ਡਰਾਇਵਰੀ ਕਿੱਤੇ ਦੇ ਗੌਲੇ-ਅਣਗੌਲੇ ਪੱਖ

ਤੇਰੀ ਵੇ ਡਰਾਈਵਰਾ ਕੈਨੇਡਾ ਵਾਲਿਆ, ਕਿੱਥੇ ਜਾਂਦੀ ਤਨਖਾਹ…!

ਪਿਛਲੇ ਕਈ ਦਿਨਾਂ ਤੋਂ ਉਕਤ ਗੀਤ ਦੇ ਮੁਖੜੇ ਨੇ ਮੇਰੀ ਸੰਵੇਦਨਾ ਵਿੱਚ ਹਲਚਲ ਮਚਾ ਰੱਖੀ ਹੈ। ਮੈਂ ਰਹਿ-ਰਹਿ ਕੇ ਇਸ ਨਤੀਜੇ ਤੱਕ ਪਹੁੰਚਣਾ ਚਾਹੁੰਦਾ ਹਾਂ ਕਿ ਕੀ ਗੀਤਕਾਰ ਨੇ ਇਸ ਗੀਤ ਰਾਹੀਂ ਡਰਾਈਵਰ ਭਰਾਵਾਂ ਪ੍ਰਤੀ ਹਮਦਰਦੀ ਜਤਾਈ ਹੈ ਜਾਂ ਸਿਰਫ ਮਨੋਰੰਜਨ ਦੀ ਦਿ੍ਰਸ਼ਟੀ ਨਾਲ ਰਚਨਾ ਕੀਤੀ ਹੈ? ਖੈਰ! ਇੱਕ ਰਚਨਾਕਾਰ ਕਿਸੇ ਵਿਅਕਤੀ ਵਿਸ਼ੇਸ਼ ਬਾਰੇ ਰਚਨਾ ਕਰਨ ਤੋਂ ਪਹਿਲਾਂ ਬੜੀ ਬਰੀਕੀ ਨਾਲ ਘੋਖ ਕਰਦਾ ਹੈ। ਇਕ ਤਰ੍ਹਾਂ ਨਾਲ ਉਸ ਦੀ ਜ਼ਿੰਦਗੀ ਜਿਉਂ ਕੇ ਉਸ ਦਾ ਅਨੁਭਵ ਹਾਸਲ ਕਰਦਾ ਹੈ।

ਅੱਜ-ਕੱਲ੍ਹ ਵਿਦੇਸ਼ੀਂ ਜਾਣ ਵਾਲੇ ਬਹੁਤੇ ਨੌਜਵਾਨ ਇਹ ਮਿੱਥ ਕੇ ਜਾਂਦੇ ਹਨ ਕਿ ਉੱਥੇ ਜਾ ਕੇ ਡਰਾਈਵਰੀ ਹੀ ਕਰਨਗੇ ਜਾਂ ਫਿਰ ਉੱਥੇ ਪਹੁੰਚ ਕੇ ਡਰਾਈਵਰੀ ਦਾ ਕਿੱਤਾ ਆਪਣਾ ਲੈਂਦੇ ਹਨ ਤੇ ਇਸ ਵਿੱਚ ਕੋਈ ਬੁਰਾਈ ਵੀ ਨਹੀਂ ਹੈ। ਹਿੰਦੁਸਤਾਨ ਦੇ ਮੁਕਾਬਲੇ ਵਿਦੇਸ਼ਾਂ ਦੇ ਡਰਾਈਵਰ ਜ਼ਿਆਦਾ ਖੁਸ਼ਹਾਲ ਹੁੰਦੇ ਹੋਣਗੇ। ਉੱਥੋਂ ਦੀਆਂ ਬਹੁ-ਤਕਨੀਕੀ ਗੱਡੀਆਂ, ਸਖਤ ਸੜਕੀ ਨਿਯਮ ਤੇ ਚੰਗੀਆਂ ਕਮਾਈਆਂ ਬਿਨਾ ਸ਼ੱਕ ਉਹਨਾਂ ਨੂੰ ਆਪਣੇ ਪਰਿਵਾਰ ਤੋਂ ਦੂਰ ਹੋਣ ਦਾ ਜ਼ਿਆਦਾ ਅਹਿਸਾਸ ਨਹੀਂ ਹੋਣ ਦਿੰਦੀਆਂ।

