ਰਾਸ਼ਟਰਵਾਦ : ਭਾਰਤੀ ਰਾਸ਼ਟਰਵਾਦ ਦਾ ਸਫ਼ਰ

ਨਾਗਪੁਰ ਵਿੱਚ ਆਰ. ਐੱਸ. ਐੱਸ. ਦੇ ਮਹੱਤਵਪੂਰਨ ਸਮਾਗਮ ਵਿੱਚ ਪ੍ਰਣਵ ਮੁਖਰਜੀ ਦਾ ਭਾਸ਼ਣ ਰਾਸ਼ਟਰਵਾਦ ‘ਤੇ ਕੇਂਦਰਤ ਸੀ, ਜਿਸ ਵਿੱਚ ਸਾਬਕਾ ਰਾਸ਼ਟਰਪਤੀ ਨੇ ਆਪਣੇ ਨਿੱਜੀ ਅਨੁਭਵ ਅਤੇ ਰਚਨਾਤਮਿਕ ਵਿਚਾਰ ਪ੍ਰਗਟ ਕੀਤੇ। ਇਹ ਸਹੀ ਵੇਲਾ ਹੈ ਕਿ ਹੁਣ ਰਾਸ਼ਟਰਵਾਦ, ਭਾਰਤੀ ਰਾਸ਼ਟਰਵਾਦ ਅਤੇ ਹਿੰਦੂ ਰਾਸ਼ਟਰਵਾਦ ਬਾਰੇ ਵਿਚਾਰ-ਚਰਚਾ ਕੀਤੀ ਜਾਵੇ।

ਰਾਸ਼ਟਰ ਦਾ ਸੰਕਲਪ ਪੱਛਮ ਦੀ ਦੇਣ ਹੈ ਜਿੱਥੇ ਸਾਮੰਤਵਾਦੀ ਜੀਵਨ ਪ੍ਰਬੰਧ ਦੇ ਪਤਨ ਨਾਲ ਜਦੋਂ ਪੂੰਜੀਵਾਦ ਦੀ ਆਮਦ ਹੁੰਦੀ ਹੈ ਤਾਂ ਇੱਕ ਦੇਸ਼ ਨੂੰ ਭਾਵਨਾਤਮਿਕ ਤੌਰ ‘ਤੇ  ਇੱਕਜੁੱਟ ਕਰਨ ਲਈ ਆਮ ਵਸੋਂ ਨੂੰ ਇੱਕ ਰਾਸ਼ਟਰ ਵਜੋਂ ਇੱਕਸੁਰ ਕੀਤਾ ਗਿਆ। ਇਸ ਇੱਕਸੁਰਤਾ ਦਾ ਆਧਾਰ ਲੋਕਾਈ ਦਾ ਸਾਂਝਾ ਸੱਭਿਆਚਾਰਕ ਵਿਰਸਾ, ਇੱਕ ਸਾਂਝੀ ਭਾਸ਼ਾ, ਇੱਕ ਸਾਂਝੀ ਧਰਤੀ, ਇੱਕ ਸਾਂਝਾ ਧਰਮ ਬਣਿਆ। ਇਉਂ ਰਾਸ਼ਟਰ ਦੀ ਮਜ਼ਬੂਤੀ ਹੀ ਦੇਸ਼ ਦੀ ਮਜ਼ਬੂਤੀ ਸੀ।ਰੂਸੋ ਦੇ ਸਮਾਨਤਾ, ਸੁਤੰਤਰਤਾ ਤੇ ਭਾਈਚਾਰੇ ਦੇ ਵਿਚਾਰ ਨੇ ਵੀ ਇੱਕ ਵਿਲੱਖਣ ਰਾਸ਼ਟਰ ਦੇ ਨਿਰਮਾਣ ਵਿੱਚ ਭੂਮਿਕਾ ਨਿਭਾਈ। ਪੂੰਜੀਵਾਦੀ ਪਸਾਰ ਨੇ ਇੱਕ ਰਾਸ਼ਟਰਵਾਦ ਨੂੰ ਅੰਧ- ਰਾਸ਼ਟਰਵਾਦ ਵਿੱਚ ਤਬਦੀਲ ਕਰ ਦਿੱਤਾ, ਜਿਸ ਦੇ ਨਤੀਜੇ ਵਜੋਂ ਯੂਰਪੀਨ ਦੇਸ਼ਾਂ ਵਿੱਚ ਛੋਟੀਆਂ-ਵੱਡੀਆਂ ਜੰਗਾਂ ਹੁੰਦੀਆਂ ਰਹੀਆਂ।

