ਆਖ਼ਰੀ ਦਾਅ ਲਈ ਭਿੜਨਗੇ ਕੋਲਕਾਤਾ-ਰਾਜਸਥਾਨ

last-try-for-eliminator-kolkata-rajasthan

ਕੋਲਕਾਤਾ (ਏਜੰਸੀ)। ਸ਼ਾਂਤ ਸੁਭਾਅ ਦੇ ਵਿਕਟਕੀਪਰ ਦਿਨੇਸ਼ ਕਾਰਤਿਕ ਆਪਣੀ ਟੀਮ ਕੋਲਕਾਤਾ ਨਾਈਟਰਾਈਡਰਜ਼ ਨੂੰ ਆਈਪੀਐਲ11 ‘ਚ ਉਤਾਰ ਚੜਾਅ ਦੇ ਦੌਰ ਤੋਂ ਕੱਢਦਿਆਂ ਪਲੇਆੱਫ ‘ਚ ਲੈ ਆਏ ਹਨ ਪਰ ਹੁਣ ਉਹਨਾਂ ਦਾ ਅਸਲੀ ਇਮਤਿਹਾਨ ਬੁੱਧਵਾਰ ਨੂੰ ਰਾਜਸਥਾਨ ਰਾਇਲਜ਼ ਵਿਰੁੱਧ ਨਾਕਆਊਟ ਮੁਕਾਬਲੇ ‘ਚ ਟੀਮ ਨੂੰ ਜਿੱਤ ਦੇ ਨਾਲ ਦੂਸਰੇ ਕੁਆਲੀਫਾਇਰ ‘ਚ ਲਿਜਾਣ ਦੀ ਹੋਵੇਗੀ।

ਕੇਕੇਆਰ ਅਤੇ ਰਾਜਸਥਾਨ ਦਰਮਿਆਨ ਈਡਨ ਗਾਰਡਨ ਮੈਦਾਨ ‘ਤੇ ਅੱਜ ਟੂਰਨਾਮੈਂਟ ਦਾ ਨਾਕਆਊਟ ਮੁਕਾਬਲਾ ਖੇਡਿਆ ਜਾਵੇਗਾ ਜੋ ਦੋਵਾਂ ਟੀਮਾਂ ਲਈ ਹੁਣ ਕਰੋ ਜਾਂ ਮਰੋ ਦਾ ਮੈਚ ਹੈ ਜਿੱਤਣ ਵਾਲੀ ਟੀਮ ਨੂੰ ਜਿੱਥੇ ਦੂਸਰੇ ਕੁਆਲੀਫਾਇਰ ‘ਚ ਪਹਿਲੇ ਕੁਆਲੀਫਾਇਰ ਦੀ ਹਾਰਨ ਵਾਲੀ ਟੀਮ ਨਾਲ ਖੇਡ ਕੇ ਫ਼ਾਈਨਲ ‘ਚ ਜਗ੍ਹਾ ਬਣਾਉਣ ਦਾ ਮੌਕਾ ਮਿਲੇਗਾ ਤਾਂ ਉੱਥੈ ਹਾਰਨ ਵਾਲੀ ਟੀਮ ਲਈ ਇਹ ਟੂਰਨਾਮੈਂਟ ਦਾ ਆਖ਼ਰੀ ਮੈਚ ਸਾਬਤ ਹੋਵੇਗਾ।

ਕੋਲਕਾਤਾ ਦੀ ਟੀਮ ਨੂੰ ਆਪਣੇ ਘਰੇਲੂ ਮੈਦਾਨ ‘ਤੇ ਖੇਡਣ ਦਾ ਫ਼ਾਇਦਾ ਜ਼ਰੂਰ ਮਿਲ ਸਕਦਾ ਹੈ ਟੀਮ ਦੀ ਹੌਂਸਲਾਅਫ਼ਜਾਈ ਲਈ ਕਰੀਬ 66 ਹਜ਼ਾਰ ਦਰਸ਼ਕਾਂ ਦੇ ਮੌਜ਼ੂਦ ਰਹਿਣ ਦੀ ਆਸ ਹੈ ਦੋ ਵਾਰ ਦੀ ਚੈਂਪੀਅਨ ਕੋਲਕਾਤਾ ਨੂੰ ਇਸ ਲਈ ਵੀ ਮੈਚ ਜਿੱਤਣ ਦਾ ਦਾਅਵੇਦਾਰ ਮੰਨਿਆ ਜਾ ਰਿਹਾ ਹੈ ਕਿਉਂਕਿ ਰਾਜਸਥਾਨ ਵਿਰੁੱਧ ਆਪਣੇ ਪਿਛਲੇ ਦੋਵੇਂ ਮੁਕਾਬਲੇ ਲੀਗ ਗੇੜ ‘ਚ ਟੀਮ ਨੇ ਜਿੱਤੇ ਹਨ ਹਾਲਾਂਕਿ ਧੀਮੀ ਸ਼ੁਰੂਆਤ ਦੇ ਬਾਵਜ਼ੂਦ ਸਾਰਿਆਂ ਨੂੰ ਹੈਰਾਨ ਕਰਦਿਆਂ ਪਲੇਆੱਫ ‘ਚ ਪਹੁੰਚਣ ਵਾਲੀ ਰਾਜਸਥਾਨ ਨੂੰ ਘੱਟ ਸਮਝਣਾ ਵੱਡੀ ਗਲਤੀ ਸਾਬਤ ਹੋ ਸਕਦੀ ਹੈ।

ਰਾਜਸਥਾਨ ਦੇ ਕਪਤਾਨ ਅਜਿੰਕਾ ਰਹਾਣੇ ਲਈ ਜ਼ਰੂਰੀ ਹੋਵੇਗਾ ਕਿ ਉਹ ਕੇਕੇਆਰ ਵਿਰੁੱੱਧ ਪਿਛਲੀਆਂ ਗਲਤੀਆਂ ਤੋਂ ਬਚਣ ਜਿਸਨੇ ਉਹਨਾਂ ਨੂੰ ਘਰੇਲੂ ਅਤੇ ਬਾਹਰੀ ਮੈਦਾਨ ‘ਤੇ ਹੋਏ ਦੋਵੇਂ ਮੈਚਾਂ’ਚ ਹਰਾਇਆ ਹੈ ਈਡਨ ‘ਤੇ 15 ਮਈ ਨੂੰ ਖੇਡੇ ਗਏ ਮੈਚ ‘ਚ ਕੋਲਕਾਤਾ ਛੇ ਵਿਕਟਾਂ ਨਾਲ ਜਿੱਤਿਆ ਸੀ ਜਿਸ ਵਿੱਚ ਚਾਈਨਾਮੈਨ ਗੇਂਦਬਾਜ਼ ਕੁਲਦੀਪ ਯਾਦਵ ਨੇ ਕਰੀਅਰ ਦਾ ਸਰਵਸ੍ਰੇਸ਼ਠ ਪ੍ਰਦਰਸ਼ਨ ਕਰਦਿਆਂ 20 ਦੌੜਾਂ ‘ਤੇ ਚਾਰ ਵਿਕਟਾਂ ਲਈਆਂ ਸਨ ਇਸ ਮੈਚ ‘ਚ ਰਾਜਸਥਾਨ 19 ਓਵਰਾਂ ‘ਚ 142 ਦੌੜਾਂ ‘ਤੇ ਸਿਮਟ ਗਈ ਸੀ।

