ਵਰਦੀਆਂ ਦਾ ਬਹੁ-ਕਰੋੜੀ ‘ਸਕੈਮ’ ਕਬਰ ‘ਚ ਦਫ਼ਨ

Multi-million,Scam, Uniforms ,Buried , Tomb,

ਸਿੱਖਿਆ ਵਿਭਾਗ ਵੱਲੋਂ ਈ ਟੈਂਡਰ ਰਾਹੀਂ 11 ਲੱਖ ਵਿਦਿਆਰਥੀਆਂ ਨੂੰ ਵਰਦੀ ਸਪਲਾਈ ਕਰਨ ਦਾ ਦਿੱਤਾ ਗਿਆ ਸੀ ਆਰਡਰ

ਅਸ਼ਵਨੀ ਚਾਵਲਾ/ਚੰਡੀਗੜ੍ਹ। ਪੰਜਾਬ ‘ਚ ਇਸੇ ਸਾਲ ਹੋਇਆ ਸਕੂਲੀ ਵਰਦੀਆਂ ਦਾ ਬਹੁ ਕਰੋੜੀ ‘ਸਕੈਮ’ ਸਿੱਖਿਆ ਵਿਭਾਗ ਨੇ ਕਬਰ ‘ਚ ਦਫ਼ਨ ਕਰ ਦਿੱਤਾ ਹੈ। ਇਸ ਬਹੁ-ਕਰੋੜੀ ‘ਸਕੈਮ’ ਦੀ ਅੱਜ ਤੱਕ ਨਾ ਤਾਂ ਜਾਂਚ ਮੁਕੰਮਲ ਹੋਈ ਹੈ ਅਤੇ ਨਾ ਹੀ ਦੋਸ਼ੀਆਂ ਖ਼ਿਲਾਫ਼ ਕੋਈ ਕਾਰਵਾਈ ਕੀਤੀ ਗਈ ਹੈ, ਜਿਸ ਤੋਂ ਬਾਅਦ ਸਿੱਖਿਆ ਵਿਭਾਗ ‘ਤੇ ਹੀ ਉਂਗਲੀ ਉੱਠਣੀ ਸ਼ੁਰੂ ਹੋ ਗਈ ਹੈ ਕਿ ਉਹ ਉਨ੍ਹਾਂ ਲੋਕਾਂ ਨੂੰ ਬਚਾਉਣ ਦੀ ਕੋਸ਼ਿਸ਼ ‘ਚ ਹਨ, ਜਿਨ੍ਹਾਂ ਦਾ ਲਿੰਕ ਸਰਕਾਰ ਦੇ ਹੀ ਇੱਕ ਮੰਤਰੀ ਨਾਲ ਨਿਕਲ ਕੇ ਸਾਹਮਣੇ ਆ ਗਿਆ ਸੀ।

