ਮੀਡੀਆ ਆਪਣੀ ਭੂਮਿਕਾ ਨਿਰਪੱਖਤਾ ਨਾਲ ਨਿਭਾਵੇ : ਅਮਨ ਅਰੋੜਾ

Minister Aman Arora

ਸੂਚਨਾ ਤੇ ਲੋਕ ਸੰਪਰਕ ਮੰਤਰੀ ਵੱਲੋਂ 10ਵੀਂ ਸਾਲਾਨਾ ਜਰਨਲਿਜ਼ਮ ਕਾਨਫਰੰਸ ’ਚ ਸ਼ਿਰਕਤ

(ਖੁਸ਼ਵੀਰ ਸਿੰਘ ਤੂਰ) ਪਟਿਆਲਾ। ਪੰਜਾਬ ਦੇੇ ਸੂਚਨਾ ਤੇ ਲੋਕ ਸੰਪਰਕ ਵਿਭਾਗ ਦੇ ਮੰਤਰੀ ਅਮਨ ਅਰੋੜਾ (Minister Aman Arora) ਨੇ ਅੱਜ ਜ਼ੋਰ ਦੇ ਕੇ ਕਿਹਾ ਹੈ ਕਿ ਇੱਕ ਨਰੋਏ ਸਮਾਜ ਦੀ ਸਿਰਜਣਾ ਲਈ ਮੀਡੀਆ ਆਪਣੀ ਭੂਮਿਕਾ ਨਿਰਪੱਖਤਾ ਨਾਲ ਨਿਭਾਵੇ। ਅਮਨ ਅਰੋੜਾ ਅੱਜ ਇੱਥੇ ਚੜ੍ਹਦੀਕਲਾ ਗਰੁੱਪ ਦੇ ਫਾਊਂਡਰ ਡਾਇਰੈਕਟਰ ਸਵਰਗੀ ਸਤਬੀਰ ਸਿੰਘ ਦਰਦੀ ਦੀ ਯਾਦ ਵਿੱਚ ਕਰਵਾਈ 10ਵੀਂ ਸਾਲਾਨਾ ਜਰਨਲਿਜ਼ਮ ਕਾਨਫਰੰਸ ਮੌਕੇ ਬਤੌਰ ਮੁੱਖ ਮਹਿਮਾਨ ਸ਼ਿਰਕਤ ਕਰ ਰਹੇ ਸਨ।

ਅਮਨ ਅਰੋੜਾ ਨੇ ਕਿਹਾ ਕਿ ਪੰਜਾਬ ਨੂੰ ਮੁੜ ਬੁਲੰਦੀਆਂ ਤੇ ਪਹੁੰਚਾਉਣ ਲਈ ਮੀਡੀਆ ਵੱਲੋਂ ਉਠਾਏ ਮੁੱਦਿਆ ਨੂੰ ਗੰਭੀਰਤਾ ਨਾਲ ਲੈ ਰਹੀ ਹੈ ਅਤੇ ਮੀਡੀਆ ਦੀ ਫੀਡਬੈਕ ਦਾ ਉਨ੍ਹਾਂ ਨੇ ਹਮੇਸ਼ਾ ਹੀ ਸਵਾਗਤ ਕੀਤਾ ਹੈ। ਪਿਛਲੇ ਕਰੀਬ ਇੱਕ ਦਹਾਕੇ ਤੋਂ ਪ੍ਰਚਲਤ ਹੋਏ ‘ਗੋਦੀ ਮੀਡੀਆ’ ਲਕਬ ਦਾ ਜਿਕਰ ਕਰਦਿਆਂ ਅਮਨ ਅਰੋੜਾ ਨੇ ਕਿਹਾ ਕਿ ਇਸ ਦੌਰ ’ਚ ਮੀਡੀਆ ਨੂੰ ਵੀ ਅੰਤਰਝਾਤ ਮਾਰਨ ਦੀ ਲੋੜ ਹੈ ਤਾਂ ਕਿ ਲੋਕਤੰਤਰ ਦੇ ਚੌਥੇ ਥੰਮ ਉਪਰ ਲੋਕਾਂ ਦਾ ਬਣਿਆ ਵਿਸ਼ਵਾਸ਼ ਬਹਾਲ ਰਹਿ ਸਕੇ।

