ਜਨਮ ਦਿਨ ਮਨਾਉਣ ਦੀ ਨਵੀਂ ਰੀਤ

Birthday Celebration Sachkahoon

ਜਨਮ ਦਿਨ ਮਨਾਉਣ ਦੀ ਨਵੀਂ ਰੀਤ

ਅੱਜ ਮੇਰੀ ਬੇਟੀ ਛੇ ਸਾਲ ਦੀ ਹੋ ਗਈ। ਅੱਜ ਮੇਰੀ ਬੇਟੀ ਦਾ ਜਨਮ ਦਿਨ ਹੈ। ਮੇਰੇ ਵੱਲੋਂ ਇਸ ਦੇ (Birthday Celebration) ਜਨਮ ਦਿਨ ’ਤੇ ਛੇ ਪੌਦੇ ਲਾਉਣ ਦੀ ਇੱਕ ਮੁਹਿੰਮ ਸ਼ੁਰੂ ਕੀਤੀ ਜਾ ਰਹੀ ਹੈ। ਇਸ ਪੌਦੇ ਲਾਉਣ ਦੀ ਮੁਹਿੰਮ ਨੂੰ ਅੱਗੇ ਵਿਕਾਸ ਦੀ ਰਾਹ ਵੱਲ ਲਿਜਾਣ ਲਈ ਮੇਰੇ ਵੱਲੋਂ ਸਮਾਜ ਦੇ ਹਰ ਵਰਗ ਨੂੰ ਬੇਨਤੀ ਹੈ ਕਿ ਤੁਸੀਂ ਸਾਰੇ ਇਸ ਮੁਹਿੰਮ ਵਿੱਚ ਆਪਣਾ ਯੋਗਦਾਨ ਪਾਓ।

ਉਜ ਤਾਂ ਅਸੀਂ ਸਾਰੇ ਹੀ ਅੱਜ-ਕੱਲ੍ਹ ਆਪਣਾ ਜਨਮ ਦਿਨ ਕੇਕ ਕੱਟ ਕੇ ਮਨਾਉਂਦੇ ਹਾਂ। ਪਰ ਅੱਜ ਤੋਂ ਅਸੀਂ ਆਪਣੇ-ਆਪ ਵਿੱਚ ਇੱਕ ਪ੍ਰਣ/ਦਿ੍ਰੜ ਨਿਸ਼ਚਾ ਕਰੀਏ ਕਿ ਅਸੀਂ ਆਪਣਾ ਜਨਮ ਦਿਨ ਕੇਟ ਕੱਟਣ ਦੇ ਨਾਲ-ਨਾਲ ਇੱਕ ਪੌਦਾ ਲਾ ਕੇ ਮਨਾਵਾਂਗੇ ਅਤੇ ਉਸ ਦੀ ਸੰਭਾਲ ਵੀ ਕਰਾਂਗੇ। ਇਸ ਦੇ ਨਾਲ-ਨਾਲ ਮੈਂ ਟੀਚਰਜ਼/ ਲੈਕਚਰਾਰ/ ਪ੍ਰੋਫੈਸਰ ਆਦਿ ਨੂੰ ਨਿਮਰਤਾ ਸਹਿਤ ਬੇਨਤੀ ਕਰਦਾ ਹਾਂ ਕਿ ਸਕੂਲ/ਕਾਲਜ/ਯੂਨੀਵਰਸਿਟੀ ਵਿੱਚ ਅੱਜ-ਕੱਲ੍ਹ ਹਰ ਬੱਚਾ ਜਨਮ ਦਿਨ ਮਨਾਉਂਦਾ ਹੈ। ਤੁਸੀਂ ਸਾਰੇ ਬੱਚਿਆਂ ਨੂੰ ਜਨਮ ਦਿਨ ’ਤੇ ਵੱਧ ਤੋਂ ਵੱਧ ਪੌਦੇ ਲਾਉਣ ਅਤੇ ਉਨ੍ਹਾਂ ਦੀ ਸਾਂਭ-ਸੰਭਾਲ ਕਰਨ ਲਈ ਮੋਟੀਵੇਟ ਕਰੋ ਤਾਂ ਕਿ ਇਸ ਨਾਲ ਬੱਚਿਆਂ ਵਿੱਚ ਵਾਤਾਵਰਨ ਪ੍ਰਤੀ ਜਿੰਮੇਵਾਰੀ ਦੀ ਭਾਵਨਾ ਪੈਂਦਾ ਹੋਵੇ। ਉਜ ਤਾਂ ਜਿੰਨੇ ਸਾਲਾ ਦਾ ਬੱਚਾ ਹੋਇਆ ਹੋਵੇ ਜੇਕਰ ਉਨੇ ਹੀ ਪੌਦੇ ਲੱਗ ਜਾਣ ਤਾਂ ਆਉਣ ਵਾਲੇ ਸਮੇਂ ਵਿਚ ਸਾਨੂੰ ਹੈਰਾਨੀਜਨਕ ਨਤੀਜੇ ਮਿਲਣਗੇ।