ਇਸ ਬਹ-ੁਕਰੋੜੀ ‘ਸਕੈਮ’ ਨੂੰ ਹੱਲ ਕਰਨ ਦੀ ਥਾਂ ਸਿੱਖਿਆ ਵਿਭਾਗ ਦੇ ਮੰਤਰੀ ਵਿਜੈਇੰਦਰ ਸਿੰਗਲਾ ਨੇ ਇਸ ਮਾਮਲੇ ‘ਚ ਹੁਣ ਗੱਲ ਕਰਨ ਤੋਂ ਵੀ ਟਾਲ਼ਾ ਵੱਟਣਾ ਸ਼ੁਰੂ ਕਰ ਦਿੱਤੀ ਹੈ, ਜਿਸ ਤੋਂ ਸਿੱਖਿਆ ਵਿਭਾਗ ਦੀ ਇਸ ‘ਸਕੈਮ’ ਦਾ ਪਰਦਾਫ਼ਾਸ਼ ਦੀ ਮਨਸ਼ਾ ‘ਤੇ ਵੀ ਸੁਆਲ ਉੱਠਣੇ ਸ਼ੁਰੂ ਹੋ ਗਏ ਹਨ। ਜਾਣਕਾਰੀ ਅਨੁਸਾਰ ਪਿਛਲੇ ਸਾਲ ਸਿੱਖਿਆ ਵਿਭਾਗ ਵੱਲੋਂ ਲਗਭਗ 11 ਲੱਖ ਤੋਂ ਜ਼ਿਆਦਾ ਵਿਦਿਆਰਥੀਆਂ ਨੂੰ ਗਰਮੀਆਂ ਤੇ ਸਰਦੀਆਂ ਦੀ ਸਕੂਲੀ ਡਰੈੱਸ ਸਪਲਾਈ ਕਰਨ ਲਈ ਅਧਿਆਪਕਾਂ ਨੂੰ ਸਿੱਧੇ ਪੈਸੇ ਦੇਣ ਦੀ ਥਾਂ ਇੱਕ ਟੈਂਡਰ ਦੀ ਮੰਗ ਕੀਤੀ ਸੀ ਤਾਂ ਕਿ ਡਰੈੱਸ ਦੀ ਸਪਲਾਈ ਇੱਕੋ ਹੀ ਕੰਪਨੀ ਤੋਂ ਕਰਵਾਈ ਜਾਏ।

ਲਗਭਗ 65 ਕਰੋੜ ਰੁਪਏ ਦੇ ਇਸ ਟੈਂਡਰ ਨੂੰ ਹਾਸਲ ਕਰਨ ਤੋਂ ਬਾਅਦ ਇਸ ਸਪਲਾਈ ਕਰਨ ਵਾਲੀ ਕੰਪਨੀ ਨੇ ਡਰੈੱਸ ਸਕੂਲਾਂ ‘ਚ ਭੇਜ ਤਾਂ ਦਿੱਤੀ ਪਰ ਪਹਿਲੇ ਦਿਨ ਤੋਂ ਹੀ ਇਸ ਦੀ ਸ਼ਿਕਾਇਤ ਆਉਣੀ ਸ਼ੁਰੂ ਹੋ ਗਈ ਕਿ ਸਾਈਜ਼ ਕਾਫ਼ੀ ਜ਼ਿਆਦਾ ਛੋਟਾ ਹੈ ਤਾਂ ਕਿਸੇ ਥਾਂ ‘ਤੇ ਸਾਈਜ਼ ਕਾਫ਼ੀ ਵੱਡਾ ਸੀ ਅਤੇ ਕੁਆਲਿਟੀ ਅਨੁਸਾਰ ਵੀ ਕੱਪੜਾ ਕਾਫ਼ੀ ਜ਼ਿਆਦਾ ਖ਼ਰਾਬ ਸੀ, ਜਿਸ ਤੋਂ ਬਾਅਦ ਸਿੱਖਿਆ ਵਿਭਾਗ ਨੇ ਇਸ ਡਰੈੱਸ ਸਪਲਾਈ ਮਾਮਲੇ ‘ਚ ਜਾਂਚ ਦੇ ਆਦੇਸ਼ ਜਾਰੀ ਕਰਦੇ ਹੋਏ ਪਾਈਪ ਕੰਪਨੀ ਦੀ ਅਦਾਇਗੀ ‘ਤੇ ਰੋਕ ਲਾ ਦਿੱਤੀ ਸੀ।