  • ਸਤਬੀਰ ਸਿੰਘ ਦਰਦੀ ਦੇ ਵਿਛੋੜੇ ਨੂੰ ਪਰਿਵਾਰ ਲਈ ਵੱਡਾ ਘਾਟਾ ਦੱਸਿਆ

ਉਨ੍ਹਾਂ ਕਿਹਾ ਕਿ ਮੀਡੀਆ ਇਕ ਪਾਸੜ ਹੋ ਕੇ ਜਾਂ ਕਿਸੇ ਇੱਕ ਏਜੰਡੇ ’ਤੇ ਨਾ ਚੱਲੇ ਸਗੋਂ ਨਿਰਪੱਖਤਾ ਨਾਲ ਆਪਣੀ ਨਿੱਘਰ ਭੂਮਿਕਾ ਨਿਭਾਏ, ਕਿਉਂਜੋ ਸੋਸ਼ਲ ਮੀਡੀਆ ਦੇ ਇਸ ਦੌਰ ’ਚ ਸਥਾਪਤ ਮੀਡੀਆ ਲਈ ਵੀ ਇੱਕ ਖ਼ਤਰੇ ਦੀ ਘੰਟੀ ਵੱਜ ਰਹੀ ਹੈ। ਉਨ੍ਹਾਂ ਕਿਹਾ ਕਿ ਮੋਬਾਇਲ ਤੇ ਸੂਚਨਾ ਤਕਨਾਲੋਜੀ ਦੀ ਕ੍ਰਾਂਤੀ ਕਰਕੇ ਸਮਾਜ ਦੇ ਹਰੇਕ ਵਿਅਕਤੀ ਦੇ ਪੱਤਰਕਾਰ ਬਣਨ ਨੂੰ ਸਥਾਪਤ ਮੀਡੀਆ ਲਈ ਇੱਕ ਵੱਡੀ ਚੁਣੌਤੀ ਕਰਾਰ ਦਿੰਦਿਆਂ ਕਿਹਾ ਕਿ ਬਗ਼ੈਰ ਨਿਯੰਤਰਣ ਜਾਂ ਬਿਨ੍ਹਾਂ ਸੰਪਾਦਕੀ ਮੰਡਲ ਦਾ ਅਜਿਹਾ ਮੀਡੀਆ ਸਮਾਜ ਦਾ ਬਹੁਤ ਵੱਡਾ ਨੁਕਸਾਨ ਕਰ ਸਕਦਾ ਹੈ। ਉਨ੍ਹਾਂ ਸਤਬੀਰ ਸਿੰਘ ਦਰਦੀ ਦੀ ਪਿਛਲੇ ਸਮੇਂ ’ਚ ਹੋਈ ਬੇਵਕਤੀ ਮੌਤ ਨੂੰ ਪਰਿਵਾਰ ਤੇ ਮੀਡੀਆ ਲਈ ਵੱਡਾ ਘਾਟਾ ਕਰਾਰ ਦਿੱਤਾ।

ਇਸ ਮੌਕੇ ਚੜ੍ਹਦੀਕਲਾ ਗਰੁੱਪ ਦੇ ਪਦਮਸ੍ਰੀ ਜਗਜੀਤ ਸਿੰਘ ਦਰਦੀ ਵੱਲੋਂ ਪਦਮਸ੍ਰੀ ਡਾ. ਰਤਨ ਸਿੰਘ ਜੱਗੀ, ਸੁਖਇੰਦਰਪਾਲ ਸਿੰਘ ਅਲੱਗ, ਔਰਤਾਂ ਦੀ ਭਲਾਈ ਲਈ ਕੰਮ ਕਰਨ ਬਦਲੇ ਵੂਮੈਨ ਆਈਕੈਨ ਅਵਾਰਡ ਨਾਲ ਪੱਤਰਕਾਰ ਹਰਦੀਪ ਕੌਰ ਸਮੇਤ ਹੋਰ ਸ਼ਖ਼ਸੀਅਤਾਂ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਹਰਚੰਦ ਸਿੰਘ ਬਰਸਟ, ਜ਼ਿਲ੍ਹਾ ਯੋਜਨਾ ਕਮੇਟੀ ਚੇਅਰਮੈਨ ਜੱਸੀ ਸੋਹੀਆਂ ਵਾਲਾ, ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਹਾਕਮ ਥਾਪਰ, ਗੁਰਮੁੱਖ ਸਿੰਘ ਰੁਪਾਣਾ, ਅਮਰਜੀਤ ਸਿੰਘ ਸਮੇਤ ਵੱਡੀ ਗਿਣਤੀ ’ਚ ਪੱਤਰਕਾਰ ਭਾਈਚਾਰਾ ਮੌਜੂਦ ਸੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, InstagramLinkedin , YouTube‘ਤੇ ਫਾਲੋ ਕਰੋ।