ਵਿਧਾਇਕ ਸਿੱਧੂ ਵੱਲੋਂ ਪਟਵਾਰਖਾਨਿਆਂ ਦੀ ਅਚਨਚੇਤੀ ਚੈਕਿੰਗ,1 ਪਟਵਾਰੀ ਪਾਇਆ ਗਿਆ ਗੈਰ ਹਾਜ਼ਰ

MLA Kulwant Sidhu

ਗੈਰ ਹਾਜ਼ਰ ਪਟਵਾਰੀ ਖਿਲਾਫ਼ ਡੀਸੀ ਨੂੰ ਬਣਦੀ ਕਾਰਵਾਈ ਕਰਨ ਲਈ ਕਿਹਾ | MLA Kulwant Singh Sidhu

ਲੁਧਿਆਣਾ, (ਜਸਵੀਰ ਸਿੰਘ ਗਹਿਲ) । ਵਿਧਾਇਕ ਕੁਲਵੰਤ ਸਿੰਘ ਸਿੱਧੂ ਨੇ ਅੱਜ ਅਚਾਨਕ ਹੀ ਜ਼ਿਲੇ ਦੇ ਦੋ ਪਟਵਾਰਖਾਨਿਆਂ ਦਾ ਦੌਰਾ ਕਰਕੇ ਜਿੱਥੇ ਗੈਰ ਹਾਜ਼ਰ ਇੱਕ ਪਟਵਾਰੀ ਦੀ ਫੋਨ ’ਤੇ ਹੀ ਕਲਾਸ ਲਗਾਈ। ਉੱਥੇ ਹੀ ਮੌਜੂਦ ਕਰਮਚਾਰੀਆਂ ਨੂੰ ਪਟਵਾਰਖਾਨੇ ਅੰਦਰ ਸਾਫ਼ ਸਫ਼ਾਈ ਰੱਖਣ ਦੀਆਂ ਹਦਾਇਤਾਂ ਵੀ ਦਿੱਤੀਆਂ। ਪੰਜਾਬ ਸਰਕਾਰ ਦੁਆਰਾ ਸਰਕਾਰੀ ਦਫ਼ਤਰਾਂ ਦੀ ਸਮਾਂ ਬਦਲੇ ਜਾਣ ਤੋਂ ਬਾਅਦ ਅੱਜ ਅਚਾਨਕ ਹੀ ਮਹਾਂਨਗਰ ਲੁਧਿਆਣਾ ਦੇ ਆਤਮਾ ਨਗਰ ਤੋਂ ਵਿਧਾਇਕ ਕੁਲਵੰਤ ਸਿੰਘ ਸਿੱਧੂ ਨੇ ਗਿੱਲ-1 ਅਤੇ ਗਿੱਲ 2 ਵਿਖੇ ਸਥਿੱਤ ਪਟਵਾਰਖਾਨਿਆਂ ਦੀ ਅਚਨਚੇਤੀ ਚੈਕਿੰਗ ਕੀਤੀ। ਇਸ ਦੌਰਾਨ ਇੱਕ ਪਟਵਾਰੀ ਡਿਊਟੀ ਤੋਂ ਗੈਰ ਹਾਜ਼ਰ ਪਾਇਆ ਗਿਆ। ਜਿਸ ਨਾਲ ਵਿਧਾਇਕ ਸਿੱਧੂ ਨੇ ਫੋਨ ’ਤੇ ਗੱਲ ਕੀਤੀ ਤਾਂ ਉਸਨੇ ਵਾਧੂ ਚਾਰਜ ਹੋਣ ਕਰਕੇ ਦੂਜੀ ਜਗਾ ਡਿਊਟੀ ’ਤੇ ਹੋਣ ਦੀ ਗੱਲ ਆਖੀ। ਜਦ ਵਿਧਾਇਕ ਸਿੱਧੂ ਨੇ ਲਾਇਵ ਲੁਕੇਸ਼ਨ ਮੰਗੀ ਤਾਂ ਪਟਵਾਰੀ ਨੇ ਕੁੱਝ ਮਿੰਟਾਂ ਬਾਅਦ ਹੀ ਆਪਣੀ ਗਲਤੀ ਮੰਨਦਿਆਂ ਦੱਸਿਆ ਕਿ ਉਸਦੀ ਸਿਹਤ ਠੀਕ ਨਹੀਂ, ਜਿਸ ਕਰਕੇ ਉਹ ਆਪਣੇ ਪਿੰਡ ਗਿਆ ਹੋਇਆ ਹੈ।

