ਼ਨਲ ਅਧਿਆਪਕ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਰਾਇ ਸਾਹਿਬ ਸਿੰਘ ਸਿੱਧੂ ਨੇ ਦੱਸਿਆ ਕਿ ਐਨ ਐਸ ਕਿਊ ਐਫ ਵੋਕੇਸ਼ਨਲ ਅਧਿਆਪਕ ਪਿਛਲੇ 89 ਦਿਨਾਂ ਤੋਂ ਆਪਣੀਆਂ ਮੰਗਾਂ ਦੀ ਪੂਰਤੀ ਲਈ ‘ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਪਟਿਆਲਾ’ ਵਿਖੇ ਪੱਕਾ ਧਰਨਾ ਲਾਕੇ ਬੈਠੇ ਹੋਏ ਹਨ ਅਤੇ ਅੱਜ ਤੱਕ ਉਨ੍ਹਾਂ ਦੀ ਕਿਸੇ ਵੀ ਮੰਗ ਨੂੰ ਪੂਰਾ ਨਹੀਂ ਕੀਤਾ ਗਿਆ। ਉਨ੍ਹਾਂ ਦਾ ਕਹਿਣਾ ਹੈ ਕਿ ਹਰ ਵਾਰ ਮੀਟਿੰਗ ਵਿੱਚ ਸਾਡੇ ਤੋਂ ਸਮਾਂ ਮੰਗ ਲਿਆ ਜਾਂਦਾ ਹੈ ਜਿਸ ਕਰਕੇ ਅਧਿਆਪਕਾਂ ਵਿੱਚ ਬਹੁਤ ਜ਼ਿਆਦਾ ਰੋਸ ਵਧ ਗਿਆ ਹੈ। ਸੂਬਾ ਪ੍ਰਧਾਨ ਨੇ ਕਿਹਾ ਕਿ ਪੰਜਾਬ ਸਰਕਾਰ ਸਾਡੀਆਂ ਮੰਗਾਂ ਦੇ ਹੱਲ ਕਰੇ ਸਾਡੀਆਂ ਮੁੱਖ ਮੰਗਾਂ ਹਨ: ਸਰਕਾਰੀ ਸਕੂਲਾਂ ਵਿੱਚੋਂ ਕੰਪਨੀਆਂ ਨੂੰ ਬਾਹਰ ਕੱਢਿਆ ਜਾਵੇ। ਐਨ ਐਸ ਕਿਊ ਐਫ ਪੂਰੇ ਸਕੇਲ ਤੇ ਰੈਗੂਲਰ ਕੀਤਾ ਜਾਵੇ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagramlinkedin , YouTube‘ਤੇ ਫਾਲੋ ਕਰੋ