ਚੰਡੀਗੜ੍ਹ। ਸਪੋਰਟਸ ਜਰਨਲਿਸਟ ਫੈਡਰੇਸ਼ਨ ਆਫ਼ ਇੰਡੀਆ ਵੱਲੋਂ ਸਵ: ਮਿਲਖਾ ਸਿੰਘ (Milkha Singh) ਨੂੰ ਲਾਈਫ਼ਟਾਈਮ ਅਚੀਵਮੈਂਟ ਐਵਾਰਡ ਦਿੱਤਾ ਗਿਆ। ਇਹ ਐਵਾਰਡ ਉਨ੍ਹਾਂ ਦੇ ਪੁੱਤਰ ਗੋਲਫਰ ਜੀਵ ਮਿਲਖਾ ਸਿੰਘ ਨੇ ਪ੍ਰਾਪਤ ਕੀਤਾ। ਕ੍ਰਿਕਟਰ, ਐਕਟਰ ਅਤੇ ਭਾਗ ਮਿਲਖਾ ਫਿਲਮ ਵਿੱਚ ਮਿਲਖਾ ਦੇ ਕੋਚ ਬਣੇ ਯੋਗਰਾਜ ਸਿੰਘ ਨੇ ਉਨ੍ਹਾਂ ਨੂੰ ਐਵਾਰਡ ਦਿੱਤਾ। ਐਵਾਰਡ ਵਿੱਚ ਸ਼ੁੱਧ ਸੋਨੇ ਦਾ ਮੈਡਲ, ਸਰਟੀਫਿਕੇਟ ਅਤੇ ਸ਼ਾਲ ਦਿੱਤਾ ਜਾਂਦਾ ਹੈ। ਇਸ ਤੋਂ ਪਹਿਲਾਂ ਫੈਡਰੇਸ਼ਨ ਬੈਡਮਿੰਟਨ ਸਟਾਰ ਪ੍ਰਕਾਸ਼ ਪਾਦੂਕੋਣ, ਕ੍ਰਿਕਟਰ ਸੁਨੀਲ ਗਵਾਸਕਰ ਅਤੇ ਟੈਨਿਸ ਖਿਡਾਰੀ ਰਹੇ ਵਿਜੈ ਅੰਕ੍ਰਿਤਰਾਜ ਨੂੰ ਇਹ ਐਵਾਰਡ ਦੇ ਚੁੱਕੀ ਹੈ। ਮਿਲਖਾ ਸਿੰਘ ਤੋਂ ਬਾਅਦ ਅਗਲੇ ਸਾਲ ਇਹ ਸਨਮਾਨ ਪੀਟੀ ਊਸ਼ਾ ਨੂੰ ਦਿੱਤਾ ਜਾਣਾ ਹੈ।
ਇਸ ਮੌਕੇ ਗੋਲਫਰ ਜੀਵ ਮਿਲਖਾ ਸਿੰਘ ਨੇ ਕਿਹਾ ਕਿ ਉਨ੍ਹਾਂ ਦੇ ਪਿਤਾ ਸਵ: ਮਿਲਖਾ ਸਿੰਘ ਉਨ੍ਹਾਂ ਦੇ ਪਿਤਾ ਹੀ ਨਹੀਂ ਸਗੋਂ ਸਭ ਤੋਂ ਕਰੀਬੀ ਦੋਸਤ ਵੀ ਸਨ। ਮੈਨੂੰ ਮਾਣ ਹੈ ਕਿ ਮੇਰੇ ਨਾਂਅ ਪਿੱਛੇ ਮਿਲਖਾ ਸਿੰਘ ਜੁੜਿਆ ਹੈ, ਜੋ ਹਮੇਸ਼ਾ ਮੈਨੂੰ ਮਿਹਨਤ, ਅਨੁਸਾਸ਼ਨ ਅਤੇ ਤਿਆਗ ਦੀ ਪ੍ਰੇਰਨਾ ਦਿੰਦਾ ਹੈ।