ਪਰ ਏਧਰਲੇ ਡਰਾਈਵਰਾਂ ਦੀ ਹਾਲਤ ਵਿੱਚ ਕੋਈ ਜ਼ਿਆਦਾ ਸੁਧਾਰ ਨਹੀਂ ਹੋ ਸਕਿਆ ਹੈ। ਬਹੁਤ ਨਿਗੂਣੀਆਂ ਜਿਹੀਆਂ ਤਨਖਾਹਾਂ ਤੇ ਅਨਪੜ੍ਹ ਜਾਂ ਘੱਟ ਪੜ੍ਹੇ-ਲਿਖੇ ਡਰਾਈਵਰ ਕੰਮ ਕਰ ਰਹੇ ਹਨ। ਬੇਸ਼ੱਕ ਗੱਡੀਆਂ ਬਣਾਉਣ ਵਾਲੀਆਂ ਕੰਪਨੀਆਂ ਨੇ ਨਵੀਆਂ ਬੁਲੰਦੀਆਂ ਛੋਹੀਆਂ ਹਨ, ਪਰ ਫਿਰ ਵੀ ਡਰਾਈਵਰੀ ਨੂੰ ਸਨਮਾਨਯੋਗ ਕਿੱਤਾ ਨਹੀਂ ਮੰਨਿਆ ਜਾਂਦਾ ਹੈ। ਇੱਕ ਘੱਟ ਪੜਿ੍ਹਆ-ਲਿਖਿਆ ਜਾਂ ਅਨਪੜ੍ਹ ਨੌਜਵਾਨ ਘੁੰਮਣ-ਫਿਰਨ ਦਾ ਸ਼ੌਂਕ ਪੂਰਾ ਕਰਨ ਖਾਤਰ ਡਰਾਈਵਰੀ ਸਿੱਖਣ ਲੱਗ ਜਾਂਦਾ ਹੈ। ਬਹੁਤੀ ਵਾਰ ਤਾਂ ਸਿੱਖਣ ਦੀ ਲੋੜ ਵੀ ਨਹੀਂ ਪੈਂਦੀ। ਖੇਤੀ ਜਾਂ ਇਸ ਨਾਲ ਸਬੰਧਿਤ ਧੰਦੇ ਕਰਦਿਆਂ-ਕਰਦਿਆਂ ਕਈ ਨੌਜਵਾਨ ਸਟੇਅਰਿੰਗ ਸੰਭਾਲਣਾ ਸਿੱਖ ਜਾਂਦੇ ਹਨ, ਫਿਰ ਹੌਲੀ-ਹੌਲੀ ਡਰਾਈਵਰੀ ਵਿੱਚ ਮੁਹਾਰਤ ਹਾਸਲ ਕਰਦੇ ਜਾਂਦੇ ਹਨ।

ਕਈ ਡਰਾਈਵਰੀ ਸਿੱਖਣ ਲਈ ਬਕਾਇਦਾ ਉਸਤਾਦ ਧਾਰਦੇ ਹਨ। ਉਹ ਸ਼ਾਗਿਰਦੀ ਦੌਰਾਨ ਉਸਤਾਦ ਡਰਾਈਵਰਾਂ ਦੀ ਸੇਵਾ-ਸੰਭਾਲ ਕਰਦੇ ਹਨ। ਉਹਨਾਂ ਦੀਆਂ ਝਿੜਕਾਂ ਮਾਰਾਂ ਸਹਿ ਕੇ ਹੀ ਚੰਗੇ ਡਰਾਈਵਰ ਬਣਦੇ ਹਨ।
ਸਮੇਂ ਦੇ ਨਾਲ-ਨਾਲ ਕਈ ਡਰਾਈਵਰਾਂ ਦੇ ਜੀਵਨ ਜਿਉਣ ਵਿਚ ਤਬਦੀਲੀ ਜ਼ਰੂਰ ਹੋਈ ਹੈ। ਕਰੋੜਾਂ ਦੀਆਂ ਗੱਡੀਆਂ ਤੇ ਸਵਾਰੀਆਂ ਦੀਆਂ ਬੇਸ਼ਕੀਮਤੀ ਜਾਨਾਂ ਦੀ ਜਿੰਮੇਵਾਰੀ ਇਹਨਾਂ ’ਤੇ ਹੁੰਦੀ ਹੈ। ਸਰਕਾਰੀ ਡਰਾਈਵਰਾਂ ਨੂੰ ਛੱਡ ਕੇ ਨਿੱਜੀ ਗੱਡੀਆਂ ਦੇ ਡਰਾਈਵਰਾਂ ਦੀ ਆਰਥਿਕ ਹਾਲਤ ਕੋਈ ਜ਼ਿਆਦਾ ਵਧੀਆ ਨਹੀਂ ਹੁੰਦੀ।

