ਜੀਵਨ ਸ਼ੈਲੀ ’ਚ ਬਦਲਾਅ, ਕੋਰੋਨਾ ਵਾਇਰਸ ਤੋਂ ਬਚਾਅ!

ਜੀਵਨ ਸ਼ੈਲੀ ’ਚ ਬਦਲਾਅ, ਕੋਰੋਨਾ ਵਾਇਰਸ ਤੋਂ ਬਚਾਅ!

ਪਹਿਲੀ ਵਾਰ ਕਰੋਨਾ ਵਾਇਰਸ ਦੀ ਪਛਾਣ 2019 ਵਿੱਚ ਚੀਨ ਦੇ ਸ਼ਹਿਰ ਵੁਹਾਨ ਵਿੱਚ ਕੀਤੀ ਗਈ ਸੀ ਕੋਰੋਨਾ ਵਾਇਰਸ ਬਿਮਾਰੀ ਦੇਖਦੇ ਹੀ ਦੇਖਦੇ ਵਿਸ਼ਵ ਪੱਧਰ ’ਤੇ ਫੈਲ ਗਈ। ਜਿਸ ਦੇ ਨਤੀਜੇ ਵਜੋਂ ਸਾਲ 2019-20 ਦਾ ਕੋਰੋਨਾ ਵਾਇਰਸ ੲੱਕ ਵੱਡੀ ਮਹਾਂਮਾਰੀ ਬਣ ਗਈ। ਜਿੱਥੇ ਦੁਨੀਆਂ ਦੇ ਦੂਸਰੇ ਮੁਲਕਾਂ ’ਚ ਇਹ ਬਿਮਾਰੀ ਫੈਲ ਰਹੀ ਸੀ, ਉੱਥੇ ਹੀ ਭਾਰਤ ’ਚ ਇਸ ਨੇ ਸਾਲ 2020 ਦੀ ਸ਼ੁਰੂਆਤ ਹੁੰਦੇ ਹੀ ਦਸਤਕ ਦੇ ਦਿੱਤੀ ਸੀ ਤੇ ਸਾਲ 2020 ਦੇ ਖਤਮ ਹੁੰਦੇ-ਹੁੰਦੇ ਇਹ ਕੋਰੋਨਾ ਵਾਇਰਸ (ਕੋਵਿਡ-19) ਦੀ ਬਿਮਾਰੀ ਵੀ ਖਤਮ ਹੁੰਦੀ ਨਜ਼ਰ ਆਉਂਦੀ ਸੀ, ਉੱਥੇ ਮੁੜ ਸਾਲ 2021 ’ਚ ਇਸ ਦੀ ਲਾਗ ਦੇ ਮਾਮਲੇ ਦੁਬਾਰਾ ਵਧਣ ਲੱਗ ਪਏ ਹਨ। ਹੁਣ ਹਾਲਾਤ ਪਿਛਲੇ ਸਾਲ ਵਰਗੇ ਹੀ ਹੁੰਦੇ ਜਾ ਰਹੇ ਜਾਪਦੇ ਹਨ।

ਮਾਹਿਰਾਂ ਅਨੁੁਸਾਰ ਕੋਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਤੇ ਆਪਣੇ ਪਰਿਵਾਰ ਦਾ ਬਚਾਓ ਪਹਿਲ ਦੇ ਅਧਾਰ ’ਤੇ ਕਰਨਾ ਚਾਹੀਦਾ ਹੈ। ਕੋਰੋਨਾ ਵਾਇਰਸ ਸਬੰਧੀ ਸਰਕਾਰਾਂ ਵੱਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਤੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਕੇ ਕਾਫ਼ੀ ਹੱਦ ਤੱਕ ਇਸ ਮਹਾਂਮਾਰੀ ਤੋਂ ਬਚਿਆ ਜਾ ਸਕਦਾ ਹੈ। ਸਾਨੂੰ ਚਾਹੀਦੈ ਕਿ ਕੋਰੋਨਾ ਵਾਇਰਸ (ਕੋਵਿਡ-19) ਤੋਂ ਬਚਾਅ ਲਈ ਆਪਣੀ ਰੋਜ਼ਮਰਾ ਦੀ ਜੀਵਨਸ਼ੈਲੀ ’ਚ ਥੋੜ੍ਹੇ ਬਦਲਾਅ ਜ਼ਰੂਰ ਲਿਆਈਏ ਤੇ ਕੁਝ ਸਾਵਧਾਨੀਆਂ ਨੂੰ ਅਪਣਾਈਏ ਕਿਉਂਕਿ ਕੋਰੋਨਾ ਅਜੇ ਵੀ ਮੌਜੂਦ ਹੈ। ਸਾਨੂੰ ਵਾਇਰਸ ਖ਼ਤਮ ਕਰਨ ਲਈ ਆਪਣੇ ਹੱਥ ਨਿਯਮਿਤ ਤੌਰ ’ਤੇ ਧੋਣੇ ਚਾਹੀਦੇ ਹਨ।