ਅਸਲ ਦੌਲਤ ਲੋਕਾਂ ਦਾ ਪਿਆਰ ਤੇ ਸਨਮਾਨ ਹੈ: ਜੀਵ ਮਿਲਖਾ ਸਿੰਘ | Milkha Singh
ਜੀਵ ਮਿਲਖਾ ਸਿੰਘ ਨੇ ਭਾਵੁਕ ਹੁੰਦਿਆਂ ਦੱਸਿਆ ਕਿ ਦੋ ਸਾਲ ਪਹਿਲਾਂ ਮਾਤਾ-ਪਿਤਾ ਦੇ ਸਵਰਗਵਾਸ ਤੋਂ ਬਾਅਦ ਉਹ ਟੁੱਟ ਗਏ ਸਨ ਤੇ ਇਕੱਲਾ ਰਹਿਣਾ ਚਾਹੁੰਦੇ ਸਨ ਪਰ ਪਿਤਾ ਦੀ ਦਿੱਤੀ ਸਿੱਖਿਆ ਉਨ੍ਹਾਂ ਨੂੰ 6 ਮਹੀਨਿਆਂ ਬਾਅਦ ਦੁਬਾਰਾ ਗੋਲਫ਼ ਮੈਦਾਨ ਵਿੱਚ ਲੈ ਆਈ ਅਤੇ ਉਸ ਦਿਨ ਤੋਂ ਉਨ੍ਹਾਂ ਨੇ ਪ੍ਰਣ ਕੀਤਾ ਕਿ ਉਹ ਮਾਤਾ-ਪਿਤਾ ਲਈ ਹੀ ਖੇਡਣਗੇ ਅਤੇ ਨਵਾਂ ਮੁਕਾਮ ਹਾਸਲ ਕਰਨਗੇ, ਜਿਸ ਦੀ ਸ਼ੁਰੂਆਤ ਹੋ ਚੁੱਕੀ ਹੈ। ਜੀਵ ਨੇ ਕਿਹਾ ਕਿ ਉਨ੍ਹਾਂ ਨੂੰ ਅੱਜ ਵੀ ਯਾਦ ਹੈ ਕਿ ਪਿਤਾ ਜੀ ਰਾਸ਼ਟਰਪਤੀ, ਪ੍ਰਧਾਨ ਮੰਤਰੀ ਅਤੇ ਹੋਰਨਾਂ ਨੂੰ ਮਿਲਦੇ ਸਨ ਪਰ ਆਮ ਲੋਕਾਂ ਨਾਲ ਮਿਲਦੇ ਸਮੇਂ ਵੀ ਉਨ੍ਹਾਂ ਦਾ ਸੁਭਾਅ ਉਸੇ ਤਰ੍ਹਾਂ ਦਾ ਹੀ ਰਹਿੰਦਾ ਸੀ ਜਿਵੇਂ ਦਾ ਵੀਵੀਆਈਪੀ ਨਾਲ ਮਿਲਦੇ ਸਮੇਂ ਰਹਿੰਦਾ ਸੀ। ਇਸ ਸਬੰਧੀ ਮੈਂ ਇੱਕ ਦਿਨ ਸਵਾਲ ਵੀ ਕੀਤਾ ਸੀ ਕਿ ਤੁਸੀਂ ਵੱਖ ਵੱਖ ਲੋਕਾਂ ਨੂੰ ਮਿਲਦੇ ਹੋ ਪਰ ਤੁਹਾਡਾ ਸਤਿਕਾਰ ਭਾਵ ਨਹੀਂ ਬਦਲਦਾ, ਇੰਝ ਕਿਉਂ?
ਜੀਵ ਨੇ ਦੱਸਿਆ ਕਿ ਪਿਤਾ ਜੀ ਨੇ ਉਸ ਦਿਨ ਮੈਨੂੰ ਸਿੱਖਿਆ ਦਿੰਤੀ ਸੀ ਕਿ ਜਿਹੜੇ ਮਰਜ਼ੀ ਮੁਕਾਮ ’ਤੇ ਪਹੁੰਚ ਜਾਓ ਪਰ ਲੋਕਾਂ ਨਾਲ ਝੁਕ ਕੇ ਹੀ ਮਿਲੋਗੇ ਤਾਂ ਹੋਰ ਉਚਾਈਆਂ ਤੱਕ ਜਾਓਗੇ ਤੇ ਜੇ ਘਮੰਡ ਕਰੋਗੇ ਤਾਂ ਉਚਾਈਆਂ ਤੱਕ ਜਾਣ ਦਾ ਸਫ਼ਰ ਤੈਅ ਨਹੀਂ ਕਰ ਸਕੋਗੇ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਅੱਜ ਵੀ ਯਾਦ ਹੈ ਕਿ ਜਦੋਂ ਉਨ੍ਹਾਂ ਨੇ ਗੋਲਫ਼ ਵਿੱਚ 4000 ਡਾਲਰ ਦੀ ਰਾਸ਼ੀ ਜਿੱਤੀ ਸੀ ਤਾਂ ਉਨ੍ਹਾਂ ਨੂੰ ਲਿਆ ਕੇ ਦਿੱਤੀ ਸੀ ਪਰ ਉਨ੍ਹਾਂ ਕਿਹਾ ਕਿ ਕਿਹਾ ਸੀ ਕਿ ਮੌਜ ਮਸਤੀ ਕਰੋ ਪਰ ਪੈਸੇ ਦੇ ਪਿੱਛੇ ਨਾ ਭੱਜੋ ਕਿਉਂਕਿ ਅਸਲ ਦੌਲਤ ਲੋਕਾਂ ਦਾ ਪਿਆਰ ਤੇ ਸਮਾਜ ਵਿੱਚ ਸਨਮਾਨ ਹੀ ਹੈ।
ਭਾਰਤ ਰਤਨ ਦੇਣ ਦੀ ਮੰਗ
ਸਨਮਾਨ ਸਮਾਰੋਹ ਦੇ ਮੁੱਖ ਮਹਿਮਾਨ ਯੋਗਰਾਜ ਸਿੰਘ ਨੇ ਕਿਹਾ ਕਿ ਜੋ ਪ੍ਰਾਪਤੀਆਂ ਮਿਲਖਾ ਸਿੰਘ ਨੇ ਸੀਮਿਤ ਸਾਧਨਾਂ ਨਾਲ ਹਾਸਲ ਕੀਤੀਆਂ, ਉਸ ਲਈ ਉਹ ਭਾਰਤ ਰਤਨ ਦੇ ਹੱਕਦਾਰ ਹਨ। ਉਨ੍ਹਾਂ ਦੱਸਿਆ ਕਿ ਸੁਖਨਾ ਝੀਲ ’ਤੇ ਉਨ੍ਹਾਂ ਨਾਲ ਹਮੇਸ਼ਾ ਮੁਲਾਕਾਤ ਹੁੰਦੀ ਸੀ ਅਤੇ ਕਾਫ਼ੀ ਚਰਚਾ ਹੁੰਦੀ ਸੀ। ਉਹ ਹਮਸ਼ਾ ਮੈਨੂੰ ਸਹੀ ਮਾਰਗਦਰਸ਼ਨ ਦਿੰਦੇ ਸਨ। ਉਨ੍ਹਾਂ ਵਿੱਚ ਉਨ੍ਹਾਂ ਨੂੰ ਆਪਣੇ ਵੱਡੇ ਭਰਾ ਅਤੇ ਪਿਤਾ ਦੀ ਝਲਕ ਦਿਖਾਈ ਦਿੰਦੀ ਸੀ। ਇਹੀ ਕਾਰਨ ਹੈ ਕਿ ਉਨ੍ਹਾਂ ਨੇ ਭਾਗ ਮਿਲਖਾ ਭਾਗ ਵਿੱਚ ਮੈਨੂੰ ਕੋਚ ਦਾ ਰੋਲ ਦੇਣ ਲਈ ਨਿਰਦੇਸ਼ਕ ਨੂੰ ਕਿਹਾ ਸੀ। ਉਨ੍ਹਾਂ ਕਿਹਾ ਕਿ ਮਿਲਖਾ ਸਿੰਘ ਵਰਗਾ ਸਾਦਾ ਵਿਅਕਤੀ ਦੁਬਾਰਾ ਜਨਮ ਨਹੀਂ ਲੈ ਸਕਦਾ।
Also Read : ਕੈਂਸਰ ਪੀੜਤਾਂ ਦੀ ਵਧਦੀ ਗਿਣਤੀ ਵਿਸ਼ਵ ਪੱਧਰ ’ਤੇ ਖ਼ਤਰੇ ਦੀ ਘੰਟੀ