ਉਹਨਾਂ ਦਾ ਆਪਣਾ ਤੇ ਪਰਿਵਾਰਕ ਸੁਖ ਵਕਤ ਦੇ ਗਰਭ ਵਿੱਚ ਲੁਕਿਆ ਹੁੰਦਾ ਹੈ ਕਿ ਕਿਸ ਤਰ੍ਹਾਂ ਦਾ ਹੋਵੇਗਾ! ਹਰ ਪਲ ਮੌਤ ਦੀ ਸਵਾਰੀ ਕਰਨ ਵਾਲੇ ਇਹ ਲੋਕ ਭੁੱਖ-ਤੇਹ, ਉਨੀਂਦਰੇ ਨਾਲ ਜੂਝਦੇ ਹੋਏ ਕੁਪੋਸ਼ਣ ਦਾ ਸ਼ਿਕਾਰ ਹੋ ਜਾਂਦੇ ਹਨ। ਨਤੀਜੇ ਵਜੋਂ ਕਈ ਬਿਮਾਰੀਆਂ ਇਹਨਾਂ ਨੂੰ ਘੇਰ ਲੈਂਦੀਆਂ ਹਨ। ਰਾਤਾਂ ਨੂੰ ਜਾਗਣ ਵਾਸਤੇ ਬਹੁਤੇ ਡਰਾਈਵਰ ਨਸ਼ੇ ਦਾ ਸਹਾਰਾ ਲੈਣ ਲੱਗ ਪੈਂਦੇ ਹਨ ਤੇ ਫਿਰ ਹੌਲੀ-ਹੌਲੀ ਉਹਨਾਂ ਨੂੰ ਨਸ਼ੇ ਦੀ ਲਤ ਲੱਗ ਜਾਂਦੀ ਹੈ। ਟਰੱਕ ਡਰਾਈਵਰਾਂ ਦੀ ਹਾਲਤ ਵਿੱਚ ਤਾਂ ਅੱਜ ਵੀ ਕੋਈ ਜ਼ਿਆਦਾ ਸੁਧਾਰ ਨਜਰ ਨਹੀਂ ਆ ਰਿਹਾ। ਨੈਸ਼ਨਲ ਪਰਮਿਟ ਵਾਲੀਆਂ ਗੱਡੀਆਂ ਵਾਲੇ ਡਰਾਈਵਰ ਤਾਂ ਕਈ-ਕਈ ਦਿਨ ਆਪਣੇ ਪਰਿਵਾਰ ਦਾ ਮੂੰਹ ਨਹੀਂ ਦੇਖ ਸਕਦੇ। ਬੇਸ਼ੱਕ ਸੜਕਾਂ ਦੀ ਹਾਲਤ ਵਿੱਚ ਬੇਮਿਸਾਲ ਸੁਧਾਰ ਹੋਇਆ ਹੈ, ਪਰ ਨਿੱਤ ਦਿਹਾੜੇ ਲੱਗਦੇ ਧਰਨੇ, ਸੜਕੀ ਜਾਮ, ਬੇਮੁਰਵਤ ਮੌਸਮ ਇਹਨਾਂ ਦੀ ਹਾਲਤ ਬਦਤਰ ਹੀ ਰੱਖਦੇ ਹਨ।

ਆਪਣੀ ਸ਼ਖਸੀਅਤ ਪ੍ਰਤੀ ਲਾਪਰਵਾਹ ਇਹ ਲੋਕ ਵਕਤ ਦੀਆਂ ਮਾਰਾਂ ਸਹਿੰਦੇ-ਸਹਿੰਦੇ ਆਪਣੀ ਸਿਹਤ ਤੇ ਸ਼ਖਸੀਅਤ ਤੋਂ ਅਵੇਸਲੇ ਹੋ ਜਾਂਦੇ ਹਨ। ਵੋਲਵੋ ਬੱਸ ਵਿੱਚ ਸਫਾਰੀ ਸੂਟ ਜਾਂ ਮਹਿੰਗਾ ਚਿੱਟਾ ਕੁੜਤਾ ਪਜ਼ਾਮਾ, ਨਾਲ ਸਪੋਰਟਸ ਸ਼ੂਜ ਜਾਂ ਲਿਸ਼ਕਦੀ ਕੱਢਵੀਂ ਜੁੱਤੀ ਪਾਈ, ਪੋਚਵੀਂ ਪੱਗ ਬੰਨ੍ਹੀ ਇੱਕ ਬੰਦਾ, ਸਵੇਰੇ-ਸਵੇਰੇ ਪਹਿਲੇ ਗੇੜੇ ਸਵਾਰੀਆਂ ਵਾਲੇ ਦਰਵਾਜੇ ਰਾਹੀਂ ਬੱਸ ਅੰਦਰ ਪ੍ਰਵੇਸ਼ ਕਰਦਾ ਹੈ, ਸਵਾਰੀਆਂ ਸਾਹਮਣੇ ਸਨਮੁੱਖ ਹੁੰਦਾ ਦੋਨੋਂ ਹੱਥ ਜੋੜ ਕੇ ਬੱਸ ਵਿੱਚ ਬੈਠੀਆਂ ਸਵਾਰੀਆਂ ਨੂੰ ਫਤਹਿ, ਨਮਸਕਾਰ, ਗੁੱਡ ਮਰਨਿੰਗ ਕਹਿੰਦਾ ਹੈ। ਫਿਰ ਡਰਾਈਵਰ ਸੀਟ ’ਤੇ ਬੈਠ ਕੇ ਇੰਜਣ ਚਾਲੂ ਕਰਦਾ ਹੈ, ਗੁਰਬਾਣੀ ਚਲਾਉਂਦਾ ਹੈ, ਫਿਰ ਬੱਸ ਚਲਾਉਂਦਾ ਹੈ। ਇਹ ਉਸ ਦੇ ਕਿੱਤੇ ਵਿੱਚ ਸ਼ੁਧਾਰ ਹੀ ਤਾਂ ਹੁੰਦਾ ਹੈ।

ਸਮਾਰਟ ਫੋਨ ਤੇ ਹਾਈ ਟੈਕ ਗੱਡੀਆਂ ਨੇ ਬੇਸ਼ੱਕ ਪੁਰਾਣੇ ਜਮਾਨੇ ਲੱਦ ਮਾਰੇ ਹਨ, ਪਰ ਫਿਰ ਵੀ ਤਸਵੀਰ ਦਾ ਦੂਸਰਾ ਰੁਖ ਬੜਾ ਬੁਰਾ ਹੈ। ਬੱਸਾਂ ਵਾਲਿਆਂ ਕੋਲ ਸਮਾਂ ਘੱਟ ਹੋਣ ਕਾਰਨ ਕਈ ਵਾਰ ਰੋਟੀ ਖਾਣ ਦੀ ਵੀ ਵਿਹਲ ਨਹੀਂ ਹੁੰਦੀ। ਵਿਚਾਰੇ ਚਾਹ ਵੀ ਤੁਰੀ ਜਾਂਦੀ ਬੱਸ ਵਿਚ ਹੀ ਪੀਂਦੇ ਹਨ। ਇਹੀ ਕਾਹਲੀ ਅਕਸਰ ਵੱਡੇ ਨੁਕਸਾਨ ਕਰਵਾ ਦਿੰਦੀ ਹੈ, ਜਿਸ ਦਾ ਸਿੱਧੇ ਤੌਰ ’ਤੇ ਅਸਰ ਡਰਾਈਵਰ ਦੀ ਆਰਥਿਕਤਾ ’ਤੇ ਪੈਂਦਾ ਹੈ। ਮੁੱਕਦੀ ਗੱਲ, ਜਿਸ ਦੀ ਗਤੀ ਨਾਲ ਦੁਨੀਆਂ ਦੀ ਗਤੀ ਹੈ, ਜਿਸ ਦਾ ਠਹਿਰ ਜਾਣਾ ਦੁਨੀਆ ਰੋਕ ਲੈਂਦਾ ਹੈ, ਉਹ ਜਿੰਦਗੀ ਵਿਚ ਫਟੇਹਾਲ ਤੇ ਤਰਸਯੋਗ ਹਾਲਤ ਵਿੱਚ ਦੇਖਿਆ ਜਾਂਦਾ ਹੈ।
ਬਠਿੰਡਾ
ਮੋ. 9988995533
ਜਗਸੀਰ ਸਿੰਘ ਤਾਜੀ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