ਸਾਬਣ ਅਤੇ ਪਾਣੀ ਨਾਲ ਘੱਟੋ-ਘੱਟ 20 ਸਕਿੰਟਾਂ ਲਈ ਹੱਥ ਧੋਣੇ ਚਾਹੀਦੇ ਹਨ ਤੇ ਹੱਥ ਧੋਣ ਤੋਂ ਬਾਅਦ ਪੂਰੀ ਤਰ੍ਹਾਂ ਸੁਕਾਉਣੇ ਚਾਹੀਦੇ ਹਨ। ਜੇਕਰ ਖੰਘ ਜਾਂ ਛਿੱਕਾਂ ਆਉਂਦੀਆਂ ਹੋਣ ਤਾਂ ਆਪਣਾ ਨੱਕ, ਮੂੰਹ ਤੁਰੰਤ ਢੱਕ ਲੈਣਾ ਚਾਹੀਦਾ ਹੈ ਅਤੇ ਜੇਕਰ ਸਰਦੀ-ਜ਼ੁਕਾਮ ਜਾਂ ਫਲੂ ਵਰਗੇ ਲੱਛਣ ਹਨ ਤਾਂ ਤੁਰੰਤ ਆਪਣੇ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ।

ਕੋਰੋਨਾ ਤੋਂ ਬਚਾਅ ਲਈ ਸਫਰ ਅਤੇ ਭੀੜ ਵਾਲੀਆਂ ਥਾਵਾਂ ’ਤੇ ਜਾਣ ਤੋਂ ਗੁਰੇਜ ਕਰਨਾ ਚਾਹੀਦਾ ਹੈ। ਸਾਨੂੰ ਆਪਣੇ-ਆਪ ’ਤੇ ਵੀ ਨਜ਼ਰ ਰੱਖਣੀ ਚਾਹੀਦੀ ਹੈ ਕਿ ਅਸੀਂ ਕਿੱਥੇ ਜਾਂਦੇ ਹਾਂ ਤੇ ਕਿਸ ਨੂੰ ਮਿਲਦੇ ਹਾਂ। ਕੋਰੋਨਾ ਵਾਇਰਸ ਤੋਂ ਬਚਾਅ ਲਈ ਅਤੇ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ, ਜੇਕਰ ਸਾਨੂੰ ਸਰਦੀ-ਜ਼ੁਕਾਮ ਜਾਂ ਫਲੂ ਵਰਗੇ ਲੱਛਣ ਲੱਗਦੇ ਹਨ ਤਾਂ ਡਾਕਟਰ ਦੀ ਸਲਾਹ ਨਾਲ ਕੋਰੋਨਾ ਵਾਇਰਸ ਦੀ ਜਾਂਚ ਕਰਵਾਏ ਜਾਣ ਦੀ ਤੁਰੰਤ ਲੋੜ ਹੈ। ਕੋਰੋਨਾ ਵਾਇਰਸ ਦੀ ਜਾਂਚ ਲਈ ਸਾਡੇ ਸਰੀਰ ਤੋਂ ਨਮੂਨਾ ਲਿਆ ਜਾਂਦਾ ਹੈ। ਨਮੂਨਾ ਲੈਣ ਦੇ ਇੱਕ ਤੋਂ ਜ਼ਿਆਦਾ ਤਰੀਕੇ ਹਨ। ਸਭ ਤੋਂ ਆਮ ਤਰੀਕਾ ਸਾਡੇ ਨੱਕ ਦੇ ਅੰਦਰ ਪਿਛਲੇ ਪਾਸੇ ਤੋਂ ਇੱਕ ਸਵੈਬ ਨਾਲ ਨਮੂਨਾ ਲਿਆ ਜਾਂਦਾ ਹੈ। ਸਵੈਬ ਇੱਕ ਛੋਟੀ ਜਿਹੀ ਰੂੰ ਦੀ ਕਲੀ ਵਰਗਾ ਹੁੰਦਾ ਹੈ ਤੇ ਇਸ ਨਾਲ ਇੱਕ ਲੰਬੀ ਡੰਡੀ ਲੱਗੀ ਹੁੰਦੀ ਹੈ। ਨਮੂਨਾ ਲੈਣ ਤੋਂ ਬਾਅਦ ਵਿਸ਼ਲੇਸ਼ਣ ਲਈ ਨਮੂਨਾ ਲੈਬਾਰਟਰੀ ਵਿੱਚ ਭੇਜ ਦਿੱਤਾ ਜਾਂਦਾ ਹੈ।

