ਗੂੰਜਣ ਗਲੀਆਂ-ਗਲੀਆਂ ਮਾਣਕ ਦੀਆਂ ਕਲੀਆਂ

Maanak, Kaliyaan

ਅਲਬੇਲ ਬਰਾੜ

ਪੰਜਾਬੀ ਸੱਭਿਆਚਾਰ ਦੇ ਕੁਲ ਦਾ ਦੀਪ, ਯਾਨੀ ਕਿ ਪੰਜਾਬੀ ਮਾਂ ਬੋਲੀ ਨੂੰ ਗਾਇਕੀ ਦੇ ਦਮ ਤੇ ਦੇਸ.-ਵਿਦੇਸ. ਵਿੱਚ ਰੌਸ਼ਨ ਕਰਨ ਵਾਲੇ ਕੁਲਦੀਪ ਮਾਣਕ ਬਾਰੇ ਕੁਝ ਉਸਤਤ ਵਿੱਚ ਲਿਖਣਾ ਸੂਰਜ ਨੂੰ ਦੀਵਾ ਦਿਖਾਉਣ ਵਾਲੀ ਗੱਲ ਹੈ।ਐਸਾ ਪਰਪੱਕ ਗਵੱਈਆ ਜਿਸ ਦੀ ਗਾਇਕੀ ਤੇ ਪੰਜਾਬੀ ਮਾਂ ਬੋਲੀ ਵੀ ਫਖਰ ਕਰਦੀ ਫੁੱਲੀ ਨਹੀਂ ਸਮਾਉਂਦੀ ਤੇ ਐਸਾ ਹੋਵੇ ਵੀ ਕਿਉਂ ਨਾ ਇੱਕੋ ਸਾਹੇ ਬਾਰਾਂ-ਬਾਰਾਂ ਕਲੀਆਂ-ਲੋਕ ਗਥਾਵਾਂ ਗਾ ਕੇ ਮਾਣਕ ਨੇ ਐਸਾ ਉੱਚਾ  ਝੰਡਾ ਗੱਡਿਆ ਕਿ ਜਿਸ ਨੂੰ ਵੱਡੇ ਤੋਂ ਵੱਡੇ ਗਾਇਕੀ ਦੇ ਭਲਵਾਨ ਕਹਾਉਣ ਵਾਲੇ ਪੱਟਣਾ ਤਾਂ ਦੂਰ ਹੱਥ ਵੀ ਨਹੀਂ ਲਾ ਸਕੇ ਤੇ ਆਖਿਰ ਉਨ੍ਹਾਂ ਨੂੰ ਮਾਣਕ ਮੂਹਰੇ ਨਤਮਸਤਕ ਹੋ ਕੇ ਕਹਿਣਾ ਹੀ ਪਿਆ ਕਿ ਵਾਹ ਮਾਣਕਾ ਤੇਰਾ ਕੋਈ ਸਾਨੀ ਨਹੀਂ?

