ਨਵਜੋਤ ਸਿੱਧੂ ਹਮਾਇਤੀ ਵੀ ਪਾਰਟੀ ਅੱਗੇ ਅੜਿਆ

Navjot Sidhu

ਨੋਟਿਸ ਦੇ ਜਵਾਬ ਦੇਣ ਦਾ ਸੀ ਆਖਰੀ ਦਿਨ, ਸ਼ੈਰੀ ਰਿਆੜ ਨੇ ਜਵਾਬ ਦੇਣ ਦੀ ਥਾਂ ਕਾਂਗਰਸੀ ਆਗੂਆਂ ਨੂੰ ਘੇਰਿਆ | Navjot Sidhu

ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਕਾਂਗਰਸ ’ਚ ਨਵਜੋਤ ਸਿੰਘ ਸਿੱਧੂ ਅਤੇ ਪੰਜਾਬ ਕਾਂਗਰਸ ਦੇ ਆਗੂਆਂ ਵਿਚਕਾਰ ਚੱਲ ਰਹੀ ਆਪਸੀ ਖਿੱਚੋਤਾਣ ਰੁਕਣ ਦਾ ਨਾਂਅ ਨਹੀਂ ਲੈ ਰਹੀ। ਇੱਧਰ ਨਵਜੋਤ ਸਿੰਘ ਸਿੱਧੂ ਦੇ ਕਰੀਬੀ ਹਮਾਇਤੀ ਮਨਸਿਮਰਤ ਸਿੰਘ ਸੈਰੀ ਰਿਆੜ ਨੇ ਯੂਥ ਕਾਂਗਰਸ ਦੇ ਨੋਟਿਸ ਦਾ ਜਵਾਬ ਦੇਣ ਦੀ ਥਾਂ ਨੋਟਿਸ ਭੇਜਣ ਵਾਲਿਆਂ ਨੂੰ ਹੀ ਸੁਆਲ ਕਰ ਦਿੱਤੇ ਹਨ ਕਿ ਪਹਿਲਾਂ ਉਨ੍ਹਾਂ ਕਾਗਰਸੀਆਂ ਨੂੰ ਨੋਟਿਸ ਕੱਢ ਕੇ ਜਵਾਬ ਲੈਣ ਜਿਨ੍ਹਾਂ ਕਰਕੇ ਕਾਂਗਰਸ ਦੀ ਰਾਜਨੀਤਿਕ ਪੱਖੋਂ ਇਹ ਦੁਰਦਸ਼ਾ ਹੋਈ ਹੈ। ਸ਼ੈਰੀ ਰਿਆੜ ਯੂਥ ਕਾਂਗਰਸ ਵੱਲੋਂ ਭੇਜੇ ਨੋਟਿਸ ਦਾ ਜਵਾਬ ਦੇਣ ਤੋਂ ਇਨਕਾਰੀ ਹਨ। (Navjot Sidhu)