ਕੋਰੋਨਾ ਵਾਇਰਸ ਦਾ ਲੈਬ ਟੈਸਟ ਪਾਜ਼ਿਟਿਵ ਹੋਵੇ ਜਾਂ ਨੈਗੇਟਿਵ ਹੋਵੇ, ਸਾਨੂੰ ਚਾਹੀਦਾ ਹੈ ਕਿ ਸਬੰਧਤ ਡਾਕਟਰ ਦੀ ਦਿੱਤੀ ਸਲਾਹ ਦੀ ਪਾਲਣਾ ਕਰਨੀ ਚਾਹੀਦੀ ਹੈ। ਜੇਕਰ ਕੋਰੋਨਾ ਵਾਇਰਸ ਦਾ ਟੈਸਟ ਪਾਜ਼ਿਟਿਵ ਆਉਂਦਾ ਹੈ ਤਾਂ ਸਾਨੂੰ ਇਕਾਂਤਵਾਸ ਵਿੱਚ ਰਹਿਣ ਦੀ ਲੋੜ ਹੋਵੇਗੀ ਤੇ ਨਾਲ ਹੀ ਪਰਿਵਾਰਕ ਅਤੇ ਉਹ ਸਾਰੇ ਵਿਅਕਤੀ ਜਿਨ੍ਹਾਂ ਨਾਲ ਹਾਲ ਹੀ ’ਚ ਸੰਪਰਕ ’ਚ ਆਏ ਸੀ। ਇਕਾਂਤਵਾਸ ਹੋ ਆਪਣਾ ਇਲਾਜ ਕਰਵਾਉਣਾ ਵਾਇਰਸ ਫੈਲਣ ਦੀ ਸੰਭਾਵਨਾ ਨੂੰ ਘਟਾਉਂਦਾ ਹੈ। ਸਾਨੂੰ ਇਹ ਹਮੇਸ਼ਾ ਯਾਦ ਰੱਖਣਾ ਪਾਵੇਗਾ ਕਿ ਇਹ ਕੋਰੋਨਾ ਵਾਇਰਸ ਇੱਕ ਵਿਅਕਤੀ ਤੋਂ ਦੂਜੇ ਵਿਅਕਤੀ ਤੱਕ ਛੋਟੀਆਂ ਬੂੰਦਾਂ ਰਾਹੀਂ ਫੈਲਦਾ ਹੈ।

