ਦਿਨ ਦਿਹਾੜੇ ਗੋਲੀਆਂ ਮਾਰਕੇ ਵਿਅਕਤੀ ਦਾ ਕਤਲ

Person, Shot, Killed

ਦਵਿੰਦਰ ਬੰਬੀਹਾ ਗੈਂਗ ਨੇ ਲਈ ਕਤਲ ਦੀ ਜਿੰਮੇਵਾਰੀ

ਰਾਮਪੁਰਾ ਫੂਲ (ਅਮਿਤ ਗਰਗ)। ਨੇੜਲੇ ਪਿੰਡ ਫੂਲ ਵਿਖੇ ਮੋਟਰ ਸਾਇਕਲ ‘ਤੇ ਸਵਾਰ ਕੁੱਝ ਅਣਪਛਾਤੇ ਵਿਅਕਤੀਆਂ ਵੱਲੋਂ ਇੱਕ ਵਿਅਕਤੀ ਦੀ ਦਿਨ ਦਿਹਾੜੇ ਗੋਲੀਆਂ ਮਾਰਕੇ ਹੱਤਿਆ ਕਰ ਦਿੱਤੀ। ਜਾਣਕਾਰੀ ਅਨੁਸਾਰ ਹਰਦੇਵ ਸਿੰਘ ਉਰਫ ਗੋਗੀ ਜਟਾਣਾ(42) ਰੋਜਾਨਾ ਦੀ ਤਰ੍ਹਾਂ ਆਪਣੇ ਪਿੰਡ ਫੂਲ ਟਾਊਨ-ਗਿੱਲ ਕਲਾਂ ਲਿੰਕ ਰੋਡ ‘ਤੇ ਸਥਿਤ ਆਪਣੇ ਕੀਰਤ ਪੋਲਟਰੀ ਫਾਰਮ ‘ਤੇ ਕੰਮ ਕਰ ਰਿਹਾ ਸੀ, ਤਾਂ ਕਰੀਬ 11 ਵਜੇ ਮੋਟਰ ਸਾਇਕਲ ‘ਤੇ ਸਵਾਰ ਵਿਅਕਤੀ ਉਸਦੇ ਪੋਲਟਰੀ ਫਾਰਮ ‘ਤੇ ਆਏ ਅਤੇ ਆਂਡਿਆਂ ਦਾ ਰੇਟ ਪੁੱਛਣ ਦੇ ਬਹਾਨੇ ਉਸਨੂੰ ਆਪਣੇ ਕੋਲ ਬੁਲਾਇਆ। ਜਦੋਂ ਹੀ ਗੋਗੀ ਉਹਨਾਂ ਕੋਲ ਆਇਆ ਤਾਂ ਅਣਪਛਾਤੇ ਮੋਟਰ ਸਾਇਕਲ ਸਵਾਰ ਵਿਅਕਤੀਆਂ ਨੇ ਪਿਸਤੌਲ ਨਾਲ ਦੋ ਗੋਲੀਆਂ ਚਲਾ ਦਿੱਤੀਆਂ ਜਿਹਨਾਂ ਵਿੱਚੋਂ ਇੱਕ ਗੋਲੀ ਉਸਦੇ ਮੱਥੇ ਅਤੇ ਦੂਸਰੀ ਉਸਦੇ ਢਿਡ ਵਿੱਚ ਲੱਗੀ ਗੋਲੀਆਂ ਮਾਰਨ ਤੋਂ ਬਾਅਦ ਉਕਤ ਅਣਪਛਾਤੇ ਮੌਕੇ ਤੋਂ ਫਰਾਰ ਹੋ ਗਏ।

 ਗੋਲੀਆਂ ਦੀ ਅਵਾਜ ਸੁਣ ਕੇ ਪੋਲਟਰੀ ਫਾਰਮ ‘ਤੇ ਕੰਮ ਕਰਨ ਵਾਲਾ ਇੱਕ ਪ੍ਰਵਾਸੀ ਮਜਦੂਰ ਭੱਜਕੇ ਆਇਆ ਤਾਂ ਉਸਨੇ ਗੋਗੀ ਜਟਾਣਾ ਨੂੰ ਖੂਨ ਨਾਲ ਲੱਥ ਪੱਥ ਹੋਏ ਦੇਖਕੇ ਰੌਲਾ ਪਾ ਦਿੱਤਾ, ਉਸਦਾ ਰੌਲਾ ਸੁਣਕੇ ਪੋਲਟਰੀ ਫਾਰਮ ‘ਚ ਬਣੀ ਕੋਠੀ ਵਿੱਚ ਰਹਿੰਦਾ ਉਸਦਾ ਭਰਾ ਅਤੇ ਹੋਰ ਪਰਿਵਾਰਕ ਮੈਂਬਰ ਉੱਥੇ ਆਏ ਤਾਂ ਉਹਨਾਂ ਨੇ ਗੋਗੀ ਨੂੰ ਚੁੱਕ ਕੇ ਸਿਵਲ ਹਸਪਤਾਲ ਰਾਮਪੁਰਾ ਫੂਲ ਲਿਆਂਦਾ ਤਾਂ ਡਾਕਟਰਾਂ ਨੇ ਗੋਗੀ ਨੂੰ ਮ੍ਰਿਤਕ ਕਰਾਰ ਦੇ ਦਿੱਤਾ। ਥਾਣਾ ਫੂਲ ਦੀ ਪੁਲਿਸ ਨੇ ਮ੍ਰਿਤਕ ਦੇ ਭਰਾ ਮੇਘ ਸਿੰਘ ਜਟਾਣਾ ਦੇ ਬਿਆਨਾਂ ਦੇ ਅਧਾਰ ‘ਤੇ ਉਕਤ ਅਣਪਛਾਤੇ ਵਿਅਕਤੀਆਂ ‘ਤੇ ਮਾਮਲਾ ਦਰਜ ਕਰਕੇ ਦੋਸ਼ੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਸਿਵਲ ਹਸਪਤਾਲ ਦੇ ਡਾਕਟਰਾਂ ਨੇ ਪੋਸਟ ਮਾਰਟਮ ਤੋਂ ਬਾਅਦ ਮ੍ਰਿਤਕ ਗੋਗੀ ਦੀ ਲਾਸ਼ ਨੂੰ ਪਰਿਵਾਰਕ ਮੈਂਬਰ ਹਵਾਲੇ ਕਰ ਦਿਤਾ।

ਉੱਧਰ ਦੂਜੇ ਪਾਸੇ ਸ਼ੋਸ਼ਲ ਮੀਡੀਆ ‘ਤੇ ਸੁੱਖਪ੍ਰੀਤ ਬੁੱਢਾ ਖੂਸਾ ਅਤੇ ਅਮਨ ਜੈਤੋ ਨੇ ਫੇਸਬੁੱਕ ‘ਤੇ ਗੋਗੀ ਜਟਾਣਾ ਦੇ ਕਤਲ ਦੀ ਜਿੰਮੇਵਾਰੀ ਲਈ ਹੈ, ਇਸਦਾ ਕਾਰਨ ਇਹ ਸੀ ਕਿ ਗੋਗੀ ਜਟਾਣਾ ਨੇ 09-09-2016 ਪਿੰਡ ਫੂਲ ਦੀ ਢਾਨੀ ‘ਚ ਐਨਕਾਊਂਟਰ ‘ਚ ਮਾਰੇ ਗਏ ਦਵਿੰਦਰ ਬੰਬੀਹਾ ਦੀ ਮੁੱਖਬਰੀ ਕੀਤੀ ਸੀ।