ਪਹਿਲੇ ਅਤੇ ਦੂਸਰੇ ਵਿਸ਼ਵ ਯੁੱਧ ਦਾ ਕਾਰਨ ਅੰਧ-ਰਾਸ਼ਟਰਵਾਦ ਹੀ ਸੀ, ਜੋ ਰਾਸ਼ਟਰਾਂ ਦੀ ਆਪਸੀ ਨਫ਼ਰਤ ਦੀ ਜ਼ਮੀਨ ਵਿਚੋਂ ਉੱਗਿਆ ਜ਼ਹਿਰੀ ਫ਼ਲ ਦੇਣ ਵਾਲਾ ਬੂਟਾ ਸੀ। ਦੂਸਰੇ ਵਿਸ਼ਵ ਯੁੱਧ ਨੂੰ ਰੋਕਣ ਲਈ 1938 ਦੀ ਮਿਊਨਿਖ ਸੰਧੀ ਹੋਈ ਜਿਸ ਨੂੰ ਬਾਅਦ ਵਿੱਚ ਹਿਟਲਰ ਦੇ ਨਾਜ਼ੀਵਾਦ ਨੇ ਤੋੜ ਦਿੱਤਾ। ਨਾਜ਼ੀਵਾਦ ਯਹੂਦੀਆਂ ਦੇ ਖ਼ਿਲਾਫ਼ ਧਾਰਮਿਕ ਨਫ਼ਰਤ ਦੀ ਮਿੱਟੀ ਵਿਚੋਂ ਪੈਦਾ ਹੋਇਆ । ਪੂੰਜੀਵਾਦੀ ਪਸਾਰ ਤੇ ਧਾਰਮਿਕ ਨਫ਼ਰਤ ਨੇ ਸੰਸਾਰ ਨੂੰ ਵਿਸ਼ਵ ਯੁੱਧ ਦੀ ਜੂਹ ਵਿੱਚ ਧੂਹ ਲਿਆਂਦਾ।

ਰਾਸ਼ਟਰਵਾਦ ਤੋਂ ਅੰਧ-ਰਾਸ਼ਟਰਵਾਦ ਵੱਲ ਨੂੰ ਹੋਈ ਤਬਦੀਲੀ ਸੰਸਾਰ ਦੀ ਵੱਡੀ ਤਬਾਹੀ ਦਾ ਕਾਰਨ ਬਣੀ।ਭਾਰਤੀ ਰਾਸ਼ਟਰਵਾਦ ਬਰਤਾਨਵੀ ਸਾਮਰਾਜ ਦੇ ਖ਼ਿਲਾਫ਼ ਭਾਰਤੀ ਲੋਕਾਂ ਦੀ ਸਾਂਝੀ ਲੜਾਈ ਦੌਰਾਨ ਪਨਪਿਆ ਤੇ ਵਿਕਸਿਤ ਹੋਇਆ। ਮਹਾਤਮਾ ਗਾਂਧੀ ਦੀ ਪਾਰੰਪਰਿਕ ਪ੍ਰਗਤੀਵਾਦੀ ਸੋਚ, ਜਵਾਹਰ ਲਾਲ ਨਹਿਰੂ ਦੀ ਆਧੁਨਿਕ ਸਮਾਜਵਾਦੀ ਸਮਝ ਅਤੇ ਡਾ. ਬੀ. ਆਰ. ਅੰਬੇਡਕਰ ਦੀ ਜਾਤੀਵਾਦ ਦੇ ਖ਼ਾਤਮੇ ਲਈ ਸਮਾਜਿਕ ਨਿਆਂ ਦੀ ਸੂਝ-ਬੂਝ ਨੇ ਭਾਰਤੀ ਰਾਸ਼ਟਰ ਦੇ ਨਿਰਮਾਣ ਵਿੱਚ ਅਹਿਮ ਹਿੱਸਾ ਪਾਇਆ। ਇਸ ਧਾਰਾ ਦੇ ਐਨ ਸੱਜੇ ਪਾਸੇ 1925 ਤੋਂ ਸ਼ੁਰੂ ਹੋਈ ਆਰ. ਐੱਸ. ਐੱਸ. ਦਾ ਫ਼ਿਰਕੂ ਦ੍ਰਿਸ਼ਟੀਕੋਣ, ਜੋ ਭਾਰਤ ਨੂੰ ਮਨੂੰਵਾਦੀ ਨਜ਼ਰੀਏ ਤੋਂ ਦੇਖਦਾ ਸੀ ਤੇ ਇਸ ਨੂੰ ਹਿੰਦੂ ਰਾਸ਼ਟਰ ਬਣਾਉਣਾ ਚਾਹੁੰਦਾ ਸੀ, ਤੇ ਹੈ।

ਇਸ ਦੇ ਖੱਬੇ ਪਾਸੇ ਸ਼ਹੀਦ ਭਗਤ ਸਿੰਘ ਤੇ ਉਸ ਦੇ ਸਾਥੀਆਂ ਦੀ ਕ੍ਰਾਂਤੀਕਾਰੀ ਲਹਿਰ ਸੀ ਜੋ ਮਨੁੱਖ ਹੱਥੋਂ ਮਨੁੱਖ ਦੀ ਹੁੰਦੀ ਲੁੱਟ ਨੂੰ ਸਦਾ ਲਈ ਖ਼ਤਮ ਕਰਨ ਵਾਸਤੇ ਆਪਣੇ ਜੀਵਨ ਦੀ ਆਹੂਤੀ ਦਿੰਦੇ ਰਹਿਣ ਵਾਲਾ ਮਾਰਗ ਸੀ। ਕ੍ਰਾਂਤੀ ਦੀ ਬਲ਼ਦੀ ਇਹ ਮਸ਼ਾਲ ਹੁਣ ਤੱਕ ਵੀ ਬਲ਼ਦੀ ਆ ਰਹੀ ਹੈ।1947 ਤੋਂ ਹਾਸਲ ਕੀਤੀ ਆਜ਼ਾਦੀ ਤੋਂ ਬਾਅਦ ਭਾਰਤੀ ਸੰਵਿਧਾਨ ਦੇ ਨਿਰਮਾਣ ਨਾਲ ਭਾਰਤੀ ਰਾਸ਼ਟਰਵਾਦ ਦਾ ਅਸਲੀ ਆਧਾਰ ਤਿਆਰ ਹੋਇਆ। ਪੰਡਿਤ ਜਵਾਹਰ ਲਾਲ ਨਹਿਰੂ, ਡਾ. ਰਾਧਾ ਕ੍ਰਿਸ਼ਨਨ, ਡਾ. ਰਾਜਿੰਦਰ ਪ੍ਰਸਾਦ ਤੇ ਡਾ. ਬੀ. ਆਰ. ਅੰਬੇਡਕਰ ਨੇ ਨਵੇਂ ਭਾਰਤ ਦਾ ਸੁਫ਼ਨਾ ਲਿਆ, ਜੋ ਭਾਰਤੀ ਰਾਸ਼ਟਰ ਦੀ ਬੁਨਿਆਦ ਬਣਿਆ।

ਸੰਸਾਰ ਸਮਾਜਵਾਦੀ ਤੇ ਸਾਮਰਾਜੀ ਕੈਂਪ ਵਿੱਚ ਵੰਡਿਆ ਗਿਆ। ਸ੍ਰੀ ਨਹਿਰੂ ਦੀ ਅਗਵਾਈ ਵਿੱਚ ਭਾਰਤ ਨੇ ਸਮਾਜਵਾਦੀ ਕੈਂਪ ਵੱਲ ਆਪਣਾ ਝੁਕਾਅ ਰੱਖਿਆ ਅਤੇ ਚੀਨ ਨਾਲ ਮਿਲ ਕੇ ਬੁੱਧ ਦੇ ਵਿਚਾਰ ‘ਪੰਚਸ਼ੀਲ’ ਨੂੰ ਆਧਾਰ ਬਣਾ ਕੇ ਮਜ਼ਬੂਤ ਗੁੱਟ-ਨਿਰਲੇਪ ਲਹਿਰ ਨੂੰ ਵੀ ਉਭਾਰਿਆ। ਭਾਰਤੀ ਸੰਵਿਧਾਨ, ਜੋ ਭਾਰਤੀ ਰਾਸ਼ਟਰ ਦਾ ਫ਼ਲਸਫ਼ਾ ਹੈ, ਅਸਲੋਂ ਹੀ ਨਵਾਂ ਮਾਨਵੀ ਨਜ਼ਰੀਆ ਹੈ। ਇਸ ਦੀ ਪ੍ਰਸਤਾਵਨਾ ਦੇ ਪਹਿਲੇ ਵਾਕ ਵਿੱਚ ‘ਅਸੀਂ ਭਾਰਤ ਦੇ ਲੋਕ’ ਭਾਰਤ ਦੇ ਵਿਭਿੰਨ ਵਿਚਾਰਾਂ ਵਾਲੇ ਲੋਕਾਂ ਨੂੰ ਸੰਕੇਤ ਕਰਦਾ ਹੈ। ਇਹ ਅਨੇਕਤਾ ਵਿੱਚ ਏਕਤਾ ਦਾ ਹਾਮੀ ਹੈ। ਭਾਰਤੀ ਸੰਵਿਧਾਨ ਦੀ ਪ੍ਰਸਤਾਵਨਾ ਵਿੱਚ ਦਰਜ ਧਰਮ-ਨਿਰਪੱਖਤਾ, ਸਮਾਜਵਾਦ ਤੇ ਲੋਕਤੰਤਰੀ ਗਣਰਾਜ ਭਾਰਤ ਨੂੰ ਅਨੋਖੀ ਕਿਸਮ ਦਾ ਰਾਸ਼ਟਰ ਬਣਾਉਂਦਾ ਹੈ।

ਭਾਰਤ ਵਿੱਚ ਸੰਸਾਰ ਦੇ ਚਾਰ ਵੱਡੇ ਧਰਮ ਹਨ- ਹਿੰਦੂ ਧਰਮ, ਬੁੱਧ ਧਰਮ, ਜੈਨ ਧਰਮ ਅਤੇ ਸਿੱਖ ਧਰਮ। ਇਸਲਾਮ ਅਤੇ ਈਸਾਈ ਧਰਮ ਵੀ ਭਾਰਤ ਦਾ ਸਹਿਜ ਅੰਗ ਬਣੇ ਹੋਏ ਹਨ ਕਿਉਂਕਿ ਇਨ੍ਹਾਂ ਵਿੱਚ ਬਹੁਤਾਤ ਭਾਰਤ ਦੀ ਆਮ ਲੋਕਾਈ ਹੀ ਪ੍ਰਵੇਸ਼ ਹੋਈ ਹੈ। ਪੰਜ ਹਜ਼ਾਰ ਸਾਲ ਪਹਿਲਾਂ ਦੇ ਲੰਮੇ ਇਤਿਹਾਸ ਵਿੱਚ 3500 ਵਰ੍ਹੇ ਇਸ ਦੇ ਵੱਖ-ਵੱਖ ਹਿੱਸਿਆਂ ਉੱਤੇ ਵਿਦੇਸ਼ੀ ਹਕੂਮਤ ਕਰਦੇ ਰਹੇ ਹਨ। ਇਹ ਭਾਰਤੀ ਰਾਸ਼ਟਰ ਦੀ ਹੀ ਮਹਾਨਤਾ ਹੈ ਕਿ ਉਹ (ਆਰੀਆ ਤੋਂ ਅੰਗਰੇਜ਼ਾਂ ਤੱਕ) ਇੱਥੋਂ ਦੀ ਸੱਭਿਅਤਾ ਅਤੇ ਸੱਭਿਆਚਾਰ ਵਿੱਚ ਰਮਦੇ, ਰਸਦੇ ਅਤੇ ਜਜ਼ਬ ਹੁੰਦੇ ਗਏ ਅਤੇ ਇਸੇ ਧਰਤੀ ਦੇ ਜਾਇਆਂ ਵਾਂਗ ਹੀ ਵਿਚਰਨ ਲੱਗੇ।

