ਨਕਲੀ ਮੀਟਰ ਲਵਾ ਕੇ ਕਰਦਾ ਸੀ ਬਿਜਲੀ ਚੋਰੀ 

Electricity, Fake, Meters,  Arrested,  Women

ਮਹਿਲਾ ਸਮੇਤ ਤਿੰਨ ਗ੍ਰਿਫ਼ਤਾਰ

ਖੁਸ਼ਵੀਰ ਸਿੰਘ ਤੂਰ/ਪਟਿਆਲਾ

ਪੰਜਾਬ ਰਾਜ ਬਿਜਲੀ ਨਿਗਮ ਦੇ ਬਿਜਲੀ ਚੋਰੀ ਵਿਰੋਧੀ ਥਾਣੇ ਦੀ ਪੁਲਿਸ ਨੇ ਬਿਜਲੀ ਚੋਰਾਂ ‘ਤੇ ਨਕੇਲ ਕਸਦਿਆਂ ਬਿਜਲੀ ਚੋਰੀ ਕਰਵਾਉਣ ਦੇ ਮਾਮਲੇ ‘ਚ ਇੱਕ ਮਹਿਲਾ ਸਮੇਤ ਤਿੰਨ ਜਣਿਆਂ ਨੂੰ ਗ੍ਰਿਫਤਾਰ ਕੀਤਾ ਹੈ ਗ੍ਰਿਫ਼ਤਾਰ ਕੀਤੇ ਗਏ ਤਿੰਨ ਜਣਿਆਂ ‘ਚ ਅਸਲੀ ਬਿਜਲੀ ਮੀਟਰ ਦੀ ਥਾਂ ਨਕਲੀ ਬਿਜਲੀ ਮੀਟਰ ਲਗਾ ਕੇ ਬਿਜਲੀ ਚੋਰੀ ਕਰਨ ‘ਚ ਮਦਦ ਕਰਕੇ ਬਿਜਲੀ ਨਿਗਮ ਨੂੰ ਲੱਖਾਂ ਰੁਪਏ ਦਾ ਚੂਨਾ ਲਾਉਣ ਵਾਲਾ ਹਰਬੰਸ ਸਿੰਘ ਪੁੱਤਰ ਸੀਤਾ ਸਿੰਘ ਵਾਸੀ ਆਨੰਦ ਨਗਰ-ਬੀ ਪਟਿਆਲਾ, ਅਮਰਜੀਤ ਕੌਰ ਵਾਸੀ ਸਿੱਧੂ ਕਲੋਨੀ ਅਤੇ ਰਜਨੀਸ਼ ਸਕਸੈਨਾ ਪੁੱਤਰ ਫਕੀਰ ਚੰਦ ਸਕਸੈਨਾ ਵਾਸੀ ਬਿੰਦਰਾ ਕਲੋਨੀ ਸ਼ਾਮਲ ਹਨ।

ਪੀ. ਐਸ.ਪੀ. ਸੀ.ਐਲ ਪਟਿਆਲਾ ਦੇ ਐਸ.ਐਸ.ਪੀ. (ਚੌਕਸੀ ਤੇ ਸੁਰੱਖਿਆ) ਦਵਿੰਦਰ ਸਿੰਘ ਬਰਾੜ ਨੇ ਦੱਸਿਆ ਕਿ ਡੀ.ਐਸ.ਪੀ. ਵੀ.ਅਤੇ ਐਸ. ਪਰਮਿੰਦਰ ਸਿੰਘ ਬਾਠ ਦੀ ਅਗਵਾਈ ਹੇਠ ਥਾਣਾ ਐਂਟੀ ਪਾਵਰ ਥੈਫਟ ਪਟਿਆਲਾ ਪੀ.ਐਸ.ਪੀ.ਸੀ.ਐਲ ਦੇ ਮੁੱਖ ਅਫਸਰ  ਇੰਸਪੈਕਟਰ ਰਣਧੀਰ ਸਿੰਘ ਸੋਢੀ ਦੀ ਟੀਮ ਨੇ ਵੱਖ-ਵੱਖ ਮਾਮਲਿਆਂ ‘ਚ ਤਿੰਨ ਜਣਿਆਂ ਨੂੰ ਗ੍ਰਿਫ਼ਤਾਰ ਕਰਕੇ ਜੇਲ ਭੇਜਿਆ ਹੈ। ਉਨ੍ਹਾਂ ਦੱਸਿਆ ਕਿ ਕਾਬੂ ਕੀਤੇ ਗਏ ਮੀਟਰ ਨਾਲ ਛੇੜਛਾੜ ਕਰਕੇ ਇਸਨੂੰ ਤਬਦੀਲ ਕਰਨ ਵਾਲੇ ਹਰਬੰਸ ਸਿੰਘ ਕੋਲੋਂ ਮੀਟਰ ਨੂੰ ਬਦਲਣ ਵਾਲਾ ਸਾਜੋ ਸਮਾਨ ਵੀ ਬਰਾਮਦ ਹੋਇਆ ਹੈ।