ਇਹ ਵਾਇਰਸ ਸਾਡੀਆਂ ਅੱਖਾਂ, ਨੱਕ ਜਾਂ ਮੂੰਹ ਰਾਹੀਂ ਸਰੀਰ ਦੇ ਅੰਦਰ ਜਾ ਸਕਦਾ ਹੈ। ਜਦੋਂ ਇੱਕ ਲਾਗਗ੍ਰਸਤ ਵਿਅਕਤੀ ਖੰਘਦਾ, ਛਿੱਕਦਾ ਜਾਂ ਗੱਲ ਕਰਦਾ ਹੈ, ਤਾਂ ਉਹ ਵਾਇਰਸ ਵਾਲੀਆਂ ਛੋਟੀਆਂ ਬੂੰਦਾਂ ਨੂੰ ਫੈਲਾ ਸਕਦਾ ਹੈ। ਇਹ ਬੂੰਦਾਂ ਬਹੁਤ ਤੇਜੀ ਨਾਲ ਆਸ-ਪਾਸ ਦੀਆਂ ਸਤ੍ਹਾਵਾਂ ’ਤੇ ਲੱਗ ਜਾਂਦੀਆਂ ਹਨ ਤੇ ਵਾਇਰਸ ਦੇ ਫੈਲਣ ਦਾ ਕਰਨ ਬਣਦੀਆਂ ਹਨ। ਇਸ ਤੋਂ ਬਚਣ ਲਈ ਸਾਨੂੰ ਸਭ ਨੂੰ ਸਰੀਰਕ ਦੂਰੀ ਰੱਖਣਾ, ਹੱਥ ਧੋਣਾ, ਭੀੜ-ਭੜੱਕੇ ਵਾਲੀਆਂ ਥਾਵਾਂ ’ਤੇ ਨਾ ਜਾਣਾ ਤੇ ਸਭ ਤੋਂ ਜ਼ਰੂਰੀ ਹੈ, ਮਾਸਕ ਦੀ ਵਰਤੋਂ ਲਾਜ਼ਮੀ ਕਰਨੀ, ਮਾਸਕ ਨੂੰ ਪਹਿਨਣ ਨਾਲ ਅਸੀਂ ਕੋਰੋਨਾ ਵਾਇਰਸ ਦੇ ਫੈਲਾਵ ਨੂੰ ਰੋਕਣ ਤੇ ਹੋਰਨਾਂ ਲੋਕਾਂ ਨੂੰ ਸੁਰੱਖਿਅਤ ਰੱਖਣ ਵਿੱਚ ਮੱਦਦ ਕਰ ਸਕਦੇ ਹਾਂ।

ਹਰੇਕ ਵਿਅਕਤੀ ਲਈ ਇਹ ਬੇਹੱਦ ਜਰੂਰੀ ਹੈ ਕਿ ਉਹ ਮਾਸਕਾਂ ਜਾਂ ਮੂੰਹ ਢੱਕਣ ਵਾਲੀ ਕੋਈ ਵੀ ਚੀਜ਼ ਨਾ ਤਾਂ ਕਿਸੇ ਦੀ ਵਰਤੀ ਹੋਈ ਆਪ ਲਵੇ ਤੇ ਨਾ ਹੀ ਦਵੇ। ਜ਼ਿਆਦਾਤਰ ਲੋਕ ਮਾਸਕ ਦੀ ਵਰਤੋਂ ਨਹੀਂ ਕਰਦੇ ਅਜਿਹੇ ’ਚ ਉਹ ਆਪਣੀ ਤੇ ਆਪਣੇ ਪਰਿਵਾਰ ਦੀ ਜਾਨ ਜੋਖ਼ਮ ’ਚ ਪਾਉਣ ਦਾ ਕੰਮ ਕਰ ਰਹੇ ਹੁੰਦੇ ਹਨ। ਸਮਾਜਿਕ ਦੂਰੀ ਬਣਾਏ ਰੱਖਣਾ ਸਾਡੀ ਨਿੱਜੀ ਜਿੰਮੇਵਾਰੀ ਹੋਣੀ ਚਾਹੀਦੀ ਹੈ ਸਭ ਤੋਂ ਪਹਿਲਾ ਸਾਡੇ ਕੋਲ ਕੋਰੋਨਾ ਵਾਇਰਸ ਤੋਂ ਬਚਣ ਲਈ ਹਥਿਆਰ ਮਾਸਕ ਹੀ ਹੈ। ਸਾਨੂੰ ਵਾਇਰਸ ਦੇ ਫੈਲਾਅ ਤੇ ਇਸ ਤੋਂ ਬਚਾਅ ਲਈ ਮਾਸਕ ਦੀ ਵਰਤੋਂ ਦੀ ਜਾਣਕਾਰੀ ਹੋਣੀ ਜਰੂਰੀ ਹੈ। ਮਾਸਕ ਦੀ ਵਰਤੋਂ ਤੋਂ ਪਹਿਲਾਂ ਜਾਂਚ ਕਰ ਇਹ ਯਕੀਨੀ ਬਣਾਓ ਕਿ ਮਾਸਕ ਸਾਫ਼-ਸੁਥਰਾ ਹੋਵੇ ਤੇ ਕਿਤੋਂ ਵੀ ਕਟਿਆ-ਫਟਿਆ ਨਾ ਹੋਵੇ।