ਉਦਾਹਰਨ ਦੇ ਤੌਰ ’ਤੇ ਜੇਕਰ ਅਸੀਂ ਇੱਕ ਪਿੰਡ ਵਿੱਚ 1 ਤੋਂ 3 ਜਨਮ ਦਿਨ ਇੱਕ ਦਿਨ ਵਿੱਚ ਮਨਾਉਂਦੇ ਹਾਂ, ਤਾਂ ਇੱਕ ਪਿੰਡ ਪੱਧਰ ’ਤੇ ਘੱਟੋ-ਘੱਟ ਤਿੰਨ ਪੌਦੇ ਲਾਉਂਦੇ ਹਾਂ। ਇੱਕ ਬਲਾਕ ਵਿੱਚ 100-110 ਗ੍ਰਾਮ ਪੰਚਾਇਤਾਂ ਕਵਰ ਹੁੰਦੀਆਂ ਹਨ ਤਾਂ ਇੱਕ ਦਿਨ ਵਿੱਚ ਅਸੀਂ ਬਲਾਕ ਪੱਧਰ ’ਤੇ 330 ਪੌਦੇ ਲਾ ਸਕਦੇ ਹਾਂ। ਇੱਕ ਜਿਲ੍ਹੇ ਵਿੱਚ ਘੱਟੋ-ਘੱਟ 6 ਜਾਂ 7 ਬਲਾਕ ਹੁੰਦੇ ਹਨ। ਅਸੀਂ ਜਿਲ੍ਹੇ ਪੱਧਰ ’ਤੇ ਇੱਕ ਦਿਨ ਵਿੱਚ 2310 ਪੌਦੇ ਲਾ ਸਕਦੇ ਹਾਂ। ਇਸ ਸਮੇਂ ਪੰਜਾਬ ਵਿੱਚ ਕੁੱਲ 23 ਜਿਲੇ੍ਹ ਹਨ। ਇੱਕ ਦਿਨ ਵਿੱਚ ਅਸੀਂ ਪੂਰੇ ਪੰਜਾਬ ਵਿੱਚ 53130 ਪੌਦੇ ਲਾ ਸਕਦੇ ਹਾਂ। ਇਹ ਸਾਰਾ ਡਾਟਾ ਇੱਕ ਦਿਨ ਦਾ ਹੈ ਅਸੀਂ ਇੱਕ ਮਹੀਨੇ ਵਿੱਚ 15,93,900 ਪੌਦੇ ਲਾ ਸਕਦੇ ਹਾਂ। ਇਹ ਪੌਦੇ ਲਾਉਣ ਦੀ ਛੋਟੀ ਜਿਹੀ ਮੁਹਿੰਮ ਦੇਖੋ ਸਾਡੇ ਵਾਤਾਵਰਨ ਵਿੱਚ ਕਿੰਨਾ ਬਦਲਾਅ ਲਿਆ ਸਕਦੀ ਹੈ ਇਸ ਨਾਲ ਅਸੀਂ ਆਪਣੇ ਪੰਜਾਬ ਨੂੰ ਹੋਰ ਵੀ ਸੋਹਣਾ ਬਣਾ ਸਕਦੇ ਹਾਂ।

ਇੱਕ ਦਰੱਖਤ ਸਾਲਾਨਾ 120 ਕਿੱਲੋ ਆਕਸੀਜਨ ਦੇਣ ਦੀ ਸਮਰੱਥਾ ਰੱਖਦਾ ਹੈ ਅਤੇ 21.7 ਕਾਰਬਨ ਡਾਈਆਕਸਾਈਡ ਸੋਖਦਾ ਹੈ। ਇਨ੍ਹਾਂ ਵਿੱਚੋਂ ਪਿੱਪਲ ਇੱਕ ਅਜਿਹਾ ਦਰੱਖਤ ਹੈ ਜੋ ਕਿ 24 ਘੰਟੇ ਆਕਸੀਜਨ ਛੱਡਦਾ ਹੈ। ਜੋ ਕਿ ਸਾਡੇ ਵਾਤਾਵਰਨ ਨੂੰ ਸਾਫ ਰੱਖਣ ਵਿੱਚ ਆਪਣਾ ਇੱਕ ਅਹਿਮ ਰੋਲ ਅਦਾ ਕਰਦਾ ਹੈ।

ਅੱਜ-ਕੱਲ੍ਹ ਆਪਾਂ ਸਾਰੇ ਹੀ ਦੇਖਦੇ ਹਾਂ, ਅਸੀਂ ਆਪਣੇ ਬੱਚਿਆਂ ਦੇ (Birthday Celebration) ਜਨਮ ਦਿਨ ’ਤੇ ਕਿੰਨਾ ਖਰਚ ਕਰਦੇ ਹਾਂ ਸੋ ਸਾਨੂੰ ਇਸ ਖਰਚ ਦਾ ਕੁੱਝ ਹਿੱਸਾ 5 ਜਾਂ 10 ਪ੍ਰਤੀਸ਼ਤ ਅਸੀਂ ਪੌਦੇ ਲਾਉਣ ਅਤੇ ਸਾਂਭ-ਸੰਭਾਲ ’ਤੇ ਖਰਚ ਕਰੀਏ। ਜੇਕਰ ਅਸੀਂ ਜਨਮ ਦਿਨ ’ਤੇ ਬਿਲਕੁਲ ਵੀ ਖਰਚ ਨਹੀਂ ਕਰਨਾ ਚਾਹੁੰਦੇ ਤਾਂ ਵੀ ਅਸੀਂ ਸਮਾਜ ਦੇ ਪ੍ਰਤੀ ਆਪਣੀ ਜਿੰਮੇਵਾਰੀ ਦੀ ਭਾਵਨਾ ਨੂੰ ਨਿਭਾਉਂਦੇ ਹੋਏ ਇੱਕ ਪੌਦਾ ਜਰੂਰ ਲਾਈਏ। ਇਹ ਪੌਦੇ ਵੀ ਸਾਨੂੰ ਪਿੰਡਾਂ/ਸ਼ਹਿਰਾਂ ਵਿੱਚ ਖਾਲੀ ਪਈਆਂ ਥਾਵਾਂ ਵਿੱਚੋਂ ਅਕਸਰ ਮਿਲ ਜਾਂਦੇ ਹਨ ਜਿਵੇਂ, ਪਿੱਪਲ, ਬੋਹੜ ਦਾ ਦਰੱਖਤ, ਨਿੰਮ, ਡੇਕਾਂ, ਜਾਮਣ ਅਤੇ ਅੰਬ ਆਦਿ। ਇਹਨਾਂ ਪੌਦਿਆਂ ਨੂੰ ਪੁੱਟ ਕੇ ਅਸੀਂ ਕਿਸੇ ਵੀ ਧਾਰਮਿਕ ਸਥਾਨ, ਸਕੂਲਾਂ ਅਤੇ ਪਬਲਿਕ ਸਥਾਨਾਂ ’ਤੇ ਲਾ ਸਕਦੇ ਹਾਂ। ਪੌਦੇ ਲਾਉਣ ਵੇਲੇ ਇੱਕ ਗੱਲ ਦਾ ਖਾਸ ਧਿਆਨ ਰੱਖਿਆ ਜਾਵੇ ਕਿ ਜੋ ਪੌਦੇ ਅਸੀਂ ਲਾ ਰਹੇ ਹਾਂ ਉਸ ਨੂੰ ਦੁਬਾਰਾ ਪੁੱਟਣ ਦੀ ਸੰਭਾਵਨਾ ਨਾ ਹੋਵੇ। ਇਸ ਸ਼ੁਰੂਆਤ ਨਾਲ ਅਸੀਂ ਆਪਣੇ ਵਾਤਾਵਰਨ ਨੂੰ ਸ਼ੁੱਧ ਕਰਨ ਵਿੱਚ ਆਪਣੀ ਅਹਿਮ ਭੂਮਿਕਾ ਨਿਭਾ ਸਕਦੇ ਹਾਂ।

