ਨਿਯਮਾਂ ਨੂੰ ਤੋੜ ਰਹੇ ਹਨ ਵਿਧਾਇਕ, 18 ਵਿਧਾਇਕਾਂ ਨਹੀਂ ਕੀਤੀ ਪ੍ਰਾਪਰਟੀ ਰਿਟਰਨ ਦਾਖ਼ਲ

ਪ੍ਰਾਪਰਟੀ ਰਿਟਰਨ ਦਾਖ਼ਲ ਨਾ ਕਰਨ ਵਾਲਿਆਂ ’ਚ ਵਿਰੋਧੀ ਧਿਰ ਆਗੂ ਪ੍ਰਤਾਪ ਬਾਜਵਾ ਵੀ ਸ਼ਾਮਲ

ਚੰਡੀਗੜ੍ਹ (ਅਸ਼ਵਨੀ ਚਾਵਲਾ)। ਪੰਜਾਬ ਦੇ ਲਈ ਨਿਯਮ ਬਣਾਉਣ ਵਾਲੇ ਵਿਧਾਇਕ (MLA) ਹੀ ਖ਼ੁਦ ਨਿਯਮਾਂ ਨੂੰ ਤੋੜਨ ਵਿੱਚ ਲੱਗੇ ਹੋਏ ਹਨ। ਪੰਜਾਬ ਵਿਧਾਨ ਸਭਾ ਵਿੱਚ ਹਰ ਸਾਲ ਹਰੇਕ ਵਿਧਾਇਕ ਨੂੰ ਆਪਣੀ ਜਾਇਦਾਦ ਦੀ ਰਿਟਰਨ ਦਾਖ਼ਲ ਕਰਨੀ ਹੁੰਦੀ ਹੈ ਪਰ 18 ਵਿਧਾਇਕਾਂ ਨੇ ਆਪਣੀ ਜਾਇਦਾਦ ਦਾ ਵੇਰਵਾ ਹੀ ਤੈਅ ਸਮੇਂ ਅਨੁਸਾਰ ਪੰਜਾਬ ਵਿਧਾਨ ਸਭਾ ਕੋਲ ਜਮ੍ਹਾ ਨਹੀਂ ਕਰਵਾਇਆ ਹੈ।

ਇਨ੍ਹਾਂ 18 ਦੀ ਸੂਚੀ ਵਿੱਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਬਾਜਵਾ ਵੀ ਸ਼ਾਮਲ ਹਨ। ਜਿਨ੍ਹਾਂ ਨੇ 31 ਜਨਵਰੀ ਤੱਕ ਵਿਧਾਨ ਸਭਾ ਵਿੱਚ ਆਪਣੀ ਜਾਇਦਾਦ ਦੀ ਰਿਟਰਨ ਦਾਖ਼ਲ ਨਹੀਂ ਕੀਤੀ ਹੈ। ਕਾਂਗਰਸ ਦੇ 18 ਵਿਧਾਇਕਾਂ ਵਿੱਚੋਂ 13 ਵਿਧਾਇਕ, ਅਕਾਲੀ ਦਲ ਦੇ 3 ਵਿਧਾਇਕਾਂ ਵਿੱਚੋਂ 1 ਵਿਧਾਇਕ (MLA) ਅਤੇ ਆਮ ਆਦਮੀ ਪਾਰਟੀ ਦੇ 92 ਵਿਧਾਇਕਾਂ ਵਿੱਚੋਂ 81 ਵਿਧਾਇਕਾਂ ਨੇ ਆਪਣੀ ਪ੍ਰਾਪਰਟੀ ਰਿਟਰਨ ਦਾਖ਼ਲ ਕੀਤੀ ਹੈ। ਅਕਾਲੀ ਦਲ ਦੇ ਮਨਪ੍ਰੀਤ ਸਿੰਘ ਇਆਲ਼ੀ ਅਤੇ ਗੁਨੀਵ ਕੌਰ ਮਜੀਠੀਆ ਵੀ ਜਾਇਦਾਦ ਰਿਟਰਨ ਨਾ ਦਾਖ਼ਲ ਕਰਨ ਵਾਲਿਆਂ ਦੀ ਸ਼ਾਮਲ ਹਨ।