ਫਿਰ ਵੀ ਇੱਕ ਮੰਤਰੀ ਦੇ ਦਖਲ ਨਾਲ ਡਰੈੱਸ ਸਪਲਾਈ ਕਰਨ ਵਾਲੇ ਨੂੰ ਲਗਾਤਾਰ ਅਦਾਇਗੀ ਹੁੰਦੀ ਰਹੀ। ਜਾਂਚ ਦੇ ਨਾਲ ਹੀ ਡਰੈੱਸ ਕੁਆਲਿਟੀ ਚੈਕ ਕਰਨ ਲਈ ਡਰੈੱਸ ਦੇ ਸੈਂਪਲ ਲੈਬਾਰਟਰੀ ‘ਚ ਵੀ ਭੇਜ ਦਿੱਤੇ ਗਏ ਸਨ ਇਸ ਮਾਮਲੇ ਵਿੱਚ ਅਪਰੈਲ ਦੇ ਆਖ਼ਰੀ ਹਫ਼ਤੇ ‘ਚ ਇਸ ਤਰ੍ਹਾਂ ਦੇ ਆਦੇਸ਼ ਜਾਰੀ ਹੋਏ ਸਨ ਪਰ 10 ਮਹੀਨੇ ਬੀਤਣ ਨੂੰ ਹੋ ਚੁੱਕੇ ਹਨ ਪਰ ਹੁਣ ਤੱਕ ਨਾ ਹੀ ਜਾਂਚ ਮੁਕੰਮਲ ਹੋਈ ਹੈ ਅਤੇ ਨਾਲ ਹੀ ਲੈਬਾਰਟਰੀ ਤੋਂ ਸੈਂਪਲ ਦੀ ਰਿਪੋਰਟ ਵਿਭਾਗ ਵੱਲੋਂ ਜਨਤਕ ਕੀਤੀ ਗਈ ਹੈ, ਜਿਸ ਤੋਂ ਸਾਫ਼ ਹੈ ਕਿ ਇਸ 65 ਕਰੋੜ ਰੁਪਏ ਦੇ ਬਹੁ-ਕਰੋੜੀ ‘ਸਕੈਮ’ ਨੂੰ ਸਿੱਖਿਆ ਵਿਭਾਗ ਕਬਰ ‘ਚ ਦਫ਼ਨ ਕਰਨ ‘ਚ ਲੱਗਿਆ ਹੋਇਆ ਹੈ। ਇਸ ਸਬੰਧੀ ਸਿੱਖਿਆ ਮੰਤਰੀ ਵਿਜੈਇੰਦਰ ਸਿੰਗਲਾ ਨਾਲ ਗੱਲਬਾਤ ਕਰਨ ਦੀ ਕਾਫ਼ੀ ਕੋਸ਼ਿਸ਼ ਕੀਤੀ ਗਈ ਪਰ ਉਨ੍ਹਾਂ ਵੱਲੋਂ ਫੋਨ ਨਹੀਂ ਚੁੱਕਿਆ ਗਿਆ।

ਪਾਈਪ ਬਣਾਉਣ ਵਾਲੀ ਫੈਕਟਰੀ ਨੂੰ ਮਿਲਿਆ ਸੀ ਵਰਦੀ ਬਣਾਉਣ ਦਾ ਠੇਕਾ

ਟੈਂਡਰ ਨੂੰ ਲੈਣ ਲਈ ਇੱਕ ਪਾਈਪ ਬਣਾਉਣ ਵਾਲੀ ਫੈਕਟਰੀ ਨੇ ਸਫ਼ਲਤਾ ਹਾਸਲ ਕਰਦੇ ਹੋਏ ਪਾਈਪ ਦਾ ਕੰਮ ਛੱਡ ਕੇ ਪਹਿਲੀ ਵਾਰ ਡਰੈੱਸ ਸਪਲਾਈ ਦਾ ਕੰਮ ਕੀਤਾ। ਦੱਸਿਆ ਜਾ ਰਿਹਾ ਹੈ ਕਿ ਇਸ ਪਾਈਪ ਫੈਕਟਰੀ ਦਾ ਮਾਲਕ ਇੱਕ ਮੰਤਰੀ ਦਾ ਖ਼ਾਸਮ ਖਾਸ ਹੈ ਤੇ ਸਿੱਖਿਆ ਵਿਭਾਗ ਨੇ ਇਸੇ ਕਰਕੇ ਹੀ ਉਸ ਨੂੰ ਟੈਂਡਰ ਵੀ ਦਿੱਤਾ ਸੀ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।