ਇਹ ਵੀ ਪੜ੍ਹੋ : ਰਾਜਸਥਾਨ ਅਤੇ ਮੱਧ ਪ੍ਰਦੇਸ਼ ਦੇ ਰਾਜਪਾਲ ਦੀ 7 ਜੁਲਾਈ ਨੂੰ ਅਹਿਮ ਮੀਟਿੰਗ

ਇਸ ਤੋਂ ਪਹਿਲਾਂ 18 ਅਪਰੈਲ ਨੂੰ ਜੈਪੁਰ ‘ਚ ਖੇਡੇ ਗਏ ਮੈਚ ‘ਚ ਵੀ ਮੇਜ਼ਬਾਨ ਰਾਜਸਥਾਨ ਨੂੰ ਕੇਕੇਆਰ ਹੱਥੋਂ ਆਪਣੇ ਹੀ ਮੈਦਾਨ ‘ਤੇ ਸੱਤ ਵਿਕਟਾਂ ਨਾਲ ਹਾਰ ਝੱਲਣੀ ਪਈ ਸੀ ਸਾਲ 2012 ਅਤੇ 2014 ‘ਚ ਗੌਤਮ ਗੰਭੀਰ ਦੀ ਕਪਤਾਨੀ ‘ਚ ਖ਼ਿਤਾਬ ਜਿੱਤਣ ਵਾਲੀ ਕੋਲਕਾਤਾ ਇਸ ਵਾਰ ਨਵੇਂ ਕਪਤਾਨ ਕਾਰਤਿਕ ਦੀ ਅਗਵਾਈ ‘ਚ ਇਤਿਹਾਸ ਰਚਣ ਲਈ ਖੇਡ ਰਹੀ ਹੈ ਲੰਮੇ ਸਮੇਂ ਤੱਕ ਰਾਸ਼ਟਰੀ ਟੀਮ ਤੋਂ ਬਾਹਰ ਰਹਿਣ ਦੇ ਬਾਅਦ ਅਚਾਨਕ ਕਾਰਤਿਕ ਸੁਰਖ਼ੀਆਂ ‘ਚ ਆਏ ਅਤੇ ਗੰਭੀਰ ਦੀ ਜਗ੍ਹਾ ਉਹਨਾਂ ਨੂੰ ਨਵਾਂ ਕਪਤਾਨ ਵੀ ਬਣਾ ਦਿੱਤਾ ਗਿਆ ਹਾਲਾਂਕਿ ਸ਼ੁਰੂਆਤੀ ਹਾਰਾਂ ਤੋਂ ਬਾਅਦ ਜਿੱਥੇ ਟੀਮ ਮੈਨੇਜਮੈਂਟ ਦੇ ਕਾਰਤਿਕ ਨੂੰ ਕਪਤਾਨ ਬਣਾਏ ਜਾਣ ‘ਤੇ ਸਵਾਲ ਉੱਠੇ ਤਾਂ ਉੱਥੇ ਉਤਾਰ ਚੜਾਅ ਦੇ ਬਾਵਜ਼ੂਦ ਟੀਮ ਦੇ ਪਲੇਆੱਫ ‘ਚ ਪਹੁੰਚਣ ‘ਤੇ ਕਾਰਤਿਕ ਤੋਂ ਆਸਾਂ ਵਧ ਗਈਆਂ ਹਨ ਕੇਕੇਆਰ ਆਖ਼ਰੀ ਗਰੁੱਪ ਮੈਚਾਂ ‘ਚ ਹੈਦਰਾਬਾਦ, ਰਾਜਸਥਾਨ ਅੇਤ ਪੰਜਾਬ ਨੂੰ ਹਰਾ ਕੇ ਚੰਗੀ ਲੈਅ ‘ਚ ਹੈ।

ਕੇਕੇਆਰ ਕੋਲ ਬੱਲੇਬਾਜ਼ੀ ਅਤੇ ਗੇਂਦਬਾਜ਼ੀ ਤਾਲਮੇਲ ਬਿਹਤਰੀਨ ਹੈ ਜਿਸ ਵਿੱਚ ਮੱਧਕ੍ਰਮ ‘ਚ ਕਪਤਾਨ 14 ਮੈਚਾਂ ‘ਚ 438 ਦੌੜਾਂ ਦੇ ਨਾਲ ਚੋਟੀ ਦਾ ਸਕੋਰਰ ਹੈ ਤਾਂ ਗੇਂਦਬਾਜ਼ ਤੋਂ ਬੱਲੇਬਾਜ਼ ਦੀ ਭੂਮਿਕਾ ਨਿਭਾ ਰਹੇ ਸਪਿੱਨਰ ਸੁਨੀਲ ਨਾਰਾਇਣ ਨੇ ਵੀ ਐਨੇ ਮੈਚਾਂ ‘ਚ 327 ਦੌੜਾਂ ਬਣਾ ਕੇ ਪ੍ਰਭਾਵਿਤ ਕੀਤਾ ਹੈ ਜਿਸ ਵਿੱਚ ਦੋ ਅਰਧ ਸੈਂਕੜੇ ਵੀ ਸ਼ਾਮਲ ਹਨ ਕਾਰਤਿਕ ਨੇ ਪੂਰੇ ਟੂਰਨਾਮੈਂਟ ‘ਚ ਆਪਣੇ ਮੱਧਕ੍ਰਮ ਨੂੰ ਬਰਕਰਾਰ ਰੱਖਿਆ ਹੈ ਤਾਂ ਉਸਨੂੰ ਇਸ ਦਾ ਫਾਇਦਾ ਵੀਮਿਲਿਆ ਅਤੇ ਟੀਮ ਆਖ਼ਰ ਪਲੇਆੱਫ ‘ਚ ਪਹੁੰਚ ਗਈ।