ਜਾਇਦਾਦ ਦੀ ਰਿਟਰਨ ਪੰਜਾਬ ਵਿਧਾਨ ਸਭਾ ਵਿੱਚ ਦਾਖ਼ਲ ਕਰਨੀ ਹੋਵੇਗੀ

ਜਾਣਕਾਰੀ ਅਨੁਸਾਰ ਪਿਛਲੀ ਕਾਂਗਰਸ ਸਰਕਾਰ ਵੱਲੋਂ ਆਪਣੇ ਪਹਿਲੇ ਹੀ ਸਾਲ ਨਿਯਮਾਂ ਵਿੱਚ ਸੋਧ ਕਰਦੇ ਹੋਏ ਹਰ ਵਿਧਾਇਕ ਲਈ ਨਿਯਮ ਬਣਾਇਆ ਸੀ ਕਿ ਉਹ ਹਰ ਸਾਲ ਦੇ ਪਹਿਲੇ ਮਹੀਨੇ 31 ਜਨਵਰੀ ਤੱਕ ਆਪਣੀ ਜਾਇਦਾਦ ਦੀ ਰਿਟਰਨ ਪੰਜਾਬ ਵਿਧਾਨ ਸਭਾ ਵਿੱਚ ਦਾਖ਼ਲ ਕਰੇਗਾ ਤਾਂ ਕਿ ਪੰਜਾਬ ਵਿਧਾਨ ਸਭਾ ਸਣੇ ਆਮ ਜਨਤਾ ਨੂੰ ਪਤਾ ਚੱਲ ਸਕੇ ਕਿ ਉਨ੍ਹਾਂ ਵੱਲੋਂ ਚੁਣੇ ਹੋਏ ਨੁਮਾਇੰਦੇ ਦੀ ਜਾਇਦਾਦ ਵਿੱਚ ਵਾਧਾ ਹੋਇਆ ਹੈ ਜਾਂ ਫਿਰ ਕਮੀ ਆਈ ਹੈ। ਕਾਂਗਰਸ ਸਰਕਾਰ ਸਮੇਂ ਇਨ੍ਹਾਂ ਨਿਯਮਾਂ ਦੇ ਬਣਨ ਤੋਂ ਬਾਅਦ ਹਰ ਸਾਲ ਵਿਧਾਇਕਾਂ ਵੱਲੋਂ ਆਪਣੀ ਜਾਇਦਾਦ ਦੀ ਜਾਣਕਾਰੀ ਪੰਜਾਬ ਵਿਧਾਨ ਸਭਾ ਕੋਲ ਜਮ੍ਹਾਂ ਕਰਵਾਈ ਜਾ ਰਹੀ ਹੈ।

ਇਸ ਵਾਰ ਸੱਤਾ ਵਿੱਚ ਆਮ ਆਦਮੀ ਪਾਰਟੀ ਦੇ ਆਉਣ ਤੋਂ ਬਾਅਦ ਵੀ ਪਿਛਲੇ ਨਿਯਮਾਂ ਵਿੱਚ ਕੋਈ ਵੀ ਫੇਰ ਬਦਲ ਨਹੀਂ ਕੀਤਾ ਗਿਆ ਹੈ ਅਤੇ ਪਿਛਲੇ ਨਿਯਮਾਂ ਦੇ ਤਹਿਤ ਇਸ ਸਾਲ ਵੀ ਹਰ ਵਿਧਾਇਕ ਨੂੰ ਆਪਣੀ ਜਾਇਦਾਦ ਦੀ ਜਾਣਕਾਰੀ ਦੇਣੀ ਪੈਣੀ ਸੀ। ਪੰਜਾਬ ਵਿਧਾਨ ਸਭਾ ਵੱਲੋਂ ਵਿਧਾਇਕਾਂ ਨੂੰ ਸਮੇਂ ਰਹਿੰਦੇ ਹੋਏ ਜਾਣਕਾਰੀ ਵੀ ਦਿੱਤੀ ਜਾਂਦੀ ਹੈ ਕਿ ਇਨ੍ਹਾਂ ਦੀ ਨਿਯਮਾਂ ਦੀ ਪਾਲਣਾ ਤੈਅ ਸਮੇਂ ਵਿੱਚ ਹੀ ਕੀਤੀ ਜਾਵੇ ਤਾਂ ਕਿ ਭਵਿੱਖ ਵਿੱਚ ਉਨ੍ਹਾਂ ਨੂੰ ਕੋਈ ਪਰੇਸ਼ਾਨੀ ਨਾ ਆਵੇ।