ਦੱਸਣਯੋਗ ਹੈ ਕਿ ਪੰਜਾਬ ਕਾਂਗਰਸ ’ਚ ਨਵਜੋਤ ਸਿੰਘ ਸਿੱਧੂ ਵੱਲੋਂ ਪਿਛਲੇ ਦਿਨਾਂ ਦੌਰਾਨ ਆਪਣੀ ਵੱਖਰੇ ਤੌਰ ’ਤੇ ਕੀਤੀ ਗਈ ਰੈਲੀ ਤੋਂ ਬਾਅਦ ਖਾਨਾਜੰਗੀ ਭਖੀ ਹੋਈ ਹੈ, ਅਤੇ ਪਟਿਆਲਾ ਤੋਂ ਸਿੱਧੂ ਦੇ ਕਰੀਬੀ ਹਮਾਇਤੀ ਸ਼ੈਰੀ ਰਿਆੜ ਵੱਲੋਂ ਸਿੱਧੂ ਦੇ ਹੱਕ ’ਚ ਲਾਏ ਗਏ ਫਲੈਕਸਾਂ ਤੋਂ ਬਾਅਦ ਸ਼ੈਰੀ ਰਿਆੜ ਵੀ ਪੰਜਾਬ ਕਾਂਗਰਸ ਦੇ ਨਿਸ਼ਾਨੇ ’ਤੇ ਆ ਗਏ ਸਨ। ਯੂਥ ਕਾਂਗਰਸ ਵੱਲੋਂ ਇਸ ਮਾਮਲੇ ’ਤੇ ਰਿਆੜ ਨੂੰ ਨੋਟਿਸ ਭੇਜ ਕੇ ਤਿੰਨ ਦਿਨਾਂ ’ਚ ਇਸ ਦਾ ਜਵਾਬ ਦੇਣ ਲਈ ਆਖਿਆ ਗਿਆ ਸੀ। ਨੋਟਿਸ ਦੇ ਜਵਾਬ ਦੇਣ ਦਾ ਅੱਜ ਤੀਜਾ ਦਿਨ ਸੀ ਅਤੇ ਸ਼ੈਰੀ ਰਿਆੜ ਵੱਲੋਂ ਇਸ ਨੋਟਿਸ ਦਾ ਜਵਾਬ ਦੇਣ ਦੀ ਥਾਂ ਨੋਟਿਸ ਭੇਜਣ ਵਾਲਿਆਂ ਨੂੰ ਸੁਆਲਾਂ ਦੇ ਘੇਰੇ ’ਚ ਖੜ੍ਹਾ ਕਰ ਦਿੱਤਾ ਹੈ।

ਇਹ ਵੀ ਪੜ੍ਹੋ : ਪਤਨੀ ਨੂੰ ਮਾਰ ਪਤੀ ਲਾਸ਼ ਲੈ ਗਿਆ ਯੂਪੀ, ਕੁਦਰਤੀ ਮੌਤ ਦੀ ਘੜੀ ਕਹਾਣੀ

ਸ਼ੈਰੀ ਰਿਆੜ ਦਾ ਕਹਿਣਾ ਹੈ ਕਿ ਨੋਟਿਸ ਦਾ ਜਵਾਬ ਲੈਣ ਵਾਲੇ ਪਹਿਲਾ ਉਨ੍ਹਾਂ ਕਾਂਗਰਸੀਆਂ ਨੂੰ ਨੋਟਿਸ ਭੇਜਣ ਜਿਨ੍ਹਾਂ ਵੱਲੋਂ ਸਰ੍ਹੇਆਮ ਹੀ ਕਾਂਗਰਸ ਪਾਰਟੀ ਨੂੰ ਖੋਰਾ ਲਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਪਰਤਾਪ ਸਿੰਘ ਬਾਜਵਾ ਨੂੰ ਨੋਟਿਸ ਭੇਜਣ ਜੋਂ ਕਿ ਸਿੱਧਾ ਮੀਡੀਆ ’ਚ ਹੀ ਨਜਵੋਤ ਸਿੱਧੂ ਖਿਲਾਫ਼ 78 ਤੋਂ 18 ਦੀ ਗੱਲ ਆਖ ਰਹੇ ਹਨ। ਉਨ੍ਹਾਂ ਕਿਹਾ ਕਿ ਪਹਿਲਾਂ ਉਨ੍ਹਾਂ ਨੂੰ ਨੋਟਿਸ ਭੇਜ ਕੇ ਜਵਾਬ ਲੈਣ ਜਿਨ੍ਹਾਂ ਦੇ ਭਰਾ ਵੱਲੋਂ ਅਜ਼ਾਦ ਤੌਰ ’ਤੇ ਚੋਣ ਲੜੀ ਗਈ ਸੀ ਅਤੇ ਜਿਨ੍ਹਾਂ ਦੇ ਭਾਣਜੇ ਤੋਂ ਈਡੀ ਨੇ ਕਰੋੜਾਂ ਰੁਪਏ ਬਰਾਮਦ ਕੀਤੇ ਸਨ। ਉਨ੍ਹਾਂ ਕਿਹਾ ਕਿ ਜਿਨ੍ਹਾਂ ਦੇ ਰੇਤ ਮਾਫ਼ੀਆ, ਕੇਬਲ ਮਾਫ਼ੀਆ ਨਾਲ ਸਬੰਧ ਰੱਖਣ ਵਾਲਿਆਂ ਨੂੰ ਵੀ ਨੋਟਿਸ ਭੇਜੇ ਜਾਣ। ਉਨ੍ਹਾਂ ਕਿਹਾ ਕਿ ਜੇਕਰ ਨੋਟਿਸ ਭੇਜਣ ਵਾਲੇ ਇਨ੍ਹਾਂ ਸੁਆਲਾ ਦੇ ਜਵਾਬ ਦੇਣ ਲਈ ਤਿਆਰ ਹਨ, ਤਾ ਉਹ ਵੀ ਆਪਣੇ ਨੋਟਿਸ ਦਾ ਜਵਾਬ ਦੇਣ ਲਈ ਪੂਰੀ ਤਰ੍ਹਾਂ ਤਿਆਰ ਹਨ।

ਇਸ ਪੱਤਰਕਾਰ ਨਾਲ ਗੱਲ ਕਰਦਿਆਂ ਸ਼ੈਰੀ ਰਿਆੜ ਨੇ ਕਿਹਾ ਕਿ ਉਨ੍ਹਾਂ ਨੂੰ ਸਿਰਫ਼ ਇਸੇ ਕਰਕੇ ਟਾਰਗੇਟ ਕੀਤਾ ਗਿਆ ਹੈ ਕਿ ਉਹ ਨਵਜੋਤ ਸਿੱਧੂ ਦੇ ਹਮਾਇਤੀ ਹਨ ਅਤੇ ਉਨ੍ਹਾਂ ਵੱਲੋਂ ਸਿੱਧੂ ਦੇ ਹੱਕ ’ਚ ਪ੍ਰਚਾਰ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਿੱਧੂ ਦੇ ਹੱਕ ’ਚ ਫਲੈਕਸ ਜਾਂ ਬੋਰਡ ਲਾਉਣਾ ਵੱਡਾ ਮਸਲਾ ਨਹੀਂ, ਸਿਰਫ਼ ਸਿੱਧੂ ਦਾ ਹਮਾਇਤੀ ਹੋਣ ਦੇ ਨਾਂਅ ’ਤੇ ਹੀ ਉਨ੍ਹਾਂ ਨੂੰ ਇਹ ਨੋਟਿਸ ਭੇਜਿਆ ਗਿਆ ਹੈ। ਦੱਸਣਯੋਗ ਹੈ ਕਿ ਮਨਸਿਮਰਤ ਸਿੰਘ ਸੈਰੀ ਰਿਆੜ ਵੱਲੋਂ ਲਗਾਤਾਰ ਨਵਜੋਤ ਸਿੱਧੂ ਦੇ ਹੱਕ ’ਚ ਬੋਲਿਆ ਜਾ ਰਿਹਾ ਹੈ ਤੇ ਪੰਜਾਬ ਦੇ ਪ੍ਰਮੁੱਖ ਕਾਂਗਰਸੀ ਆਗੂਆਂ ਤੇ ਉਗਲ ਚੁੱਕੀ ਜਾ ਰਹੀ ਹੈ। ਹੁਣ ਵੇਖਣਾ ਇਹ ਹੋਵੇਗਾ ਕੀ ਨੋਟਿਸ ਦਾ ਜਵਾਬ ਨਾ ਮਿਲਣ ਤੇ ਪੰਜਾਬ ਯੂਥ ਕਾਂਗਰਸ ਆਪਣਾ ਅਗਲਾ ਕਿਹੜਾ ਕਦਮ ਚੁੱਕਦੀ ਹੈ। (Navjot Sidhu)