ਹਾਲਾਂਕਿ ਆਂਦਰੇ ਰਸੇਲ, ਕ੍ਰਿਸ ਲਿਨ (14 ਮੈਚਾਂ ‘ਚ 425 ਦੌੜਾਂ) ਅਤੇ ਤਜ਼ਰਬੇਕਾਰ ਰਾਬਿਨ ਉਥੱਪਾ ਤੋਂ ਵੀ ਚੰਗੇ ਪ੍ਰਦਰਸ਼ਨ ਦੀ ਆਸ ਰਹੇਗੀ ਗੇਂਦਬਾਜ਼ੀ ‘ਚ ਸੁਨੀਲ ਨੇ ਬੱਲੇਬਾਜ਼ਾਂ ਦੀ ਤਰ੍ਹਾਂ ਹੀ ਪ੍ਰਭਾਵਿਤ ਕੀਤਾ ਹੈ ਅਤੇ ਉਹ 16 ਵਿਕਟਾਂ ਨਾਲ ਸਭ ਤੋਂ ਸਫ਼ਲ ਚੱਲ ਰਿਹਾ ਹੈ ਇਸ ਤੋਂ ਬਾਅਦ ਕੁਲਦੀਪ ਯਾਦਵ(14 ਵਿਕਟਾਂ), ਆਂਦਰੇ ਰਸੇਲ(13ਵਿਕਟਾਂ) ਅਤੇ ਪੀਯੂਸ਼ ਚਾਵਲਾ(11 ਵਿਕਟਾਂ) ਵੀ ਅਹਿਮ ਹਿੱਸਾ ਹਨ
ਦੂਸਰੇ ਪਾਸੇ ਰਾਜਸਥਾਨ ਦੇ ਕੋਲ ਸੰਜੂ ਸੈਮਸਨ (391) ਅਤੇ ਰਹਾਣੇ (324) ਚੰਗੇ ਸਕੋਰਰ ਹਨ।

ਹਾਲਾਂਕਿ ਉਹਨਾਂ ਨੂੰ ਬਟਲਰ ਅਤੇ ਬੇਨ ਸਟੋਕਸ ਦੇ ਇੰਗਲੈਂਡ ਪਰਤ ਜਾਣ ਦਾ ਘਾਟਾ ਜਰੂਰ ਮਹਿਸੂਸ ਹੋਵੇਗਾ ਗੇਂਦਬਾਜ਼ਾਂ ‘ਚ ਟੀਮ ਕੋਲ ਬੇਨ ਲਾਫਲਿਨ, ਜੈਦੇਵ ਉਨਾਦਕਟ ਦੇ ਨਾਲ ਸਪਿੱਨ ਜੋੜੀ ਕ੍ਰਿਸ਼ਣੱਪਾ ਗੌਤਮ ਅਤੇ ਸ਼੍ਰੇਅਸ ਗੋਪਾਲ ਹਨ ਜੋ ਈਡਨ ‘ਚ ਆਪਣੀ ਪਿਛਲੀ ਹਾਰ ਦਾ ਬਦਲਾ ਚੁਕਤਾ ਕਰਨ ਦੇ ਨਾਲ ਜਿੱਤ ਤੈਅ ਕਰਨ ‘ਚ ਅਹਿਮ ਭੁਮਿਕਾ ਨਿਭਾ ਸਕਦੇ ਹਨ।