ਮਾਸਕ ਪਾਉਣ ਤੋਂ ਪਹਿਲਾਂ ਹੱਥਾਂ ਨੂੰ ਸੈਨੇਟਾਈਜ਼ਰ ਜਾਂ ਸਾਬਣ, ਪਾਣੀ ਨਾਲ ਸਾਫ਼ ਕਰੋ। ਆਪਣੇ ਮਾਸਕ ਨੂੰ ਆਪਣੇ ਨੱਕ ਤੇ ਮੂੰਹ ’ਤੇ ਰੱਖ, ਇਸ ਨੂੰ ਡੋਰੀ ਨਾਲ ਬੰਨ੍ਹ ਦਿਓ। ਵਾਇਰਸ ਤੋਂ ਬਚਾਅ ਲਈ ਨੱਕ, ਮੂੰਹ ਤੇ ਠੋਡੀ ਨੂੰ ਪੂਰੀ ਤਰ੍ਹਾਂ ਮਾਸਕ ਨੇ ਢੱਕਿਆ ਹੋਵੇ ਤੇ ਨਾਲ ਹੀ ਮਾਸਕ ਪਾਉਣ ਤੋਂ ਬਾਅਦ ਆਪਣੇ ਹੱਥਾਂ ਨੂੰ ਦੁਬਾਰਾ ਸਾਫ਼ ਕਰ ਲੈਣਾ ਚਾਹੀਦਾ ਹੈ। ਮਾਸਕ ਦੇ ਪਹਿਨੇ ਹੋਣ ਸਮੇਂ ਜਿੰਨਾ ਹੋ ਸਕੇ ਆਪਣੇ ਚਿਹਰੇ ਨੂੰ ਛੂਹਣ ਤੋਂ ਪ੍ਰਹੇਜ ਕਰਨਾ ਚਾਹੀਦਾ ਹੈ ਆਪਣੇ ਮਾਸਕ ਨੂੰ ਵਾਰ-ਵਾਰ ਹਿਲਾਉਣ ਤੋਂ ਬਚਣਾ ਚਾਹੀਦਾ ਹੈ ਤੇ ਜੇਕਰ ਮਾਸਕ ਕਿਸੇ ਕਾਰਨ ਗਿੱਲਾ ਜਾਂ ਗੰਦੀ ਹੋ ਜਾਂਦਾ ਹੈ ਤਾਂ ਇਸ ਨੂੰ ਤੁਰੰਤ ਬਦਲ ਲੈਣਾ ਚਾਹੀਦਾ ਹੈ ਤੇ ਖ਼ਰਾਬ ਹੋਏ ਮਾਸਕ ਨੂੰ ਬੰਦ ਢੱਕਣ ਵਾਲੇ ਕੂੜੇਦਾਨ ਵਿਚ ਸੁੱਟ ਦੇਣਾ ਚਾਹੀਦਾ ਹੈ।