ਬਠਿੰਡਾ ਦੇ ਪਿੰਡ ਜਲਾਲ ਵਿਖੇ ਮੀਰ-ਆਲਮ ਪ੍ਰੀਵਾਰ ਵਿੱਚ 15 ਨਵੰਬਰ 1949 ਨੂੰ ਸ.੍ਰੀ ਨਿੱਕਾ ਖਾਨ ਦੇ ਘਰ ਮਾਤਾ ਬਚਨ ਕੌਰ ਦੀ ਕੁੱਖੋਂ ਪੈਦਾ ਹੋਇਆ ਲੱਧਾ, ਲਤੀਫ ਤੋਂ ਕੁਲਦੀਪ ਮਾਣਕ ਬਣਦਿਆਂ ਦੇਰ ਨਾ ਲੱਗੀ।ਛੋਟੇ ਹੁੰਦੇ ਨੇ ਸਕੂਲ, ਮੇਲਿਆਂ-ਮੁਸ਼ਹਿਰਿਆਂ ‘ਚ ਗਾਉਣਾ ਤੇ ਖੂਬ ਨਾਮਣਾ ਖੱਟਣਾ।ਕਦੇ ਕਿਸੇ ਨੇ ਸੋਚਿਆ ਵੀ ਨਹੀਂ ਸੀ ਇਹ ਬਾਲ-ਕਲਾਕਾਰ ਵੱਡਾ ਹੋਕੇ ਐਸਾ ਮੀਲ ਪੱਥਰ ਗੱਡੇਗਾ ਜਿਸ ਨੂੰ ਕੋਈ ਪੁੱਟ ਨਹੀਂ ਸਕੇਗਾ।ਕਹਿੰਦੇ ਨੇ ਹੀਰੇ ਦੀ ਪਹਿਚਾਣ ਸਿਰਫ ਜੌਹਰੀ ਨੂੰ ਹੀ ਹੁੰਦੀ ਐ, ਤੇ ਉਸ ਦੀ ਅੱਖ ਹੀਰੇ, ਮਾਣਕ, ਮੋਤੀ ਨੂੰ ਪਹਿਲੀ ਨਜ਼ਰੇ ਹੀ ਪਛਾਣ ਲੈਂਦੀ ਹੈ।ਛੋਟੀ ਉਮਰੇ ਲਤੀਫ ਮੁਹੰਮਦ (ਮਾਣਕ ਦਾ ਬਚਪਨ ਦਾ ਨਾਂ) ਕਿਸੇ ਪ੍ਰੋਗਰਾਮ ਵਿੱਚ ਗਾ ਰਿਹਾ ਸੀ, ਜਿੱਥੇ ਉਸ ਸਮੇਂ ਦੇ ਪੰਜਾਬ ਦੇ ਮੁੱਖ ਮੰਤਰੀ ਸਵ: ਪ੍ਰਤਾਪ ਸਿੰਘ ਕੈਂਰੋਂ ਨੇ ਵੀ ਸ਼ਿਰਕਤ ਕੀਤੀ, ਜਦ ਉਸ ਨੇ ਗਾਇਆ ਤਾਂ ਕੈਰੋਂ ਸਾਹਿਬ ਇੰਨੇ ਖੁਸ਼ ਹੋਏ ਕਿ ਲੱਧੇ ਨੂੰ ਬੁੱਕਲ ‘ਚ ਲੈ ਲਿਆ, ਇਨਾਮ ਦਿੱਤਾ ਤੇ ਸਹਿਜ ਸੁਭਾ ਉਨਾਂ ਦੀ ਜ਼ੁਬਾਨ ਵਿਚੋਂ ਨਿਕਲਿਆ ਕਿ ਇਹ ਤਾਂ ਮਾਣਕ ਹੈ ਮਾਣਕ ਆਪਣੀ ਕੁਲ ਦਾ ਦੀਪ ਬਣਕੇ ਹਮੇਸ਼ਾ ਜਗੇਗਾ, ਜਾਨੀ ਕਿ ਕੁਲਦੀਪ ਮਾਣਕ ਇਸ ਤਰ੍ਹਾਂ ਕੁਲਦੀਪ ਸਿੰਘ ਤੋਂ ਕੁਲਦੀਪ ਮਾਣਕ ਬਣ ਗਿਆ ਇਹ ਗਾਇਕ।

