ਮੋਬਾਈਲ ਦਾ ਮੋਹ

Mobile, Charm, Children

ਸੰਨੀ ਨੇ ਇਸ ਵਾਰ ਆਪਣੇ ਜਨਮ ਦਿਨ ਮੌਕੇ ਆਪਣੇ ਵਿਦੇਸ਼ ਤੋਂ ਆਏ ਮਾਮਾ ਜੀ ਕੋਲੋਂ ਗਿਫ਼ਟ ਦੇ ਰੂਪ ਵਿਚ ਮੋਬਾਈਲ ਫੋਨ ਲੈ ਲਿਆ ਸੀ ਪਰ ਇਸ ਵਾਅਦੇ ਨਾਲ ਕਿ ਉਹ ਮੋਬਾਈਲ ਕਰਕੇ ਪੜ੍ਹਾਈ ਨੂੰ ਕਦੇ ਨਜ਼ਰਅੰਦਾਜ਼ ਨਹੀਂ ਕਰੇਗਾ। ਪਰ ਸੰਨੀ ਇਹ ਵਾਅਦਾ ਨਿਭਾ ਨਾ ਸਕਿਆ। ਹੌਲੀ-ਹੌਲੀ ਉਸ ਦੀ ਪੜ੍ਹਾਈ ਪ੍ਰਤੀ ਲਗਨ ਘਟਦੀ ਜਾ ਰਹੀ ਸੀ ਤੇ ਮੋਬਾਈਲ ਪ੍ਰੇਮ ਵਧਦਾ ਜਾ ਰਿਹਾ ਸੀ। ਉਹ ਕਿੰਨਾ-ਕਿੰਨਾ ਚਿਰ ਆਪਣੇ ਦੋਸਤਾਂ ਨਾਲ ਮੋਬਾਈਲ ‘ਤੇ ਗੱਪਾਂ ਮਾਰਦਾ ਰਹਿੰਦਾ। ਫਿਰ ਵੀਡੀਓ ਗੇਮਜ਼ ਤਾਂ ਖੇਡਣਾ ਜਿਵੇਂ ਉਸ ਦੀ ਕਮਜ਼ੋਰੀ ਬਣ ਗਈ ਸੀ। ਇੱਕ ਦਿਨ ਪਾਪਾ ਨੂੰ ਪਤਾ ਲੱਗਾ ਤਾਂ ਉਨ੍ਹਾਂ ਨੇ ਮੋਬਾਈਲ ਖੋਹ ਕੇ ਆਖਿਆ, ‘ਵੇਖਿਆ ਮੈਨੂੰ ਇਹੋ ਡਰ ਸੀ ਕਿ ਤੂੰ ਆਪਣਾ ਜ਼ਿਆਦਾ ਸਮਾਂ ਮੋਬਾਈਲ ‘ਤੇ ਗੱਲਾਂ ਕਰਨ ਤੇ ਗੇਮਾਂ ਖੇਡਣ ਵਿਚ ਗੁਜ਼ਾਰੇਂਗਾ।’ ਸੰਨੀ ਨੇ ਵਿਖਾਵੇ ਲਈ ਪਾਪਾ ਕੋਲੋਂ ਮਾਫ਼ੀ ਮੰਗਦਿਆਂ ਦੁਬਾਰਾ ਅਜਿਹੀ ਗਲਤੀ ਨਾ ਕਰਨ ਦਾ ਸੰਕਲਪ ਲਿਆ। ਇਸ ਤੇ ਪਾਪਾ ਨੇ ਕਿਹਾ, ‘ਤੂੰ ਤਾਂ ਪਹਿਲਾਂ ਵੀ ਮੇਰੇ ਨਾਲ ਵਾਅਦਾ ਕੀਤਾ ਸੀ…।’ ਫਿਰ ਉਨ੍ਹਾਂ ਨੇ ਸੰਨੀ ਨੂੰ ਮੋਬਾਈਲ ਸਿਰਫ਼ ਜ਼ਰੂਰੀ ਗੱਲ ਕਰਨ ਤੇ ਇੰਟਰਨੈੱਟ ‘ਤੇ ਕੋਈ ਜਾਣਕਾਰੀ ਲੈਣ ਲਈ ਹੀ ਇਸਤੇਮਾਲ ਕਰਨ ਦੇ ਵਾਅਦੇ ਨਾਲ ਆਖਰੀ ਮੌਕਾ ਕਹਿੰਦਿਆਂ ਵਾਪਸ ਦੇ ਦਿੱਤਾ। ਸੰਨੀ ਹੁਣ ਜਾਂ ਤਾਂ ਪਾਪਾ ਦੀ ਗੈਰ-ਹਾਜ਼ਰੀ ਵਿਚ ਹੀ ਮੋਬਾਈਲ ਕਰਦਾ ਜਾਂ ਕਿਸੇ ਕੰਮ ਦੇ ਬਹਾਨੇ ਬਾਹਰ ਜਾ ਕੇ। ਹੁਣ ਤਾਂ ਉਸ ਦਾ ਮੋਬਾਈਲ ਪ੍ਰਤੀ ਇੰਨਾ ਮੋਹ ਹੋ ਗਿਆ ਸੀ ਕਿ ਸਵੇਰੇ ਉੱਠਦਿਆਂ ਹੀ ਸਭ ਤੋਂ ਪਹਿਲਾਂ ਆਪਣਾ ਮੋਬਾਈਲ ਚੈੱਕ ਕਰਦਾ ਕਿ ਕਿਤੇ ਕਿਸੇ ਦੋਸਤ ਦਾ ਫੋਨ ਜਾਂ ਮੈਸੇਜ਼ ਤਾਂ ਨਹੀਂ ਆਇਆ ਫਿਰ ਹੀ ਦੂਜਾ ਕੰਮ ਕਰਦਾ। ਉਸ ਦੀ ਸਭ ਤੋਂ ਵੱਡੀ ਭੈੜੀ ਆਦਤ ਸੀ ਕਿ ਆਪਣੇ ਦੋਸਤਾਂ ਨਾਲ ਲੰਮਾ ਸਮਾਂ ਫ਼ਾਲਤੂ ਗੱਪਾਂ ਲੜਾਉਂਦਾ ਰਹਿੰਦਾ।

ਜੇ ਕਦੇ ਮੰਮੀ ਉਸ ਨੂੰ ਦੇਖ ਲੈਂਦੇ ਤਾਂ ਚਲਾਕੀ ਨਾਲ ਉਨ੍ਹਾਂ ਦੀਆਂ ਅੱਖਾਂ ਵਿਚ ਘੱਟਾ ਪਾਉਣ ਲਈ ਆਪ ਮੁਹਾਰਾ ਹੀ ਗੱਲਾਂ ਕਰਨ ਲੱਗ ਜਾਂਦਾ, ਯਾਰ ਗਣਿਤ ਦਾ ਸਵਾਲ ਤਾਂ ਸਮਝ ਆ ਗਿਆ ਪਰ ਵਿਗਿਆਨ ਬਾਰੇ ਵੀ ਥੋੜ੍ਹੀ ਜਾਣਕਾਰੀ ਲੈਣੀ ਸੀ… ਵਗੈਰਾ ਵਗੈਰਾ। ਦੂਜੇ ਪਾਸੇ ਤੋਂ ਗੱਪਾਂ ਲੜਾਉਂਦੇ ਉਸ ਦੇ ਦੋਸਤ ਸਮਝ ਜਾਂਦੇ ਕਿ ਜ਼ਰੂਰ ਉਸ ਦੇ ਮੰਮੀ-ਪਾਪਾ ਆ ਗਏ ਹੋਣਗੇ। ਇੱਕ ਦਿਨ ਸੰਨੀ ਦੇ ਪਾਪਾ ਦੇ ਕੁਝ ਦੋਸਤ ਉਨ੍ਹਾਂ ਦੇ ਘਰ ਆਏ ਹੋਏ ਸਨ। ਉਸ ਦੇ ਪਾਪਾ ਨੇ ਸੰਨੀ ਨੂੰ ਪੈਸੇ ਦੇ ਕੇ ਬਾਜਾਰ ‘ਚੋਂ ਵਧੀਆ ਮਠਿਆਈ ਲਿਆਉਣ ਲਈ ਕਿਹਾ। ਸੰਨੀ ਨੂੰ ਵਧੀਆ ਮੌਕਾ ਸੀ ਬਾਹਰ ਜਾ ਕੇ ਆਪਣੇ ਦੋਸਤ ਨਾਲ ਗੱਲਾਂ ਕਰਨ ਦਾ। ਫਿਰ ਉਸ ਨੇ ਉਸ ਕੋਲੋਂ ਇੱਕ ਨਵੀਂ ਗੇਮ ਡਾਊਨਲੋਡ ਕਰਨ ਦੀ ਵਿਧੀ ਵੀ ਪੁੱਛਣੀ ਸੀ। ਉਸ ਨੇ ਚੁੱਪਚਾਪ ਆਪਣਾ ਮੋਬਾਈਲ ਫੋਨ ਜੇਬ੍ਹ ਵਿਚ ਪਾਇਆ ਤੇ ਸਾਈਕਲ ਕੱਢਣ ਲੱਗਾ।  ‘ਤੂੰ ਆਪਣਾ ਮੋਬਾਈਲ ਤਾਂ ਨਾਲ ਨਹੀਂ ਲਿਆ ਨਾ…?’ ਜਾਣ ਤੋਂ ਪਹਿਲਾਂ ਉਸ ਦੇ ਪਾਪਾ ਨੇ ਉਸ ਨੂੰ ਪੁੱਛਿਆ। ਸੰਨੀ ਨੇ ਸਾਫ ਝੂਠ ਬੋਲ ਦਿੱਤਾ, ‘ਜੀ ਨਹੀਂ ਉਹ ਤਾਂ ਉੱਪਰ ਚੁਬਾਰੇ ਵਿਚ ਹੀ ਪਿਆ ਹੈ।’ ਫਿਰ ਉਹ ਤੇਜ਼ੀ ਨਾਲ ਚਲਾ ਗਿਆ। ਰਸਤੇ ਵਿਚ ਉਸ ਨੇ ਆਪਣੇ ਦੋਸਤ ਨੂੰ ਫੋਨ ਮਿਲਾਇਆ ਤਾਂ ਉਹ ਬਿਜ਼ੀ ਸੀ। ਉਸ ਨੇ ਸਮੇਂ ਦਾ ਵੀ ਧਿਆਨ ਰੱਖਿਆ ਤੇ ਹਲਵਾਈ ਤੋਂ ਮਠਿਆਈ ਲੈ ਕੇ ਵਾਪਸ ਆਉਣ ਲੱਗਾ। ਤਦੇ ਉਸ ਦੇ ਮੋਬਾਈਲ ਦੀ ਰਿੰਗਟੋਨ ਵੱਜੀ। ਉਸ ਨੇ ਦੇਖਿਆ ਫੋਨ ਉਸ ਦੇ ਦੋਸਤ ਦਾ ਹੀ ਸੀ। ਉਹ ਚਾਹੁੰਦਾ ਤਾਂ ਅਰਾਮ ਨਾਲ ਇੱਕ ਪਾਸੇ ਖੜ੍ਹ ਕੇ ਫੋਨ ਸੁਣ ਸਕਦਾ ਸੀ ਜਾਂ ਘਰ ਜਾ ਕੇ ਗੱਲ ਕਰ ਸਕਦਾ ਸੀ ਪਰ ਉਸ ਨੇ ਚਲਦੀ ਸਾਈਕਲ ‘ਤੇ ਹੀ ਗੱਲ ਕਰਨੀ ਸ਼ੁਰੂ ਕਰ ਦਿੱਤੀ। ਤਦੇ ਇੱਕ ਖੱਡੇ ਵਿਚ ਸਾਈਕਲ ਵੱਜਣ ਕਾਰਨ ਉਸ ਦਾ ਦੂਜਾ ਹੱਥ ਹੈਂਡਲ ਤੋਂ ਤਿਲਕ ਗਿਆ ਤੇ ਉਹ ਧੜੰਮ ਕਰਦਾ ਹੋਇਆ ਸੜਕ ‘ਤੇ ਡਿੱਗ ਪਿਆ। ਉਸ ਦਾ ਮੋਬਾਈਲ ਇੱਕ ਪਾਸੇ ਡਿੱਗ ਗਿਆ ਸੀ ਜਿਸ ਨੂੰ ਪਿੱਛੇ ਆਉਂਦੀ ਇੱਕ ਕਾਰ ਦਾ ਟਾਇਰ ਚਕਨਾਚੂਰ ਕਰ ਗਿਆ ਸੀ। ਸੰਨੀ ਦੇ ਕਾਫੀ ਸੱਟਾਂ ਲੱਗੀਆਂ ਜਿਸ ਕਾਰਨ ਉਹ ਬੇਹੋਸ਼ ਹੋ ਗਿਆ। ਇੱਕ ਵਿਅਕਤੀ ਉਸ ਦੇ ਪਾਪਾ ਨੂੰ ਚੰਗੀ ਤਰ੍ਹਾਂ ਜਾਣਦਾ ਸੀ ਤੇ ਉਸ ਨੇ ਫੋਨ ‘ਤੇ ਉਨ੍ਹਾਂ ਨੂੰ ਬੁਲਾ ਲਿਆ। ਕਾਫੀ ਚਿਰ ਬਾਅਦ ਸੰਨੀ ਦੀ ਅੱਖ ਖੁੱਲ੍ਹੀ ਤਾਂ ਉਹ ਹਸਪਤਾਲ ਵਿਚ ਸੀ ਤੇ ਉਸ ਦੇ ਮੰਮੀ-ਪਾਪਾ ਉਸ ਦੇ ਕੋਲ ਬੈਠੇ ਸਨ।