ਇਸੇ ਤਰ੍ਹਾਂ ਮਾਸਕ ਨੂੰ ਉਤਾਰਨ ਸਮੇਂ ਮੁੜ ਹੱਥਾਂ ਨੂੰ ਸੈਨੇਟਾਈਜ਼ਰ ਜਾਂ ਸਾਬਣ, ਪਾਣੀ ਨਾਲ ਸਾਫ਼ ਕਰੋ। ਆਪਣੇ ਮਾਸਕ ਨੂੰ ਡੋਰੀ ਤੋਂ ਫ਼ੜ ਉਤਾਰ ਲਵੋ ਤੇ ਮਾਸਕ ਦੇ ਮੂਹਰਲੇ ਬਾਹਰੀ ਤੇ ਮੂਹਰਲੇ ਅੰਦਰਲੇ ਹਿੱਸੇ ਨੂੰ ਨਾ ਛੂਹੋ। ਧੋਣ ਯੋਗ ਕੱਪੜੇ ਦੇ ਮਾਸਕ ਨੂੰ ਸਾਬਣ, ਸਰਫ਼ ਤੇ ਸਾਫ ਪਾਣੀ ਨਾਲ ਧੋ ਕੇ ਦੁਬਾਰਾ ਵਰਤਣ ਤੋਂ ਪਹਿਲਾਂ ਪੂਰੀ ਤਰ੍ਹਾਂ ਸੁਕਾਓ। ਕੋਰੋਨਾ ਵਾਇਰਸ ਦੇ ਫੈਲਾਅ ਨੂੰ ਰੋਕਣ ਲਈ ਵੱਧ ਤੋਂ ਵੱਧ ਲੋਕਾਂ ਨੂੰ ਜਾਗਰੂਕ ਹੋਣ ਦੇ ਨਾਲ-ਨਾਲ ਵੈਕਸੀਨ ਵੀ ਲਵਾਉਣੀ ਹੋਵੇਗੀ ਤੇ ਨਾਲ ਹੀ ਕੋਵਿਡ-19 ਦੇ ਪ੍ਰੋਟੋਕਾਲ ਦੀ ਪਾਲਣਾ ਵੀ ਸਖਤੀ ਨਾਲ ਕਰਨੀ ਹੋਵੇਗੀ।

ਵਿਗਿਆਨੀ ਇਸ ਗੱਲ ਨਾਲ ਸਹਿਮਤ ਹਨ, ਕਿ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਟੀਕਾਕਰਨ ਦੇ ਨਾਲ-ਨਾਲ ਸਾਵਧਾਨੀਆਂ ਹੀ ਸਭ ਤੋਂ ਸਰਵੋਤਮ ਉਪਾਅ ਹਨ ਸਰਕਾਰ ਵੱਲੋਂ ਚਲਾਇਆ ਜਾ ਰਿਹਾ ਕੋ-ਵਿਨ ਸਿਸਟਮ ਆਪਣੇ ਡਿਜ਼ੀਟਲ ਪਲੇਟਫਾਰਮ ਰਾਹੀਂ ਟੀਕਾ ਲਵਾਉਣ ਵਾਲਿਆਂ ਦੀ ਰਜਿਸਟ੍ਰੇਸ਼ਨ ਕਰ ਪ੍ਰਮਾਣ-ਪੱਤਰ ਵੀ ਜਾਰੀ ਕਰ ਰਿਹਾ ਹੈ। ਸਰਕਾਰ ਵੱਲੋਂ ਟੀਕਾਕਰਨ ਕਰਵਾਉਣ ਵਾਲੇ ਨੂੰ ਤਕਰੀਬਨ 30 ਮਿੰਟ ਤੱਕ ਟੀਕਾਕਰਨ ਕੇਂਦਰ ਤੇ ਮਾਹਿਰ ਡਾਕਟਰਾਂ ਦੀ ਟੀਮ ਦੀ ਨਿਗਰਾਨੀ ਹੇਠ ਰੱਖਣ ਦੇ ਦਿਸ਼ਾ-ਨਿਰਦੇਸ਼ ਹਨ। ਸਮਾਜ ਭਲਾਈ ਹਿੱਤ ਕੋਰੋਨਾ ਵਾਇਰਸ ਦੀ ਰੋਕਥਾਮ ਬੇਹੱਦ ਜ਼ਰੂਰੀ ਹੈ ਤੇ ਸਰਕਾਰ ਵੱਲੋਂ ਕੋਰੋਨਾ ਵਾਇਰਸ ਦੀ ਰੋਕਥਾਮ ਲਈ ਜਾਰੀ ਸਿਹਤ ਸਲਾਹਾਂ ਦੀ ਇੰਨ-ਬਿੰਨ ਪਾਲਣਾ ਨੂੰ ਯਕੀਨੀ ਬਣਾਉਣਾ ਸਭ ਦੀ ਸਾਂਝੀ ਜ਼ਿੰਮੇਵਾਰੀ ਹੈ
ਸਰਹਿੰਦ, ਫ਼ਤਹਿਗੜ੍ਹ ਸਾਹਿਬ
ਮੋ. 98550-10005
ਹਰਮਨਪ੍ਰੀਤ ਸਿੰਘ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.