ਕੱਦੂ ਵਿੱਚ ਡੰਡਾ ਫਸਾ ਕੇ, ਤੂੰਬੀ ਬਣਾ ਕੇ, ਤੁਰਲਾ ਸਜਾ ਕੇ ਕੋਈ ਗਾਇਕ ਨਹੀਂ ਬਣ ਜਾਂਦਾ, ਵਾਲ ਜਿਹੇ ਰੰਗ ਕੇ, ਛੰਡ ਜਿਹੀ ਕੱਢ ਕੇ, ਵੀ ਕਦੇ ਕਲਾਕਾਰ ਨਹੀਂ ਬਣਿਆ ਜਾ ਸਕਦਾ, ਸਾਂਗ ਜਿਹਾ ਰਚਾ ਕੇ, ਅਡੰਬਰ ਜਾ ਬਣਾ ਕੇ ਵੀ ਸਿੰਗਰ ਨਹੀਂ ਬਣਿਆ ਜਾਂਦਾ, ਕਿਉਂਕਿ ਗਾਇਕੀ ਦੇ ਘਰ ਬੜੀ ਦੂਰ ਨੇ, ਅਸਲ ਗਾਇਕੀ ਦੀ ਉਸਤਾਦ ਤੋਂ ਬਕਾਇਦਾ ਤਾਲੀਮ ਲੈਣੀ ਪੈਂਦੀ ਐ, ਗੁਰੂ ਤੋ ਗੁਰ ਹਾਸਿਲ ਕਰਨਾ ਪੈਂਦਾ, ਸਿੱਖ-ਸੰਵਰਕੇ, ਰਾਗਾਂ ਦਾ ਜਾਣਕਾਰ ਹੋ ਕੇ ਰਿਆਜ਼ ਦੇ ਰਾਹ ਤੁਰਦਿਆਂ ਕਿਤੇ ਸਾਲਾਂ ਬੱਧੀ ਸਫ਼ਰ ਪਿੱਛੋਂ ਗਾਇਕੀ ਦਾ ਮੈਦਾਨ ਆਉਂਦੈ, ਤੇ ਇਸ ਮਜ਼ਿਲ ਨੂੰ ਕੋਈ ਪੂਰਨ ਉਸਤਾਦ ਦਾ ਚੰਡਿਆ ਹੀ ਫਤਿਹ ਕਰਦੈ, ਨਹੀਂ ਤਾਂ ਕੱਚੇ ਖਿਡਾਰੀਆਂ ਦਾ ਤਾਂ ਪਤਾ ਹੀ ਨਹੀਂ ਲੱਗਦਾ ਕਿ ਕਿੱਧਰੋਂ ਆਏ ਤੇ ਕਿੱਧਰ ਪੱਤੇ ਵਾਹ ਗਏ।

ਸੁਲਝੇ ਉਸਤਾਦ ਦੀ ਛੱਤਰ-ਛਾਇਆ ‘ਚ ਗਾਇਕੀ ਦਾ ਗੁਰ ਹਾਸਿਲ ਕਰਕੇ ਗਾਉਣ ਦੀਆਂ ਬਾਰੀਕੀਆਂ ਨੂੰ ਪੁਣ-ਛਾਣ ਕੇ ਕੰਠ ਨੂੰ ਮਥਣਾ ਤੇ ਫਿਰ ਜਦ ਸਟੇਜ਼ ‘ਤੇ ਗਾਉਣਾ ਤੇ ਸ਼ਰੋਤਿਆਂ ਦੇ ਦਿਲੀਂ ਵਸ ਜਾਣਾ ਹੀ ਗਾਇਕ ਨੂੰ ਪੂਰਨ ਕਾਲਾਕਾਰ ਦਾ ਰੁਤਬਾ ਬਖ਼ਸ਼ਦਾ ਹੈ ਤੇ ਜਦ ਗਾਇਕ ਲੋਕਾਂ ਦਾ ਹੋ ਕੇ ਲੋਕ-ਗਾਇਕ ਹੋ ਜਾਂਦਾ ਹੈ ਤਾਂ ਫਿਰ ਉਸ ਨੂੰ ਪੈਰ-ਪੈਰ ਤੇ ਸਫਲਤਾਂ ਪੈਰ ਚੁੰਮਦੀ ਨਜ਼ਰ ਆਉਂਦੀ ਹੈ ਤੇ ਫਿਰ ਐਸਾ ਫਨਕਾਰ ਕਦੇ ਪਿੱਛੇ ਮੁੜ ਕੇ ਨਹੀਂ ਦੇਖਦਾ ਤੇ ਸਰੋਤਿਆਂ ਦੀ ਕਚਹਿਰੀ ਵਿੱਚ ਪੱਕੇ-ਪੈਰੀਂ ਪ੍ਰਵਾਨ ਚੜ੍ਹਦਾ ਹੈ, ਜੋ ਫਿਰ ਕਿਸੇ ਜਾਣ-ਪਹਿਚਾਣ ਦਾ ਮੁਹਤਾਜ ਨਾ ਹੋਕੇ ਧਰੂ ਤਾਰਾ ਬਣ ਅੰਬਰੀਂ ਰੁਸ਼ਨਾਉਂਦਾ ਰਹਿੰਦਾ ਹੈ ਉਸਤਾਦ ਖੁਸ਼ੀ ਮੁਹੰਮਦ ਜੀ ਤੋਂ ਥਾਪੜਾ ਲੈ ਕੇ ਮਾਣਕ ਨੇ ਜਦ ਗਾਉਣਾ ਸ਼ੁਰੂ ਕੀਤਾ ਤਾਂ ਦੋ-ਗਾਣਾ ਜੋੜੀਆਂ ਪ੍ਰਚੱਲਤ ਸਨ, ਦੂਹਰੇ ਅਰਥਾਂ ਵਾਲੇ ਗੀਤਾਂ ਦੀ ਭਰਮਾਰ ਸੀ।ਸ਼ੁਰੂ-ਸ਼ੁਰੂ ਵਿੱਚ ਇੱਕਾ-ਦੁੱਕਾ ਦੋ-ਗਾਣੇ ਮਾਣਕ ਨੇ ਵੀ ਗਾਏ, ਪੰ੍ਰਤੂ ਉਸਨੂੰ ਉਹ ਲੁਤਫ ਨਾ ਆਇਆ ਜੋ ਉਸਦੀ ਗਾਇਕੀ ‘ਚੋਂ ਝਲਕਦਾ ਸੀ। ਅਣਗੌਲੀਆਂ ਲੋਕ-ਗਥਾਵਾਂ, ਕਲੀਆਂ, ਦੇਵ ਥਰੀਕਿਆਂ ਵਾਲੇ ਤੋਂ ਲਿਖਵਾ ਮਾਣਕ ਨੇ ਗਾਇਕੀ ਦੇ ਮੈਦਾਨ ਵਿੱਚ ਹੋਕਾ ਦਿੱਤਾ ਤਾਂ ਚਾਰੇ ਪਾਸੇ ਮਾਣਕ-ਮਾਣਕ ਹੋ ਗਈ। ਕੁਝ ਹੀ ਸਮੇਂ ਵਿੱਚ ਕੁਲਦੀਪ ਮਾਣਕ ਸਰੋਤਿਆਂ ਦਾ ਹਰਮਨ ਪਿਆਰਾ ਗਾਇਕ ਬਣ ਗਿਆ।ਵਿਆਹਾਂ-ਸ਼ਾਦੀਆਂ ਵਿੱਚ ਸਿਰਫ ਮਾਣਕ ਦੀ ਹੀ ਮੰਗ ਹੋਣ ਲੱਗੀ, ਉਸ ਨੂੰ ਦਿਹਾੜੀ ਵਿੱਚ ਦੋ-ਦੋ, ਤਿੰਨ-ਤਿੰਨ ਖਾੜੇ ਲਾਕੇ ਸਰੋਤਿਆਂ ਦਾ ਚਾਅ ਪੂਰਾ ਕਰਨਾ ਪੈਂਦਾ ਸੀ। ਮਾਣਕ ਨੇ ਸਰੋਤਿਆਂ ਨੂੰ ਘਰ-ਪਰਿਵਾਰ ਵਿੱਚ ਬੈਠ ਕੇ ਸੁਣਨ ਵਾਲੇ ਗੀਤਾਂ ਦੀ ਝੜੀ ਲਾ ਦਿੱਤੀ, ਉਸ ਦਾ ਜੋ ਵੀ ਤਵਾ ਆਉਣਾ ਸੁਪਰ ਤੋਂ ਵੀ ਉਪਰ ਹਿੱਟ ਹੁੰਦਾ ਸੀ ਜਿੱਥੇ ਉਸ ਸਮੇਂ ਗਾਇਕੀ ਨੂੰ ਕੰਜ਼ਰ ਕਿੱਤਾ ਕਹਿ ਕੇ ਗਾਲ ਦਿੱਤੀ ਜਾਂਦੀ ਸੀ ਉਥੇ ਮਾਣਕ ਦੇ ਆਉਣ ਨਾਲ ਗਾਇਕੀ ਇੱਜ਼ਤ ਪਾਉਣ ਲੱਗੀ, ਜਿੱਥੇ ਲੋਕ ਧੀਆਂ ਭੈਣਾਂ ਦੇ ਕੰਨਾਂ ‘ਚ ਗਾਣਿਆਂ ਦੀ ਆਵਾਜ਼ ਤੱਕ ਨਹੀਂ ਪੈਣ ਦਿੰਦੇ ਸਨ, ਉਥੇ ਉਹ ਖੁਦ ਉਸਦੇ ਪਰਿਵਾਰ ਖਾੜਿਆਂ ਵਿੱਚ ਸ਼ਿਰਕਤ ਕਰਨ ਲੱਗੀਆਂ ਮਾਣਕ ਨੇ ਵਾਰ ਬਾਬਾ ਬੰਦਾ ਬਹਾਦਰ, ਤੇਰੇ ਟਿੱਲੇ ਤਂੋ ਸੂਰਤ ਦੀਂਹਦੀ ਐ ਹੀਰ ਦੀ, ਇੱਕ ਵੀਰ ਦੇਈਂ ਵੇ ਰੱਬਾ, ਮਾਂ ਹੁੰਦੀ ਏ ਮਾਂ ਦੁਨੀਆਂ ਵਾਲਿਓ, ਅੱਖਾਂ ਮੂਹਰੇ ਦੀਂਹਦਾ ਰਹਿੰਦਾ ਹੈ ।

ਰੜਕਦਾ ਛੱਡੀਏ ਨਾਂ ਵੈਰੀ ਨੂੰ, ਸਾਹਿਬਾਂ ਬਣੀ ਭਰਾਵਾਂ ਦੀ, ਛੇਤੀ ਕਰ ਸਰਵਣ ਬੱਚਾ, ਦੁਨੀਆਂ ਧੋਖੇਬਾਜਾਂ ਦੀ, ਤੇਰੇ ਨੱਕ ਦਾ ਕੋਕਾ, ਵੀਰ ਹੁੰਦੇ ਰੱਬ ਵਰਗੇ, ਵੀਰੋ ਊਠਾਂ ਵਾਲਿਓ ਵੇ, ਗੋਲੀ ਮਾਰੋ ਐਹੋ ਜੇ ਬਣਾਉਟੀ ਯਾਰ ਦੇ, ਯਾਰਾਂ ਦਾ ਟਰੱਕ ਬੱਲੀਏ, ਹੋਇਆ ਕੀ ਜੇ ਧੀ ਜੰਮ ਪਈ, ਬੰਦੇ ਵਿੱਚ ਰੜਕ ਨਾ ਹੋਵੇ, ਜੱਟ ਜਿਊਣਾ ਮੌੜ, ਸੁੱਚਾ ਸੂਰਮਾ, ਸੋਹਣੀ ਮਹੀਵਾਲ, ਸ਼ੀਰੀ ਫਰਿਆਦ, ਪੂਰਨ ਭਗਤ, ਦੁੱਲਾ ਭੱਟੀ, ਹੀਰ ਰਾਂਝਾ, ਸਹਿਤੀ ਮੁਰਾਦਆਦਿ ਬਹੁਤ ਹੀ ਗੀਤ, ਕਲੀਆਂ, ਲੋਕ ਗਥਾਵਾਂ ਗਾਈਆਂ ਜਿੰਨਾਂ ਦੀ ਸ਼ਬਦਾਵਲੀ ‘ਤੇ ਕੋਈ ਹੱਥ ਨਹੀਂ ਧਰ ਸਕਦਾ ਸੀ।