ਇਸੇ ਧਰਤੀ ਨੂੰ ਧਰਤੀ ਮਾਂ ਕਹਿ ਕੇ ਪੁਕਾਰਦੇ ਰਹੇ। ਭਾਰਤੀ ਰਾਸ਼ਟਰ ਦੀ ਧਰਮ-ਨਿਰਪੱਖਤਾ ਨੇ ਸਭਨਾਂ ਧਰਮਾਂ ਵਾਲਿਆਂ ਨੂੰ ਆਪਣੇ ਧਰਮ ਨੂੰ ਸਮਝਣ, ਪਸਾਰਨ ਤੇ ਉਸਾਰਨ ਦੇ ਬਰਾਬਰ ਮੌਕੇ ਦਿੱਤੇ। ਇਸ ਨੁਕਤੇ ਤੋਂ ਵੱਡੀ ਗੱਲ ਹੈ ਕਿ ਭਾਰਤ ਰਾਜ ਦਾ ਕੋਈ ਵੀ ਧਰਮ ਨਹੀਂ। ਰਾਜ ਦੇ ਸਾਹਮਣੇ ਸਾਰੇ ਧਰਮ ਬਰਾਬਰ ਹਨ। ਸੋ, ਭਾਰਤ ਬਹੁ-ਧਰਮੀ ਦੇਸ਼ ਹੈ। ਕਿਸੇ ਇੱਕ ਧਰਮ ਨੂੰ ਸ੍ਰੇਸ਼ਟ ਮੰਨ ਕੇ ਹੋਰਾਂ ‘ਤੇ ਉਸ ਨੂੰ ਥੋਪਿਆ ਨਹੀਂ ਜਾ ਸਕਦਾ। ਵਾਸੂਦੇਵ ਕਟੁੰਬਕਮ (ਪੂਰਾ ਸੰਸਾਰ ਪਰਿਵਾਰ ਹੈ) ਦਾ ਵਿਚਾਰ ਭਾਰਤੀ ਰਾਸ਼ਟਰ ਦੀ ਰੂਹ ਹੈ। ਸਮਾਜਵਾਦ ਵੀ ਭਾਰਤੀ ਰਾਸ਼ਟਰਵਾਦ ਦਾ ਅਹਿਮ ਅੰਗ ਬਣਿਆ।

ਮੁੱਢਲੇ ਦਿਨਾਂ ਵਿੱਚ ਹੀ ਸ੍ਰੀ ਨਹਿਰੂ ਨੇ ਕਿਹਾ ਸੀ ਕਿ ਭਾਰਤ ਦੀਆਂ ਤੇ ਵਿਸ਼ਵ ਦੀਆਂ ਸਾਰੀਆਂ ਸਮੱਸਿਆਵਾਂ ਦਾ ਹੱਲ ਸਮਾਜਵਾਦ ਹੀ ਹੈ। ਭਾਰਤੀ ਰਾਜ ਨੂੰ ਕਲਿਆਣਕਾਰੀ ਰਾਜ ਕਿਹਾ ਗਿਆ ਹੈ। ਨਿੱਜੀ ਸੈਕਟਰ ਦੇ ਨਾਲ-ਨਾਲ ਪਬਲਿਕ ਸੈਕਟਰ ਵੀ ਉਸਾਰਿਆ ਗਿਆ ਤੇ ਭਾਰਤੀ ਰਾਜਿਆਂ ਦੀਆਂ ਰਿਆਸਤਾਂ ਦਾ ਖ਼ਾਤਮਾ ਕਰਕੇ ਅਨੇਕਾਂ ਭੂਮੀ ਸੁਧਾਰ ਕੀਤੇ ਗਏ। ਡਾ. ਅੰਬੇਡਕਰ ਨੇ ਤਾਂ ਭਾਰਤ ਦੀ ਮੁਕੰਮਲ ਤਰੱਕੀ ਲਈ ਭੂਮੀ ਦੇ ਕੌਮੀਕਰਨ ਦਾ ਵਿਚਾਰ ਦਿੱਤਾ ਜਿਸ ਦੇ ਅਧਾਰ ‘ਤੇ 18 ਏਕੜ ਜ਼ਮੀਨ ਦੀ ਮਾਲਕੀ ਦੀ ਹੱਦ ਮਿਥੀ ਗਈ। ਵਾਧੂ ਜ਼ਮੀਨ ਭੂਮੀਹੀਣ ਲੋਕਾਂ ਵਿੱਚ ਵੰਡਣ ਲਈ ਕਿਹਾ ਗਿਆ। ਵੱਡੀਆਂ ਨਿੱਜੀ ਬੈਂਕਾਂ ਦਾ ਕੌਮੀਕਰਨ ਕੀਤਾ ਗਿਆ।

ਆਰਥਕ ਬਰਾਬਰੀ ਲਈ ਅਜਿਹੇ ਯਤਨ ਭਾਰਤੀ ਰਾਸ਼ਟਰ ਦੀ ਰੀੜ੍ਹ ਦੀ ਹੱਡੀ ਨੂੰ ਮਜ਼ਬੂਤ ਕਰਨ ਦੇ ਵੱਡੇ ਯਤਨ ਹਨ।ਲੋਕਤੰਤਰ ਭਾਰਤੀ ਰਾਸ਼ਟਰ ਦਾ ਅਤਿਅੰਤ ਅਹਿਮ ਹਿੱਸਾ ਹੈ ਜੋ ਜਾਤੀ ਆਧਾਰ ‘ਤੇ ਦਬਾਏ ਤੇ ਲਿਤਾੜੇ ਲੋਕਾਂ ਨੂੰ ਸ਼ਾਸਨ-ਪ੍ਰਸ਼ਾਸਨ ਵਿੱਚ ਹਿੱਸੇਦਾਰ ਬਣਾਉਣ ਦੇ ਰਾਹ ਖੋਲ੍ਹਦਾ ਹੈ। ਅਸਲ ਵਿੱਚ  ਲੋਕਤੰਤਰ ਦਾ ਅਰਥ ਬਹੁ-ਗਿਣਤੀ ਹੀ ਨਹੀਂ ਸਗੋਂ ਹਰ ਆਖ਼ਰੀ ਬੰਦੇ ਨੂੰ ਬਣਦਾ ਸਥਾਨ ਤੇ ਸਨਮਾਨ ਦੇਣਾ ਹੀ ਇਸਦਾ ਨਿਸ਼ਾਨਾ ਹੈ। ਸਦੀਆਂ ਤੋਂ ਪੀੜਤ ਸ਼ੂਦਰ ਜਾਤੀਆਂ ਨੂੰ ਰਾਖਵਾਂਕਰਨ ਦੇ ਕੇ ਦੇਸ਼ ਦੇ ਨਿਰਮਾਣ ਵਿੱਚ ਬਰਾਬਰ ਦੇ ਭਾਗੀਦਾਰ ਬਣਨ ਦਾ ਰਾਹ ਖੋਲ੍ਹਿਆ ਗਿਆ।

ਪਿਛਲੇ ਸਮਿਆਂ ਤੋਂ ਆਰ. ਐੱਸ. ਐੱਸ. ਦੀ ਵਿਚਾਰਧਾਰਾ ਵਿੱਚੋਂ ਉਤਪੰਨ ਹੋਈ ਭਾਰਤੀ ਜਨਤਾ ਪਾਰਟੀ ‘ਤੇ ਦੇਸ਼ ਦੀ ਅਨੇਕਤਾ ਨੂੰ ਤਿਲਾਂਜਲੀ ਦੇ ਕੇ ਭਗਵੇਂ ਰੰਗ ਵਿੱਚ ਰੰਗਣ ਦੇ ਦੋਸ਼ ਲੱਗ ਰਹੇ ਹਨ  ਧਾਰਮਿਕ ਕੱਟੜਤਾ ਕਿਸੇ ਵੀ ਧਰਮ ਦੀ ਹੋਵੇ, ਉਹ ਉਸ ਲਈ ਵੀ ਅਤੇ ਸਮੁੱਚੇ ਸਮਾਜ ਲਈ ਵੀ ਨੁਕਸਾਨਦੇਹ ਹੁੰਦੀ ਹੈ। ਭਾਰਤ ਨੂੰ ਸ਼ਕਤੀਸ਼ਾਲੀ ਤੇ ਖ਼ੁਸ਼ਹਾਲ ਬਣਾਉਣ ਲਈ ਅਤੇ ਇਸ ਦੇ ਲੋਕਤੰਤਰੀ ਗਣਰਾਜ ਨੂੰ ਹੋਰ ਮਜ਼ਬੂਤ ਕਰਨ ਵਾਸਤੇ ਨਾ ਪੱਛਮੀ ਰਾਸ਼ਟਰਵਾਦ ਤੇ ਨਾ ਹੀ ਹਿੰਦੂ ਰਾਸ਼ਟਰਵਾਦ ਢੁੱਕਵਾਂ ਹੈ ਸਗੋਂ ਸਿਰਫ਼ ਭਾਰਤੀ ਰਾਸ਼ਟਰਵਾਦ ਹੀ ਢੁੱਕਵਾਂ ਹੈ, ਜਿਸ ਦੀਆਂ ਜੜ੍ਹਾਂ ਭਾਰਤੀ ਸੱਭਿਆਚਾਰਕ ਵਿਰਸੇ ਵਿੱਚ ਲੱਗੀਆਂ ਹੋਈਆਂ ਹਨ, ਜਿਸ ਨੂੰ ਆਧੁਨਿਕ ਸੋਚ ਨੇ ਸਿੰਜਿਆ ਹੈ ਤੇ ਜਿਸ ਨੂੰ ਸਮਾਜਿਕ ਨਿਆਂ ਦੀ ਸਮਝ ਨੇ ਪਾਲ਼ਿਆ-ਪੋਸਿਆ ਹੈ।

ਭਾਰਤੀ ਰਾਸ਼ਟਰਵਾਦ ਹੀ ਧਾਰਮਿਕ ਸਹਿਣਸ਼ੀਲਤਾ, ਸਮਾਜਿਕ ਨਿਆਂ, ਆਰਥਿਕ ਬਰਾਬਰੀ, ਦੇਸ਼ ਦੀ ਅਖੰਡਤਾ ਨੂੰ ਬਣਾਈ ਰੱਖਣ ਲਈ ਇੱਕ ਜਿਊਂਦੀ ਤਾਕਤ ਹੈ। ਭਗਵਤ ਗੀਤਾ, ਬੁੱਧ-ਵਿਚਾਰ, ਭਗਤੀ ਧਾਰਾ, ਨਾਨਕ ਮਾਰਗ ਤੇ ਮੁਹੰਮਦੀ ਲੋਅ ਭਾਰਤੀ ਰਾਸ਼ਟਰ ਦੀਆਂ ਨਾੜਾਂ ਵਿੱਚ ਵਗਦੇ ਲਹੂ ਵਿੱਚ ਘੁਲੀ ਹੋਈ ਹੈ। ਧਾਰਮਿਕ ਬਹੁ ਗਿਣਤੀ ਹਮੇਸ਼ਾ ਘੱਟ ਗਿਣਤੀਆਂ ਲਈ ਮਾਨਸਿਕ ਤਸ਼ੱਦਦ ਦਾ ਕਾਰਣ ਬਣਦੀ ਹੈ। ਇਸ ਦੇ ਮੁਕਾਬਲੇ ਵਿਭਿੰਨਤਾਵਾਂ ਵਿੱਚ ਮੁਹੱਬਤ ਦੀ ਧਾਰਾ ਵੱਖਰੇ ਰੰਗਾਂ ਦਾ ਅਨੂਠਾ ਗੁਲਦਸਤਾ ਸਿਰਜਦੀ ਹੈ। ਇਹ ਇੱਕਸੁਰ ਤੇ ਇੱਕਸਾਰ ਬਹੁਤਾਤ ਹੀ ਭਾਰਤੀ ਰਾਸ਼ਟਰ ਦੀ ਮੁੱਖ ਪਛਾਣ ਅਤੇ ਇਸ ਦੀ ਜਿਊਂਦੀ-ਜਾਗਦੀ ਆਤਮਾ ਹੈ।