ਪਟਵਾਰੀ ਦੁਆਰਾ ਵਰਤੀ ਗਈ ਲਾਹਪ੍ਰਵਾਹੀ ਸਬੰਧੀ ਵਿਧਾਇਕ ਸਿੱਧੂ ਨੇ ਤੁਰੰਤ ਡੀਸੀ ਸੁਰਭੀ ਮਲਿਕ ਨਾਲ ਗੱਲ ਕੀਤੀ ਅਤੇ ਬਣਦੀ ਕਾਰਵਾਈ ਕਰਨ ਲਈ ਕਿਹਾ। ਇਸ ਦੌਰਾਨ ਵਿਧਾਇਕ ਸਿੱਧੂ ਨੇ ਆਪਣਾ ਕੰਮ ਕਰਵਾਉਣ ਆਏ ਇੱਕ ਵਿਅਕਤੀ ਨਾਲ ਵੀ ਗੱਲ ਕੀਤੀ, ਜਿਸ ਨੇ ਦੱਸਿਆ ਕਿ ਉਹ ਨਾਮ ਬਦਲੀ ਲਈ ਪਿਛਲੇ ਦੋ ਮਹੀਨਿਆਂ ਤੋਂ ਚੱਕਰ ਕੱਟ ਰਿਹਾ ਹੈ।

ਇਸ ’ਤੇ ਵਿਧਾਇਕ ਸਿੱਧੂ ਨੇ ਮੌਜੂਦ ਮੁਲਾਜ਼ਮਾਂ ਨੂੰ ਹਦਾਇਤ ਕੀਤੀ ਕਿ ਉਹ ਸਬੰਧਿਤ ਵਿਅਕਤੀ ਦਾ ਕੰਮ ਕਰਕੇ ਉਨਾਂ ਨੂੰ ਸੂਚਿਤ ਕਰਨ। ਇਸ ਤੋਂ ਪਹਿਲਾਂ ਵਿਧਾਇਕ ਕੁਲਵੰਤ ਸਿੰਘ ਸਿੱਧੂ ਨੇ ਦੂਜੇ ਪਟਵਾਰਖਾਨੇ ਦਾ ਵੀ ਦੌਰਾ ਕੀਤਾ ਜਿੱਥੇ ਤਹਿਸ਼ੀਲਦਾਰ ਸਮੇਤ ਸਮੁੱਚਾ ਸਟਾਫ਼ ਹਾਜ਼ਰ ਪਾਇਆ ਗਿਆ। ਇਸ ਦੌਰਾਨ ਉਨਾਂ ਪਟਵਾਰਖਾਨਿਆਂ ’ਚ ਸਾਫ਼ ਸਫ਼ਾਈ ਰੱਖਣ ਦੀਆਂ ਹਦਾਇਤਾਂ ਵੀ ਦਿੱਤੀਆਂ। ਇਸ ਮੌਕੇ ਵਿਧਾਇਕ ਕੁਲਵੰਤ ਸਿੰਘ ਸਿੱਧੂ ਨੇ ਮੀਡੀਆ ਕਰਮੀਆਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਰਕਾਰੀ ਦਫ਼ਤਰਾਂ ’ਚ ਕਿਸੇ ਨੂੰ ਵੀ ਕਿਸੇ ਕਿਸਮ ਦੀ ਪ੍ਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ। ਜਿਹੜਾ ਵੀ ਸਰਕਾਰ ਅਫ਼ਸਰ ਜਾਂ ਮੁਲਾਜ਼ਮ ਡਿਊਟੀ ਤੋਂ ਕੁਤਾਹੀ ਵਰਤੇਗਾ, ਖਿਲਾਫ਼ ਸਖ਼ਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।