ਜਦ ਮਾਣਕ ਮਾਂ ਹੁੰਦੀ ਏ ਮਾਂ ਦੁਨੀਆਂ ਵਾਲਿਓ, ਹੋਇਆ ਕੀ ਜੇ ਧੀ ਜੰਮ ਪਈ, ਚਲੋ ਕੁੱਖ ਤਾਂ ਸੁਲੱਖਣੀ ਹੋਈ ਪਰਿਵਾਰਕ ਗੀਤ ਗਾਉਂਦਾ ਤਾਂ ਖਾਸ ਕਰ ਬਜ਼ੁਰਗ ਮਾਵਾਂ ਵੀ ਮਾਣਕ ਨੂੰ ਇਨਾਮ ਨਾਲ ਨਿਵਾਜ਼ਦੀਆਂ, ਸਿਰ ਪਲੋਸਦੀਆਂ ਤੇ ਲੱਖਾਂ ਅਸੀਸ਼ਾਂ ਦਿੰਦੀਆਂ।ਮਾਣਕ ਨੇ ਜਿੱਥੇ ਫਿਲਮਾਂ ਵਿੱਚ ਪਿੱਠਵਰਤੀ ਗਾਇਕ ਵਜੋਂ ਗਾਇਆ ਉਥੇ ਉਸ ਨੇ ਖੁਦ ਵੀ ਦੋ ਪੰਜਾਬੀ ਫਿਲਮਾਂ ਬਣਾਈਆਂ।ਪੀ੍ਰਵਾਰਕ ਤੌਰ ਤੇ ਮਾਣਕ ਸਾਹਿਬ ਦੀ ਧਰਮ-ਪਤਨੀ ਸ਼੍ਰੀ ਮਤੀ ਸਰਬਜੀਤ ਮਾਣਕ, ਬੇਟਾ ਯੁੱਧਵੀਰ ਮਾਣਕ ਅਤੇ ਬੇਟੀ ਸ਼ਕਤੀ ਮਾਣਕ ਹਨ ਕਹਿੰਦੇ ਨੇ ਪਿਓ ਪੇ ਪੂਤ, ਘੋੜੇ ਪੇ ਘੋੜਾ, ਬਹੁਤ ਨਹੀਂ ਤੋ ਥੋੜਾ-ਥੋੜਾ, ਇਸ ਕਹਾਵਤ ਨੂੰ ਸੱਚ ਕਰਦਿਆਂ ਮਾਣਕ ਦਾ ਬੇਟਾ ਯੁਧਵੀਰ ਮਾਣਕ ਵੀ ਆਪਣੇ ਬਾਪ ਵਾਂਗ ਬਹੁਤ ਹੀ ਛੇਤੀ ਸ਼ਰੋਤਿਆਂ ਦਾ ਪਸੰਦੀਦਾ ਕਲਾਕਾਰ ਬਣ ਗਿਆ, ਪਰ ਬੁਰੇ ਵਕਤ ਨੇ ਐਸੀ ਪਲਟੀ ਮਾਰੀ ਕਿ ਕੋਈ ਕੁਲਹਿਣੀ ਐਸੀ ਨਜ਼ਰ ਲੱਗੀ ਕਿ ਗਾਣੇ ਵਿੱਚ ਗੱਲ ਕਰਨ ਵਾਲਾ ਯੁਧਵੀਰ ਅੱਜ ਸਰਸਰੀ ਗੱਲ ਕਰਨ ਲੱਗਿਆਂ ਵੀ ਥਿੜਕਦਾ ਹੈ ਤੇ ਉਸਦੀ ਯਾਦਾਸ਼ਤ ਉਸ ਨੂੰ ਕੁਝ ਕਰ-ਗੁਜ਼ਰਨ ਨਹੀਂ ਦਿੰਦੀ।

ਕੁਲਦੀਪ ਮਾਣਕ ਨੇ ਕਈ ਦਹਾਕੇ ਸਰੋਤਿਆਂ ਦੀ ਸੇਵਾ ਕੀਤੀ, ਬਹੁਤ ਸਾਰੇ ਕਲਾਕਾਰਾਂ, ਗੀਤਕਾਰਾਂ ਦਾ ਪ੍ਰੇਰਨਾ-ਸਰੋਤ ਵੀ ਬਣਿਆ ਤੇ ਪੰਜਾਬੀ ਮਾਂ ਬੋਲੀ ਦੀ ਖੂਬ ਸੇਵਾ ਕੀਤੀ।ਮਾਣਕ ਅਖਾੜੇ ਵਿੱਚ ਇਹ ਆਮ ਕਿਹਾ ਕਰਦਾ ਸੀ ਕਿ ਟਿੱਬਿਆਂ ‘ਤੇ ਨਗੌਰ ਦੇ ਬਲਦ ਹੀ ਗੱਡਾ ਲੈ ਕੇ ਚੜ੍ਹਦੇ ਆ, ਲੀਹਾ ਪੈਣ ‘ਤੇ ਤਾਂ ਮੌਲੇ ਜਿਹੇ ਬਲਦ ਵੀ ਦੌੜਦੇ ਜਾਂਦੇ ਨੇ, ਵਾਕਿਆ ਹੀ ਮਾਣਕ ਨੇ ਗਾਇਕੀ ਵਿੱਚ ਐਸਾ ਲੀਹਾ ਪਾਇਆ ਕਿ ਸੈਂਕੜੇ ਕਲਾਕਾਰਾਂ ਨੇ ਇਸ ਰਾਹੇ ਪੈ ਕੇ ਆਪਣੀਆਂ ਰੋਟੀਆਂ ਪੱਕੀਆਂ ਕਰ ਲਈਆਂ ਅੱਜ ਵੀ ਬਹੁਤ ਸਾਰੇ ਗਾਇਕ ਮਾਣਕ ਦੇ ਰੰਗ ਨੂੰ ਗਾਉਂਦੇ ਨੇ ਕਹਿੰਦੇ ਨੇ ਜੋ ਜੱਗ ਤੇ ਆਇਆ ਉਸ ਨੇ ਜਾਣਾ ਵੀ ਜ਼ਰੂਰ ਹੈ, ਪਰੰਤੂ ਸਮੇਂ ਸਿਰ ਜਾਣਾ ਸੁਭਾਵਿਕ ਹੈ, ਅਗਰ ਕੋਈ ਹਰਮਨ ਪਿਆਰਾ ਸਖਸ਼ ਸਮੇਂ ਤੋਂ ਪਹਿਲਾਂ ਦੁਨੀਆਂ ਤੋਂ ਰੁਖਸਤ ਹੋ ਜਾਵੇ ਤਾਂ ਹਰ ਦਿਲ ਪਸੀਜ਼ ਜਾਂਦਾ ਹੈ ਕਿਉਂਕਿ ਉਸਦੀ ਆਮ ਲੋਕਾਂ ਦੀ ਰੂਹ ਨਾਲ ਨੇੜਤਾ ਹੁੰਦੀ ਹੈ, ਐਸਾ ਹੀ ਹੋਇਆ ਸਰੋਤਿਆਂ ਤੋਂ ਹਰਮਨ ਪਿਆਰਾ ਕੁਲਦੀਪ ਮਾਣਕ 30 ਨਵੰਬਰ 2011 ਨੂੰ ਸਾਨੂੰ ਅਲਵਿਦਾ ਕਹਿ ਜੱਗ ਤੋਂ ਤੁਰਦਾ ਬਣਿਆ ਅਜੇ ਅਸੀਂ ਉਸਤੋਂ ਬੜਾ ਕੁਝ ਸੁਣਨਾ ਸੀ ਪਰ ਰੱਬ ਮੂਹਰੇ ਕਿਸ ਦਾ ਜ਼ੋਰ ਹੈ ਜਿਸ ਦੀ ਚੀਜ. ਸੀ ਉਹ ਲੈ ਗਿਆ ਤੇ ਅਸੀਂ ਨਮ ਅੱਖਾਂ ਨਾਲ ਉਸਨੂੰ ਤੱਕਦੇ ਹੀ ਰਹਿ ਗਏ? ਵਿਛੜੇ ਸੱਜਣਾਂ ਦੀਆਂ ਸਿਰਫ ਯਾਦਾਂ ਹੀ ਰਹਿ ਜਾਂਦੀਆਂ ਨੇ ਤੇ ਅਜਿਹੀ ਸਖਸ਼ੀਅਤ ਦੀਆਂ ਪ੍ਰਾਪਤੀਆਂ ਦਾ ਗੁਣ-ਗਾਣ ਕਰਕੇ ਹੀ ਯਾਦਾਂ ਫਿਰ ਤੋਂ ਤਾਜਾ ਕੀਤੀਆਂ ਜਾਂਦੀਆਂ ਨੇ।ਇਸ ਮਾਣ-ਮੱਤੇ ਗਾਇਕ ਨੂੰ ਹਰ ਵਾਰ ਦੀ ਤਰ੍ਹਾਂ ਚੇਤੇ ਕਰਦਿਆਂ ਇਸ ਵਾਰ ਅੱਠਵੀਂ ਬਰਸੀ ਮੌਕੇ ਵੀ ਮਿਤੀ 30 ਨਵੰਬਰ 2019, ਦਿਨ ਸ਼ਨਿੱਚਰਵਾਰ ਨੂੰ ‘ਟਿੱਲਾ ਮਾਣਕ ਦਾ’  ਪਿੰਡ ਜਲਾਲਦੀਵਾਲ, ਬਰਨਾਲਾ ਰੋਡ, ਨੇੜੇ ਰਾਏਕੋਟ, ਜ਼ਿਲ੍ਹਾ ਲੁਧਿਆਣਾ ਵਿਖੇ ਬੜੀ ਧੂਮ-ਧੂਮ ਨਾਲ ਸਮਾਗਮ ਕੀਤਾ ਜਾ ਰਿਹਾ ਹੈ, ਜਿੱਥੇ ਪੰਜਾਬ ਦੇ ਚੋਟੀ ਦੇ ਕਲਾਕਾਰਾਂ ਤੋਂ ਇਲਾਵਾ ਰਾਜਨੀਤਕ, ਧਾਰਮਿਕ, ਸਮਾਜਿਕ ਸੰਸਥਾਵਾਂ ਦੇ ਮੌਜ਼ਿਜ਼ ਲੋਕ ਇਸ ਸਮਾਗਮ ਵਿੱਚ ਸ਼ਿਰਕਤ ਕਰਨਗੇ। ਆਪ ਸਭ ਨੂੰ ਆਪਣੇ ਮਹਿਬੂਬ ਕਲਾਕਾਰ ਨੂੰ ਸ਼ਰਧਾਂਜਲੀ ਦੇਣ, ਉਸ ਦੀ ਯਾਦ ਦਾ ਦੀਵਾ ਮਾਣਕ ਦੇ ਟਿੱਲੇ ‘ਤੇ ਜਗਾਉਣ ਲਈ ਤਹਿਦਿਲੋਂ ਖੁੱਲ੍ਹਾ ਸੱਦਾ ਦਿੱਤਾ ਜਾਂਦਾ ਹੈ।

ਗੀਤਕਾਰ- ਅਲਬੇਲ ਬਰਾੜ
(ਅਲਬੇਲਾ ਦਿਉਣ ਵਾਲਾ)  

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।