ਇਸ ਦੇ ਬਾਵਜੂਦ 117 ਵਿਧਾਇਕਾਂ ਵਿੱਚੋਂ 99 ਵਿਧਾਇਕਾਂ ਵੱਲੋਂ ਹੀ ਆਪਣੀ ਜਾਇਦਾਦ ਦੀ ਜਾਣਕਾਰੀ ਪੰਜਾਬ ਵਿਧਾਨ ਸਭਾ ਨੂੰ ਦਿੱਤੀ ਗਈ ਹੈ, ਇਨ੍ਹਾਂ ਵਿੱਚ ਕੈਬਨਿਟ ਮੰਤਰੀ ਅਤੇ ਮੁੱਖ ਮੰਤਰੀ ਭਗਵੰਤ ਮਾਨ ਵੀ ਸ਼ਾਮਲ ਹਨ। ਜਾਇਦਾਦ ਦੀ ਜਾਣਕਾਰੀ ਨਾ ਦੇਣ ਵਾਲਿਆਂ ਵਿੱਚ ਪ੍ਰਤਾਪ ਬਾਜਵਾ ਸਣੇ ਉਨ੍ਹਾਂ ਦੀ ਪਾਰਟੀ ਦੇ 5 ਵਿਧਾਇਕ ਸ਼ਾਮਲ ਹਨ, ਜਦੋਂ ਕਿ ਅਕਾਲੀ ਦਲ ਦੇ 3 ਵਿਧਾਇਕਾਂ ਵਿੱਚੋਂ 2 ਵਿਧਾਇਕਾਂ ਨੇ ਜਾਇਦਾਦ ਦੀ ਜਾਣਕਾਰੀ ਨਾ ਦਿੱਤੀ ਹੈ। ਬਹੁਜਨ ਸਮਾਜ ਪਾਰਟੀ ਦੇ 1 ਅਤੇ ਭਾਜਪਾ ਦੇ 2 ਵਿਧਾਇਕਾਂ ਵੱਲੋਂ ਆਪਣੀ ਆਪਣੀ ਜਾਇਦਾਦ ਦੀ ਜਾਣਕਾਰੀ ਵਿਧਾਨ ਸਭਾ ਨੂੰ ਭੇਜੀ ਹੈ। ਵਿਧਾਨ ਸਭਾ ਵਿੱਚ ਇੱਕੋ ਇੱਕ ਆਜ਼ਾਦ ਉਮੀਦਵਾਰ ਰਾਣਾ ਇੰਦਰ ਪ੍ਰਤਾਪ ਸਿੰਘ ਵੱਲੋਂ ਵੀ ਆਪਣੀ ਜਾਇਦਾਦ ਦੀ ਜਾਣਕਾਰੀ ਦਿੱਤੀ ਗਈ ਹੈ।

ਇੱਕ ਕੈਬਨਿਟ ਮੰਤਰੀ ਅਤੇ ਕਾਂਗਰਸ ਦੇ 4 ਸਾਬਕਾ ਮੰਤਰੀਆਂ ਨੇ ਵੀ ਨਹੀਂ ਦਿੱਤੀ ਜਾਣਕਾਰੀ

ਆਮ ਆਦਮੀ ਪਾਰਟੀ ਦੇ ਕੈਬਨਿਟ ਮੰਤਰੀ ਡਾ. ਬਲਵੀਰ ਸਿੰਘ ਅਤੇ ਕਾਂਗਰਸ ਪਾਰਟੀ ਦੇ 4 ਸਾਬਕਾ ਮੰਤਰੀਆਂ ਵੱਲੋਂ ਵੀ ਆਪਣੀ ਜਾਇਦਾਦ ਦੀ ਜਾਣਕਾਰੀ ਵਿਧਾਨ ਸਭਾ ਨੂੰ ਨਹੀਂ ਭੇਜੀ ਹੈ। ਜਦੋਂ ਕਿ ਕਾਂਗਰਸ ਜਦੋਂ ਸੱਤਾ ਵਿੱਚ ਸੀ ਤਾਂ ਨਿਯਮਾਂ ਨੂੰ ਬਣਾਉਣ ਲਈ ਕੈਬਨਿਟ ਤੋਂ ਲੈ ਕੇ ਵਿਧਾਨ ਸਭਾ ਵਿੱਚ ਪਾਸ ਕਰਵਾਉਣ ਤੱਕ ਕੈਬਨਿਟ ਮੰਤਰੀਆਂ ਦਾ ਅਹਿਮ ਰੋਲ ਰਹਿੰਦਾ ਹੈ। ਕਾਂਗਰਸ ਪਾਰਟੀ ਦੇ ਇਨ੍ਹਾਂ 4 ਸਾਬਕਾ ਵਿਧਾਇਕਾਂ ਵਿੱਚ ਪਰਗਟ ਸਿੰਘ, ਤਿ੍ਰਪਤ ਰਾਜਿੰਦਰ ਬਾਜਵਾ, ਸੁਖਬਿੰਦਰ ਸਿੰਘ ਸੁਖਸਰਕਾਰੀਆ ਅਤੇ ਅਰੁਣਾ ਚੌਧਰੀ ਸ਼ਾਮਲ ਹਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, InstagramLinkedin , YouTube‘ਤੇ ਫਾਲੋ ਕਰੋ