ਅਸਲੀ ਬਿਜਲੀ ਮੀਟਰ ਦੀ ਥਾਂ ਛੇੜਛਾੜ ਕੀਤਾ ਨਕਲੀ ਮੀਟਰ ਲਗਾ ਕੇ ਬਿਜਲੀ ਚੋਰੀ ਕਰਵਾਉਂਦਾ ਸੀ

ਐਸ.ਐਸ.ਪੀ. ਬਰਾੜ ਨੇ ਦੱਸਿਆ ਕਿ ਗ੍ਰਿਫ਼ਤਾਰ ਅਮਰਜੀਤ ਕੌਰ ਵਾਸੀ ਸਿੱਧੂ ਕਲੋਨੀ ਨੂੰ ਅਦਾਲਤ ਨੇ ਜੇਲ੍ਹ ਭੇਜ ਦਿੱਤਾ ਹੈ। ਇਸੇ ਤਰ੍ਹਾਂ ਰਜਨੀਸ਼ ਸਕਸੈਨਾ ਪੁੱਤਰ ਫਕੀਰ ਚੰਦ ਸਕਸੈਨਾ ਵਾਸੀ ਬਿੰਦਰਾ ਕਲੋਨੀ ਪਟਿਆਲਾ, ਜਿਸ ਨੂੰ ਕਿ ਬਿਜਲੀ ਚੋਰੀ ਸਬੰਧੀ ਜੁਰਮਾਨਾ 39,472 ਰੁਪਏ ਅਤੇ ਕੰਪਾਊਡਿੰਗ ਫੀਸ 9000 ਰੁਪਏ ਪਾਈ ਗਈ ਸੀ, ਨੂੰ ਵੀ ਗ੍ਰਿਫ਼ਤਾਰ ਕਰਕੇ ਜੇਲ ਭੇਜ ਦਿੱਤਾ ਗਿਆ ਹੈ।

ਉਨ੍ਹਾਂ ਦੱਸਿਆ ਕਿ ਉਸਦੀ ਪਤਨੀ ਵਿਜੈ ਲਕਸਮੀ ਜੁਰਮਾਨਾ 86,900 ਰੁਪਏ ਅਤੇ ਕੰਪਾਊਡਿੰਗ ਫੀਸ 18000 ਪੀ.ਐਸ.ਪੀ.ਸੀ.ਐਲ ਵੱਲੋਂ ਪਾਈ ਗਈ ਸੀ। ਉਸ ਵਿਰੁੱਧ ਮੀਟਰ ਬਦਲੀ ਕਰਕੇ ਹੋਰ ਜਾਅਲੀ/ਪ੍ਰਾਈਵੇਟ ਮੀਟਰ ਲਗਾ ਕੇ ਬਿਜਲੀ ਚੋਰੀ ਕਰਨ ਦਾ ਵੀ ਕੇਸ ਦਰਜ ਹੋਇਆ ਹੈ। ਉਨ੍ਹਾਂ ਦੱਸਿਆ ਕਿ ਉਸਨੇ ਖੁਲਾਸਾ ਕੀਤਾ ਕਿ ਉਸਨੇ ਇਹ ਮੀਟਰ ਹਰਬੰਸ ਸਿੰਘ ਪੁੱਤਰ ਸੀਤਾ ਸਿੰਘ ਵਾਸੀ ਗਲੀ ਨੰਬਰ 16 ਆਨੰਦ ਨਗਰ ਬੀ ਤੋਂ ਬਦਲਵਾਇਆ ਸੀ, ਜੋਕਿ ਮੀਟਰ ਬਦਲੀ ਕਰਨ, ਇਨ੍ਹਾਂ ਨਾਲ ਛੇੜਛਾੜ ਕਰਨ ਦਾ ਕੰਮ ਕਰਦਾ ਸੀ। ਮੁਕੱਦਮਾ ਨੰਬਰ  545 ਦੀ ਤਫਤੀਸ਼ ਦੌਰਾਨ ਹਰਬੰਸ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਗਿਆ, ਜੋਕਿ ਛੇੜਛਾੜ ਹੋਏ ਬਿਜਲੀ ਮੀਟਰਾਂ ਰਾਹੀਂ ਪੰਜਾਬ ਰਾਜ ਪਾਵਰ ਕਾਰਪੋਰੇਸਨ ਨੂੰ ਵਿੱਤੀ ਨੁਕਸਾਨ ਪੁਹੰਚਾ ਰਿਹਾ ਸੀ। ਇਸ ਕੋਲੋਂ ਹੋਰ ਪੁੱਛ ਪੜਤਾਲ ਜਾਰੀ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।