ਸੰਨੀ ਨੇ ਪਾਪਾ ਨੂੰ ਦੇਖ ਕੇ ਨਜ਼ਰਾਂ ਝੁਕਾ ਲਈਆਂ ਜਦੋਂ ਉਸ ਦੇ ਪਾਪਾ ਉਸ ਦੇ ਮੰਮੀ ਨੂੰ ਕਹਿ ਰਹੇ ਸਨ, ‘ਮੈਨੂੰ ਪਤਾ ਲੱਗਾ ਕਿ ਇਹ ਸਾਈਕਲ ‘ਤੇ ਮੋਬਾਈਲ ‘ਤੇ ਗੱਲਾਂ ਕਰਨ ਵਿਚ ਮਸਤ ਸੀ। ਜਦਕਿ ਘਰੋਂ ਤੁਰਨ ਤੋਂ ਪਹਿਲਾਂ ਮੈਂ ਇਸ ਨੂੰ ਪੁੱਛਿਆ ਵੀ ਤਾਂ ਇਹ ਸਾਫ ਝੂਠ ਬੋਲ ਗਿਆ।’ ਸੰਨੀ ਨੂੰ ਇਹ ਵੀ ਪਤਾ ਲੱਗ ਗਿਆ ਸੀ ਕਿ ਉਸ ਦਾ ਪਿਆਰਾ ਮੋਬਾਈਲ ਟੁੱਟ ਚੁੱਕਾ ਹੈ। ਉਸ ਦੇ ਪਾਪਾ ਨੇ ਉਸ ਦੇ ਸਿਰ ਨੂੰ ਪਿਆਰ ਨਾਲ ਪਲੋਸਦੇ ਹੋਏ ਕਿਹਾ, ‘ਘਬਰਾਉਣ ਦੀ ਲੋੜ ਨਹੀਂ। ਪਰ ਵੱਡੇ ਜਿਸ ਚੀਜ਼ ਤੋਂ ਮਨ੍ਹਾ ਕਰਨ ਉਹ  ਮੰਨ ਲੈਣੀ ਚਾਹੀਦੀ ਹੈ। ਇਸੇ ਵਿਚ ਭਲਾਈ ਹੈ। ਜੇ ਅਸੀਂ ਕਿਸੇ ਚੀਜ਼ ਦਾ ਇਸਤੇਮਾਲ ਆਪਣੀ ਜਾਨ ਨੂੰ ਖ਼ਤਰੇ ਵਿਚ ਪਾ ਕੇ ਕਰੀਏ ਤਾਂ ਅੰਜਾਮ ਮਾੜਾ ਹੀ ਹੁੰਦਾ ਹੈ।’ ਸੰਨੀ ਨੂੰ ਵੀ ਇਸ ਗੱਲ ਦਾ ਅਹਿਸਾਸ ਹੋ ਗਿਆ ਸੀ ਕਿ ਲੋੜ ਤੋਂ ਵੱਧ ਕਿਸੇ ਚੀਜ਼ ਦਾ ਇਸਤੇਮਾਲ ਨੁਕਸਾਨ ਹੀ ਕਰਦਾ ਹੈ। ਫਿਰ ਉਸ ਨੂੰ ਇਹ ਵੀ ਅਹਿਸਾਸ ਹੋਇਆ ਕਿ ਉਹ ਪੜ੍ਹਾਈ ਵਿਚ ਵੀ ਕਾਫੀ ਪਛੜ ਗਿਆ ਸੀ। ਉਸ ਨੇ ਹੁਣ ਪਾਪਾ ਨਾਲ ਕੋਈ ਵਾਅਦਾ ਨਾ ਕੀਤਾ ਸਗੋਂ ਮਨ ਹੀ ਮਨ ਸੰਕਲਪ ਕੀਤਾ ਕਿ ਮੋਬਾਈਲ ਦਾ ਮੋਹ ਛੱਡ ਕੇ ਪੜ੍ਹਾਈ ਵੱਲ ਧਿਆਨ ਦੇਵੇਗਾ।

ਹਰਿੰਦਰ ਸਿੰਘ ਗੋਗਨਾ,
ਪੰਜਾਬੀ ਯੂਨੀਵਰਸਿਟੀ, ਪਟਿਆਲਾ
ਮੋ. 98723-25960

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।