ਜਨਮ ਦਿਨ ’ਤੇ ਅਸੀਂ ਵੱਧ ਤੋਂ ਵੱਧ ਫਲਦਾਰ ਪੌਦੇ ਵੀ ਲਾ ਸਕਦੇ ਹਾਂ ਜੋ ਕਿ ਆਉਣ ਵਾਲੇ ਸਮੇਂ ਵਿੱਚ ਸਾਨੂੰ ਛਾਂ ਤੇ ਨਾਲ-ਨਾਲ ਫਲ ਦੇਣਗੇ। ਔਲੇ ਦਾ ਪੌਦਾ ਵੀ ਵੱਧ ਤੋਂ ਵੱਧ ਲਾਇਆ ਜਾਵੇ ਜਿਸ ਤਰ੍ਹਾਂ ਸਿਆਣੇ ਆਖਦੇ ਹਨ ਕਿ ‘ਔਲੇ ਦਾ ਖਾਧਾ ਤੇ ਸਿਆਣਾ ਦਾ ਕਿਹਾ ਬਾਅਦ ਵਿੱਚ ਹੀ ਪਤਾ ਲੱਗਦਾ ਹੈ’। ਇਸ ਕਹਾਵਤ ਤੋਂ ਅਸੀਂ ਕੁਝ ਸਿੱਖ ਸਕਦੇ ਹਾਂ। ਹੋਰ ਵੀ ਫਲਦਾਰ ਪੌਦੇ ਅਸੀਂ ਵੱਧ ਤੋਂ ਵੱਧ ਵੰਡੀਏ ਅਤੇ ਲਾਈਏ, ਆਪਣੇ ਜਨਮ ਦਿਨ ਨੂੰ ਜਿੰਦਗੀ ਦੀਆਂ ਯਾਦਾਂ ਨਾਲ ਜੋੜੀਏ ਅਤੇ ਆਨੰਦ ਮਾਣੀਏ।

ਇਸ ਪੌਦੇ ਲਾਉਣ ਦੀ ਛੋਟੀ-ਜਿਹੀ ਮੁਹਿੰਮ ਨਾਲ ਅਸੀਂ ਆਉਣ ਵਾਲੀਆਂ ਪੀੜ੍ਹੀਆਂ ਲਈ ਇੱਕ ਨਵੀਂ ਸੇਧ ਅਤੇ ਸ਼ੁੱਧ ਵਾਤਾਵਰਨ ਬਣਾ ਸਕਦੇ ਹਾਂ। ਇਸ ਮੁਹਿੰਮ ਨੂੰ ਅਸੀਂ ਅੰਗੇਜਮੈਂਟ/ਮੈਰਿਜ ਐਨੀਵਰਸਰੀ ਅਤੇ ਆਪਣੀ ਜਿੰਦਗੀ ਦੀ ਹਰ ਖੁਸ਼ੀ ਨਾਲ ਜੋੜ ਸਕਦੇ ਹਾਂ। ਅਸੀਂ ਹਰ ਜਿੱਤ ’ਤੇ ਇਸ ਮੁਹਿੰਮ ਨੂੰ ਜਾਰੀ ਰੱਖੀਏ ਅਤੇ ਆਉਣ ਵਾਲੇ ਸਮੇਂ ਵਿੱਚ ਹੋਰ ਰਸਮਾਂ ਦੀ ਤਰ੍ਹਾਂ ਇਹ ਮੁਹਿੰਮ ਵੀ ਇੱਕ ਰਸਮ ਬਣ ਜਾਵੇ/ਇੱਕ ਆਦਤ ਬਣ ਜਾਵੇ/ ਇੱਕ ਕਲਾ ਬਣ ਜਾਵੇ। ਜਿਸ ਰਸਮ ਨੂੰ ਅਸੀਂ ਹਰ ਖੁਸ਼ੀ ਦੇ ਪਹਿਲੇ ਕਦਮ ’ਤੇ ਰੱਖੀਏ ।

ਸੋ ਜਿੰਦਗੀ ਵਿੱਚ ਵੱਡੇ ਮੁਕਾਮ ’ਤੇ ਪਹੁੰਚਣ ਲਈ ਵੀ ਇੱਕ ਪਹਿਲੇ ਕਦਮ ਦੀ ਜ਼ਰੂਰਤ ਪੈਂਦੀ ਹੈ। ਸੋ, ਮੈਂ ਆਸ ਕਰਦਾ ਹੈ ਕਿ ਤੁਸੀਂ ਸਾਰੇ ਇਸ ਮੁਹਿੰਮ ਵਿੱਚ ਮੇਰਾ ਸਹਿਯੋਗ ਕਰੋਗੇ। ਸਮਾਜ ਦੇ ਵਿਕਾਸ ਲਈ ਕੋਈ ’ਕੱਲਾ ਵਿਅਕਤੀ ਕੁੱਝ ਵੀ ਨਹੀਂ ਕਰ ਸਕਦਾ, ਸਭ ਸਾਥ ਦੇ ਨਾਲ ਹੀ ਸਮਾਜ ਨੂੰ ਅਤੇ ਵਾਤਾਵਰਨ ਨੂੰ ਉਚਾਈਆਂ ’ਤੇ ਲਿਜਾਇਆ ਜਾ ਸਕਦਾ ਹੈ

ਮਹਾਨ ਸ਼ਾਇਰ ਸ਼ਿਵ ਕੁਮਾਰ ਬਟਾਲਵੀ ਦੀ ਕਵਿਤਾ ਅਨੁਸਾਰ:-

ਕੁਝ ਰੁੱਖ ਮੈਨੂੰ ਪੁੱਤ ਲੱਗਦੇ ਨੇ, ਕੁਝ ਰੁੱਖ ਲੱਗਦੇ ਮਾਵਾਂ।
ਕੁੱਝ ਰੁੱਖ ਨੂੰਹਾਂ ਧੀਆਂ ਲੱਗਦੇ, ਕੁੱਝ ਰੁੱਖ ਵਾਂਗ ਭਰਾਵਾਂ।
ਰੁੱਖ ਤਾਂ ਮੇਰੀ ਮਾਂ ਵਰਗੇ ਨੇ, ਜਿਊਣ ਰੁੱਖਾਂ ਦੀਆਂ ਛਾਵਾਂ।

ਰਵਿੰਦਰ ਭਾਰਦਵਾਜ
ਖੇੜੀ ਨਗਾਈਆਂ
ਮੋ. 88725-63800